ਚੁੰਝਾਂ-ਪ੍ਹੌਂਚੇ - Nrmal Singh Kandhalvi

31.03.2025

ਚੋਣ ਕਮਿਸ਼ਨ ‘ਕਿਰਿਆਹੀਣ, ਅਤੇ ‘ਅਸਫ਼ਲ ਸੰਸਥਾ’- ਕਪਿਲ ਸਿੱਬਲ

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਨਸ਼ਾ ਸੌਦਾਗਰਾਂ ਦਾ ਸਹਿਯੋਗ ਕਰਨ ਵਾਲਿਆ ਦਾ ਹੋਵੇਗਾ ਬਾਈਕਾਟ- ਇਕ ਖ਼ਬਰ

ਕਾਲ਼ੇ ਕੋਲ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।

ਜੇ ਆਰ. ਐਸ. ਐਸ. ਨੇ ਸਿੱਖਿਆ ‘ਤੇ ਕਬਜ਼ਾ ਕਰ ਲਿਆ ਤਾਂ ਦੇਸ਼ ਤਬਾਹ ਹੋ ਜਾਵੇਗਾ- ਰਾਹੁਲ ਗਾਂਧੀ

ਗੀਤਾਂ ਨੂੰ ਜ਼ਹਿਰ ਪਿਲਾਉਂਦੇ ਨੇ, ਸਾਡੇ ਲਹੂ ਦੇ ਵਿਚ ਨਹਾਉਂਦੇ ਨੇ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ ਨੇ ਇਕ ਵਾਰ ਫੇਰ ਕੀਤਾ ਬਾਦਲਾਂ ਨੂੰ ਨੰਗਿਆਂ- ਹਰਜਿੰਦਰ ਸਿੰਘ ਮਾਝੀ

ਰੁੱਖ ਉੱਗਿਆ ਬੇਸ਼ਰਮ ਦੀ ਢੂਈ ‘ਤੇ, ਕਹਿੰਦਾ ‘ ਰਾਮ ਨਾਲ ਛਾਵੇਂ ਬੈਠਾਂਗੇ।

ਸ਼੍ਰੋਮਣੀ ਕਮੇਟੀ ਵਿਰੁੱਧ ਪ੍ਰਦਰਸ਼ਨ ਕਰਨਾ ਜਾਇਜ਼ ਨਹੀਂ- ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ

ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।

ਜਦੋਂ ਸੌਦਾ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਉਦੋਂ ਬਾਬੇ ਧੁੰਮੇ ਨੇ ਧਰਨੇ ਕਿਉਂ ਨਾ ਦਿਤੇ?- ਭਾਈ ਲਹਿਣਾ ਸਿੰਘ

ਉਦੋਂ ਬਾਬਾ ਧੁੰਮਾਂ ਬਾਦਲ ਦੇ ਪੈਰਾਂ ‘ਚ ਬੈਠ ਕੇ ਉਹਨੂੰ ਬਿਸਕੁਟ ਛਕਾਉਂਦਾ ਹੁੰਦਾ ਸੀ।

ਟਰੰਪ ਦੇ ਇਰਾਦੇ ਸਫ਼ਲ ਨਹੀਂ ਹੋਣ ਦੇਵਾਂਗੇ- ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ

ਲੜ ਜੂੰ ਭ੍ਰਿੰਡ ਬਣ ਕੇ, ਮੈਨੂੰ ਨਰਮ ਕੁੜੀ ਨਾ ਜਾਣੀ।

ਅਡਾਨੀ ਦੀ ਜਾਇਦਾਦ ‘ਚ ਸਭ ਤੋਂ ਜ਼ਿਆਦਾ ਵਾਧਾ ਹੋਇਆ- ਇਕ ਖ਼ਬਰ

ਬਾਜ਼ੀ ਮਾਰ ਗਿਆ ਬਠਿੰਡੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਸਾਜ਼ਿਸ਼ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ- ਮਨੁੱਖੀ ਅਧਿਕਾਰ ਸੰਗਠਨ ਰਿਪੋਰਟ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲਕ ਗਿਆ।

ਧਾਮੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਵਲੋਂ ਦਿਖਾਈ ਉਦਾਸੀਨਤਾ ਦੀ ਆਲੋਚਨਾ- ਇਕ ਖ਼ਬਰ

ਬਾਦਲਾਂ ਨੇ ਆਪਣੇ ਰਾਜ ਸਮੇਂ ਦਿਖਾਈ ਉਦਾਸੀਨਤਾ ਦੀ ਵੀ ਕਦੇ ਗੱਲ ਕਰੋ, ਧਾਮੀ ਸਾਹਿਬ।

ਕੈਨੇਡਾ ਦੀਆਂ ਚੋਣਾਂ ਵਿਚ ਦਖ਼ਲ ਦੇਣ ਦਾ ਇਰਾਦਾ ਅਤੇ ਸਮਰੱਥਾ ਰੱਖਦਾ ਹੈ ਭਾਰਤ- ਸਕਿਉਰਿਟੀ ਇੰਟੈਲੀਜੈਂਸ, ਕੈਨੇਡਾ

ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।

ਲੋਕ ਸਰਕਾਰਾਂ ਦੇ ਜ਼ੁਲਮਾਂ ਦਾ ਜਵਾਬ ਜ਼ਰੂਰ ਦੇਣਗੇ- ਜੋਗਿੰਦਰ ਸਿੰਘ ਉਗਰਾਹਾਂ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।

ਜਲਦੀ ਹੀ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਵੇਗਾ- ਅਮਨ ਅਰੋੜਾ

ਅਮਨ ਅਰੋੜਾ ਜੀ ਸ਼ਰਾਬ ਦੇ ਨਸ਼ੇ ਬਾਰੇ ਕੀ ਖ਼ਿਆਲ ਐ ਜੀ?

ਜਿਲ੍ਹਾ ਸੰਗਰੂਰ ਦੇ ਪ੍ਰਮੁੱਖ ਅਕਾਲੀ ਆਗੂਆਂ ਨੇ ਬਾਦਲ ਅਕਾਲੀ ਦਲ ਦਾ ਸਾਥ ਛੱਡਿਆ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਐਡਵੋਕੇਟ ਧਾਮੀ ਦੀ ਅਸਤੀਫ਼ਾ ਵਾਪਸੀ ਥੁੱਕ ਕੇ ਚੱਟਣ ਵਾਲੀ ਗੱਲ- ਸਿਮਰਨਜੀਤ ਸਿੰਘ ਮਾਨ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

=============================================================