‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ : ਦੇਸ਼ ਭਗਤਾਂ ਦੀ ਜਦੋਜਹਿਦ ਦੀ ਕਹਾਣੀ - ਉਜਾਗਰ ਸਿੰਘ

ਕੁਲਵੰਤ ਸਿੰਘ ਪੱਤਰਕਾਰ ਖੋਜੀ ਕਿਸਮ ਦਾ ਵਿਅਕਤੀ ਸੀ। ਭਾਵੇਂ ਉਹ ਨੌਕਰੀ ਕਰਦਾ ਰਿਹਾ ਪ੍ਰੰਤੂ ਉਸਦਾ ਝੁਕਾਅ ਖੋਜੀ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸ ਵੱਲ ਰਿਹਾ। ਇਸ ਕਰਕੇ ਉਹ ਆਪਣੇ ਵਿਹਲੇ ਸਮੇਂ ਵਿੱਚ ਅਖ਼ਬਾਰਾਂ ਲਈ ਲੇਖ ਲਿਖਦਾ ਅਤੇ ਸਾਹਿਤਕ ਰਚਨਾਵਾਂ ਲਿਖਦਾ ਰਹਿੰਦਾ ਸੀ। ‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ ਵਿੱਚ ਉਸਨੇ 14 ਅਜਿਹੇ ਸਾਹਿਤਕਾਰਾਂ-ਪੱਤਰਕਾਰ ਦੇਸ਼ ਭਗਤਾਂ ਦੀ ਜ਼ਿੰਦਗੀ ਦੀਆਂ ਸਰਗਰਮੀਆਂ ਨੂੰ ਬੜੀ ਨੀਝ ਨਾਲ ਵਿਸਤਾਰ ਪੂਰਬਕ ਲਿਖਿਆ ਹੈ, ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਨਿਰਬਾਹ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਸੋਚ ਤੇ ਸਿੱਦਕ ਨਾਲ ਪਹਿਰਾ ਦਿੰਦੇ ਹੋਏ ਅੰਗਰੇਜ਼ ਸਰਕਾਰ ਦੀਆਂ ਅਣਮਨੁਖੀ ਕਾਰਵਾਈਆਂ ਨੂੰ ਲੋਕ ਕਚਹਿਰੀ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਅਤੇ ਪੱਤਰਕਾਰਤਾ ਰਾਹੀਂ ਪੇਸ਼ ਕਰਕੇ ਦੇਸ਼ ਵਾਸੀਆਂ ਵਿੱਚ ਆਜ਼ਾਦੀ ਦੇ ਸੰਗਰਾਮ ਲਈ ਜੋਸ਼ ਪੈਦਾ ਕੀਤਾ, ਪ੍ਰੰਤੂ ਉਨ੍ਹਾਂ ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾਉਂਦਿਆਂ ਆਪਣੇ ਫ਼ਰਜ਼ ਨਿਭਾਉਣ ਨੂੰ ਪਹਿਲ ਦਿੱਤੀ। ਇਹ ਪੁਸਤਕ ਸਿੱਖੀ ਸੋਚ ਨੂੰ ਪ੍ਰਣਾਏ ਹੋਏ, ਖੋਜੀ ਸਾਹਿਤਕਾਰਾਂ, ਇਤਿਹਾਸ ਅਤੇ ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ। ਉਨ੍ਹਾਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇਗੀ ਕਿਉਂਕਿ ਇਸ ਪੁਸਤਕ ਨੂੰ ਕੁਲਵੰਤ ਸਿੰਘ ਪੱਤਰਕਾਰ ਨੇ ਇਤਿਹਾਸਕ ਤੱਥਾਂ ਸਮੇਤ ਪੁਰਤੱਤਵ ਵਿਭਾਗ ਦੇ ਰਿਕਾਰਡ ਵਿੱਚੋਂ ਲੱਭਕੇ ਲਿਖਿਆ ਹੈ।  ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਆਜ਼ਾਦੀ ਸੰਗਰਾਮ ਅਤੇ ਅਕਾਲੀ ਦਲ ਦੀਆਂ ਸਰਗਰਮੀਆਂ ਦਾ ਇਤਿਹਾਸ ਹੈ, ਕਿਉਂਕਿ ਲੇਖਕ ਨੇ ਇਹ ਸਾਰਾ ਕੁਝ ਇਨ੍ਹਾਂ 14 ਵਿਅਕਤੀਆਂ ਦੀਆਂ ਪ੍ਰਾਪਤੀਆਂ ਵਿੱਚ ਵਰਣਨ ਕਰ ਦਿੱਤਾ ਹੈ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਬਾਰੇ ਲਿਖਦਿਆਂ ਲੇਖਕ ਨੇ ਉਸਦੇ ਜਨਮ, ਪਰਿਵਾਰਿਕ ਪਿਛੋਕੜ, ਅਧਿਆਪਕ, ਗੁਰਦੁਆਰਾ ਸੁਧਾਰ ਲਹਿਰ, ਸਾਹਿਤਕਾਰ, ਪੱਤਰਕਾਰ, ਅਕਾਲੀ ਦਲ, ਕਾਂਗਰਸ ਅਤੇ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਜਿਹੜੇ ਸ਼ਲਾਘਾਯੋਗ ਕੰਮ ਕੀਤੇ, ਉਨ੍ਹਾਂ ਦੀ ਜਾਣਕਾਰੀ ਦਿੱਤੀ ਹੈ। ਉਹ ਇੱਕੋ-ਇੱਕ ਅਜਿਹਾ ਵਿਅਕਤੀ ਹੈ, ਜਿਹੜਾ ਇੱਕੋ ਸਮੇਂ ਅਕਾਲੀ ਦਲ ਦਾ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਰਿਹਾ ਹੈ। ਪੁਨਰਗਠਤ ਪੰਜਾਬ ਦਾ ਪਹਿਲਾ ਮੁੱਖ ਮੰਤਰੀ, ਵਿਧਾਨਕਾਰ, ਸੰਸਦ ਮੈਂਬਰ, ਮੰਤਰੀ ਅਤੇ ਸਰਗਰਮ ਵਿਅੰਗਕਾਰ ਲੇਖਕ ਸੀ। ਗਿਆਨੀ ਹੀਰਾ ਸਿੰਘ ਦਰਦ ਦਾ ਜੀਵਨ ਵੀ ਜਦੋਜਹਿਦ ਵਾਲਾ ਅਕਾਲੀ ਸਰਗਰਮੀਆਂ ਵਿੱਚ ਵਿਚਰਿਆ ਹੈ। ਪਰਿਵਾਰ ਦਾ ਗੁਜ਼ਾਰਾ ਕਰਨ ਲਈ ਵੀ ਉਸਨੂੰ ਬਹੁਤ ਸਾਰੇ ਵੇਲਣ ਵੇਲਣੇ ਪਏ। ਧਾਰਮਿਕ ਵਿਅਕਤੀ ਹੋਣ ਕਰਕੇ ਉਹ ਸਿੱਖ ਧਰਮ ਅਤੇ ਦੇਸ਼ ਭਗਤੀ ਦੇ ਪ੍ਰੋਗਾਰਮਾ ਵਿੱਚ ਹਿੱਸਾ ਲੈਂਦਾ ਰਿਹਾ, ਜਿਸ ਕਰਕੇ ਵੱਖ-ਵੱਖ ਮੌਕਿਆਂ ‘ਤੇ ਲਗਪਗ 7 ਸਾਲ ਉਸਨੂੰ ਜੇਲ੍ਹ ਵਿੱਚ ਗੁਜਾਰਨੇ ਪਏ। ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖਣ ਕਰਕੇ ਆਜ਼ਾਦੀ ਦੇ ਜਲਸਿਆਂ ਵਿੱਚ ਕਵਿਤਾਵਾਂ ਪੜ੍ਹਨ ਲਈ ਜਾਂਦਾ ਸੀ। ਇਸ ਤੋਂ ਇਲਾਵਾ ਉਹ ਕਈ ਅਖ਼ਬਾਰਾਂ ਦਾ ਸੰਪਾਦਕ  ਰਿਹਾ। ਅਖ਼ਬਾਰਾਂ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਲੇਖ ਲਿਖਣ ਅਤੇ ਖ਼ਬਰਾਂ ਛਾਪਣ ਕਰਕੇ ਵੀ ਜੇਲ੍ਹ ਯਾਤਰਾ ਕਰਨੀ ਪਈ। ਪਹਿਲਾਂ ਉਹ ਅਖ਼ਬਾਰਾਂ ਦੇ ਸੰਪਾਦਕ ਰਹੇ ਫਿਰ ਉਸਨੇ ਆਪਣਾ ਅਖ਼ਬਾਰ ‘ਫੁਲਵਾੜੀ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਅਤੇ ਪੁਸਤਕਾਂ ਦੀ ਪ੍ਰਕਾਸ਼ਨਾ ਵੀ ਕਰਦਾ ਰਿਹਾ। ਪਰਿਵਾਰ ਦਾ ਗੁਜ਼ਾਰਾ ਫੁਲਵਾੜੀ ਅਤੇ ਪੁਸਤਕਾਂ ਦੀ ਵਿਕਰੀ ਕਰਕੇ ਹੁੰਦਾ ਰਿਹਾ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਸਿਰਮੌਰ ਨੇਤਾ ਹੋਇਆ ਹੈ। ਲਗਪਗ 50  ਸਾਲ ਸਿੱਖ ਕੌਮ ਦੀ ਸੇਵਾ ਕਰਦਾ ਰਿਹਾ ਹੈ। ਨੌਵੀਂ ਜਮਾਤ ਵਿੱਚ ਬ੍ਰਾਹਮਣ ਪਰਿਵਾਰ ਵਿੱਚੋਂ ਹੁੰਦਾ ਹੋਇਆ ਅੰਮ੍ਰਿਤਧਾਰੀ ਬਣਕੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਿਆ। ਉਸ ਦਿਨ ਤੋਂ ਹੀ ਸਿੱਖੀ ਸੋਚ ਨੂੰ ਸਮਰਪਤ ਹੋ ਕੇ ਸ਼੍ਰੋਮਣੀ ਅਕਾਲੀ ਦੇ ਆਜ਼ਾਦੀ ਅਤੇ ਗੁਰਦੁਆਰਾ ਸਾਹਿਬਾਨ ਦੇ ਸੁਧਾਰਾਂ ਲਈ ਹੋਣ ਵਾਲੇ ਹਰ ਅੰਦੋਲਨ ਵਿੱਚ ਸ਼ਾਮਲ ਹੀ ਨਹੀਂ ਹੁੰਦਾ ਰਿਹਾ ਸਗੋਂ ਮੋਢੀ ਦੀ ਭੂਮਿਕਾ ਨਿਭਾਉਂਦਾ ਰਿਹਾ। ਸਕੂਲ ਮਾਸਟਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਿਆ। ਜਦੋਂ ਦੇਸ਼ ਦੀ ਵੰਡ ਦਾ ਮਸਲਾ ਖੜ੍ਹਾ ਹੋਇਆ ਤਾਂ ਡੱਟਕੇ ਵਿਰੋਧ ਕੀਤਾ ਅਤੇ ਅਖ਼ੀਰ ਜਦੋਂ ਕਾਂਗਰਸ ਨੇ ਇਹ ਧਰਮ ਦੇ ਆਧਾਰ ‘ਤੇ ਵੰਡ ਪ੍ਰਵਾਨ ਕਰ ਲਈ ਤਾਂ ਵੰਡ ਸਮੇਂ ਪਾਕਿਸਤਾਨ ਵਿੱਚ ਜਾਣ ਦੀ ਥਾਂ ਭਾਰਤ ਨਾਲ ਰਹਿਣ ਦਾ ਫ਼ੈਸਲਾ ਕਾਂਗਰਸ ਤੋਂ ਸ਼ਰਤਾਂ ਮਨਾ ਕੇ ਲਿਆ, ਪ੍ਰੰਤੂ ਉਹੀ ਕਾਂਗਰਸ ਆਜ਼ਾਦੀ ਤੋਂ ਬਾਅਦ ਮੁਕਰ ਗਈ ਤੇ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਆਜ਼ਾਦੀ ਅੰਦੋਲਨ ਵਿੱਚ ਵੀ ਗ੍ਰਿਫ਼ਤਾਰ ਅਤੇ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਮੰਗ ਲਈ 14 ਸਾਲ ਡੱਟਿਆ ਰਿਹਾ। ਕਈ ਅਖ਼ਬਾਰਾਂ ਦੇ ਸੰਪਾਦਕ ਵੀ ਰਹੇ। ਉਸ ਦੀਆਂ 11 ਪੁਸਤਕਾਂ ਅਤੇ 6 ਟ੍ਰੈਕਟ ਸਿੱਖ ਮਸਲਿਆਂ ਤੇ ਪ੍ਰਕਾਸ਼ਤ ਹੋਏ ਸਨ। ਵਿਧਾਤਾ ਸਿੰਘ ਤੀਰ ਸਟੇਜੀ ਕਵੀ ਸੀ। ਉਸਨੇ ਕਈ ਰੰਗਾਂ, ਧਾਰਮਿਕ, ਸਮਾਜਿਕ, ਇਨਕਲਾਬੀ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ, ਜਿਹੜੀਆਂ ਸਰੋਤਿਆਂ ਦੇ ਦਿਲਾਂ ‘ਤੇ ਸਿੱਧਾ ਤੀਰ ਚਲਾਉਂਦੀਆਂ ਸਨ। ਉਸਦਾ ਜੀਵਨ ਵੀ ਜਦੋਜਹਿਦ ਵਾਲਾ ਰਿਹਾ ਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਉਹ ਬਹੁਤਾ ਸਮਾਂ ਗ੍ਰੰਥੀ ਦੀ ਸੇਵਾ ਨਿਭਾਉਂਦਾ ਰਿਹਾ। ਉਹ ਵੀ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ। ਉਸਨੇ 15 ਸਾਲ ਦੀ ਉਮਰ ਵਿੱਚ  ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਜ਼ਜ਼ਬਾਤੀ ਕਵੀ ਸੀ, ਸਰੋਤਿਆਂ ਨੂੰ ਵੀ ਜ਼ਜ਼ਬਾਤਾਂ ਦੇ ਵਹਿਣ ਵਿੱਚ ਵਹਾ ਲੈਂਦਾ ਸੀ। ਉਸਨੇ 15 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਬਹੁਤਾ ਸਮਾਂ ਉਹ ਸਟੇਜਾਂ ਤੇ ਕਵਿਤਾਵਾਂ ਸੁਣਾਉਂਦਾ ਰਿਹਾ ਕਿਉਂਕਿ ਉਹ ਅਕਾਲੀ ਦਲ ਅਤੇ ਬਾਅਦ ਵਿੱਚ 18 ਸਾਲ ਕਾਂਗਰਸ ਪਾਰਟੀ ਵਿੱਚ ਕੰਮ ਕਰਦਾ ਰਿਹਾ ਪ੍ਰੰਤੂ ਸਿਆਸਤਦਾਨਾ ਦੀਆਂ ਤਿਗੜਮਬਾਜ਼ੀਆਂ ਕਰਕੇ ਸਿਆਸਤ ਤੋਂ ਕਿਨਾਰਾ ਕਰ ਗਿਆ ਸੀ। ਪ੍ਰਿੰਸੀਪਲ ਤੇਜਾ ਸਿੰਘ ਉਚ ਕੋਟੀ ਦੇ ਸਾਹਿਤਕਾਰ, ਇਤਿਹਾਸ ਦੇ ਖੋਜੀ ਤੇ ਸਿੱਖ ਧਰਮ ਦੇ ਉਘੇ ਵਿਦਵਾਨ ਸਨ। ਉਨ੍ਹਾਂ ਨੇ ਆਪਣਾ ਸਾਰਾ ਕੈਰੀਅਰ ਆਪਣੀ ਵਿਦਵਤਾ ਅਤੇ ਮਿਹਨਤ ਨਾਲ ਬਣਾਇਆ। ਇਸ ਮੰਤਵ ਲਈ ਉਸਨੂੰ ਕਈ ਵਾਰੀ ਜੇਲ੍ਹ ਯਾਤਰਾ ਕਰਨੀ ਪਈ। ਉਸਨੂੰ ਆਪਣੀ ਪੜ੍ਹਾਈ ਕਰਨ ਲਈ ਵੀ ਕਈ ਸਕੂਲਾਂ ਵਿੱਚ ਜਾਣਾ ਪਿਆ। ਉਸਦੀ ਵਿਦਵਾਨੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਸਨੇ 11 ਪੰਜਾਬੀ ਅਤੇ 5 ਅੰਗਰੇਜ਼ੀ ਦੀਆਂ ਸਿੱਖ ਧਰਮ ਬਾਰੇ ਖੋਜੀ ਪੁਸਤਕਾਂ ਲਿਖੀਆਂ। ਅਵਤਾਰ ਸਿੰਘ ਆਜ਼ਾਦ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਨੂੰ ਪ੍ਰਣਾਇਆ ਹੋਇਆ ਵਿਦਵਾਨ ਪੱਤਰਕਾਰ ਸੀ, ਜਿਹੜਾ 7 ਅਖ਼ਬਾਰਾਂ ਦਾ ਸੰਪਾਦਕ ਰਿਹਾ ਅਤੇ ਆਪਣੀਆਂ ਸੰਪਾਦਕੀਆਂ ਤੇ ਲੇਖਾਂ ਵਿੱਚ ਵਿੱਖ ਧਰਮ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਦਿੰਦਾ। ਉਸਨੂੰ  ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਵਿੱਚ ਜੇਲ੍ਹ ਵੀ ਜਾਣਾ ਪਿਆ। ਸੋਹਣ ਸਿੰਘ ਜੋਸ਼ ਅਕਾਲੀ ਲਹਿਰ ਦੀ ਪੈਦਾਇਸ਼ ਸੀ। ਅਕਾਲੀ ਲਹਿਰ ਸਮੇਂ ਗਰੂ ਕਾ ਬਾਗ ਦਾ ਮੋਰਚਾ, ਗੁਰਦੁਆਰਾ ਰਕਾਬ ਗੰਜ, ਚਾਬੀਆਂ ਦਾ ਮੋਰਚਾ ਅਤੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਰਗਰਮ ਰਿਹਾ। ਉਸਨੇ ਪਿੰਡਾਂ ਵਿੱਚ ਜਾ ਕੇ ਜੋਸ਼ੀਲੇ ਭਾਸ਼ਣ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ। ਇਨ੍ਹਾਂ ਮੋਰਚਿਆਂ ਵਿੱਚ ਉਸਨੂੰ14 ਸਾਲ ਦੀ ਜੇਲ੍ਹ ਵਿੱਚ ਗੁਜ਼ਾਰਨੇ ਪਏ। ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਅਕਾਲੀ ਦਲ, ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਵਿੱਚ ਸੀਨੀਅਰ ਅਹੁਦਿਆਂ ਤੇ ਕੰਮ ਕਰਦਾ ਰਿਹਾ। ਉਸਨੂੰ ਆਜ਼ਾਦੀ ਤੋਂ ਬਾਅਦ ਵੀ ਤਿੰਨ ਸਾਲ ਦੀ ਜੇਲ੍ਹ ਕੱਟਣੀ ਪਈ। ਉਹ 7 ਅਖ਼ਬਾਰਾਂ ਦਾ ਸੰਪਾਦਕ ਰਿਹਾ ਅਤੇ 6 ਪੁਸਤਕਾਂ ਵੀ ਲਿਖੀਆਂ। ਭਗਵਾਨ ਸਿੰਘ ਪ੍ਰੀਤਮ ਗ਼ਦਰ ਪਾਰਟੀ ਦੇ ਉਘੇ ਲੀਡਰ ਸਨ, ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ 6 ਸਾਲ 1914 ਤੋਂ 1920 ਤੱਕ ਪ੍ਰਧਾਨ, ਸਿੱਖ ਧਰਮ  ਦੇ ਪ੍ਰਚਾਰਕ ਅਤੇ ਕਈ ਗੁਰਦੁਆਰਿਆਂ ਦੇ ਗ੍ਰੰਥੀ ਵੀ ਰਹੇ। ਉਸਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀਆਂ ਸਰਗਰਮੀਆਂ, ਚੀਨ, ਹਾਂਗਕਾਂਗ, ਜਰਮਨ, ਜਾਪਾਨ, ਕੈਨੇਡਾ ਅਤੇ ਅਮਰੀਕਾ ਵਿੱਚ ਲਗਾਤਾਰ ਜ਼ਾਰੀ ਰੱਖੀਆਂ ਅਤੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਆਜ਼ਾਦੀ ਦੀ ਜਦੋਜਹਿਦ ਨੂੰ ਹੋਰ ਤੇਜ ਕੀਤਾ। ਉਸਨੇ ‘ਜੰਗ ਔਰ ਆਜ਼ਾਦੀ’ ਪੁਸਤਕ ਲਿਖੀ ਜਿਸ ਦੀਆਂ 2 ਲੱਖ ਕਾਪੀਆਂ ਪ੍ਰਕਾਸ਼ਤ ਹੋਈਆਂ ਸਨ। ਇਸ ਤੋਂ ਇਲਾਵਾ ਉਸਨੇ 12 ਪੁਸਤਕਾਂ ਅੰਗਰੇਜ਼ੀ ਵਿੱਚ ਲਿਖੀਆਂ ਸਨ। ਉਸ ਦੀਆਂ ਕਵਿਤਾਵਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੀਆਂ ਸਨ। 10 ਨਵੰਬਰ 1958 ਵਿੱਚ ਭਾਰਤ ਆਇਆ ਪ੍ਰੰਤੂ ਭਾਰਤ ਸਰਕਾਰ ਨੇ ਉਸਦਾ ਮੁੱਲ ਨਹੀਂ ਪਾਇਆ। ਉਹ 8 ਸਤੰਬਰ 1962 ਨੂੰ ਸਵਰਗ ਸਿਧਾਰ ਗਿਆ। ਮੁਨਸ਼ਾ ਸਿੰਘ ਦੁਖੀ ਉਚ ਕੋਟੀ ਦੇ ਕਵੀ ਤੇ ਵਿਦਵਾਨ ਸਨ। ਅਫਰੀਕਾ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿੱਚ ਗ਼ਦਰ ਪਾਰਟੀ ਦਾ ਪ੍ਰਚਾਰ ਕਵਿਤਾਵਾਂ ਅਤੇ ਲੇਖਾਂ ਨਾਲ ਕਰਦੇ ਰਹੇ, ਕੁਝ ਸਮਾਂ ਅਖ਼ਬਾਰਾਂ ਦੀ ਸੰਪਾਦਕੀ ਵੀ ਕੀਤੀ। ਅਫ਼ਰੀਕਾ ਵਿੱਚ ਗ੍ਰੰਥੀ ਵੀ ਰਹੇ। ਭਾਰਤ ਆ ਕੇ ਗ੍ਰਿਫ਼ਤਾਰ ਹੋਏ ਤੇ 5 ਸਾਲ 2 ਮਹੀਨੇ ਜੇਲ੍ਹ ਵਿੱਚ ਬੰਦ ਰਹੇ। 15 ਪੁਸਤਕਾਂ ਪੰਜਾਬੀ ਵਿੱਚ ਲਿਖੀਆਂ। 26 ਜਨਵਰੀ 1971 ਨੂੰ ਸਵਰਗਵਾਸ ਹੋ ਗਏ। ਸਰਦੂਲ ਸਿੰਘ ਕਵੀਸ਼ਰ ਸਿੱਖ ਵਿਦਵਾਨ, ਕਵੀਸ਼ਰ, ਲੇਖਕ, ਸਿਆਸਤਦਾਨ ਦੇਸ਼ ਭਗਤ ਸਨ, ਜਿਨ੍ਹਾਂ ਨੇ  1913 ਤੋਂ 1947 ਤੱਕ 34 ਸਾਲ ਅਕਾਲੀ ਦਲ  ਦੇ ਸਾਰੇ ਮੋਰਚਿਆਂ ਅਤੇ ਆਜ਼ਾਦੀ ਦੀ ਜਦੋਜਹਿਦ ਦੇ ਪ੍ਰੋਗਰਾਮਾ ਵਿੱਚ ਹਿੱਸਾ ਲਿਆ। ਉਹ ਸ਼੍ਰੋਮਣੀ ਕਮੇਟੀ ਦੀ ਪਬਲਿਸਿਟੀ ਕਮੇਟੀ ਦੇ ਇਨਚਾਰਜ ਵੀ ਰਹੇ। ਉਨ੍ਹਾਂ ਨੇ 11 ਸਾਲ ਜੇਲ੍ਹ ਕੱਟੀ ਅਤੇ ਅੰਗਰੇਜ਼ੀ ਦੇ ਦੋ ਅਖ਼ਬਾਰ ਪ੍ਰਕਾਸ਼ਤ ਕਰਕੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਸ ਦੀਆਂ ਜੋਸ਼ੀਲੀਆਂ ਕਵੀਸ਼ਰੀਆਂ ਨੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਸਿੱਖੀ ਸੋਚ ਨਾਲ ਸੰਬੰਧਤ 15 ਪੁਸਤਕਾਂ ਅੰਗਰੇਜ਼ੀ ਵਿੱਚ ਲਿਖੀਆਂ। ਉਹ 26 ਮਾਰਚ 1963 ਨੂੰ ਸਵਰਗਵਾਸ ਹੋ ਗਏ। ਡਾ.ਦੀਵਾਨ ਸਿੰਘ ਕਾਲੇਪਾਣੀ ਸਚਾਈ ਦਾ ਪਹਿਰੇਦਾਰ ਕਵੀ ਸੀ। ਮੈਡੀਕਲ ਕਾਲਜ ਆਗਰਾ ਤੋਂ 1919 ਵਿੱਚ ਡਾਕਟਰੀ ਦਾ ਕੋਰਸ ਕਰਕੇ ਫ਼ੌਜ ਵਿੱਚ ਭਰਤੀ ਹੋ ਗਿਆ ਸੀ। ਫ਼ੌਜ ਵਿੱਚ ਉਸਨੂੰ ਭਾਰਤੀ ਆਜ਼ਾਦੀ ਦੇ ਪ੍ਰਵਾਨਿਆਂ ਸਿਆਸਤਦਾਨਾ ਦੇ ਵਿਰੁੱਧ ਭਾਸ਼ਣ ਦੇਣ ਲਈ ਲਿਖ ਕੇ ਦਿੱਤਾ ਗਿਆ, ਉਸਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ। ਇਮਾਨਦਾਰੀ ਨਾਲ ਨੌਕਰੀ ਕਰਦੇ ਨੂੰ ਆਜ਼ਾਦੀ ਦਾ ਸਮਰਥੱਕ ਹੋਣ ਕਰਕੇ ਦੂਰ ਦੁਰਾਡੇ ਇਲਾਕਿਆਂ ਵਿੱਚ ਤਬਦੀਲ ਕੀਤਾ ਜਾਂਦਾ ਰਿਹਾ। ਅਖ਼ੀਰ ਬਗ਼ਾਬਤ ਦਾ ਇਲਜ਼ਾਮ ਲਗਾਕੇ ਕਾਲੇ ਪਾਣੀ ਦੀ ਜੇਲ੍ਹ ਵਿੱਚ ਤਸੀਹੇ ਦੇ ਸ਼ਹੀਦ ਕਰ ਦਿੱਤਾ ਗਿਆ। ਨਾਨਕ ਸਿੰਘ ਆਧੁਨਿਕ ਨਾਵਲ ਦਾ ਪਿਤਾਮਾ ਸੀ। ਕੀਰਤਨ ਕਰਨ ਜਾਣਦਾ, ਕਵੀ ਦਰਬਾਰਾਂ ਵਿੱਚ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹਦਾ ਸੀ। ਗੁਰਦੁਆਰਾ ਸੁਧਾਰ ਮੋਰਚਿਆਂ ਵਿੱਚ ਹਿੱਸਾ ਲੈਣ ਕਰਕੇ ਜੇਲ੍ਹ ਯਾਤਰਾ ਵੀ ਕਰਨੀ ਪਈ। ਉਸਨੇ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ 43 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ 27 ਨਾਵਲ, 9 ਕਾਵਿ ਸੰਗ੍ਰਹਿ, 6 ਕਹਾਣੀ ਸੰਗ੍ਰਹਿ, ਇੱਕ ਨਾਟਕ ਸੰਗ੍ਰਹਿ ਸ਼ਾਮਲ ਹਨ। ਪ੍ਰੋ.ਸਾਹਿਬ ਸਿੰਘ ਗੁਰਮਤਿ-ਗੁਰਬਾਣੀ ਵਿਆਕਰਣ ਦੇ ਉਚ ਕੋਟੀ ਦੇ ਵਿਦਵਾਨ, ਵਿਆਖਿਆਕਾਰ, ਲੇਖਕ ਤੇ ਸਿੱਖ ਧਰਮ ਦੇ ਚਿੰਤਕ ਸਨ। ਉਨ੍ਹਾਂ ਨੇ ਗੁਰਬਾਣੀ ਦੇ ਵਿਆਕਰਣ ਦੀ ਰਚਨਾ ਕੀਤੀ। ਉਨ੍ਹਾਂ ਆਪਣਾ ਸਾਰਾ ਜੀਵਨ ਗੁਰਬਾਣੀ ਦੀ ਖੋਜ ਤੇ ਟੀਕਾਕਰਣ ਤੇ ਲਗਾ ਦਿੱਤੀ। ਉਹ ਪੰਜਾਬੀ, ਸੰਸਕ੍ਰਿਤ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਪ੍ਰਮੁੱਖ ਵਿਦਵਾਨ ਅਤੇ ਸਿੱਖ ਧਰਮ ਇਤਿਹਾਸ, ਪੰਜਾਬੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਅਧਿਆਪਕ ਸਨ। ਉਹ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ। ਗੁਰਦੁਆਰਾ ਸੁਧਾਰ ਲਹਿਰ ਵਿੱਚ ਜੇਲ੍ਹ ਦੀ ਯਾਤਰਾ ਵੀ ਕੀਤੀ। ਪੜ੍ਹਾਈ ਵਿੱਚ ਹਮੇਸ਼ਾ ਫਸਟ ਆਉਂਦੇ ਅਤੇ ਵਜ਼ੀਫਾ ਪ੍ਰਾਪਤ ਕਰਦੇ ਰਹੇ। ਗੁਰਬਾਣੀ-ਵਿਆਕਰਣ ਆਧਾਰ ‘ਤੇ ਉਨ੍ਹਾਂ 15 ਟੀਕੇ ਲਿਖਕੇ ਪ੍ਰਕਾਸ਼ਤ ਕਰਵਾਏ। ਭਾਈ ਰਣਧੀਰ ਸਿੰਘ ਗੁਰਬਾਣੀ ਦੇ ਵਿਦਵਾਨ, ਵਿਆਖਿਆਕਾਰ, ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਨਿਵੇਕਲੇ ਲੇਖਕ ਸਨ। 1905 ਵਿੱਚ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਕਾਮਾਗਾਟਾ ਮਾਰੂ ਜ਼ਹਾਜ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਅੰਗਰੇਜ਼ ਸਰਕਾਰ ਵਿਰੁੱਧ ਯੋਜਨਾਬੱਧ ਢੰਗ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੀਰੋਜ਼ਪੁਰ ਛਾਉਣੀ ਵਿੱਚ ਬਗ਼ਾਬਤ ਕਰਵਾਉਣ ਲਈ ਆਪਣੇ ਜੱਥੇ ਨਾਲ ਕੀਰਤਨ ਕਰਦੇ ਗਏ ਪ੍ਰੰਤੂ ਗਦਾਰਾਂ ਕਰਕੇ ਉਹ ਪ੍ਰੋਗਰਾਮ ਸਫਲ ਨਹੀਂ ਹੋਇਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਮਰ ਕੈਦ ਦੀ ਸਜਾ ਦੂਜੇ ਲਾਹੌਰ ਸ਼ਾਜ਼ਸ਼ ਕੇਸ ਵਿੱਚ ਦਿੱਤੀ ਗਈ ਅਤੇ ਜਾਇਦਾਦ ਜ਼ਬਤ ਕਰ ਲਈ। ਜੇਲ੍ਹ ਵਿੱਚ ਵੀ ਗੁਰਮਤਿ ਸਿਧਾਂਤਾਂ ਅਨੁਸਾਰ ਜੇਲ੍ਹ ਮੈਨੂਅਲ ਬਦਲਵਾਏ। ਜੇਲ੍ਹ ਪੂਰੀ ਕਰਨ ਤੋਂ ਬਾਅਦ ਉੁਹ 30 ਸਾਲ ਗੁਰਬਾਣੀ, ਗੁਰਮਤਿ ਦਾ ਪ੍ਰਚਾਰ ਕੀਰਤਨ ਸਮਾਗਮ ਤੇ ਅੰਮ੍ਰਿਤ ਸੰਚਾਰ ਰਾਹੀਂ ਸਿੱਖਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਬਣਾਇਆ।
  209 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਕੇ.ਜੇ.ਐਸ.ਪਬਲੀਕੇਸ਼ਨਜ਼ ਪਟਿਆਲਾ ਨੇ  ਆਜ਼ਾਦੀ ਸੰਗਰਾਮੀਏ ਫ਼ਾਊਂਡੇਸ਼ਨ ਇੰਡੀਆ ਵੱਲੋਂ ਪ੍ਰਕਾਸ਼ਤ ਕੀਤੀ ਹੈ।
ਸੰਪਰਕ:ਕੇ.ਜੇ.ਐਸ.ਪਬਲੀਕੇਸ਼ਨ:9888441617
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com