" ਨਾਜ਼ ਤੋਂ ਮਮਤਾ ਤੱਕ "- ਰਣਜੀਤ ਕੌਰ ਗੁੱਡੀ ਤਰਨ ਤਾਰਨ
ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਨਹੀਂ ਆਸਾਨ ਨਹੀਂ ਨਾਜ਼ ਤੋਂ ਮਮਤਾ ਹੋਣਾ ਨਹੀਂ ਆਸਾਨ ਨਹੀਂ ......
ਭਰੇ ਮਨ ਨਾਲ ਮੁਸਕਰਾ ਦੇਣਾ
ਜ਼ਰਾ ਜਿਹੀ ਖੁਸ਼ੀ ਤੇ ਅੱਖ ਭਰ ਲੈਣਾ
ਕਿੰਨੀ ਵਾਰ ਖੁਦੀ ਨੂੰ ਖੁਦ ਵਿੱਚ ਸਮੇੇਟਣਾ
ਗੜਕਦੇ ਤੂਫਾਨਾਂ ਨੂੰ ਦੁਪੱਟੇ ਵਿੱਚ ਲਪੇਟਣਾ
ਗ੍ਰਹਿਸਤ ਦੀ ਅੱਗ ਵਿੱਚ ਤਪ ਕੇ ਸੋਨਾ ਹੋਣਾ-ਨਹੀਂ ਆਸਾਨ ਨਹੀਂ...,
ਆਪਣੀ ਪਹਿਚਾਨ ਲਈ ਆਪਣਾ ਆਪ ਗਵਾਉਣਾ
ਰਿਸ਼ਤਿਆਂ ਦੀ ਮਾਲਾ ਨੂੰ ਵਾਰ ਵਾਰ ਸੰਜੋਣਾ ਪਰੋਣਾ
ਕਦੇ ਖੁਦ ਨਾਲ ਲੜਾਈ,ਕਦੇ ਜਮਾਨੇ ਦਾ ਸਾਮ੍ਹਣਾ
ਅਨੇਕਾਂ ਹੀ ਦੈਂਤਾਂ ਦਾ ਮਨ ਵਿੱਚ ਪਨਪਣਾ
ਕੰਡਿਆਂ ਦੀ ਸੇਜ ਹੈ ਦੁਰਗਾ ਹੋਣਾ-----ਨਹੀਂ ਆਸਾਨ ਨਹੀਂ....
ਚਿਹਰਿਆਂ ਤੇ ਜੰਮੀ ਧੁੂਲ ਕਿਤੇ ਰਿਸ਼ਤੇ ਤੇ ਨਾ ਜਮ ਜਾਏ-
ਮਨ ਲਾ ਕੇ ਪਰੋਏ ਫੁੱਲ,ਕਿਤੇ ਮਾਲਾ ਹੀ ਨਾ ਬਿਖਰ ਜਾਏ
ਫਿਕਰ ਇਹੋ ਵਿੱਚ ਰਾਤ ਦਿਨ ਫਨਾਹ ਹੋਣਾ-ਨਹੀਂ ਆਸਾਨ ਨਹੀਂ ਮੁਟਿਆਰ...
ਉਂਗਲੀ ਸੜ ਜਾਏ ਤੇ ਗਿਲਾ ਆਟਾ ਲਾ ਲੈਣਾ
ਮਨ ਸੜ ਜਾਏ ਤੇ ਚੁਪਕੇ ਦੋ ਹੰਝੂ ਵਹਾ ਲੈਣਾ
ਪਿਆਜ਼ ਦੇ ਬਹਾਨੇ ਰੋਣਾ----ਨਹੀਂ ਆਸਾਨ ਨਹੀਂ....
ਪ੍ਰੀਤਾਂ ਦਾ ਕੰਡੇਦਾਰ ਵੇਲ ਹੋ ਜਾਣਾ -ਤੇ
ਤੇ- ਇਸ ਵੇਲ ਨੂੰ ਲਿਬਾਸ ਬਣਾ ਲੈਣਾ-
ਅੇੈਸਾ ਹੀ ਹੈ ਮੁਟਿਆਰ ਤੋਂ ਅੋਰਤ ਹੋਣਾ
ਹੈ ਜੋ ਪੁਰਸਲਾਤ ਦੇ ਉਸ ਪਾਰ ਹੋਣਾ,--ਨਹੀਂ ਆਸਾਨ ਨਹੀਂ
ਅਲ੍ਹੜ ਉਮਰ ਤਿਲਕਵਾਂ ਪੈਂਡਾ-ਨਹੀਂ ਆਸਾਨ ਨਹੀਂ ......
ਹਾਰੀ ਹੋਈ ਜਿੰਦਗੀ ਨਾਲ ਜਿਉਣਾ
ਅੱੱੱੱਗ ਨੂੰ ਅੱਗ ਨਾਲ ਬੁਝਾਉਣਾ----
ਨਹੀਂ ਆਸਾਨ ਨਹੀਂ ਮੁਟਿਆਰ ਦਾ ਅੋਰਤ ਹੋਣਾ
ਉਹੋ ਜਾਣਦੀ ਹੈ ਜਾਂ ਫਿਰ ਉਹਦਾ ਰੱਬ-ਨਹੀਂ ਆਸਾਨ ਨਹੀਂ
ਮੁਟਿਆਰ ਦਾ ਅੋਰਤ ਹੋਣਾ.................
ਰਣਜੀਤ ਕੌਰ ਗੁੱਡੀ ਤਰਨ ਤਾਰਨ