ਸਿੰਘ ਸਹਿਬਾਨਾਂ ਦੀ ਅਜਾਦ ਹਸਤੀ ਦੇ ਹੱਕ ਅਤੇ ਵਿਰੋਧ ਵਿੱਚ 1999 ਦੇ ਮਤੇ ਅਤੇ ਮੌਜੂਦਾ ਪੰਥਕ ਸੰਕਟ - ਬਘੇਲ ਸਿੰਘ ਧਾਲੀਵਾਲ

ਲੰਘੀ ਦੋ ਦਸੰਬਰ 2024 ਤੋ ਮੌਜੂਦਾ ਸਮੇ ਤੱਕ ਜੋ ਵਰਤਾਰਾ ਸ੍ਰੀ ਅਕਾਲ ਤਖਤ ਸਹਿਬ ਅਤੇ ਅਕਾਲੀ ਦਲ ਬਾਦਲ ਦਰਮਿਆਨ ਵਰਤਦਾ ਦੇਖਿਆ ਜਾ ਰਿਹਾ ਹੈ,ਉਹਨੇ ਬਹੁਤ ਕੁੱਝ ਅਜਿਹਾ ਸਪੱਸਟ ਕਰ ਦਿੱਤਾ ਹੈ,ਜਿਸ ਦੇ  ਬਾਰੇ ਵਿੱਚ ਸਿੱਖਾਂ ਅੰਦਰ ਲੰਮੇ ਸਮੇ ਤੋ ਦੁਬਿਧਾ ਬਣੀ ਹੋਈ ਸੀ।ਬਹੁਤ ਸਾਰੇ ਭਰਮ ਭੁਲੇਖੇ ਸਿੱਖਾਂ ਅੰਦਰ ਪਾਏ ਜਾ ਰਹੇ ਸਨ।ਸਭ ਤੋ ਵੱਡ ਭੁਲੇਖਾ ਇਹ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਲਗਾਉਣ ਹਟਾਉਣ ਦੇ ਅਧਿਕਾਰ ਸਿਰਫ ਤੇ ਸਿਰਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹਨ। ਅਕਾਲੀ ਦਲ ਬਾਦਲ ਦੇ ਅਧੀਨ ਚੱਲ ਰਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਵਿਧਾਨ ਦੀ ਧਾਰਾ 25 ਦਾ  ਹਵਾਲਾ ਦੇ ਕੇ ਇਹ ਦਰਸਾਉਣ ਦੀ ਸਫਲ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਜਥੇਦਾਰ ਸਾਹਿਬਾਨ ਨੂੰ ਲਗਾਉਣ,ਹਟਾਉਣ ਅਤੇ ਉਹਨਾਂ ਦੇ ਸਬੰਧ ਵਿੱਚ ਕੋਈ ਜਾਂਚ ਪੜਤਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਅਧੀਨ ਹੀ ਆਉਂਦੀ ਹੈ। ਕੇਂਦਰੀ ਕਨੂੰਨ ਦਾ ਹਊਆ ਖੜਾ ਕਰਕੇ ਅਕਾਲੀ ਦਲ ਦੀ ਆਹਲਾ ਕਮਾਂਨ ਖਾਸ ਕਰਕੇ ਸ੍ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦਾ ਪਰਿਵਾਰ ਪਿਛਲੇ 40,50 ਸਾਲਾਂ ਤੋ ਸਿੱਧੇ ਰੂਪ ਵਿੱਚ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਦੇ ਆਏ ਹਨ।ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਅਜਿਹੀ ਲੀਡਰਸ਼ਿੱਪ ਨਹੀ ਮਿਲ ਸਕੀ,ਜਿਹੜੀ ਇਮਾਨਦਾਰੀ ਨਾਲ ਪੰਥਕ  ਰਵਾਇਤਾਂ ਦੀ ਪਹਿਰੇਦਾਰੀ ਕਰਨ ਦੇ ਸਮਰੱਥ ਹੋਵੇ।ਬਲਕਿ  ਬੜੀ ਚਲਾਕੀ ਦੇ ਨਾਲ ਅਜਿਹੀ ਲੀਡਰਸ਼ਿੱਪ ਸਿੱਖਾਂ ਤੇ ਥੋਪ ਦਿੱਤੀ ਗਈ,ਜਿਸ ਨੇ ਦਿੱਲੀ ਨਾਲ ਵਫਾਦਾਰੀਆਂ ਪਾਲਦਿਆਂ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ,ਕਰਵਾਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਅਜਾਦ ਪ੍ਰਭੂਸੱਤਾ ਦੇ ਸੰਕਲਪ ਨੂੰ ਤਹਿਸ ਨਹਿਸ ਕਰਕੇ ਸਿੱਖਾਂ ਦੇ ਮਨਾਂ ਅੰਦਰਲੇ ਕੌਂਮੀ ਜਜ਼ਬੇ ਨੂੰ ਮਾਰਨ ਦਾ ਯਤਨ ਕੀਤਾ ਅਤੇ ਸਿੱਖ ਕੌਂਮ ਨੂੰ ਲੰਮੀ ਗੁਲਾਮੀ ਵੱਲ ਧੱਕਣ ਦੇ ਗੁਨਾਹਗਾਰ ਬਣੇ। ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਲਈ ਸੱਤਾ ਨੂੰ ਸੁਰਖਿਅਤ ਕਰਨ ਖਾਤਰ ਕੇਂਦਰੀ ਤਾਕਤਾਂ ਦੇ ਹੱਥਠੋਕੇ ਬਣਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵਿਸ਼ਵ ਵਿਆਪੀ  ਸਤਿਕਾਰਿਤ ਪਦਵੀ ਨੂੰ ਇੱਕ ਮੁਲਾਜਮ ਬਣਾ ਕੇ ਪੈਰਾ ਹੇਠ ਰੋਲ਼ਿਆ।ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਗੈਰ ਸਿਧਾਂਤਕ ਹੁਕਮਨਾਮੇ ਜਾਰੀ ਕਰਵਾਏ। ਉਹਨਾਂ ਨੇ ਹਰ ਉਹ ਯਤਨ ਕੀਤਾ,ਜਿਸ ਦੇ ਨਾਲ ਸਿੱਖੀ ਸਿਧਾਂਤਾਂ ਨੂੰ ਠੇਸ ਪੁੱਜਦੀ ਹੋਵੇ।ਸਿਰਸੇ ਵਾਲੇ ਸਾਧ ਨੂੰ ਬਗੈਰ ਮੰਗੇ ਮੁਆਫੀ ਦਾ ਹੁਕਮਨਾਮਾ ਸਿੱਖੀ ਸਿਧਾਂਤਾਂ ਦੇ ਘਾਣ ਦੀ ਸਿਖਰ ਸਮਝਿਆ ਜਾਵੇਗਾ।ਜੂਨ 2015 ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ,ਭਾਜਪਾ ਗੱਠਜੋੜ ਦੀ ਸਰਕਾਰ ਦੇ ਸਮੇ ਸੁਰੂ ਹੋਈਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਇਨਸਾਫ ਮੰਗਦੇ ਨਿਹੱਥੇ ਸਿੱਖਾਂ ਤੇ ਪੁਲਿਸ ਅੱਤਿਆਚਾਰ ਅਤੇ ਸਿਰਸੇ ਵਾਲੇ ਸਾਧ ਦੀ ਮੁਆਫੀ ਵਾਲੇ ਹੁਕਮਨਾਮੇ ਦੀ ਬਦੌਲਤ ਮੌਜੂਦਾ ਸਮੇ ਤੱਕ ਪੁੱਜਦਿਆਂ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਗਲ਼ੀਆਂ ਦੇ ਕੱਖਾਂ ਵਾਂਗ ਰੋਲ਼ ਕੇ ਰੱਖ ਦਿੱਤਾ।ਇਹ ਸਾਰਾ ਵਰਤਾਰਾ ਉਸ ਅਕਾਲ ਪੁਰਖ ਦੀ ਰਜ਼ਾ ਕਾਰਨ ਹੀ ਸੰਭਵ ਹੋਇਆ,ਜਿਸ ਨੂੰ ਉਕਤ ਪਰਿਵਾਰ ਸੱਤਾ ਦੇ ਨਸ਼ੇ ਵਿੱਚ ਅਸਲੋਂ  ਹੀ ਭੁੱਲ ਚੁੱਕਾ ਸੀ।ਜਦੋ ਪਾਣੀ ਸਿਰ ਤੋ ਲੰਘ ਗਿਆ ਤਾਂ ਅਖੀਰ ਸੁਖਬੀਰ ਸਿੰਘ ਬਾਦਲ  ਨੇ ਫੈਸ਼ਲਾ ਕੀਤਾ ਕਿ ਉਪਰੋਕਤ ਸਮੇਤ ਸਾਰੇ ਗੁਨਾਹਾਂ ਨੂੰ ਕਬੂਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਤਨਖਾਹ ਲਗਵਾ ਕੇ ਸੁਰਖਰੂ ਹੋਇਆ ਜਾਵੇ।ਸੋ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਗੁਨਾਹ ਕਬੂਲ ਕਰਨ ਤੋ ਸਜ਼ਾ ਪੂਰੀ ਕਰਨ ਤੱਕ ਜਿਸਤਰਾਂ ਦਾ ਵਰਤਾਰਾ ਵਾਪਰਿਆ, ਉਸ ਨੇ ਬਾਦਲ ਪਰਿਵਾਰ ਅਤੇ ਉਹਨਾਂ ਦੇ ਸਲਾਹੀਏ ਅਕਾਲੀ ਆਗੂਆਂ ਦੇ ਮਨਾਂ ਅੰਦਰਲੀ ਖੋਟ ਨੂੰ ਪਰਗਟ ਕਰ ਦਿੱਤਾ। ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਦਿਖਾਈ ਦੇਣ ਵਾਲੀ ਅਕਾਲੀ ਲੀਡਰਸ਼ਿੱਪ ਦਾ ਅਸਲੀ ਚਿਹਰਾ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਆ ਗਿਆ।ਉਹ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਜਥੇਦਾਰ ਸਾਹਿਬਾਨਾਂ ਦੇ ਪਿੱਛੇ ਹੱਥ ਧੋਕੇ ਪੈ ਗਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਔਕਾਂਤ  ਵਿੱਚ ਰਹਿਣ ਦੇ ਹੁਕਮ ਚਾੜ੍ਹਨ ਲੱਗੀ,ਜਿਹੜੀ ਅਜੇ ਕੁੱਝ ਦਿਨ ਪਹਿਲਾਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਲਈ ਸਰਬੋਤਮ ਮੰਨ ਰਹੀ ਸੀ।ਅਕਾਲੀ ਦਲ ਬਾਦਲ ਵੱਲੋਂ ਸ਼ੋਸ਼ਲ ਮੀਡੀਏ ਤੇ ਜਥੇਦਾਰ ਸਾਹਿਬਾਨਾਂ ਦੀ  ਕਿਰਦਾਰਕੁਸ਼ੀ ਸਾਰੀਆਂ ਸ਼ਰਮਾਂ ਲਾਹ ਕੇ ਬਗੈਰ ਪੰਥ ਅਤੇ ਪਰਮਾਤਮਾ ਦੀ ਪ੍ਰਵਾਹ ਕੀਤਿਆਂ ਕੀਤੀ ਗਈ।ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਕੇ ਸੁਰੂ ਕੀਤੀ ਭਰਤੀ ਮੁਹਿੰਮ ਨੇ ਇਹ ਬਿਲਕੁਲ  ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੀ ਪਾਰਟੀ ਲਈ ਤਖਤ ਇਲਾਹੀ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਕਦਰ ਕੀਮਤ  ਸਰੋਮਣੀ ਕਮੇਟੀ ਦੇ  ਕਿਸੇ ਮੁਲਾਜ਼ਮ ਜਾਂ ਕਰਿੰਦੇ ਤੋ ਵੱਧ ਕੁੱਝ ਵੀ ਨਹੀ ਹੈ। ਬਹੁਤ ਲੰਮੇ ਸਮੇ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤੇ ਜਾ ਰਹੇ ਦੁਰ ਉਪਯੋਗ ਅਤੇ ਸਿਧਾਂਤ ਦੇ ਅਣਦੇਖੀ ਦੇ ਮੱਦੇ ਨਜ਼ਰ ਸਿੱਖ ਪੰਥ ਲੰਮੇ ਅਰਸ਼ੇ  ਤੋਂ ਇਹ ਮੰਗ   ਕਰਦਾ ਆ ਰਿਹਾ ਹੈ ਕਿ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਪੁਰਾਤਨ ਖਾਲਸ਼ਾਈ ਪਰੰਪਰਾਵਾਂ ਅਨੁਸਾਰ ਵਿਧੀ ਵਿਧਾਨ ਬਣਾਇਆ ਜਾਵੇ,ਤਾਂ ਕਿ ਕੌਂਮ ਨੂੰ ਦਰਪੇਸ ਸਮੱਸਿਆਵਾਂ ਅਤੇ ਪਾਟੋਧਾੜ ਨੂੰ ਨੱਥ ਪਾਈ ਜਾ ਸਕੇ,ਪਰ ਸਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ‘ਤੇ ਕਾਬਜ਼ ਉਪਰੋਕਤ ਧੜੇ ਨੇ ਪੰਥ ਦੀ ਪੇਸ਼ ਨਹੀ ਜਾਣ ਦਿੱਤੀ।ਹੁਣ ਜਦੋ ਪਿਛਲੇ ਕੁੱਝ ਸਮੇ ਤੋ ਅਕਾਲੀ ਦਲ ਬਾਦਲ ਵਿੱਚ ਫੁੱਟ ਪੈਣ ਕਾਰਨ ਲੀਡਰਸ਼ਿੱਪ ਦਾ ਵੱਡਾ ਹਿੱਸਾ ਸੁਖਬੀਰ ਸਿੰਘ ਬਾਦਲ ਤੋ ਅਲੱਗ ਹੋ ਗਿਆ।ਲਿਹਾਜ਼ਾ ਦੋ ਦਸੰਬਰ ਵਾਲਾ ਅਲੋਕਿਕ ਵਰਤਾਰਾ ਵਾਪਰਿਆ,ਤਾਂ ਲੋਕਾਂ ਦੇ ਮਨਾਂ ਅੰਦਰ ਘਰ ਕਰੀ ਬੈਠੀ ਦੁਬਿਧਾ ਦੂਰ ਹੋਣ ਲੱਗੀ ਹੈ।ਇੱਥੇ ਇੱਕ ਗੱਲ ਹੋਰ ਸਪੱਸਟ ਕਰਨੀ ਬੇਹੱਦ ਜਰੂਰੀ ਹੈ ਕਿ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਛੁੱਟ ਮਰਹੂਮ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਮੁੱਚੀ ਸਮਕਾਲੀ ਅਕਾਲੀ ਲੀਡਰਸ਼ਿੱਪ ਸ੍ਰੀ ਅਕਾਲ ਤਖਤ ਸਾਹਬ ਦੀ ਅਜਾਦ ਹੋਂਦ ਹਸਤੀ ਤੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮੁਨਕਰ ਹੀ ਰਹੀ ਹੈ।ਬੀਤੇ ਕੁੱਝ ਦਿਨਾਂ ਤੋ ਸ਼ੋਸ਼ਲ ਮੀਡੀਏ ਤੇ ਘੁਮ ਰਹੇ ਸਰੋਮਣੀ ਕਮੇਟੀ ਦੀ ਧਰਮ ਪਰਚਾਰ ਕਮੇਟੀ ਦੇ ਜਥੇਦਾਰ ਸਾਹਿਬਾਨਾਂ ਦੇ ਸਬੰਧ ਵਿੱਚ ਪਾਸ ਕੀਤੇ 20 ਫਰਵਰੀ 1999 ਦੇ ਮਤਾ ਨੰਬਰ 1457 ਸਬੰਧੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਇਹ ਦਰਸਾਉਣ ਲਈ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਪਾਸ ਕੀਤੇ ਮਤਾ ਨੰਬਰ 201 ਮਿਤੀ 30/3/1999 ਨੂੰ ਅਧਾਰ ਬਣਾ ਰਹੀ ਹੈ,ਜਿਸ ਰਾਹੀ ਧਰਮ ਪਰਚਾਰ ਕਮੇਟੀ ਦੇ ਪੰਥਕ ਰਹੁ ਰੀਤਾਂ ਦੀ ਪੈਰਵੀ ਵਾਲੇ 20/02/1999 ਦੇ ਮਤੇ ਨੂੰ ਰੱਦ ਕੀਤਾ ਗਿਆ ਸੀ।ਹੁਣ ਇੱਥੇ ਜਦੋ ਇਹ ਤਾਂ ਬਿਲਕੁਲ ਸਪੱਸਟ ਹੋ ਚੁੱਕਾ ਹੈ ਕਿ ਸਰਮੋਣੀ ਕਮੇਟੀ ਤੇ ਕਾਬਜ਼ ਧੜਾ ਕਿਸੇ ਵੀ ਕੀਮਤ ਤੇ ਜਥੇਦਾਰ ਸਾਹਿਬਾਨਾਂ ਦੀ ਅਜ਼ਾਦ ਹਸਤੀ ਨੂੰ ਪਰਵਾਨ ਨਹੀ ਕਰਦਾ,ਉਦੋ 30/3/1999 ਵਾਲੇ ਬੀਬੀ ਜਗੀਰ ਕੌਰ ਦੇ ਮਤੇ ਦੇ ਜੱਗ ਜਾਹਰ ਹੋਣ ਤੋ ਬਾਅਦ ਇੱਕ ਹੋਰ ਵੀ ਭੁਲੇਖਾ ਸਿੱਖ ਮਨਾਂ ਦੇ ਅੰਦਰ ਨਹੀ ਰਹਿਣਾ ਚਾਹੀਦਾ ਕਿ ਬਾਦਲਾਂ ਦਾ ਵਿਰੋਧੀ ਧੜਾ ਤਖਤ ਸਾਹਿਬਾਂਨ ਦੀ ਸਰਬ ਉੱਚਤਾ ਅਤੇ ਅਜ਼ਾਦ ਹਸਤੀ ਨੂੰ ਇਮਾਨਦਾਰੀ ਨਾਲ ਪਰਵਾਨ ਕਰੇਗਾ।ਕਿਉਂਕਿ ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਧਰਮ ਪਰਚਾਰ ਕਮੇਟੀ ਵਾਲੇ ਮਤੇ ਨੂੰ ਰੱਦ ਕਰਨ ਵਾਲਾ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਾਲਾ ਸ੍ਰੋਮਣੀ ਕਮੇਟੀ ਦਾ ਮਤਾ ਸ਼ੋਸ਼ਲ ਮੀਡੀਏ ਤੇ ਸਾਂਝਾ ਕੀਤਾ ਗਿਆ ਹੈ ਅਤੇ  ਇਸ ਦੇ ਸਬੰਧ ਵਿੱਚ ਹੋਰ ਵੀ ਪੋਸਟਾਂ ਸਾਂਝੀਆਂ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ,ਸੇਵਾ ਮੁਕਤੀ ਅਤੇ ਅਧੀਨਗੀ ਸ੍ਰੋਮਣੀ ਕਮੇਟੀ ਦੇ ਕਾਰਜ ਖੇਤਰ ਵਿੱਚ ਆਉਂਦੀ ਹੈ ਉਸ ਤੋ  ਸਪਸਟ ਜਾਪਦਾ ਹੈ ਕਿ ਭਵਿੱਖ ਵਿੱਚ ਵੀ ਓਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਢਾਹ ਲੱਗਦੀ ਰਹੇਗੀ,ਜਿੰਨੀ ਦੇਰ  ਗੁਰਦੁਆਰਾ  ਸਾਹਿਬਾਨਾਂ ਦੀ ਸੇਵਾ ਸੰਭਾਲ਼ ਸੱਤਾ ਦੇ ਲਾਲਚੀਆਂ ਤੋ ਖੋਹ ਕੇ ਗੁਰ ਸਿੱਖਾਂ ਦੇ ਹੱਥ ਵਿੱਚ ਦੇਣ ਦੇ ਸਾਰਥਿਕ ਉਪਰਾਲੇ ਨਹੀ ਕੀਤੇ ਜਾਣਗੇ।
ਬਘੇਲ ਸਿੰਘ ਧਾਲੀਵਾਲ
99142-58142