ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਅਮਰੀਕਾ ਤੋਂ ਵਾਪਸ ਆ ਰਹੇ ਭਾਰਤੀਆਂ ਬਾਰੇ ਦਿਤੇ ਬਿਆਨ ਲਈ ਖੱਟੜ ਮੁਆਫ਼ੀ ਮੰਗੇ- ਨੀਲ ਗਰਗ
ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ।
ਧਾਮੀ ਸਾਹਿਬ ਦੁਚਿੱਤੀ ਛੱਡੋ ਤੇ ਫੁੰਕਾਰਾ ਮਾਰੋ- ਤਰਲੋਚਨ ਸਿੰਘ ਦੁਪਾਲਪੁਰ
ਦੁਪਾਲਪੁਰੀ ਸਾਹਿਬ ਮਾਲਕਾਂ ਨੇ ਦੰਦ ਹੀ ਨਹੀਂ ਕੱਢੇ ਸਗੋਂ ਜ਼ੁਬਾਨ ਵੀ ਟੁੱਕ ਦਿਤੀ ਹੈ ਧਾਮੀ ਸਾਹਿਬ ਦੀ।
ਦੋਸ਼ੀ ਕਰਾਰ ਦਿਤੇ ਗਏ ਸਿਆਸਤਦਾਨਾਂ ‘ਤੇ ਉਮਰ ਭਰ ਦੀ ਪਾਬੰਦੀ ਲਗਾਉਣ ਦਾ ਅਧਿਕਾਰ ਕੇਵਲ ਸੰਸਦ ਕੋਲ- ਕੇਂਦਰ ਸਰਕਾਰ
ਓ ਭਾਈ! ਇਨ੍ਹਾਂ ‘ਭੱਦਰ ਪੁਰਸ਼ਾਂ’ ਦੇ ਸਿਰ ‘ਤੇ ਤਾਂ ਸਰਕਾਰਾਂ ਚਲਦੀਆਂ।
ਕੇਂਦਰ ਦਾ ਖੇਤੀ ਮੰਡੀਕਰਣ ਨੀਤੀ ਦਾ ਖਰੜਾ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਕੀਤਾ ਰੱਦ- ਇਕ ਖ਼ਬਰ
ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਓਂ ਚੱਬਣੇ।
ਟਰੰਪ ਪ੍ਰਸ਼ਾਸਨ ਨੇ ਯੂ.ਐਸ.ਏਡ ਦੇ ਮੁਲਾਜ਼ਮਾਂ ਨੂੰ ਛੁੱਟੀ ‘ਤੇ ਭੇਜਿਆ- ਇਕ ਖ਼ਬਰ
ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ।
ਧਾਮੀ ਨੂੰ ਮਨਾਉਣ ਆਏ ਮਜੀਠੀਆ ਨੂੰ ਖਾਲੀ ਹੱਥ ਮੁੜਨਾ ਪਿਆ- ਇਕ ਖ਼ਬਰ
ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।
ਦੁਨੀਆਂ ਨੂੰ ਚਲਾਉਣ ਲਈ ਸਭ ਤੋਂ ਵਧੀਆ ਹੈ ਸਿੱਖ ਧਰਮ- ਈਲੋਨ ਮਸਕ ਦਾ ਏ.ਆਈ. ਹੈਂਡਲ
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।
ਮਾਣਹਾਨੀ ਕੇਸ ਵਿਚ ਕੰਗਣਾਂ ਨੇ ਜਾਵੇਦ ਅਖ਼ਤਰ ਤੋਂ ‘ਖੇਚਲ’ ਲਈ ਮੰਗੀ ਮੁਆਫ਼ੀ- ਇਕ ਖ਼ਬਰ
ਜੇਠਾ ਵੇ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ।
ਪੰਜਾਬ ਦੇ ਸਕੂਲਾਂ ‘ਚ ਦਸਵੀਂ ਜਮਾਤ ਤਕ ਪੰਜਾਬੀ ਦਾ ਵਿਸ਼ਾ ਹੋਇਆ ਲਾਜ਼ਮੀ-ਇਕ ਖ਼ਬਰ
ਇਹ ਵੀ ਦੇਖਿਆ ਜਾਏਗਾ ਕਿ ਸਰਕਾਰ ਇਸ ‘ਤੇ ਕਿੰਨਾ ਕੁ ਪਹਿਰਾ ਦਿੰਦੀ ਹੈ।
ਕੇਂਦਰੀ ਮੰਡੀਕਰਣ ਨੀਤੀ ਤਾਂ ਰੱਦ ਕਰ ਦਿਤੀ, ਹੁਣ ਆਪਣੀ ਖੇਤੀ ਨੀਤੀ ਲਾਗੂ ਕਰ ਕੇ ਦਿਖਾਉ- ਜਾਖੜ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਜੇ ਕਰ ਮੈਨੂੰ ਹਟਾਇਆ ਜਾਂਦਾ ਹੈ ਤਾਂ ਮੈਂ ਵੀ ਕੱਪੜੇ ਬੈਗ ‘ਚ ਪਾਏ ਹੋਏ ਹਨ, ਕੋਈ ਪ੍ਰਵਾਹ ਨਹੀਂ- ਜਥੇਦਾਰ ਰਘਬੀਰ ਸਿੰਘ
ਅਸੀਂ ਰੱਖੀਏ ਡਾਂਗ ਉੱਤੇ ਡੇਰਾ, ਪਰਵਾਹ ਨਾਹੀਂ ਟੁੰਡੀਲਾਟ ਦੀ।
‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਵਿਰੋਧ ‘ਚ ਕੀਤੀ ਵਿਆਪਕ ਮੁਹਿੰਮ ਸ਼ੁਰੂ-ਇਕ ਖ਼ਬਰ
‘ਮਹਾਰਾਜੇ’ ਦੀ ਮੁਹਿੰਮ ਵਾਂਗ ਇਹ ਵੀ ਛੇਤੀ ਹੀ ਠੁੱਸ ਹੋ ਜਾਣੀ ਐ।
ਦਿੱਲੀ ਦੀ ਮੁੱਖ ਮੰਤਰੀ ਦੇ ਦਫ਼ਤਰ ਦੇ ਬਾਹਰ ‘ਆਪ’ ਵਿਧਾਇਕਾਂ ਨੇ ਕੀਤਾ ਪ੍ਰਦਰਸ਼ਨ- ਇਕ ਖ਼ਬਰ
ਸੱਸ ਪਿੱਟਣੀ ਪੰਜੇਬਾਂ ਪਾ ਕੇ, ਜਾਗ ਚਾਹੇ ਕਰੇ ਨਿੰਦਿਆ।
ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਵਲੋਂ ਵੀ ਸੰਘਰਸ਼ ਦਾ ਐਲਾਨ- ਇਕ ਖ਼ਬਰ
ਜੱਗੇ ਮਾਰਿਆ ਪਿੱਛੋਂ ਲਲਕਾਰਾ, ਸੁੱਕਾ ਜਾਵੇ ਨਾ ਵੈਲੀ ਕਰਤਾਰਾ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਮਦਦ ਮੰਗੀ- ਇਕ ਖ਼ਬਰ
ਪਾਕ ਰੱਬ ਤੇ ਪੀਰ ਦੀ ਮੇਹਰ ਬਾਝੋਂ, ਕੌਣ ਕੱਟੇ ਮੁਸੀਬਤਾਂ ਭਾਰੀਆਂ ਜੀ।
----------------------------------------------------------------------------------------------------