ਭਾਰਤੀ ਮੂਲ ਦੀ ਨਾਰੀ ਅਮਰੀਕਾ ਵਿੱਚ ਸਰਦਾਰੀ : ਤੁਲਸੀ ਗਵਾਰਡ - ਉਜਾਗਰ ਸਿੰਘ

ਭਾਰਤ ਵਿੱਚ ਇਸਤਰੀਆਂ ਨੇ ਸਿਆਸਤ ਵਿੱਚ ਨਾਮਣਾ ਖੱਟਿਆ ਹੈ, ਆਜ਼ਾਦੀ ਦੇ ਸੰਗਰਾਮ ਤੋਂ ਸ਼ੁਰੂ ਕਰਕੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਦੇਸ਼ ਦੇ ਵਿਕਾਸ ਵਿੱਚ ਵੀ ਇਸਤਰੀਆਂ ਨੇ ਵੱਡਮੁਲਾ ਯੋਗਦਾਨ ਪਾਇਆ ਹੈ। ਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਹੁਣ ਭਾਰਤੀ ਮੂਲ ਦੀਆਂ ਇਸਤਰੀਆਂ ਨੇ ਸੰਸਾਰ ਵਿੱਚ ਉਚ ਅਹੁਦਿਆਂ ਤੱਕ ਪਹੁੰਚਕੇ ਭਾਰਤ ਦਾ ਮਾਣ ਵਧਾਇਆ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਤੁਲਸੀ ਗਵਾਰਡ ਨੂੰ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਅਹੁਦੇ 'ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ' 'ਤੇ ਨਿਯੁਕਤ ਕੀਤਾ ਹੈ। ਸੈਨੇਟ ਨੇ ਵੀ ਉਸਦੀ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਹੈ। ਤੁਲਸੀ ਗਵਾਰਡ ਦੀ ਨਾਮਜ਼ਦਗੀ ਦੀ ਸੈਨਟ ਤੋਂ ਪ੍ਰਵਾਨਗੀ ਲੈਣ ਦੀ ਪ੍ਰਕ੍ਰਿਆ ਬੇਹੱਦ ਔਖੀ ਸੀ, ਕਿਉਂਕਿ ਰਿਪਬਲਿਕਨ ਪਾਰਟੀ ਦੇ ਕੁਝ ਸੈਨੇਟਰ ਵੀ ਉਸਦੀ ਨਿਯੁਕਤੀ 'ਤੇ ਕਿੰਤੂ ਪ੍ਰੰਤੂ ਕਰਦੇ ਸਨ। ਅਮਰੀਕਾ ਦੇ ਸੈਨੇਟਰਾਂ ਨੂੰ ਉਸਨੇ ਬੇਬਾਕੀ ਨਾਲ ਸਵਾਲਾਂ ਦੇ ਜਵਾਬ ਦਿੱਤੇ ਹਨ। ਡੋਨਾਲਡ ਟਰੰਪ ਦੀ ਨਿਗਾਹ ਵਿੱਚ ਉਸਦੀ ਦੀ ਫ਼ੌਜੀ ਵਿਰਾਸਤ ਤੇ ਨਿਡਰ ਜ਼ਜ਼ਬਾ ਬਾਕਮਾਲ ਹੈ, ਜਿਸ ਕਰਕੇ ਉਸਦੀ ਅਜਿਹੇ ਸੰਵੇਦਨਸ਼ੀਲ ਕਾਰਜ਼ ਲਈ ਚੋਣ ਕੀਤੀ ਗਈ ਹੈ। ਤੁਲਸੀ ਗਵਾਰਡ ਨੇ ਸੈਨਟ ਦੀ ਪ੍ਰਵਾਨਗੀ ਤੋਂ ਬਾਅਦ 12 ਫ਼ਰਵਰੀ 2025 ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮਹੱਤਵਪੂਰਨ ਅਹੁਦੇ 'ਤੇ ਰਹਿੰਦਿਆਂ ਉਹ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਮੁੱਖੀ ਦੇ ਤੌਰ 'ਤੇ ਫ਼ਰਜ਼ ਨਿਭਾਉਣਗੇ। ਉਹ 18 ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਕਰਨਗੇ ਜਿਨ੍ਹਾਂ ਵਿੱਚ ਸੀ.ਆਈ.ਏ., ਐਫ਼ ਬੀ.ਆਈ. ਅਤੇ ਨੈਸ਼ਨਲ ਸਕਿਉਰਿਟੀ ਏਜੰਸੀ ਅਤਿਅੰਤ ਮਹੱਤਵਪੂਰਨ ਹਨ। ਉਹ 70 ਆਰਬ ਡਾਲਰ ਤੋਂ ਵੱਧ ਦੇ ਬਜਟ ਨੂੰ ਵੀ ਸੰਭਾਲੇਗੀ। ਅਮਰੀਕਾ ਵਿੱਚ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਇਸਤਰੀ ਹੈ। ਭਾਰਤੀ ਮੂਲ ਦੀ ਵੀ ਤੁਲਸੀ ਗਵਾਰਡ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਇਸਤਰੀ ਹੈ। 43 ਸਾਲ ਦੀ ਇਤਨੀ ਛੋਟੀ ਉਮਰ ਵਿੱਚ ਵੱਡੀ ਜ਼ਿੰਮੇਵਾਰੀ ਮਿਲਣਾ ਉਸਦੀ ਕਾਬਲੀਅਤ ਦਾ ਪ੍ਰਤੀਕ ਹੈ। ਭਾਰਤ ਵਿੱਚ ਵੀ ਅਜੇ ਤੱਕ ਸੁਰੱਖਿਆ ਵਰਗੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਅਹੁਦੇ 'ਤੇ ਕੋਈ ਇਸਤਰੀ ਨਹੀਂ ਪਹੁੰਚ ਸਕੀ। ਤੁਲਸੀ ਗਵਾਰਡ ਦਲੇਰ, ਬਹਾਦਰ, ਬੇਬਾਕ ਅਤੇ ਦਬੰਗ ਸਿਆਸਤਦਾਨ ਹੈ। ਉਹ ਅੰਤਰਰਾਸ਼ਟਰੀ ਮਾਮਲਿਆਂ 'ਤੇ ਵੀ ਖੁਲ੍ਹਕੇ ਟਿੱਪਣੀਆਂ ਕਰਨ ਕਰਕੇ ਜਾਣੀ ਜਾਂਦੀ ਹੈ। ਮਨੁੱਖੀ ਹੱਕਾਂ ਦੀ ਹਮਾਇਤ ਕਰਨ ਵਾਲੀ ਤੁਲਸੀ ਗਵਾਰਡ ਬਰਾਬਰਤਾ ਅਤੇ ਬੋਲਣ ਦੀ ਆਜ਼ਾਦੀ ਵਰਗੇ ਵਿਸ਼ਿਆਂ 'ਤੇ ਨਿਧੱੜਕ ਹੋ ਕੇ ਖੁਲ੍ਹਕੇ ਬੇਬਾਕੀ ਨਾਲ ਬੋਲਣ ਵਾਲੀ ਸਿਆਸਤਦਾਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਰਿਪਬਲਿਕਨ ਪਾਰਟੀ ਦੇ ਸੈਨੇਟਰ ਵੀ ਤੁਲਸੀ ਗਵਾਰਡ ਦੇ ਇਸ ਅਹੁਦੇ 'ਤੇ ਨਿਯੁਕਤ ਹੋਣ 'ਤੇ ਹੈਰਾਨ ਤੇ ਪ੍ਰੇਸ਼ਾਨ ਹਨ, ਕਿਉਂਕਿ ਵ੍ਹਿਸਲਬਲੋਅਰ ਐਡਵਰਡ ਸਨੋਡਨ ਬਾਰੇ ਉਸ ਦੀਆਂ ਕੀਤੀਆਂ ਟਿੱਪਣੀਆਂ, ਸਰਕਾਰ ਦੇ ਨਿਗਰਾਨੀ ਅਥਾਰਟੀ ਬਾਰੇ ਉਸ ਦੇ ਵਿਚਾਰਾਂ,  ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸੀਰੀਆ ਦੇ ਤਾਨਸ਼ਾਹ ਬਸ਼ਰ ਅਲ-ਅਸਦ ਨਾਲ ਉਸਦੇ ਸੰਬੰਧਾਂ ਤੇ ਰੀਪਬਲਿਕਨਾਂ ਨੂੰ ਗਹਿਰਾ ਇਤਰਾਜ਼ ਸੀ। ਉਹ ਇੱਕ ਦ੍ਰਿੜ੍ਹ ਇਰਾਦੇ ਵਾਲੀ ਸਟਰੌਂਗ ਔਰਤ ਸਿਆਸਤਦਾਨ ਹੈ।
2004 ਵਿੱਚ ਉਸਦੀ ਨੈਸ਼ਨਲ ਗਾਰਡ ਯੁਨਿਟ ਦੀ ਇਰਾਕ ਵਿੱਚ ਤਾਇਨਤੀ ਹੋ ਗਈ ਜਿਥੇ ਉਹ 2005 ਤੱਕ ਉਥੇ ਰਹੀ। 2007 ਵਿੱਚ ਉਸਨੇ ਆਰਮੀ ਦੀ ਟ੍ਰੇਨਿੰਗ ਅਲਬਾਮਾ ਮਿਲਟਰੀ ਅਕਾਦਮੀ ਤੋਂ ਪ੍ਰਾਪਤ ਕੀਤੀ। 2008 ਵਿੱਚ ਉਹ ਕੁਵੈਤ ਵਿਖੇ ਬਤੌਰ ਆਰਮੀ ਮਿਲਟਰੀ ਪੋਲੀਸ ਆਫ਼ੀਸਰ ਗਈ। ਤੁਲਸੀ ਗਵਾਰਡ ਦਾ ਪਿਛੋਕੜ ਆਰਮੀ ਦਾ ਹੋਣ ਕਰਕੇ ਅਮਰੀਕਾ ਵਿੱਚ 9/11 ਦੇ ਹੋਏ ਹਮਲੇ ਨੇ ਉਸਦੇ ਦਿਲ ਨੂੰ ਵੱਡੀ ਸੱਟ ਮਾਰੀ ਸੀ। 2015 ਵਿੱਚ ਹਵਾਈ ਆਰਮੀ ਨੈਸ਼ਨਲ ਗਾਰਡ ਵਿੱਚ ਉਸਦੀ ਤਰੱਕੀ ਮੇਜਰ ਦੀ ਹੋ ਗਈ। 2020 ਵਿੱਚ ਉਸਦੀ ਬਦਲੀ ਯੁਨਾਈਟਡ ਸਟੇਟ ਆਰਮੀ ਰਿਜ਼ਰਵ ਵਿੱਚ ਹੋ ਗਈ। ਉਥੇ ਹੀ ਉਸਦੀ ਤਰੱਕੀ ਲੈਫ਼ਟੀਨੈਂਟ ਕਰਨਲ ਦੀ ਤਰੱਕੀ ਹੋ ਗਈ। ਉਹ ਪਲਾਟੂਨ ਲੀਡਰ ਵਜੋਂ ਮੱਧ ਪੂਰਵ ਵਿੱਚ ਤਾਇਨਾਤ ਰਹੀ ਹੈ। ਉਹ ਇਰਾਕ ਵਿੱਚ ਇੱਕ ਮੈਡੀਕਲ ਯੁਨਿਟ ਵਿੱਚ ਸੇਵਾ ਕਰਨ ਵਾਲੀ ਇੱਕ ਸਾਬਕਾ ਫ਼ੌਜੀ ਹੈ, ਜਿਸਨੇ ਆਪਣੇ ਸਿਆਸੀ ਕੈਰੀਅਰ ਵਿੱਚ ਕਈ ਕਰਵਟਾਂ ਲਈਆਂ। ਉਸਨੇ 2006 ਵਿੱਚ ਸੈਨੇਟਰ ਵੈਟਰਨ ਅਫ਼ੇਅਰ ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਸੈਨੇਟਰ ਡੇਨੀਅਲ ਅਕਾਕਾ ਲਈ ਇੱਕ ਵਿਧਾਨਿਕ ਸਹਾਇਕ ਵਜੋਂ ਕੰਮ ਕਰਦਿਆਂ ਸ਼ੁਰੂ ਕੀਤਾ ਸੀ।
ਤੁਲਸੀ ਗਵਾਰਡ ਪਹਿਲੀ ਵਾਰ 2002 ਵਿੱਚ ਮਹਿਜ 21 ਸਾਲ ਦੀ ਉਮਰ ਵਿੱਚ ਹਵਾਈ ਹਾਊਸ ਆਫ਼ ਰਿਪ੍ਰਜੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਗਈ ਸੀ। ਉਹ 2013 ਤੋਂ 2021 ਤੱਕ ਹਵਾਈ ਦੇ ਦੂਜੇ ਜ਼ਿਲ੍ਹੇ ਦੀ ਕਾਂਗਰਸ ਮੈਂਬਰ ਰਹੀ ਹੈ। 2012 ਵਿੱਚ ਪ੍ਰਤੀਨਿਧੀ ਸਭਾ ਦੀ ਮੈਂਬਰ ਹੋਣ ਸਮੇਂ ਉਹ ਹਾਊਸ ਦੀਆਂ ਕਈਆਂ ਮਹੱਤਵਪੂਰਨ ਕਮੇਟੀਆਂ ਜਿਨ੍ਹਾਂ ਵਿੱਚ  ਹਾਊਸ ਆਰਮਡ ਸਰਵਿਸ ਕਮੇਟੀ, ਹਾਊਸ ਫਾਰਨ ਅਫ਼ੇਅਰਜ਼ ਕਮੇਟੀ ਅਤੇ ਹਾਊਸ ਆਰਮਡ ਸਰਵਿਸ ਸਬ ਕਮੇਟੀ ਆਨ ਇੰਟੈਲੀਜੈਂਸ ਦੀ ਮੈਂਬਰ ਰਹੀ। ਉਸ ਸਮੇਂ ਦੌਰਾਨ ਕਈ ਲੋਕ ਹਿਤਾਂ ਦੇ ਮਸਲੇ ਪ੍ਰੀਤਨਿਧੀ ਸਭਾ ਵਿੱਚ ਉਠਾਏ। ਤੁਲਸੀ ਗਵਾਡ ਦੀਆਂ ਵਿਲੱਖਣ ਸੇਵਾਵਾਂ ਕਰਕੇ ਉਸਨੂੰ ਕਈ ਮਾਨ ਸਨਮਾਨ ਮਿਲੇ ਜਿਨ੍ਹਾਂ ਵਿੱਚ ਕੁਝ ਮਹੱਤਵਪੂਰਨ ਸਨਮਾਨ, ਕੰਬਾਟ ਮੈਡੀਕਲ ਬੈਜ, ਮੈਰੀਟਸਰੀਅਸ ਸਰਵਿਸ ਮੈਡਲ ਅਤੇ ਜਰਮਨ ਆਰਮਡ ਫ਼ੋਰਸਜ਼ ਬੈਜ ਫਾਰ ਮਿਲਟਰੀ ਪ੍ਰਾਫ਼ੀਸੈਂਸੀ ਇਨ ਗੋਲਡ ਆਦਿ ਹਨ।
ਉਹ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ, ਜੋ ਚਾਰ ਵਾਰ ਵਿਮੈਨ ਕਾਂਗਰਸ ਰਹੀ ਹੈ। ਪਹਿਲੀ ਵਾਰ ਇਹ ਭੂਮਿਕਾ ਇੱਕ ਹਿੰਦੂ ਔਰਤ ਨਿਭਾ ਰਹੀ ਸੀ। ਉਹ ਡੈਮੋਕਰੈਟਿਕ ਪਾਰਟੀ ਦੀ ਸਿਆਸਤ ਵਿੱਚ ਬਹੁਤ ਸਰਗਰਮ ਰਹੀ ਹੈ। ਉਸਨੇ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਡੈਮੋਕਰੈਟਿਕ ਪਾਰਟੀ ਵੱਲੋਂ ਦਾਖ਼ਲ ਕੀਤੀ ਸੀ। ਉਸਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ, ਮੁਫ਼ਤ ਕਾਲਜ ਟਿਊਸ਼ਨ ਅਤੇ ਹਥਿਆਰ ਨਿਯੰਤਰਣ ਵਰਗੇ ਉਦਾਰਵਾਦੀ ਮੁੱਦਿਆਂ ਦੀ ਹਿਮਾਇਤ ਕੀਤੀ ਸੀ। ਇਹ ਮੁੱਦੇ ਉਸਨੇ ਡੈਮੋਕਰੈਟਿਕ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਸਮੇਂ ਕੀਤੇ ਸਨ। ਉਦੋਂ ਰੂਸੀ ਮੀਡੀਆ ਵੱਲੋਂ ਉਸਦੀ ਚੋਣ ਮੁਹਿੰਮ ਦਾ ਪ੍ਰਚਾਰ ਕਰਨ ਕਰਕੇ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵੱਲੋਂ ਕਥਿਤ ਸਮਰਥਨ ਹਾਸਲ ਕਰਨ ਲਈ ਵੀ ਉਸਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਬਸ਼ਰ ਅਲ-ਅਸਦ ਨੂੰ ਰੂਸੀ ਸਹਿਯੋਗੀ ਕਿਹਾ ਜਾਂਦਾ ਹੈ। ਡੈਮੋਕਰੈਟਿਕ ਪਾਰਟੀ ਵੱਲੋਂ ਸਪੋਰਟ ਨਾ ਮਿਲਣ ਤੋਂ ਬਾਅਦ ਉਹ ਰਾਸ਼ਟਰਪਤੀ ਦੀ ਉਮੀਦਵਾਰੀ 'ਚੋਂ ਬਾਹਰ ਹੋ ਗਈ ਸੀ। ਫਿਰ ਉਸਨੇ ਜੋ ਬਾਇਡਨ ਦੀ ਸਪੋਰਟ ਕਰ ਦਿੱਤੀ ਸੀ। ਸਾਲ 2022 ਵਿੱਚ ਉਹ ਡੈਮੋਕਰੈਟਿਕ ਪਾਰਟੀ ਤੋਂ ਅਸਤੀਫ਼ਾ ਦੇ ਕੇ ਇੱਕ  ਆਜ਼ਾਦ ਸਿਆਸੀ ਅਗੂ ਵਜੋਂ ਰਜਿਸਟਰ ਹੋਈ ਸੀ। ਫਿਰ ਉਹ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋ ਗਈ ਸੀ। ਅਕਤੂਬਰ 2024 ਵਿੱਚ ਉਹ ਫਾਰਮਲ ਤੌਰ 'ਤੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।
ਤੁਲਸੀ ਗਵਾਰਡ ਦਾ ਜਨਮ ਅਮਰੀਕੀ ਸਮੋਆ ਵਿੱਚ 12 ਅਪ੍ਰੈਲ 1981 ਨੂੰ ਮਾਤਾ ਕਰੋਲ ਪੋਰਟਰ ਗਵਾਰਡ ਤੇ ਪਿਤਾ ਗਰਲਡ ਮਾਈਕ ਲਗਵਾਰਡ (ਮਾਈਕ ਗਵਾਰਡ) ਦੇ ਘਰ ਹੋਇਆ। ਉਹ ਪੰਜ ਭੈਣ ਭਰਾ ਹਨ, ਉਨ੍ਹਾਂ ਦੇ ਨਾਮ ਹਿੰਦੂਆਂ ਵਾਲੇ ਭਕਤੀ, ਜੈ, ਆਰੀਅਨ ਅਤੇ ਵਰਿੰਦਾਵਨ ਹਨ। ਉਹ ਦੋ ਸਾਲ ਦੀ ਸੀ, ਜਦੋਂ ਉਸਦੇ ਮਾਪੇ ਹਵਾਈ ਆ ਗਏ। ਉਸਦਾ ਪਾਲਣ ਪੋਸ਼ਣ ਬਹੁ ਭਾਸ਼ੀ ਸਭਿਆਚਾਰ ਵਿੱਚ ਹਵਾਈ ਵਿਖੇ ਹੋਇਆ ਪ੍ਰੰਤੂ ਉਸਨੇ ਆਪਣਾ ਬਚਪਨ ਫਿਲਪੀਨ ਵਿੱਚ ਬਿਤਾਇਆ। ਉਸਦੀ ਮਾਂ ਜਰਮਨ ਤੇ ਯੂਰਪੀਅਨ ਪਿਛੋਕੜ ਵਾਲੀ ਹੈ। ਉਸਦਾ ਪਿਤਾ ਭਾਰਤ ਤੋਂ ਫਿਲਪੀਨ ਗਏ ਸਨ, ਜਿਥੋਂ ਉਹ ਅਮਰੀਕਾ ਆ ਗਏ ਸਨ। ਤੁਲਸੀ ਗਵਾਰਡ ਭਾਰਤੀ ਸਭਿਆਚਾਰ ਨਾਲ ਬਾਵਾਸਤਾ ਹੈ ਕਿਉਂਕਿ ਉਸਦੀ ਮਾਂ ਨੇ ਵੀ ਹਿੰਦੂ ਧਰਮ ਤੁਲਸੀ ਦੇ ਜਨਮ ਤੋਂ ਪਹਿਲਾਂ ਹੀ ਅਪਣਾ ਲਿਆ ਸੀ। ਉਸਨੇ 2013 ਵਿੱਚ ਭਗਵਦ ਗੀਤਾ ਗ੍ਰੰਥ 'ਤੇ ਹੱਥ ਰੱਖਕੇ ਸਹੁੰ ਚੁੱਕੀ ਸੀ। ਉਹ ਧਾਰਮਿਕ ਵਾਤਾਵਰਨ ਵਿੱਚ ਪਲੀ ਹੈ। ਤੁਲਸੀ ਗਵਾਰਡ ਕ੍ਰਿਸ਼ਨ ਭਗਤ ਹੈ, ਜੋ ਭਗਵਦ ਗੀਤਾ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਦੀ ਹੈ।  2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਅਮਰੀਕਾ ਦੇ ਦੌਰੇ 'ਤੇ ਗਏ ਸਨ, ਉਨ੍ਹਾਂ ਨੂੰ ਭਗਵਦ ਗੀਤਾ ਭੇਂਟ ਕੀਤੀ ਸੀ। ਤੁਲਸੀ ਗਵਾਰਡ ਮਾਰਸ਼ਲ ਆਰਟ ਤੇ ਸਪੋਰਟਸ ਲਵਰ, ਯੋਗਾ ਤੇ ਮੈਡੀਟੇਸ਼ਨ ਕਰਦੀ ਹੈ।
2009 ਵਿੱਚ ਉਸਨੇ ਹਵਾਈ ਪੈਸੇਫਿਕ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਤੁਲਸੀ ਗਵਾਰਡ ਦਾ ਪਹਿਲਾ ਵਿਆਹ 2002 ਵਿੱਚ ਬਚਪਨ ਦੇ ਦੋਸਤ ਐਡੂਰਾਡੋ ਟਮਾਇਓ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਫ਼ੌਜ ਵਿੱਚ ਪੋਸਟਿੰਗ ਇਰਾਕ ਦੀ ਲੜਾਈ ਵਿੱਚ ਹੋ ਗਈ, ਜਿਥੇ ਪਰਿਵਾਰ ਨਹੀਂ ਰਹਿ ਸਕਦਾ ਸੀ, ਇਸ ਕਰਕੇ 2006 ਵਿੱਚ ਉਸਦਾ ਤਲਾਕ ਹੋ ਗਿਆ। 2015 ਵਿੱਚ ਉਸਦਾ ਦੂਜਾ ਵਿਆਹ ਅਬਰਾਹਿਮ ਵਿਲੀਅਮਜ਼ ਨਾਲ ਹੋ ਗਿਆ। ਉਸਦਾ ਪਤੀ ਫ਼ਿਲਮ ਮੇਕਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com