ਜਦੋਂ ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਸੋਧਿਆ... - ਡਾ. ਗੁਰਵਿੰਦਰ ਸਿੰਘ
ਲੰਡਨ ਨੇ ਕੀਤੇ ਸਦਾ, ਹਮਲੇ ਤਾਬੜਤੋੜ।
ਲੰਡਨ ਜਾ ਕੇ ਸ਼ੇਰ ਨੇ, ਭਾਜੀ ਦਿੱਤੀ ਮੋੜ।
ਮੇਰੇ ਲਈ ਉਹ ਪਲ ਇਤਿਹਾਸਕ ਸਨ, ਜਦੋਂ ਲੰਡਨ ਦੇ ਕੈਕਸਟਨ ਹਾਲ ਦੀ ਜਗ੍ਹਾ 'ਤੇ ਜਾਣ ਦਾ ਸੁਭਾਗ ਮਿਲਿਆ, ਜਿੱਥੇ ਸ਼ਹੀਦ ਊਧਮ ਸਿੰਘ ਨੇ 13 ਮਾਰਚ 1940 ਨੂੰ ਓਡਵਾਇਰ ਨੂੰ ਸੋਧਿਆ ਸੀ। ਚਾਹੇ ਉਸ ਜਗ੍ਹਾ 'ਤੇ ਸ਼ਹੀਦ ਊਧਮ ਸਿੰਘ ਦੀ ਕੋਈ ਯਾਦਗਾਰ ਸਥਾਪਤ ਨਹੀਂ ਹੋ ਸਕੀ, ਪਰ ਉਥੇ ਜਾ ਕੇ ਜੋ ਮਨ ਦੇ ਵਲਵਲੇ ਸਨ, ਉਹ ਇਸ ਵੀਡੀਓ ਰਾਹੀਂ ਕੀਤੇ ਹਨ। ਸਰਦਾਰ ਊਧਮ ਸਿੰਘ ਇਤਿਹਾਸ ਦਾ ਅਜਿਹਾ ਮਹਾਨ ਯੋਧਾ ਹੋਇਆ ਹੈ, ਜਿਸਨੇ ਗ਼ੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਬੇਗੁਨਾਹ ਲੋਕਾਂ ਦੇ ਸਮੂਹਿਕ ਕਤਲੇਆਮ ਖਿਲਾਫ਼, ਹਥਿਆਰਬੰਦ ਸੰਘਰਸ਼ ਦਾ ਰਾਹ ਅਪਨਾਇਆ। 26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਨਗਰ ਦੇ ਗਰੀਬ ਪਰਿਵਾਰ 'ਚ ਜਨਮੇ ਊਧਮ ਸਿੰਘ (ਪਹਿਲਾਂ ਨਾਂ ਸ਼ੇਰ ਸਿੰਘ) ਬਚਪਨ ਵਿੱਚ ਹੀ ਮਾਤਾ ਅਤੇ ਪਿਤਾ ਦੇ ਦੇਹਾਂਤ ਮਗਰੋਂ 24 ਅਕਤੂਬਰ 1907 ਵਿੱਚ ਸੈਂਟਰਲ ਸਿੱਖ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ ਤੇ ਇਥੋਂ ਹੀ ਸਿੱਖੀ ਜੀਵਨ, ਸੇਵਾ ਤੇ ਸ਼ਹਾਦਤ ਦੀ ਪ੍ਰੇਰਨਾ ਲੈ ਕੇ ਵੱਡੇ ਹੋਏ।
ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਮਨੁੱਖਤਾ ਦੇ ਡੁੱਲ੍ਹੇ ਲਹੂ ਦਾ ਹਿਸਾਬ ਚੁਕਾਉਣ ਲਈ ਊਧਮ ਸਿੰਘ ਨੇ 21 ਸਾਲ ਮਗਰੋਂ, 13 ਮਾਰਚ 1940 ਨੂੰ ਲੰਡਨ ਵਿੱਚ ਕੈਕਸਟਨ ਹਾਲ ਚ ਪਹੁੰਚ ਕੇ ਜ਼ਾਲਮ ਓਡਵਾਇਰ ਨੂੰ ਸੋਧਿਆ। ਸਿਤਮਜ਼ਰੀਫੀ ਇਹ ਸੀ ਕਿ ਇਕ ਪਾਸੇ ਪਟਿਆਲੇ ਵਾਲਾ ਰਾਜਾ ਤੇ ਮਜੀਠੀਏ ਡਾਇਰ-ਓਡਵਾਇਰ ਆਦਿ ਨੂੰ ਦਾਅਵਤਾਂ ਦੇ ਰਹੇ ਸੀ, ਦੂਜੇ ਪਾਸੇ ਸ਼ਹੀਦ ਊਧਮ ਸਿੰਘ ਜਾਨ ਦੀ ਬਾਜ਼ੀ ਲਾ ਕੇ ਉਡਵਾਇਰ ਨੂੰ ਸੋਧਣ ਲਈ ਤੱਤਪਰ ਸੀ। ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਨੇ 31 ਜੁਲਾਈ 1940 ਨੂੰ ਲੰਡਨ 'ਚ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹੀਦੀ ਪਾਈ। ਸ਼ਹੀਦ ਊਧਮ ਸਿੰਘ ਸਭ ਤੋਂ ਪਹਿਲਾਂ ਗੁਰਬਾਣੀ ਤੋਂ ਪ੍ਰਭਾਵਿਤ ਸੀ, ਫਿਰ ਉਸ ਨੇ ਗ਼ਦਰ ਲਹਿਰ ਤੋਂ ਅਤੇ ਉਸਤੋਂ ਮਗਰੋਂ ਬੱਬਰ ਅਕਾਲੀ ਲਹਿਰ ਤੋ ਵੀ ਪ੍ਰਭਾਵ ਕਬੂਲਿਆ।ਉਸ ਦੀ ਸ਼ਖਸ਼ੀਅਤ ਉਪਰ ਸ਼ਹੀਦ ਭਗਤ ਸਿੰਘ ਦਾ ਡੂੰਘਾ ਅਸਰ ਸੀ।
ਸ਼ਹੀਦ ਊਧਮ ਸਿੰਘ ਨੇ ਆਪਣੇ ਪੱਤਰਾਂ ਵਿਚ ਆਰੰਭ ਇਕ ਓਂਕਾਰ ਨਾਲ ਕੀਤਾ ਅਤੇ ਗੁਰੂ ਅਰਜਨ ਸਾਹਿਬ ਦੀ ਬਾਣੀ ਦੀਆਂ ਤੁਕਾਂ ਵੀ ਅੰਕਿਤ ਕੀਤੀਆਂ। ਜੇਲ੍ਹ ਚੋਂ ਉਸਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੱਤਰ ਵੀ ਲਿਖਿਆ ਕਿ ਉਸ ਨੂੰ ਗੁੱਟਕਾ ਸਾਹਿਬ ਭੇਜੇ ਜਾਣ। ਸ਼ਹੀਦ ਊਧਮ ਸਿੰਘ ਲੰਡਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਕਸਰ ਲੰਗਰ ਦੀ ਸੇਵਾ ਕਰਦਾ। ਸਟਾਕਟਨ ਵਿਖੇ ਵੀ ਉਸ ਦਾ ਗੁਰਦੁਆਰਾ ਸਾਹਿਬ ਜੇ ਗ੍ਰੰਥੀ ਸਿੰਘ ਨਾਲ ਡੂੰਘਾ ਪਿਆਰ ਸੀ ਅਤੇ ਉਸ ਨੂੰ ਲਿਖੀਆਂ ਚਿੱਠੀਆਂ ਵੀ ਮਿਲਦੀਆਂ ਹਨ। ਅਦਾਕਾਰੀ ਦੇ ਸ਼ੌਕ ਅਧੀਨ ਉਸ ਨੇ ਇੰਗਲੈਂਡ ਵਿੱਚ ਦੋ ਫ਼ਿਲਮਾਂ ਐਲੀਫੈਂਟ ਦਾ ਥੀਫ ਆਫ ਬਗਦਾਦ ਆਦਿ ਵਿੱਚ ਵੀ ਕੰਮ ਕੀਤਾ, ਜਿਸ ਦੀਆਂ ਤਸਵੀਰਾਂ ਮਿਲਦੀਆਂ ਹਨ।
ਸ਼ਹੀਦ ਊਧਮ ਸਿੰਘ ਦੇ ਅਨੇਕਾਂ ਨਾਵਾਂ 'ਚੋਂ ਇੱਕ ਖ਼ਾਸ ਨਾਮ "ਮੁਹੰਮਦ ਸਿੰਘ ਆਜ਼ਾਦ" ਸੀ, ਪਰ ਆਰੀਆ ਸਮਾਜ ਵਰਗੀਆਂ ਸੰਸਥਾਵਾਂ ਵੱਲੋਂ ਹਿੰਦੂਤਵੀ ਅਤੇ ਕਈ ਹੋਰਨਾਂ ਵਲੋਂ ਅਖੌਤੀ ਸੈਕੁਲਰ ਏਜੰਡੇ ਤਹਿਤ ਨਾਂ ਪ੍ਰਚੱਲਤ ਕਰ ਦਿੱਤਾ ਗਿਆ ਹੈ, ''ਰਾਮ ਮੁਹੰਮਦ ਸਿੰਘ ਆਜ਼ਾਦ''। ਪਹਿਲਾਂ ਆਰੀਆ ਸਮਾਜੀ ਅਤੇ ਅਖੌਤੀ ਸੇਕੁਲਰ ਤੇ ਅੱਜ ਕੱਲ੍ਹ ਫਾਸ਼ੀਵਾਦੀ ਅਤੇ RSS ਏਜੰਡੇ ਅਨੁਸਾਰ "ਰਾਮ ਮੁਹੰਮਦ ਸਿੰਘ ਆਜ਼ਾਦ" ਪ੍ਰਚਾਰਿਆ ਜਾ ਰਿਹਾ ਹੈ, ਜੋ ਕਿ ਗ਼ਲਤ ਹੈ। ਸ਼ਹੀਦ ਊਧਮ ਸਿੰਘ ਨੇ ਜਦ ਖੁਦ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੈ, ਤਾਂ ਸਾਨੂੰ ਕੀ ਹੱਕ ਹੈ ਉਸ ਦਾ ਨਾਮ ਵਿਗਾੜਨ ਦਾ? ਮਹਾਨ ਯੋਧੇ ਸ਼ਹੀਦ ਊਧਮ ਸਿੰਘ ਬਨਾਮ ਮੁਹੰਮਦ ਸਿੰਘ ਆਜ਼ਾਦ ਨੂੰ ਇਹ 'ਕਾਵਿ-ਬੰਦ' ਸਮਰਪਿਤ ਕਰ ਰਹੇ ਹਾਂ, ਜੋ ਇਸ ਮਹਾਨ ਯੋਧੇ ਵੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਬਸਤੀਵਾਦ ਦਾ ਕਿਲਾ ਢਾਹੁਣ ਦੀ ਗਵਾਹੀ ਭਰਦੇ ਹਨ:
ਲੰਡਨ ਬਸਤੀਵਾਦ ਦਾ, ਜਦ ਹੁੰਦਾ ਸੀ ਗੜ੍ਹ।
ਊਧਮ ਸਿੰਘ ਸਰਦਾਰ ਨੇ, ਤਦ ਭੰਨੀ ਸੀ ਤੜ।