ਸਿਰਫ਼ ਅੰਮ੍ਰਿਤਧਾਰੀ ਖਾਲਸਾ ਹੀ “ਸਿੱਖ” ਨਹੀਂ; ਹਰ ਗੁਰੂ ਨਾਨਕ ਨਾਮ ਲੇਵਾ “ਸਿੱਖ” ਹੈ - ਠਾਕੁਰ ਦਲੀਪ ਸਿੰਘ
ਵੱਡੇ ਇਤਿਹਾਸਕ ਗੁਰਦੁਆਰਿਆਂ ਉੱਪਰ ਕਾਬਜ਼ ਅੰਮ੍ਰਿਤਧਾਰੀ ਖਾਲਸਿਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸਾ ਪ੍ਰਚਾਰ ਕਰ ਦਿੱਤਾ ਹੈ; ਜਿਸ ਤੋਂ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਸਿਰਫ਼ ਅੰਮ੍ਰਿਤਧਾਰੀ (ਕੇਸ ਦਾੜ੍ਹੀ ਵਾਲਾ) ਖਾਲਸਾ ਹੀ “ਸਿੱਖ” ਹੈ। ਜਦ ਕਿ, ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੈ। ਅੰਮ੍ਰਿਤਧਾਰੀ ਖਾਲਸੇ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਹਨ; ਜਿਨ੍ਹਾਂ ਬਾਰੇ ਸਿੱਖਾਂ ਨੂੰ ਹੀ ਜਾਣਕਾਰੀ ਨਹੀਂ, ਆਮ ਲੋਕਾਂ ਨੂੰ ਤਾਂ ਜਾਣਕਾਰੀ ਹੋਣੀ ਹੀ ਕਿੱਥੋਂ ਹੈ? ਉਹਨਾਂ ਵਿੱਚੋਂ “ਜਿਗਯਾਸੀ” ਸੰਪਰਦਾ ਬਾਰੇ ਕੁਝ ਜਾਣਕਾਰੀ ਪ੍ਰਸਤੁਤ ਕਰ ਰਿਹਾ ਹਾਂ:-
“ਸਿੰਧ ਵਿੱਚ ਗੁਰੂ ਨਾਨਕ ਪੰਥੀ ਇੱਕ ਫ਼ਿਰਕਾ, ਜਿਸ ਦਾ ਪੂਰਾ ਨਾਉਂ "ਜਿਗਯਾਸੀ ਵਸਤੁ ਵਿਚਾਰੀ” ਹੈ, ਇਸ ਦਾ ਮੋਢੀ ਭਾਈ ਮੋਜ ਰਾਜ, ਗੁਰੂ ਅੰਗਦ ਸਾਹਿਬ ਜੀ ਦਾ ਸਿੱਖ ਹੋਇਆ ਹੈ। ਜਿਗਯਾਸੀ ਲੋਕ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਧਰਮ ਗ੍ਰੰਥ ਮੰਨਦੇ ਹਨ। ਜਪੁ, ਮੁੰਦਾਵਣੀ, ਆਨੰਦ, ਤਿੰਨ ਬਾਣੀਆਂ ਦਾ ਪਾਠ ਕਰਕੇ ਪਾਹੁਲ ਤਿਆਰ ਕਰਦੇ ਹਨ। ਨਾਮ ਗੁਰੂ ਗ੍ਰੰਥ ਸਾਹਿਬ ਤੋਂ ਰਖਦੇ ਹਨ, ਸਹਿਜਧਾਰੀ ਜਿਗਯਾਸੀ ਸਿੱਖ ਬਣਨ ਵੇਲੇ ਆਪਣੀ ਬੋਦੀ ਅਤੇ ਕੇਸਧਾਰੀ ਜੂੜਾ ਖੋਲ੍ਹ ਕੇ ਗੁਰੂ ਮੰਤ੍ਰ ਦਾਤਾ ਦੇ ਹੱਥ ਫੜਾਉਂਦਾ ਹੈ, ਗੁਰੂ “ਸਤਿਨਾਮੁ” ਅਤੇ “ਸਿਰ ਮਸਤਕ ਰਖਯਾ ਪਾਰ ਬ੍ਰਹਮ” ਸ਼ਲੋਕ ਪੜ੍ਹ ਕੇ ਜੂੜਾ ਕਰ ਦਿੰਦਾ ਹੈ। ਕੜਾਹ ਪ੍ਰਸਾਦ ਲੋਹੇ ਦੀ ਕੰਙਣੀ ਨਾਲ ਭੇਟਾ ਕੀਤਾ ਜਾਂਦਾ ਹੈ, ਸਿੱਖ ਬਣਨ ਵੇਲੇ ਧਰਮ ਤੇ ਸੱਤ ਚਿੰਨ੍ਹ, ਮੰਤ੍ਰ ਵਿਧੀ ਨਾਲ ਧਾਰਨ ਕਰਾਏ ਜਾਂਦੇ ਹਨ-
(ੳ) ਸਾਫੇ ਦਾ ਮੰਤ੍ਰ- "ਸਾਫਾ ਸਿਰ ਤੇ ਧਾਰੀਏ ਜਿਗਯਾਸੀ ਵਸਤੁ ਵਿਚਾਰ। ਨਾਨਕ ਨਿਮਖ ਨ ਵੀਸਰੈ ਸਤਿਨਾਮੁ ਕਰਤਾਰ"।
(ਅ) ਚਾਦਰ ਦਾ ਮੰਤ੍ਰ- "ਚਾਦਰ ਚਾਰ ਪਦਾਰਥ ਕਰੋ ਜਾਂ ਮਹਿ ਨਗਨ ਨ ਹੋਇ। ਨਾਨਕ ਕਹੈ ਜਿਗਯਾਸੀਓ, ਪਹਰੇ ਪਰਮਗਤਿ ਹੋਇ"।
(ੲ) ਕੰਗਣੀ ਦਾ ਮੰਤ੍ਰ- "ਕੰਙਣੀ ਸੋ ਕਰ ਮੇਂ ਧਰੇ ਜਾ ਪਹਿ ਗੁਰੂ ਕ੍ਰਿਪਾਲ। ਨਾਨਕ ਸੋ ਜਿਗਯਾਸੀ ਨਿਰਮਲ ਭਯਾ ਜਿਨ ਪਾਈ ਗੁਰੂ ਤੇ ਘਾਲ"।
(ਸ) ਲਿੰਗੋਟੀ ਦਾ ਮੰਤ੍ਰ - "ਮਦਨ ਕਉ ਜੀਤਿਓ ਦੁਰਮਤਿ ਖੋਟੀ। ਜਤ ਕਾ ਆੜਬੰਦ ਸੀਲ ਲਿੰਗੋਟੀ। ਪਹਿਰ ਕੇ ਜਿਗ੍ਯਾਸੀ ਵਿਸ਼ੇ ਵਾਸ ਮੋਟੀ। ਨਾਨਕ ਆਖੈ ਏਹੀ ਕਰ ਲਿੰਗੋਟੀ"।
(ਹ) ਤਿਲਕ ਦਾ ਮੰਤ੍ਰ - "ਤਿਲਕ ਲਿਲਾਟ ਜਾਣੈ ਪ੍ਰਭੁ ਏਕ। ਬੁਝੈ ਬ੍ਰਹਮ ਅੰਤਰਿ ਬਿਬੇਕ"।
(ਕ) ਮਾਲਾ ਦਾ ਮੰਤ੍ਰ- "ਹਰਿ ਹਰਿ ਅਖਰ ਦੁਇ ਇਹ ਮਾਲਾ। ਜਪਤ ਜਪਤ ਭਈ ਦੀਨ ਦਇਆਲਾ"।
(ਖ) ਜਨੇਊ ਦਾ ਮੰਤ੍ਰ- 'ਦਇਆ ਕਪਾਹ ਸੰਤੋਖ ਸੂਤੁ ਜਤ ਗੰਢੀ ਸਤੁ ਵਟੁ। ਏਹ ਜਨੇਊ ਜੀਅ ਕਾ ਹਈ ਤ ਪਾਡੇ ਘਤੁ”।
ਇਸ ਭੇਖ ਦੇ ਮੁਖੀਏ ਦੇਵਾ ਸਾਹਿਬ ਜੀ, ਭਗਤ ਭਗਵਾਨ ਜੀ, ਸੱਦਾ ਸਾਹਿਬ ਜੀ, ਟਹਲ ਰਾਮ ਜੀ ਆਦਿਕ ਹੋਏ ਹਨ, ਜਿਨ੍ਹਾਂ ਦੀਆਂ ਗੱਦੀਆਂ ਦੇ ਥਾਂ “ਕੱਛ, ਕੋਟਰੀ ਹੈਦਰਾਬਾਦ” ਆਦਿਕ ਨਗਰਾਂ ਵਿੱਚ ਪ੍ਰਸਿੱਧ ਹਨ। ਇਸ ਮੱਤ ਵਿੱਚ ਗ੍ਰਹਿਸਥੀ ਅਤੇ ਜਿਗਯਾਸੀ ਸਾਧੂ ਭੀ ਸ਼ਾਮਿਲ ਹਨ। ਸਾਧੂ ਮਜੀਠੀ ਅਤੇ ਸਿੰਗਰਫ਼ੀ ਵਸਤ੍ਰ ਪਹਰਦੇ ਹਨ, ਗੇਰੂ ਰੰਗੇ ਵਰਜਿਤ ਹਨ”।
(‘ਮਹਾਨ ਕੋਸ਼’ ਭਾਈ ਕਾਹਨ ਸਿੰਘ)
“ਜਿਗਯਾਸੀ” ਸੰਪਰਦਾ ਬਾਰੇ ਇਹ ਜਾਣਕਾਰੀ ‘ਮਹਾਨ ਕੋਸ਼’ ਵਿੱਚੋਂ ਮਿਲੀ ਹੈ। ਇਸ ਸੰਪਰਦਾ ਸੰਬੰਧੀ ਜੇ ਕਿਸੇ ਕੋਲ ਕੋਈ ਹੋਰ ਜਾਣਕਾਰੀ ਹੋਵੇ, ਜਾਂ ਕੋਈ ਜਾਣਕਾਰੀ ਪ੍ਰਾਪਤ ਕਰ ਸਕਦਾ ਹੋਵੇ; ਤਾਂ ਜਾਣਕਾਰੀ ਪ੍ਰਾਪਤ ਕਰਕੇ ਅਸਾਨੂੰ ਦੱਸੋ, ਆਪਸ ਵਿੱਚ ਵੀ ਸਾਂਝੀ ਕਰੋ, ਤਾਂ ਕਿ ਬਾਕੀ ਸਾਰੇ ਸਿੱਖ ਪੰਥ ਨੂੰ ਵੀ ਪਤਾ ਲੱਗੇ। ਇਸ ਸੰਪਰਦਾ ਬਾਰੇ ਮੁੱਖ ਰੂਪ ’ਚ ਅਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਇਹਨਾਂ ਦੀ ਗੱਦੀ ਅੱਜ ਕੱਲ੍ਹ ਕਿੱਥੇ ਕਿੱਥੇ ਚੱਲਦੀ ਹੈ? ਕਿੰਨੇ ਪੈਰੋਕਾਰ ਹਨ? ਅੱਜ ਕੱਲ੍ਹ ਉਹਨਾਂ ਦੀਆਂ ਪਰੰਪਰਾਵਾਂ ਕੀ ਹਨ?
ਅਸੀਂ ਨਾਮਧਾਰੀ ਸਿੱਖ, ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ “ਜਿਗਯਾਸੀ” ਸਿੱਖ ਸੰਪਰਦਾ ਦੇ ਪੈਰੋਕਾਰਾਂ ਦੇ ਨਾਲ ਹਾਂ ਅਤੇ ਅਸੀਂ ਯਥਾ ਸ਼ਕਤੀ ਉਹਨਾਂ ਦੀ ਸਹਾਇਤਾ ਵੀ ਕਰਾਂਗੇ। ਉਹ ਜਿਸ ਵੀ ਰੂਪ ਵਿੱਚ ਹੈਗੇ ਹਨ, ਉਹ ਉਸੇ ਰੂਪ ਵਿੱਚ ਹੀ “ਸਿੱਖ” ਹਨ। ਉਹਨਾਂ ਨੂੰ ਅੰਮ੍ਰਿਤਧਾਰੀ ਖਾਲਸਾ ਬਣਨ ਦੀ ਲੋੜ ਨਹੀਂ। ਜੇ ਕੋਈ ਅੰਮ੍ਰਿਤਧਾਰੀ ਖਾਲਸਾ ਬਣਨ ਲਈ ਕਹੇ, ਉਹਨਾਂ ਨੂੰ ਤਾਂ ਵੀ ਨਹੀਂ ਬਣਨਾ ਚਾਹੀਦਾ। ਕਿਉਂਕਿ, ਸਤਿਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ, ਉਹਨਾਂ ਦੇ ਪੰਥ ਵਿੱਚ, ਉਹ ਇਸੇ ਤਰ੍ਹਾਂ ਹੀ ਪ੍ਰਵਾਨ ਹਨ।
ਇਸ ਦੇ ਨਾਲ ਹੀ, ਅੰਮ੍ਰਿਤਧਾਰੀ-ਕੇਸਾਧਾਰੀ ਸਿੱਖਾਂ ਨੂੰ ਵੀ ਇਹ ਧਿਆਨ ਵਿੱਚ ਕਰਨਾ ਚਾਹੀਦਾ ਹੈ ਕਿ ਐਸੀਆਂ ਸਿੱਖ ਸੰਪਰਦਾਵਾਂ ਨੂੰ ਅੰਮ੍ਰਿਤਧਾਰੀ ਬਣਾ ਕੇ, ਆਪਣੇ ਵਿੱਚ ਰਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਸ ਰੂਪ ਵਿੱਚ, ਜਿਸ ਪਰੰਪਰਾ ਵਿੱਚ, ਜਿਸ ਵਿਸ਼ਵਾਸ ਵਿੱਚ ਐਸੀਆਂ ਸੰਪਰਦਾਵਾਂ ਹਨ; ਉਸੇ ਵਿੱਚ ਹੀ ਉਹ ਰਹਿਣੇ ਚਾਹੀਦੇ ਹਨ, ਤਾਂ ਹੀ ਗੁਰੂ ਨਾਨਕ ਪੰਥੀਆਂ ਦੀ ਰੰਗ ਬਿਰੰਗੀ ਫੁਲਵਾੜੀ ਚਮਕਦੀ ਰਵੇਗੀ। ਗੁਰੂ ਨਾਨਕ ਪੰਥੀਆਂ ਦੀ ਫੁਲਵਾੜੀ ਰੰਗ ਬਿਰੰਗੀ ਹੀ ਟਹਿਕਦੀ ਰਹਿਣੀ ਚਾਹੀਦੀ ਹੈ। ਗੁਰੂ ਨਾਨਕ ਪੰਥੀਆਂ ਦੀ ਰੰਗ ਬਿਰੰਗੀ ਫੁਲਵਾੜੀ ਨਾਲ ਹੀ, ਸਿੱਖ ਪੰਥ ਦੀ ਸ਼ਾਨ ਹੈ; ਇਕ-ਰੰਗੀ ਹੋ ਕੇ ਫੁਲਵਾੜੀ ਦੀ ਸ਼ਾਨ ਘੱਟ ਜਾਂਦੀ ਹੈ। ਇਹ ਵੱਖ-ਵੱਖ ਰੰਗ ਜਦੋਂ ਆਪਣੀ ਵਿਲੱਖਣਤਾ ਅਤੇ ਚਮਕ ਨਾਲ ਪ੍ਰਗਟ ਹੁੰਦੇ ਹਨ, ਤਾਂ ਸਮੁੱਚੇ ਸਿੱਖ ਪੰਥ ਦੀ ਸੋਭਾ ਹੋਰ ਵਧ ਜਾਂਦੀ ਹੈ।
ਅੰਮ੍ਰਿਤਧਾਰੀ-ਕੇਸਾਧਾਰੀ ਸਿੱਖ ਕਰੀਬ ਢਾਈ ਕਰੋੜ ਹਨ। ਜਦ ਕਿ “ਗੁਰੂ ਨਾਨਕ ਪੰਥੀ” ਸਾਰੀਆਂ ਸੰਪਰਦਾਵਾਂ ਮਿਲਾ ਕੇ ਗੁਰੂ ਜੀ ਦੇ ਸ਼ਰਧਾਲੂ ਤਾਂ 50 ਕਰੋੜ ਤੋਂ ਵੀ ਵੱਧ ਹਨ। ਮੁੱਖ ਇਤਿਹਾਸਕ ਗੁਰਦੁਆਰਿਆਂ ਉੱਪਰ ਅੰਮ੍ਰਿਤਧਾਰੀਆਂ ਦਾ ਕਬਜ਼ਾ ਹੋਣ ਕਾਰਨ, ਅੰਮ੍ਰਿਤਧਾਰੀ ਸਿੱਖ ਹੀ ਗੁਰੂ ਨਾਨਕ ਪੰਥੀਆਂ ਦੀ ਮੁੱਖ ਧਾਰਾ ਨਹੀਂ ਬਣ ਜਾਂਦੀ। ਸਾਰੀਆਂ ਸਿੱਖ ਸੰਪਰਦਾਵਾਂ ਮਿਲਾ ਕੇ ਹੀ, ਜੋ “ਸਿੱਖ ਪੰਥ” ਬਣਦਾ ਹੈ; ਉਹ ਹੀ ਮੁੱਖ ਧਾਰਾ ਹੈ।
ਵਰਤਮਾਨ ਮੁਖੀ ਨਾਮਧਾਰੀ ਸੰਪਰਦਾ