ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
07.03.2025
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਖੁੱਲ੍ਹੀ ਬਹਿਸ ਦੀ ਦਿਤੀ ਚੁਣੌਤੀ- ਇਕ ਖ਼ਬਰ
ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ।
ਅਮਿਤ ਸ਼ਾਹ ਨੇ ਬਿਹਾਰ ਚੋਣ ਰੈਲੀ ‘ਚ ਵਜਾਇਆ ਚੋਣਾਂ ਦਾ ਬਿਗਲ- ਇਕ ਖਬਰ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਚੀਨ ਨੇ ਅਮਰੀਕੀ ਵਸਤਾਂ ‘ਤੇ 34 ਫ਼ੀ ਸਦੀ ਟੈਕਸ ਠੋਕਿਆ- ਇਕ ਖ਼ਬਰ
ਪੁੱਠਾ ਪੰਗਾ ਲੈ ਲਿਆ ਜੱਟੀਏ, ਬੋਕ ਦੇ ਸਿੰਙਾਂ ਨੂੰ ਹੱਥ ਲਾ ਕੇ।
ਸ਼੍ਰੋਮਣੀ ਕਮੇਟੀ ਦੇ ਨਵੇਂ ਬਜਟ ਵਿਚ ਗ਼ਰੀਬ ਸਿੱਖਾਂ ਲਈ ਕੋਈ ਸਹੂਲਤ ਨਹੀਂ- ਜਸਟਿਸ ਨਿਰਮਲ ਸਿੰਘ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।
ਮੈਂ ਕਿਸਾਨਾਂ ਦੇ ਨਾਲ ਹਾਂ, ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਜਾਵਾਂਗਾ- ਭਗਵੰਤ ਮਾਨ
ਭਾਵੇਂ ਮੇਰੀ ਮੱਝ ਵਿਕ ਜਾਏ, ਤੈਨੂੰ ਲੈ ਦਊਂ ਸਲੀਪਰ ਕਾਲ਼ੇ।
ਪਟਿਆਲ਼ਾ ‘ਚ ਬਾਗ਼ੀ ਅਕਾਲੀਆਂ ਦੇ ਇਕੱਠ ਨੇ ਸਿਰਜਿਆ ਨਵਾਂ ਇਤਿਹਾਸ- ਇਕ ਖ਼ਬਰ
ਕੀਹਤੋਂ ਤੈਂ ਬਣਾਈ ਛੱਪਰੀ, ਨਾਮਦੇਵ ਤੋਂ ਗਵਾਂਢਣ ਪੁੱਛਦੀ।
ਸ਼੍ਰੋਮਣੀ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਕਰਵਾਉਣ ਲਈ ਸੰਗਤਾਂ ਇਕਜੁੱਟ ਹੋਣ- ਛੋਟੇਪੁਰ
ਵਾਰਸ ਸ਼ਾਹ ਤਰੱਕਲੇ ਵਲ ਪਿਆ, ਸਿੱਧਾ ਹੋਵੇ ਨਾ ਬਾਝ ਹਠੋਲੀਏ ਜੀ।
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮਿਲਣ ਲਈ ਸਮਾਂ ਮੰਗਿਆ- ਇਕ ਖ਼ਬਰ
ਕਿਤੇ ਆ ਮਿਲ ਰਾਂਝਿਆ ਯਾਰਾ, ਦੋ ਗੱਲਾਂ ਕਰੀਏ ਪਿਆਰ ਦੀਆਂ।
ਡੋਨਲਡ ਟਰੰਪ ਵਲੋਂ ਰੂਸ ‘ਤੇ 25 ਫ਼ੀ ਸਦੀ ਟੈਰਿਫ਼ ਲਗਾਉਣ ਦੀ ਧਮਕੀ- ਇਕ ਖ਼ਬਰ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਸਰਕਾਰ ਨੇ ਧੱਕੇ ਨਾਲ ਵਕਫ਼ ਬਿੱਲ ਪਾਸ ਕੀਤਾ- ਸੋਨੀਆ ਗਾਂਧੀ
ਧਰਤੀ ਖੇੜਿਆਂ ਦੀ, ਵੱਢ ਵੱਢ ਹੀਰ ਨੂੰ ਖਾਂਦੀ।
ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਬੈਂਕਾਂ ਨੂੰ ਗਾਹਕਾਂ ਨਾਲ ਮਰਾਠੀ ਭਾਸ਼ਾ ‘ਚ ਗੱਲਬਾਤ ਕਰਨ ਲਈ ਕਿਹਾ- ਇਕ ਖ਼ਬਰ
ਪੰਜਾਬ ‘ਚ ਹੈ ਕੋਈ ਅਜਿਹਾ ਕਦਮ ਚੁੱਕਣ ਵਾਲਾ ਸੂਰਮਾ?
ਮਹਿਲਾ ਕਾਂਸਟੇਬਲ ਦੀ ਗੱਡੀ ‘ਚੋਂ ਮਿਲੀ ਹੈਰੋਇਨ, ਨੌਕਰੀ ਤੋਂ ਬਰਖ਼ਾਸਤ- ਇਕ ਖ਼ਬਰ
ਫ਼ਕਰਦੀਨਾ ਕਦ ਉੱਥੇ ਖ਼ੈਰ ਹੋਸੀ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।
ਟਰੰਪ ਦੇ ਟੈਰਿਫ਼ ਲਾਉਣ ‘ਤੇ ਭੜਕੇ ਦੁਨੀਆਂ ਭਰ ਦੇ ਆਗੂ- ਇਕ ਖ਼ਬਰ
ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।
ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਨੂੰ ਮਾਂ ਬੋਲੀ ‘ਚ ਸਿਖਿਆ ਦੇਣ ਲਈ ਕਿਹਾ- ਇਕ ਖ਼ਬਰ।
ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।
ਮਹਾਰਾਸ਼ਟਰ ‘ਚ ਮੰਤਰੀ ਕੋਕਾਟੇ ਨੇ ਕਿਸਾਨਾਂ ਪ੍ਰਤੀ ਕੀਤੀ ਵਿਵਾਦਪੂਰਣ ਟਿੱਪਣੀ ਲਈ ਮੰਗੀ ਮੁਆਫ਼ੀ- ਇਕ ਖ਼ਬਰ
ਚਿੜੀਆਂ ਦੀ ਮੌਤ ਗੰਵਾਰਾਂ ਦਾ ਹਾਸਾ।
============================================================================