ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

 10.03.2025

ਸੇਬੀ ਦੀ ਸਾਬਕਾ ਮੁਖੀ ਮਾਧਵੀ ਬੁੱਚ ਵਿਰੁੱਧ ਐਫ. ਆਈ. ਆਰ. ਦਰਜ ਕਰਨ ‘ਤੇ ਰੋਕ- ਇਕ ਖ਼ਬਰ

ਤੈਨੂੰ ਜ਼ੁਲਫ਼ਾਂ ਦੀ ਛਾਂ ‘ਚ ਬਿਠਾ ਕੇ, ਚੂਰੀਆਂ ਖਵਾਵਾਂ ਮਿੱਤਰਾ।

ਬਾਦਲ ਦਲ ਦੇ ਹਾਸ਼ੀਏ ‘ਤੇ ਜਾਣ ਦੇ ਕੀ ਕਾਰਨ ਹਨ?- ਇਕ ਸਵਾਲ

ਇਹ ਗੱਲ ਤਾਂ ਹੁਣ ਬੱਚਾ ਬੱਚਾ ਜਾਣਦੈ ਭਾਈ, ਕੋਈ ਹੋਰ ਸਵਾਲ ਪੁੱਛੋ।

ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ‘ਚੋਂ ਕੱਢਿਆ- ਇਕ ਖ਼ਬਰ

ਲੈ ਗਈ ਕੁੰਜੀਆਂ ਚੁਬਾਰਿਆਂ ਵਾਲ਼ੀ, ਹੋ ਗਏ ਮਲੰਗ ਮੁੜ ਕੇ।

ਨਸ਼ਾ ਮਾਫ਼ੀਏ ਦਾ ਲੱਕ ਤਾਂ ਹੀ ਟੁੱਟੇਗਾ ਜੇ ਵੱਡੀਆਂ ਮੱਛੀਆਂ ਫੜੀਆਂ ਜਾਣ- ਖਾਲੜਾ ਮਿਸ਼ਨ

ਕਈ ਬੱਕਰੇ ਜੰਗਲੀਂ ਫਿਰਨ ਚਰਦੇ, ਕਦ ਫ਼ਸਣਗੇ ਹੱਥ ਕਸਾਈ ਯਾਰਾ?

ਬੁਲਡੋਜ਼ਰ ਕਾਰਵਾਈ ‘ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਦੱਸਿਆ ਜ਼ਾਲਮ- ਇਕ ਖ਼ਬਰ

ਲੋਕੋ ਜਾਗਦੇ ਰਹਿਣਾ, ਗੱਡੀ ਜ਼ਾਲਮਾਂ ਦੀ ਆਈ।

ਕੈਨੇਡਾ ‘ਚ ਸ਼ਰਾਬ ਚੋਰੀ ਦੇ ਇਲਜ਼ਾਮ ’ਚ ਪੰਜ ਪੰਜਾਬੀ ਨੌਜਵਾਨ ਗ੍ਰਿਫ਼ਤਾਰ- ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਅਮਰੀਕਾ ‘ਚ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਦੇਸ਼ ‘ਤੋਂ ਕੱਢ ਦੇਵਾਂਗੇ, ਟਰੰਪ ਦੀ ਵਿਦਿਆਰਥੀਆਂ ਨੂੰ ਧਮਕੀ-ਇਕ ਖ਼ਬਰ

ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਟਰੰਪ ਨਾਲ ਉਲਝਣ ਦਾ ਟਰੂਡੋ ਦੀ ਲਿਬਰਲ ਪਾਰਟੀ ਨੂੰ ਮਿਲਿਆ ਫ਼ਾਇਦਾ- ਇਕ ਖ਼ਬਰ

ਕੁੱਬੇ ਦੇ ਲੱਤ ਮਾਰੀ, ਕੁੱਬੇ ਦੇ ਗੁਣ ਆਈ।

ਮੇਰੀ ਨਰਮਾਈ ਦਾ ਇਹ ਮਤਲਬ ਨਹੀਂ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ- ਭਗਵੰਤ ਮਾਨ

ਮੈਨੂੰ ਨਰਮ ਕੁੜੀ ਨਾ ਜਾਣੀ, ਲੜਜੂੰ ਭ੍ਰਿੰਡ ਬਣ ਕੇ।

ਟਰੰਪ ਵਲੋਂ ਵਾਰ ਵਾਰ ਭਾਰਤ ਦਾ ਅਪਮਾਨ ਕੀਤੇ ਜਾਣ ‘ਤੇ ਪ੍ਰਧਾਨ ਮੰਤਰੀ ਚੁੱਪ ਕਿਉਂ?- ਕਾਂਗਰਸ

ਮੂੰਹ ਖਾਵੇ, ਅੱਖ ਸ਼ਰਮਾਵੇ

ਏਕਤਾ ਲਈ ਕਿਸਾਨ ਮੋਰਚਿਆਂ ਦੀ 6 ਘੰਟੇ ਚੱਲੀ ਮੀਟਿੰਗ ਰਹੀ ਬੇਸਿੱਟਾ- ਇਕ ਖ਼ਬਰ

ਹੱਥ ਪੁਰਾਣੇ ਖੌਂਸੜੇ, ਬਸੰਤੇ ਹੋਰੀਂ ਆਏ।

ਕੇਜਰੀਵਾਲ ਚਾਹੁਣ ਤਾਂ ਅੱਜ ਹੀ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਆਂਗਾ- ਸੰਜੀਵ ਅਰੋੜਾ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਕਿਸੇ ਵੀ ਹਾਲਤ ਵਿਚ ਮੈਂ ਅਸਤੀਫ਼ਾ ਵਾਪਸ ਨਹੀਂ ਲਵਾਂਗਾ- ਹਰਜਿੰਦਰ ਸਿੰਘ ਧਾਮੀ

ਵਾਰਸਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਨੂੰ ਪੰਜਾਬ ਸਰਕਾਰ ਰੱਦ ਕਰੇ- ਪਰਗਟ ਸਿੰਘ

ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

ਮਜੀਠੀਆ ਨੇ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਿਆ- ਭੂੰਦੜ

ਤੇ ਤੁਹਾਡੇ ਟੋਲੇ ਨੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਨੂੰ ਲਹੂ-ਲੁਹਾਨ ਕੀਤੈ।

ਦਿੱਲੀ ਦੀਆਂ ਔਰਤਾਂ ਨੂੰ ਢਾਈ – ਢਾਈ ਹਜ਼ਾਰ ਦੇਣ ਦੀ ‘ਮੋਦੀ ਦੀ ਗਾਰੰਟੀ’ ਝੂਠ ਸਾਬਤ ਹੋਈ- ਆਤਿਸ਼ੀ

ਮੋਦੀ ਦੇ ਲਾਰੇ, ਮੁੰਡੇ ਰਹਿਣ ਕੁਆਰੇ।

=========================================================================