ਟੱਪੇ - ਮਹਿੰਦਰ ਸਿੰਘ ਮਾਨ

ਨੌਜਵਾਨ ਕੁਰਾਹੇ ਪੈ ਗਏ ਨੇ,
ਉਹ ਦਿਲ ਲਾ ਕੇ ਪੜ੍ਹਨ ਦੀ ਥਾਂ
ਨਸ਼ਿਆਂ ਦੇ ਆਦੀ ਹੋ ਗਏ ਨੇ।
ਗੁਰੂ ਘਰਾਂ ਨੂੰ ਜਾਂਦੇ ਬਥੇਰੇ ਨੇ,
ਬਾਣੀ ਤੇ ਅਮਲ ਕੀਤੇ ਬਿਨਾਂ
ਮਿੱਤਰੋ ਨਾ ਹੋਣੇ ਨਬੇੜੇ ਨੇ।
ਜਿੱਤ ਕੇ ਬਹੁਤਾ ਖੁਸ਼ ਹੋਈਦਾ ਨ੍ਹੀ,
ਹਰਦੇ ਵੀ ਬੰਦੇ ਹੁੰਦੇ ਆ
ਹਰ ਕੇ ਬਹੁਤਾ ਰੋਈਦਾ ਨ੍ਹੀ।
ਚੋਰ ਤੇ ਲੁਟੇਰੇ ਚਾਰੇ ਪਾਸੇ ਨੇ,
ਇਨ੍ਹਾਂ ਦੇ ਕਾਰਨਾਮੇ ਸੁਣ ਕੇ
ਬਹੁਤਿਆਂ ਨੂੰ ਆਉਂਦੇ ਨਾ ਹਾਸੇ ਨੇ।
ਜੱਗ ਤੋਂ ਸਭ ਨੇ ਤੁਰ ਜਾਣਾ ਏਂ,
ਚੰਗੇ ਕੰਮ ਕਰਨ ਵਾਲਾ ਹੀ
ਲੋਕਾਂ ਨੂੰ ਯਾਦ ਆਣਾ ਏਂ।
ਘਰ ਗਰੀਬ ਦਾ ਢਹਿ ਗਿਆ ਏ,
ਦੋ ਵੇਲੇ ਦੀ ਰੋਟੀ ਮਿਲਦੀ ਨਹੀਂ ਸੀ
ਹੁਣ ਨਵਾਂ ਪੰਗਾ ਪੈ ਗਿਆ ਏ।
ਖੁਸ਼ੀ ਮਹਿਲੀਂ ਨਾ ਵੱਸਦੀ ਏ,
ਸਬਰ ਤੇ ਸੰਤੋਖ ਹੋਵੇ ਜਿਸ ਕੋਲ
ਇਹ ਉਸ ਦੇ ਪੈਰਾਂ 'ਚ ਡਿੱਗਦੀ ਏ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554