ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
29 Oct. 2018
' ਨਿੱਕੀ ਹੇਲੀ ਨੇ ਟਰੰਪ ਦਾ ਮਜ਼ਾਕ ਉਡਾਇਆ - ਇਕ ਖ਼ਬਰ
- ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਿਛਾਂਹ ਹੋ ਜਾ ਚੱਟੂ ਵੱਟਿਆ।
' ਪੰਥਕ ਅਸੰਬਲੀ ਵੱਲੋਂ ਬਰਗਾੜੀ ਮੋਰਚੇ ਦੀ ਹਮਾਇਤ - ਇਕ ਖ਼ਬਰ
- ਮੈਂ ਕਿਉਂਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖਤ ਹਜ਼ਾਰੇ ਨੂੰ।
' ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਦੀ ਬਰਖਾਸਤਗੀ ਮੰਗੀ - ਇਕ ਖ਼ਬਰ
- ਜਿਉਣਾ ਮੌੜ ਵੱਢਿਆ ਨਾ ਜਾਵੇ, ਛਵੀਆਂ ਦੇ ਘੁੰਡ ਮੁੜ ਗਏ।
' ਸ੍ਰੀ ਅਕਾਲ ਤਖਤ ਦੀ ਭਰੋਸੇਯੋਗਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ- ਗਿਆਨੀ ਹਰਪ੍ਰੀਤ ਸਿੰਘ
- ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜਾਣ ਬੇਟਾ।
' ਬ੍ਰਹਮਪੁਰਾ ਨੇ ਸਭ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ - ਇਕ ਖ਼ਬਰ
- ਬਾਰਾਂ ਬਰਸ ਚਰਵਾ ਕੇ ਮੱਝੀਆਂ ਨੂੰ, ਆਖਰ ਵਕਤ ਹੈ ਕੋਰਾ ਜਵਾਬ ਹੋਇਆ।
' ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ- ਇਕ ਖ਼ਬਰ
- ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
' ਬਾਗ਼ੀ ਧੜੇ ਦੀਆਂ ਸਖਤ ਸ਼ਰਤਾਂ ਕਾਰਨ 'ਆਪ' ਦੀ ਮੀਟਿੰਗ ਰਹੀ ਬੇਸਿੱਟਾ- ਇਕ ਖ਼ਬਰ
- ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲੋਂ ਮੁੜਗੀ।
' ਬ੍ਹਹਮਪੁਰਾ ਦਾ ਅਸਤੀਫ਼ਾ ਪਾਰਟੀ ਲਈ ਨੁਕਸਾਨਦੇਹ - ਸੇਖਵਾਂ
- ਤੇ ਤੁਸੀਂ ਅਜੇ ਵੀ ਕੰਧ 'ਤੇ ਬੈਠੇ ਬਾਦਲਾਂ ਦਾ ਸੱਦਾ-ਪੱਤਰ ਉਡੀਕਦੇ ਹੋ?
' ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਟਕਸਾਲੀ ਆਗੂਆਂ ਨੇ ਅਹੁਦੇ ਛੱਡੇ - ਸੁਖਬੀਰ ਬਾਦਲ
- ਦਾਖੇ ਹੱਥ ਨਾ ਅੱਪੜੇ, ਆਖੇ ਥੂਹ ਕੌੜੀ।
' ਬਾਦਲਾਂ ਨੇ ਹਮੇਸ਼ਾਂ ਹਾਦਸਿਆਂ 'ਤੇ ਸਿਆਸਤ ਕੀਤੀ - ਰਵੀਇੰਦਰ ਸਿੰਘ
- ਨਾਹੁੰਦੀ ਫਿਰੇ ਤੀਰਥਾਂ 'ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।
' ਪੰਜਾਬ ' ਚ ਨਵੀਂ ਸਿਆਸੀ ਧਿਰ ਉਭਰਨ ਦੇ ਆਸਾਰ - ਇਕ ਖ਼ਬਰ
- ਸੁੱਚਿਆਂ ਰੁਮਾਲਾਂ ਨੂੰ ਲਾ ਦੇ ਧੰਨ ਕੁਰੇ ਗੋਟਾ।
' ਲਾਭ ਦੇ ਅਹੁਦੇ ਦੇ ਦੋਸ਼ 'ਚੋਂ 'ਆਪ' ਦੇ 27 ਵਿਧਾਇਕ ਬਰੀ- ਇਕ ਖ਼ਬਰ
- ਲੱਡੂ ਵੰਡਦੀ ਗਲ਼ੀ ਦੇ ਵਿਚ ਆਵਾਂ, ਪਹਿਲੀ ਪੇਸ਼ੀ ਯਾਰ ਛੁੱਟਿਆ।
' ਪਾਰਟੀ ਦੇ ਕਹਿਣ 'ਤੇ ਪ੍ਰਧਾਨਗੀ ਦਾ ਅਹੁਦਾ ਛੱਡਣ ਲਈ ਤਿਆਰ ਹਾਂ - ਸੁਖਬੀਰ ਬਾਦਲ
- ਕਿਹੜੀ ਪਾਰਟੀ ਬਈ ?