ਚੁੰਝਾਂ-ਪ੍ਹੌਂਚੇ- (ਨਿਰਮਲ ਸਿੰਘ ਕੰਧਾਲਵੀ)
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਕੇਜਰੀਵਾਲ ਤੇ ਉਹਦੀ ਪਾਰਟੀ ਨੂੰ ਦਿਤਾ ਕਰਾਰਾ ਝਟਕਾ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਗਿਆ।
ਨਾਜਾਇਜ਼ ਮਾਈਨਿੰਗ ਰੋਕਣ ‘ਚ ‘ਆਪ’ ਸਰਕਾਰ ਰਹੀ ਨਾਕਾਮ- ਪਰਤਾਪ ਸਿੰਘ ਬਾਜਵਾ
ਬਾਜਵਾ ਸਾਹਿਬ, ਤੁਹਾਡੇ ਰਾਜ ਵੇਲੇ ਕਿੰਨੀ ਕੁ ਬੰਦ ਹੋ ਗਈ ਸੀ!
ਅਕਾਲ ਤਖ਼ਤ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੁਖਾਵੇਂ ਮਾਹੌਲ ‘ਚ ਹੋਈ- ਧਾਮੀ
ਜਦ ਏਜੰਡਾ ਹੀ ਕੋਈ ਨਹੀਂ ਸੀ ਤਾਂ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੀ ਹੋਣੀ ਸੀ।
ਟਰੰਪ ਵਲੋਂ ਅਮਰੀਕਾ ਨੂੰ ਟੈਰਿਫ਼ ਦੀ ਧਮਕੀ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਅਮਰੀਕਾ ਵੀ ਤਿਆਰ ਰਹੇ।
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਹਰਿਆਣਾ ਕਮੇਟੀ ਦੀ ਪੰਥਕ ਏਕਤਾ ‘ਚ ਤਰੇੜ ਹੋਰ ਡੂੰਘੀ ਹੋਈ- ਇਕ ਖ਼ਬਰ
ਸ਼ਾਬਾਸ਼ ਸਿੱਖੋ! ਦੇਖਿਉ ਤਰੇੜਾਂ ਮਿਟ ਨਾ ਜਾਣ ਕਿਤੇ, ਦੱਬੀ ਚਲੋ ਕਿੱਲੀ।
ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੀਆਂ ਚੋਣਾਂ ‘ਚ ਬੇਨਿਯਮੀਆਂ ਦਾ ਦੋਸ਼ ਲਗਾਇਆ- ਇਕ ਖ਼ਬਰ
ਕਾਰਵਾਂ ਗੁਜ਼ਰ ਗਿਆ, ਗ਼ੁਬਾਰ ਦੇਖਤੇ ਰਹੇ।
ਮੋਦੀ ਸਰਕਾਰ ਹਰ ਮੁੱਦੇ ‘ਤੇ ਧਿਆਨ ਦੇ ਰਹੀ ਹੈ- ਰਵਨੀਤ ਬਿੱਟੂ
ਬਿੱਟੂ ਸਾਹਿਬ ਇਸ ਵਿਚ ਕੋਈ ਸ਼ੱਕ ਐ!
7,113 ਕਰੋੜ ਰੁਪਏ ਨਾਲ਼ ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਪਾਰਟੀ ਬਣੀ- ਇਕ ਖ਼ਬਰ
ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।
ਪੰਜਾਬ ‘ਚ 856 ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਚਲ ਰਹੇ ਹਨ- ਇਕ ਖ਼ਬਰ
ਭੋਲਿਓ, ਅੱਜ ਏ.ਆਈ. ਦਾ ਯੁਗ ਹੈ, ਪ੍ਰਿੰਸੀਪਲਾਂ ਦੀ ਕੀ ਲੋੜ ਐ? ਨਾਲ਼ੇ ਦਿੱਲੀ ਦੇ ਖ਼ਰਚੇ ਵੀ ਕੱਢਣੇ ਨੇ।
ਫੋਰਬਸ ਨੇ ਭਾਰਤ ਨੂੰ ਪਹਿਲੇ ਦਸ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ‘ਚੋਂ ਕੀਤਾ ਬਾਹਰ- ਇਕ ਖ਼ਬਰ
ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।
ਸ਼ੇਖ਼ ਹਸੀਨਾ ਦੀਆਂ ਗਤੀਵਿਧੀਆਂ ਨੂੰ ਲੈ ਕੇ ਬੰਗਲਾਦੇਸ਼ ਨੇ ਭਾਰਤ ਵਿਰੁੱਧ ਰੋਸ ਪ੍ਰਗਟਾਇਆ- ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਅਮਰੀਕਾ ਤੋਂ ਸਿਆਣੀ ਗੱਲਬਾਤ ਦੀ ਕੋਈ ਆਸ ਨਹੀਂ- ਈਰਾਨ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।
ਅਕਾਲ ਤਖ਼ਤ ਵਲੋਂ ਬਣਾਈ 7 ਮੈਂਬਰੀ ਨਿਗਰਾਨ ਕਮੇਟੀ ਦੀ ਬਾਦਲ ਦਲ ਨੂੰ ਕੋਈ ਪ੍ਰਵਾਹ ਨਹੀਂ- ਇਕ ਖ਼ਬਰ
ਮੂੰਹ ਉਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਨਵੇਂ ਕੇਂਦਰੀ ਬਜਟ ‘ਚ ਪੰਜਾਬ ਲਈ ਕੋਈ ਉਮੀਦ ਨਹੀਂ-ਪਰਤਾਪ ਸਿੰਘ ਬਾਜਵਾ
ਕਿਤੇ ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਦਿੱਲੀ ‘ਚ ਭਾਜਪਾ ਦੀ ਜਿੱਤ ‘ਤੇ ਪੰਜਾਬ ‘ਆਪ’ ਵਿਚ ਖ਼ਾਮੋਸ਼ੀ- ਇਕ ਖ਼ਬਰ
ਨੀ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
=======================================================================