ਚੁੰਝਾਂ-ਪ੍ਹੌਂਚੇ - Nirmal Singh KandhalvI
25.03.2025
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਦੀ ਕੀਤੀ ਤਾਰੀਫ਼- ਇਕ ਖ਼ਬਰ
ਨੀਂ ਆਹ ਫੜ ਮਾਏਂ ਪੂਣੀਆਂ, ਮੁੰਡਾ ਮੈਨੂੰ ਵੇਖ ਲੈਣ ਦੇ।
ਪੰਜਾਬ ਦੇ ਉਦਯੋਗ ਨੂੰ ਬਚਾਉਣ ਵਿਚ ਨਾਕਾਮ ਰਹੀ ਪੰਜਾਬ ਸਰਕਾਰ- ਗਿਰੀਰਾਜ ਸਿੰਘ
ਗੁਆਂਢੀ ਸੂਬਿਆਂ ਨੂੰ ਟੈਕਸ ਛੋਟਾਂ ਦੇ ਦੇ ਕੇ ਕਿਸ ਨੇ ਭਜਾਏ ਉਦਯੋਗ ਪੰਜਾਬ ‘ਚੋਂ, ਗਿਰੀਰਾਜ ਜੀ?
ਸਹੁੰ ਚੁੱਕਦੇ ਸਾਰ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਅੱਖਾਂ ਦਿਖਾਈਆਂ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਥਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਡਾ.ਚੀਮਾ ਨੇ ਅਕਾਲ ਤਖ਼ਤ ਦੀ ਭਰਤੀ ਕਮੇਟੀ ਨੂੰ ਫਰਾਡ ਕਹਿ ਕੇ ਅਕਾਲ ਤਖ਼ਤ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ- ਚਰਨਜੀਤ ਸਿੰਘ ਬਰਾੜ
ਰੱਬ ਤੈਨੂੰ ਰੱਖੇ ਚੀਮਿਆ, ਨਿੱਤ ਝੂਠੀਆਂ ਗਵਾਹੀਆਂ ਦੇਵੇਂ।
ਸਰਕਾਰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨਾਲ ਲੋਕਾਂ ਨੂੰ ਲੁੱਟ ਰਹੀ ਹੈ- ਖੜਗੇ
ਬੰਤੋ ਦੇ ਬਾਪੂ ਨੇ, ਪੱਗ ਲਾਹ ਕੇ ਸੁਆਹ ਵਿਚ ਮਾਰੀ।
ਖੇਤਰੀ ਦਲਾਂ ਲਈ ਚੁਣੌਤੀ ਬਣ ਰਹੀ ਹੈ ਭਾਜਪਾ- ਇਕ ਖ਼ਬਰ
ਜੰਮ ਕੇ ਮੈਂ ਨੌਂ ਕੁੜੀਆਂ, ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨਣਾ।
ਦੇਸ਼ ਦੇ 45% ਵਿਧਾਇਕਾਂ ਵਿਰੁੱਧ ਅਪਰਾਧਕ ਮਾਮਲੇ ਦਰਜ- ਇਕ ਖ਼ਬਰ
ਚੋਰ ਚੌਧਰੀ ਯਾਰ ਨਾਪਾਕ ਦਾਮਨ, ਭੂਤ ਮੰਡਲੀ ਇਕ ਦੂੰ ਚਾਰ ਹੋਈ।
ਮੀਟਿੰਗ ‘ਚੋਂ ਬਾਹਰ ਨਿਕਲਦਿਆਂ ਹੀ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ- ਇਕ ਖ਼ਬਰ
ਬੱਗੀ ਤਿਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।
ਸੰਗਤ, ਸ਼੍ਰੋਮਣੀ ਕਮੇਟੀ ਅਤੇ ਮੁਲਾਜ਼ਮ ਬੇਸਬਰੀ ਨਾਲ ਉਡੀਕ ਰਹੇ ਸਨ ਐਡਵੋਕੇਟ ਧਾਮੀ ਨੂੰ- ਇਕ ਖ਼ਬਰ
ਮੰਦਾ ਹਾਲ ਹੋ ਗਿਆ ਘਰ ਦਾ ਵੇ, ਸਾਡਾ ਤੇਰੇ ਬਿਨਾ ਨਾ ਸਰਦਾ ਵੇ।
ਧਾਮੀ ਨੇ ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਦਾ ਕੀਤਾ ਐਲਾਨ-ਇਕ ਖ਼ਬਰ
ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ਼ ਲਾਈਆਂ।
ਇਜ਼ਰਾਈਲ ਸਰਕਾਰ ਨੂੰ ਮਨੁੱਖਤਾ ਦੀ ਕੋਈ ਚਿੰਤਾ ਨਹੀਂ- ਪ੍ਰਿਯੰਕਾ ਗਾਂਧੀ
ਭਲੇ ਕੰਮ ਦੇ ਵਿਚ ਨਾ ਇਹ ਰਾਜ਼ੀ, ਰਵਾਦਾਰ ਲੜਾਈ ਤੇ ਜੰਗ ਦੇ ਨੇ।
ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਖ਼ੁਸ਼ਹਾਲ ਅਤੇ ਪ੍ਰਗਤੀਸ਼ੀਲ ਪੰਜਾਬ ਬਣਾਵਾਂਗੇ- ਭਗਵੰਤ ਮਾਨ
ਪਰ ਪਿਆਰੇ ਵੋਟਰੋ ਇਸ ਕੰਮ ਲਈ ਸਾਨੂੰ ਪੰਜ ਸੱਤ ਲੱਖ ਕਰੋੜ ਦਾ ਕਰਜ਼ਾ ਚੁੱਕਣਾ ਪੈਣੈ, ਹੌਸਲਾ ਰੱਖਿਉ।
ਹਿਮਾਚਲ ਸਰਕਾਰ ਸਿੱਖਾਂ ਨਾਲ਼ ਧੱਕੇਸ਼ਾਹੀ ‘ਤੇ ਮੂਕ ਦਰਸ਼ਕ ਬਣੀ ਹੋਈ ਹੈ- ਗਿਆਨੀ ਹਰਪ੍ਰੀਤ ਸਿੰਘ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ?
ਮਰਯਾਦਾ ਦੀ ਉਲੰਘਣਾ ਨਾਲ ਬਣੇ ਕਿਸੇ ਜਥੇਦਾਰ ਨੂੰ ਅਸੀਂ ਮਾਨਤਾ ਨਹੀਂ ਦਿੰਦੇ-ਨਿਹੰਗ ਸਿੰਘ ਜਥੇਬੰਦੀਆਂ
ਤੈਨੂੰ ਆ ਜਾਏ ਕਿਸੇ ਦੀ ਆਈ, ਹਾਣ ਦਾ ਨਾ ਵਰ ਟੋਲਿਆ।
ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਿਸਾਹਘਾਤ ਕੀਤਾ- ਭਾਰਤੀ ਕਿਸਾਨ ਯੂਨੀਅਨ ਕਾਦੀਆਂ
ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਨੀ ਮਿੱਤਰਾਂ ਨੂੰ ਦਗ਼ਾ ਦੇਣੀਏਂ।
===================================================================