ਅਭੁੱਲ ਯਾਦ - ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ ਹੀ ਵੱਡੀ ਗੱਲ ਸੀ - ਚਰਨਜੀਤ ਕੌਰ ਧਾਲੀਵਾਲ
ਕੌਣ ਕਿਸੇ ਲਈ ਸਮਾਂ ਕੱਢਦੈ! ਕੌਣ ਕਿਸੇ ਲਈ ਸਫ਼ਰ ਕਰਦੈ! ਤੁਹਾਨੂੰ ਖੁਸ਼ ਕਰਨ ਲਈ ਸਰਪ੍ਰਾਈਜ਼ ਬਣਾ ਕੇ ਬਿਨਾ ਦੱਸਿਆ ਕੋਈ ਏਅਰਪੋਰਟ ਤੇ ਆਇਆ ਹੋਵੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜ਼ਿੰਦਗੀ ਦੀ ਅਭੁੱਲ ਯਾਦ ਬਣ ਜਾਂਦੀ ਹੈ। ਏਸੇ ਤਰ੍ਹਾਂ ਦੀ ਹੀ ਮੇਰੀ ਜ਼ਿੰਦਗੀ ਵਿਚ ਅਭੁੱਲ ਯਾਦ ਬਣੀ ਰਾਵਿੰਦਰ ਕੁੰਦਰਾ ਜੀ ਦਾ ਏਅਰਪੋਰਟ ਤੇ ਆਉਣਾ।
ਮੈਂ ਬਰਮਿੰਘਮ-ਯੂ ਕੇ ਵਿਚ ਗਈ ਹੋਈ ਸੀ, ਸਤਿਕਾਰਯੋਗ ਪਿਆਰੇ ਵੱਡੇ ਵੀਰ ਰਾਵਿੰਦਰ ਕੁੰਦਰਾ ਜੀ ਮੈਨੂੰ ਸਮਾਂ ਕੱਢ ਕੇ ਘਰ ਮਿਲਣ ਆਏ। ਜਦੋਂ ਜਰਮਨੀ ਵਿਖੇ ਪੰਜਾਬੀ ਸੱਥ ਦਾ ਸਮਾਗਮ ਸੀ ਉਸ ਸਮੇਂ ਵੀ ਸਾਰਿਆਂ ਸਮੇਤ ਮੇਰੇ ਘਰ ਹੀ ਰੁਕੇ ਸੀ (ਜਿਵੇਂ ਕੀੜੀ ਦੇ ਘਰ ਭਗਵਾਨ)। ਮੇਰੀ ਪੁਸਤਕ ਦਾ ਸਿਰਲੇਖ ਵਿਲਕਦੇ ਵਲਵਲੇ ਵੀ ਇਹਨਾਂ ਦੀ ਹੀ ਦੇਣ ਹੈ।
ਬਰਮਿੰਘਮ ਵਾਪਸ ਆਉਣ ਤੋਂ ਪਹਿਲਾਂ ਰਾਵਿੰਦਰ ਕੁੰਦਰਾ ਜੀ ਨੇ ਦੁੱਖ ਸੁੱਖ ਪੁੱਛਣ ਦੇ ਨਾਲ-ਨਾਲ ਮੇਰੀ ਵਾਪਸੀ ਫਲਾਈਟ ਬਾਰੇ ਸਾਰਾ ਹਵਾਲਾ ਵੈਸੇ ਹੀ ਗੱਲਾਂ-ਗੱਲਾਂ ਵਿਚ ਪੁੱਛ ਲਿਆ ਪਰ ਮੈਂ ਇਹ ਤਾਂ ਬਿਲਕੁਲ ਵੀ ਨਹੀਂ ਸੋਚਿਆ ਸੀ, ਜੋ ਉਹ ਸੋਚੀ ਬੈਠੇ ਸੀ।
ਜਦੋਂ ਮੈਂ ਆਪਣੀ ਫਲਾਈਟ ਦੇ ਸਮੇਂ ਮੁਤਾਬਕ ਏਅਰਪੋਰਟ ਤੇ ਪਹੁੰਚੀ ਤਾਂ ਦੂਰੋਂ ਪਰਛਾਈ ਵਾਂਗ ਇਕ ਛਿਨ ਲਈ ਅੱਖ ਝਪਕਣ ਵਾਂਗ ਬੇਧਿਆਨੀ ਜੇਹੀ ਨਾਲ ਮਨ ਨੇ ਕਿਹਾ ਕਿ ਔਹ ਭਾਈ ਤਾਂ ਰਾਵਿੰਦਰ ਕੁੰਦਰਾ ਜੀ ਵਰਗਾ ਲੱਗਦੈ!
ਪਰ ਜਦੋਂ ਮੈਂ ਹੋਰ ਅੱਗੇ ਜਾ ਕੇ ਆਪਣੇ ਕਾਉਂਟਰ ਵੱਲ ਨੂੰ ਜਾਣ ਲੱਗੀ ਤਾਂ ਰਾਵਿੰਦਰ ਕੁੰਦਰਾ ਜੀ ਹੱਸ ਪਏ ਤੇ ਕਿਹਾ ਕਿ ਕੀ ਗੱਲ ਸਰਪ੍ਰਾਈਜ਼ ਸਿਰਫ਼ ਤੁਸੀਂ ਹੀ ਦੇ ਸਕਦੇ ਹੋ? ਮੈਂ ਨਹੀਂ ਸਰਪ੍ਰਾਈਜ਼ ਦੇ ਸਕਦਾ!
ਮੈਨੂੰ ਇਹ ਸਮਝ ਨਾ ਲੱਗੇ ਕਿ ਮੈਂ ਕੀ ਕਹਾਂ! ਓ ਮਾਈ ਗੌਡ!
ਵੀਰ ਜੀ, ਤੁਸੀਂ!
ਖੋਏ ਦੀਆਂ ਪਿੰਨੀਆਂ ਦਾ ਡੱਬਾ ਹੱਥ ਵਿਚ ਫੜ੍ਹਾ ਕੇ ਕਹਿੰਦੇ-
ਆਹ ਲਉ ਜੀ! ਖੋਏ ਦੀਆਂ ਪਿੰਨੀਆਂ, ਤੁਹਾਡੇ ਲਈ ਲੈ ਕੇ ਆਇਆ, ਜਰਮਨੀ ਜਾ ਕੇ ਖਾ ਲਿਉ!
ਅਜੇਹਾ ਸਰਪ੍ਰਾਈਜ਼ ਜ਼ਿੰਦਗੀ ਵਿਚ ਪਹਿਲਾਂ ਕਦੇ ਵੀ ਨਹੀਂ ਮਿਲਿਆ। ਇਹ ਪਹਿਲਕਦਮੀ ਰਾਵਿੰਦਰ ਕੁੰਦਰਾ ਜੀ ਨੇ ਮੇਰੀ ਜ਼ਿੰਦਗੀ ਦੇ ਯਾਦਗਰ ਪੰਨਿਆਂ ਲਈ ਛੱਪਣਯੋਗ ਬਣਾ ਦਿਤੀ। ਇਕ ਮੋਹ ਭਰੀ ਰੂਹ ਜੋ ਤੁਹਾਡੇ ਲਈ ਖੋਏ ਦੀਆਂ ਪਿੰਨੀਆਂ ਦਾ ਡੱਬਾ ਫੜ੍ਹੀ ਏਅਰਪੋਰਟ ਸਰਪ੍ਰਾਈਜ਼ ਦੇ ਬਹਾਨੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਫ਼ਰ ਨੂੰ ਤਹਿ ਕਰਕੇ ਉਡੀਕ ਕਰ ਰਹੀ ਹੋਵੇ ਤਾਂ ਤੁਸੀੰਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਅਜੇਹੇ ਮਨ ਵਿਚ ਰੂਹ ਕਿੰਨੀ ਪਵਿਤਰ ਆਪਣੇਪਣ ਅਤੇ ਪਿਆਰ ਨਾਲ ਗੜੁੱਚ ਹੋਵੇਗੀ। ਜ਼ਿੰਦਗੀ ਦੇ ਔਖੇ ਸੌਖੇ ਰਸਤਿਆਂ ਨੂੰ ਤਹਿ ਕਰਦਿਆਂ ਅਜੇਹੇ ਸਰਪ੍ਰਾਈਜ਼ਾਂ ਦੀ ਲੋੜ ਹੁੰਦੀ ਹੈ ਜੋ ਤੁਹਾਨੂੰ ਤਾਜ਼ਾਂ ਮਹਿਸੂਸ ਕਰਵਾ ਦਿੰਦੀ ਹੈ। ਥੱਕੇ ਹੋਏ ਮੋਢੇ ਵੀ ਆਰਾਮ ਮਹਿਸੂਸ ਕਰਦੇ ਹਨ। ਉਸ ਸਮੇਂ ਮਨ ਇਹ ਮਹਿਸੂਸ ਕਰਦਾ ਹੈ ਕਿ ਜੇ ਪੰਜਾਹਾਂ ਵਿਚੋਂ ਨਹੀਂ ਤਾਂ ਪੰਜਾਂ ਵਿਚੋਂ ਹੀ ਸਹੀ। ਕੋਈ ਤਾਂ ਹੈ ਜਿਸ ਕੋਲ ਸਲਾਵਾਂ, ਦੁਆਵਾਂ, ਝਿੜਕਾਂ ਸਭ ਆਪਣੀ ਝੋਲੀ ਵਿਚ ਪਵਾ ਸਕਦੀ ਹਾਂ ਅਤੇ ਥਿੜਕਦੇ ਕਦਮਾਂ ਨੂੰ ਸਹੀ ਰਸਤਿਆਂ ਤੇ ਰੱਖਣ ਲਈ ਕਾਮਯਾਬੀਆਂ ਮਾਣ ਸਕਦੀ ਹਾਂ। ਖਰਾ ਤੇ ਸੱਚ ਬੋਲਣ ਵਾਲੇ ਲੋਕ ਬਹੁਤੇ ਜ਼ਿਆਦਾ ਨਹੀਂ ਹੁੰਦੇ, ਟਾਵੇਂ-ਟਾਂਵੇਂ ਲੋਕ ਅਜੇਹੇ ਮਿਲਦੇ ਹਨ। ਪਰ ਜ਼ਿਆਦਾਤਰ ਲੋਕ ਰੌਲਾ ਤਾਂ ਬਹੁਤਾ ਪਾ ਦਿੰਦੇ ਹਨ ਪਰ ਛੋੋਪ ਵਿਚੋਂ ਇਕ ਪੂਣੀ ਕੱਤਣ ਯੋਗੇ ਵੀ ਨਹੀਂ ਹੁੰਦੇ।
ਰਾਵਿੰਦਰ ਕੁੰਦਰਾ ਜੀ ਦੇ ਵੱਡਮੁੱਲੇ ਸ਼ਬਦੀ ਖਜ਼ਾਨੇ ਵਿਚੋਂ ਜਿਨੇ ਵੀ ਸ਼ਬਦ ਵਰਤ ਲਈਏ ਫਾਈਦੇਮੰਦ ਹੀ ਸਿੱਧ ਹੋਣਗੇ। ਮੇਰੀ ਖੁਸ਼ਨਸੀਬੀ ਰਹੀ ਹੈ ਕਿ ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ। ਏਹੋ ਜੇਹੀਆ ਰੂਹਾਂ ਦੇ ਨਾਲ ਜ਼ਿੰਦਗੀ ਵਿਚ ਬਹੁਤ ਕੁਝ ਸਿੱਖਦੀ ਹੋਈ ਆਪਣੀ ਝੋਲੀ ਵਿਚ ਇਹਨਾਂ ਦੇ ਪਿਆਰ ਨੂੰ ਸੰਭਾਲ ਕੇ ਜ਼ਿੰਦਗੀ ਦੇ ਸਫ਼ਰ ਵਿਚ ਹਮੇਸ਼ਾਂ ਅੱਗੇ ਵੱਧਦੀ ਏਹੀ ਸੋਚਦੀ ਹਾਂ ਕਿ ਪੰਜਾਬੀ ਬੋਲੀ ਦੇ ਦੁਆਰਾ ਬਣਿਆ ਹੋਇਆ ਸਾਥ ਹਮੇਸ਼ਾ ਕਾਇਮ ਰਹੇ ਅਤੇ ਅਗਲੇ ਸਮਾਗਮ ਵਿਚ ਜ਼ਰੂਰ ਇਕੱਠੇ ਹੋਈਏ। ਸਦਕੇ ਜਾਵਾਂ ਰੂਹਾਂ ਦੇ- ਚਰਨਜੀਤ ਕੌਰ ਧਾਲੀਵਾਲ