ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ - ਸੁਖਪਾਲ ਸਿੰਘ ਗਿੱਲ

ਉਦਾਸੀ ਡਿਪਰੈਸ਼ਨ ਇੱਕ ਭਾਵਨਾਤਮਕ ਦਰਦ ਹੁੰਦਾ ਹੈ ਜਿਸ ਦਾ ਸਬੰਧ ਭਾਵਨਾਤਮਿਕ ਨਿਰਾਸ਼ਾ ਅਤੇ ਮਾਨਸਿਕ ਬੇਵੱਸੀ ਨਾਲ ਹੁੰਦਾ ਹੈ।ਬੰਦਾ ਚੁੱਪ ਗੁੰਮ ਸੁੰਮ ਰਹਿੰਦਾ ਹੈ। ਜ਼ਿੰਦਗੀ ਸੁਸਤੀ ਨੁਮਾ ਹੰਢਾਉਂਦਾ ਹੈ। ਗੰਭੀਰ ਉਦਾਸੀ ਤੋਂ ਬਾਅਦ ਉਦਾਸੀ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਉਦਾਸ ਰਹਿੰਦੇ ਹਾਂ ਤਾਂ ਸਮਾਜ ਦੇ ਕੁੱਝ ਲੋਕ ਸਾਨੂੰ ਗੱਲਾਂ ਬਾਤਾਂ ਚ ਅਨੁਭਵ ਕਰਦੇ ਹਨ। ਕਈ ਵਾਰ ਬਿਨਾਂ ਕਿਸੇ ਕਾਰਨ ਦੇ ਵੀ ਉਦਾਸੀ ਆ ਜਾਂਦੀ ਹੈ। ਖਿੜਿਆ ਮਨ ਬੇਵਸੀ ਨਾਲ ਉਦਾਸੀ ਵਲ ਚਲਾ ਜਾਂਦਾ ਹੈ।ਇਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।ਮਨ ਦੀਆਂ ਗਿਣਤੀਆਂ ਮਿਣਤੀਆਂ ਉਦਾਸੀ ਨੂੰ ਗੰਭੀਰ ਬਣਾ ਦਿੰਦੀਆਂ ਹਨ ਇਸ ਨਾਲ ਸਹਾਇਕ ਬਿਮਾਰੀਆਂ ਆ ਜਾਂਦੀਆਂ ਹਨ।ਜੀਵਨ ਨੀਰਸ ਅਤੇ ਮਨ ਬੁੱਝਿਆ ਹੋ ਜਾਂਦਾ ਹੈ। ਉਦਾਸੀ ਗੁਣਵਤਾ ਅਤੇ ਸੁਭਾਅ ਨੂੰ ਬਦਲ ਕੇ ਮਨੁੱਖ ਨੂੰ ਅਤੀਤ ਨਾਲੋਂ ਝੰਜੋੜ ਸੁੱਟਦੀ ਹੈ।ਇਸ ਦਾ ਪਤਾ ਲੱਗਣਾ ਅਤੇ ਸਵੈ-ਮੁੰਲਾਂਕਣ ਕਰਨਾ ਅੱਜ ਸਮੇਂ ਦੀ ਲੋੜ ਹੈ।
"ਮਨ ਜੀਤੈ ਜਗੁ ਜੀਤੁ"ਗੁਰਬਾਣੀ ਦੇ ਇਸ ਫੁਰਮਾਨ ਨਾਲ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਸਮਾਨ ਹੈ।ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈ। ਉਦਾਸੀ ਇੱਕ ਗੰਭੀਰ ਬਲਾ ਹੈ।ਇਹ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਮਨੁੱਖ ਨੂੰ ਨਸ਼ਟ ਕਰ ਦਿੰਦੀ ਹੈ। ਸਾਹਮਣੇ ਵਾਲੇ ਬੰਦੇ ਲਈ ਮਜ਼ਾਕ ਦਾ ਪਾਤਰ ਬਣ ਜਾਂਦੀ ਹੈ। ਮਜ਼ਾਕ ਕਰਕੇ ਵੀ ਅਸੀਂ ਇਸ ਨੂੰ ਬਿਮਾਰੀ ਨਹੀਂ ਸਮਝਦੇ।ਹੋਰ ਤਾਂ ਹੋਰ ਇਸ ਕਾਰਨ ਨਸ਼ੇ ਦਾ ਸਹਾਰਾ ਲੈ ਕੇ ਆਰਜ਼ੀ ਖੁਸ਼ੀ ਲੱਭਦੇ ਫਿਰਦੇ ਹਾਂ।ਇੱਕ ਤਾਜ਼ਾ ਨਸ਼ਰ ਰਿਪੋਰਟ ਮੁਤਾਬਕ 15 ਤੋਂ 29 ਸਾਲ ਤੱਕ ਦੇ ਲੋਕ ਇਸ ਤੋਂ ਵੱਧ ਪੀੜਤ ਹਨ ਕਿਉਂਕਿ ਇਹ ਉਮਰ ਭੱਜ ਨੱਠ ਕੇ ਕੁੱਝ ਕਰਨ ਦੀ ਹੁੰਦੀ ਹੈ।ਇਹੀ ਵਿੱਚ ਬੰਦਾ ਗ੍ਰਸ ਜਾਂਦਾ ਹੈ।ਇਸ ਦਾ ਕਾਰਨ ਪਦਾਰਥਵਾਦੀ ਹੋੜ ਵੀ ਹੈ।ਉਂਝ ਹਰ ਵਰਗ ਉੱਪਰ ਡਿਪਰੈਸ਼ਨ ਹਾਵੀ ਹੋ ਚੁੱਕੀ ਹੈ। ਉਦਾਸੀ ਨੂੰ ਪੀੜਤ ਦੇ ਸੁਭਾਅ ਨਾਲ ਜੋੜ ਕੇ ਦੇਖਣਾ ਬੱਜਰ ਗਲਤੀ ਹੈ। ਉਪਰੋਂ ਤੰਦਰੁਸਤ ਅੰਦਰੋਂ ਕੁੱਝ ਹੋਰ ਹੀ ਹੁੰਦਾ ਹੈ। ਅਜਿਹੀ ਸਥਿਤੀ ਸਮਝਣੀ ਚਾਹੀਦੀ ਹੈ।
ਅੰਕੜਿਆਂ ਜ਼ਰੀਏ ਭਾਰਤ ਚ 5 ਕਰੋੜ 60 ਲੱਖ ਲੋਕ ਉਦਾਸੀ ਤੋਂ ਪੀੜਤ ਹਨ। ਅੰਕੜਾ ਵਧ ਵੀ ਹੋ ਸਕਦਾ ਹੈ। ਵੱਡੀਆਂ ਮੈਡੀਕਲ ਸੰਸਥਾਵਾਂ ਕੋਲ ਜਦੋਂ ਮਰੀਜ਼ ਦੀ ਬਿਮਾਰੀ ਸਮਝ ਨਾ ਲੱਗੇ ਤਾਂ ਆਖਰ ਉਹਨਾਂ ਨੂੰ ਮਾਨਸਿਕ ਰੋਗੀ ਵਿਭਾਗ ਵਿੱਚ ਭੇਜਿਆ ਜਾਂਦਾ ਹੈ। ਉੱਥੋਂ ਠੀਕ ਵੀ ਹੋ ਜਾਂਦੇ ਹਨ। ਵਧੀਆ ਜੀਵਨ ਬਸਰ ਕਰਦੇ ਹਨ। ਉਦਾਸੀ ਨਿਤ ਦਿਨ ਵਧਦੀ ਜਾਂਦੀ ਹੈ।ਇਸ ਪਿੱਛੇ ਕਈ ਕਿਆਸੇ ਅਤੇ ਅਣਕਿਆਸੇ ਕਾਰਨ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ 6 ਵਿੱਚੋਂ 1 ਭਾਰਤੀ ਉਦਾਸੀ ਦਾ ਗ੍ਰਸਿਆ ਹੋਇਆ ਹੈ।ਇਸ ਨੂੰ ਯੋਗ ਸਾਧਨਾ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਸਾਡੇ ਮੁਲਕ ਵਿੱਚ ਉਦਾਸੀ ਡਿਪਰੈਸ਼ਨ ਦੇ ਝੰਬੇ ਹਰ ਸਾਲ 1ਲੱਖ ਲੋਕ ਖੁਦਕੁਸ਼ੀ ਵੀ ਕਰ ਲੈਂਦੇ ਹਨ।ਇਹ ਵੀ ਗੰਭੀਰ ਚਰਚਾ ਦਾ ਵਿਸ਼ਾ ਹੈ।ਇਸ ਤੇ ਚਿੰਤਾ ਅਤੇ ਗੰਭੀਰਤਾ ਵਿਖਾਉਣ ਦੀ ਲੋੜ ਹੈ।
     ਉਦਾਸੀ ਦੀ ਇੱਕ ਬੁਰਾਈ ਹੈ ਕਿ ਇਸ ਨੂੰ ਸਵੀਕਾਰ ਕਰਨ ਤੋਂ ਆਨਾਕਾਨੀ ਕਰਦੇ ਹਨ। ਇਹਨਾਂ ਦੀਆਂ ਆਦਤਾਂ ਰੋਜ਼ਾਨਾ ਗਤੀਵਿਧੀਆਂ ਇਹਨਾਂ ਦੀ ਮਾਨਸਿਕ ਸਿਹਤ ਦੀ ਤਰਜਮਾਨੀ ਕਰਦੀਆਂ ਹਨ। ਉਦਾਸੀ ਸ਼ਖ਼ਸੀਅਤ ਨੂੰ ਸੱਟ ਮਾਰਦੀ ਹੈ। ਕਈ ਵਾਰ ਦੇਰ ਹੋਏ ਤੋਂ ਪਤਾ ਚੱਲਦਾ ਹੈ ਕਿ ਇਹ ਆਦਤ ਨਹੀਂ ਬਲਕਿ ਬਿਮਾਰੀ ਹੈ। ਇਕੱਲਤਾ, ਖਾਣਪੀਣ, ਨਸ਼ੇ, ਰਿਟਾਇਰਮੈਂਟ ਅਤੇ ਜੈਨੇਟਿਕ ਇਸ ਅਲਾਮਤ ਦੇ ਵੱਡੇ ਕਾਰਨ ਹਨ।ਅੱਜ ਸਮੇਂ ਦੀ ਮੰਗ ਹੈ ਕਿ ਇਸਨੂੰ ਹਲਕੇ ਵਿੱਚ ਨਾ ਸਮਝੋ,ਨਾ ਡਾਕਟਰ ਤੋਂ ਛੁਪਾਓ ਨਾ ਡਾਕਟਰ ਕੋਲ ਜਾਣ ਤੋਂ ਗ਼ੁਰੇਜ਼ ਕਰੋ।ਇਸ ਅਲਾਮਤ ਨੂੰ ਸਵੀਕਾਰ ਕੇ,ਸੇਧ ਦੇ ਕੇ ਇਲਾਜ ਵੱਲ ਤੌਰਨਾ ਚਾਹੀਦਾ ਹੈ।ਇਹ ਨਕਾਰਾਤਮਿਕਤਾ ਵਿੱਚੋਂ ਕੱਢਣ ਲਈ ਰਾਮਬਾਣ ਹੋਵੇਗਾ।ਇਸ ਲਈ ਉਦਾਸੀ ਪ੍ਰਤੀ ਜਾਗਰੂਕਤਾ ਪੈਦਾ ਕਰੋ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ