ਜੁੱਤੀ ਹਾਂ ਮੈਂ ਜੁੱਤੀ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ,
ਸਦੀਆਂ ਤੋਂ ਰਹੀ ਮੇਰੀ ਕਿਸਮਤ, ਸੁੱਸਰੀ ਵਾਂਗੂੰ ਸੁੱਤੀ।
ਹੁਣ ਤੱਕ ਮੈਨੂੰ ਆਪਣੇ ਪੈਰੀਂ, ਰੋਲ਼ਿਆ ਤੂੰ ਰੱਜ ਰੱਜ ਕੇ,
ਰਹੀ ਮੈਂ ਤੇਰੀ ਦਾਸੀ ਬਣ ਕੇ, ਮਾਣ ਤਾਣ ਸਭ ਤੱਜ ਕੇ,
ਲੱਖਾਂ ਠੋਕਰਾਂ ਨਿੱਤ ਖਾਧੀਆਂ, ਤੇਰੇ ਹੁਕਮੀਂ ਲੱਗ ਕੇ।
ਕਦੀ ਵੀ ਮੂੰਹੋਂ ਸੀਅ ਨਾ ਕੀਤੀ, ਹਰ ਇੱਕ ਪੀੜ ਮੈਂ ਘੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਕੰਡੇ, ਪੱਥਰ, ਬਿਖੜੇ ਪੈਂਡੇ, ਮੇਰੇ ਹਿੱਸੇ ਆਏ,
ਉੱਚੇ, ਨੀਵੇਂ, ਖਿੰਘਰ, ਪਰਬਤ, ਆਪਣੇ ਸੰਗ ਹੰਢਾਏ,
ਤੇਰੇ ਵਰਗੇ ਕਿੰਨੇ ਜ਼ਾਲਮਾਂ, ਕਿੰਨੇ ਜ਼ੁਲਮ ਕਮਾਏ।
ਜ਼ੁਲਮ, ਕਰਮ ਦੇ ਪੁੜਾਂ ਵਿਚਾਲ਼ੇ, ਪਿਸਦੀ ਰਹੀ ਮੈਂ ਸੁੱਕੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਆਪਣਾ ਰੋਅਬ ‘ਤੇ ਦਾਬ ਰੱਖਣ ਲਈ, ਤੂੰ ਚਲਾਇਆ ਮੈਨੂੰ,
ਨਾ ਚਾਹਿਆਂ ਵੀ ਹੁਕਮ ਵਜਾਇਆ, ਕਹਿ ਨਾ ਸਕੀ ਕੁੱਛ ਤੈਨੂੰ,
ਤੂੰ ਹਰ ਘਾਟ ‘ਤੇ ਹਰ ਤਲਵੇ ਦਾ, ਮਜ਼ਾ ਚਖਾਇਆ ਮੈਨੂੰ।
ਲੱਖ ਆਹਾਂ ‘ਤੇ ਹੌਕੇ ਦੱਬ ਕੇ, ਚੱਲਦੀ ਰਹੀ ਸਿਰ ਸੁੱਟੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਬੀਤ ਗਿਆ ਉਹ ਵੇਲਾ ਸੱਜਣਾ, ਹੁਣ ਤੇਰੇ ਸਿਰ ਵਰ੍ਹਨਾ,
ਤੇਰੀਆਂ ਪੁਠੀਆਂ ਮਨ ਆਈਆਂ ਦਾ, ਲੇਖਾ ਜੋਖਾ ਕਰਨਾ,
ਚੰਮ ਦੀਆਂ ਚੱਲੀਆਂ ਤੇਰੀਆਂ ਦਾ ਡੰਨ, ਤੇਰੇ ਚੰਮ ਨੇ ਭਰਨਾ।
ਏਸੇ ਲਈ ਹੁਣ ਚੱਲਣ ਲੱਗੀ ਹਾਂ, ਤੇਰੇ ਉੱਤੇ ਪੁੱਠੀ,
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਜੁੱਤੀ ਹਾਂ ਮੈਂ ਜੁੱਤੀ ਸੱਜਣਾ, ਤੇਰੇ ਪੈਰ ਦੀ ਜੁੱਤੀ।
ਸਦੀਆਂ ਤੋਂ ਰਹੀ ਮੇਰੀ ਕਿਸਮਤ ਸੁੱਸਰੀ ਵਾਂਗੂੰ ਸੁੱਤੀ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ