ਜ਼ਮਾਨਾ ਭੈੜਾ ਹੈ/ ਗ਼ਜ਼ਲ - ਮਹਿੰਦਰ ਸਿੰਘ ਮਾਨ
ਤੂੰ ਸੋਚ ਸਮਝ ਕੇ ਬੋਲ, ਜ਼ਮਾਨਾ ਭੈੜਾ ਹੈ,
ਨਾ ਭੇਤ ਕਿਸੇ ਦੇ ਖੋਲ੍ਹ, ਜ਼ਮਾਨਾ ਭੈੜਾ ਹੈ।
ਅੱਜ ਕੱਲ੍ਹ ਹਰ ਕੋਈ ਗਲ਼ ਪੈਣੇ ਨੂੰ
ਫਿਰਦਾ ਹੈ,
ਮੂੰਹੋਂ ਕੌੜਾ ਨਾ ਬੋਲ, ਜ਼ਮਾਨਾ ਭੈੜਾ ਹੈ।
ਮੰਨਿਆਂ ਤੇਰੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ,
ਪਰ ਬਹੁਤਾ ਸੱਚ ਨਾ ਬੋਲ, ਜ਼ਮਾਨਾ ਭੈੜਾ ਹੈ।
ਤੂੰ ਸਾਰਾ ਪੈਸਾ ਪੁੱਤਾਂ ਨੂੰ ਨਾ ਦੇ ਦੇਵੀਂ,
ਰੱਖ ਲਵੀਂ ਥੋੜ੍ਹਾ ਕੋਲ, ਜ਼ਮਾਨਾ ਭੈੜਾ ਹੈ।
ਕਾਮਾ ਵੀ ਇਕ ਦਿਨ ਪੈਸੇ ਵਾਲਾ ਬਣ ਸਕਦਾ ਹੈ,
ਐਵੇਂ ਨਾ ਉਸ ਨੂੰ ਰੋਲ, ਜ਼ਮਾਨਾ ਭੈੜਾ ਹੈ।
ਪੈਸੇ ਲੈ ਕੇ ਗਾਹਕ ਨੂੰ ਪੂਰੀ ਵਸਤੂ ਦੇਹ,
ਐਵੇਂ ਨਾ ਤੂੰ ਘੱਟ ਤੋਲ, ਜ਼ਮਾਨਾ ਭੈੜਾ ਹੈ।
ਜੋ ਕੁਝ ਵੀ ਕਰਨਾ, ਤੂੰ ਚੁੱਪ ਕਰਕੇ ਕਰਦਾ ਜਾਹ,
ਨਾ ਦੱਸ ਵਜਾ ਕੇ ਢੋਲ, ਜ਼ਮਾਨਾ ਭੈੜਾ ਹੈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554