ਕਿਸਾਨੀ ਫੁੱਟ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਅੰਨ ਦਾਤਾ ਦੇ ਅੰਨ੍ਹੇ ਲੀਡਰ,
ਅੰਧਰਾਤੇ ਦਾ ਸ਼ਿਕਾਰ ਹੋ ਗਏ।
ਇਨ੍ਹਾਂ ਦੇ ਪਿੱਛੇ ਲੱਗ ਕੇ ਭੋਲ਼ੇ,
ਮਜ਼ਦੂਰ, ਕਿਸਾਨ ਖੁਆਰ ਹੋ ਗਏ।
ਚੌਧਰਾਂ ਅਤੇ ਪੈਸੇ ਦੀ ਖ਼ਾਤਰ,
ਪੈਰ ਪੈਰ 'ਤੇ ਵਿਕਦੇ ਜਾਵਣ,
ਪਾਟੋਧਾੜ ਧੜਾ ਧੜ ਹੋਵਣ,
ਇੱਕ ਦੂਜੇ 'ਤੇ ਲੂਤੀਆਂ ਲਾਵਣ।
ਕਿਸਾਨ ਲੀਡਰਾਂ ਦੀ ਸੋਚ ਦਾ ਦਾਇਰਾ,
ਦਿਨ ਬਦਿਨ ਹੁੰਦਾ ਜਾਵੇ ਸੌੜ੍ਹਾ,
ਸਮੇਂ ਦੇ ਹਾਣੀ ਬਣਨ ਤੋਂ ਸੱਖਣੇ,
ਕਰਨਗੇ ਝੁੱਗਾ ਸਭ ਦਾ ਚੌੜਾ।
ਪਰੌਂਠੇ ਖਾ ਮਰਨ ਵਰਤ ਨ੍ਹੀਂ ਪੁੱਗਦੇ,
ਡਰਾਮੇ ਬਹੁਤੇ ਦਿਨ ਨ੍ਹੀਂ ਚੱਲਦੇ,
ਸੱਚ ਤਾਂ ਸਾਹਮਣੇ ਆ ਹੀ ਜਾਂਦਾ,
ਝੂਠ ਦੇ ਪੈਰ ਕਿਤੇ ਨ੍ਹੀਂ ਖੱਲ੍ਹਦੇ।
ਆਪਣੀ ਜ਼ਾਤ ਦੇ ਆਪੇ ਦੁਸ਼ਮਣ,
ਹੋਰ ਨੂੰ ਫਿਰ ਕੀ ਦੋਸ਼ ਦੇਣਗੇ,
ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ,
ਆਪਣੀ ਹੀ ਜ਼ਮੀਰ ਕੋਹਣਗੇ।
ਅੰਨ ਦਾਤਾ ਦੀ ਪਰਿਭਾਸ਼ਾ ਹੁਣ,
ਬਦਲਦੀ ਜਾਂਦੀ ਨਿੱਤ ਨਵੀਂ,
ਫਸਲਾਂ ਹੁਣ ਜੱਟ ਨਹੀਂ ਬੀਜੇਗਾ,
ਏ ਆਈ ਦੀ ਹੁਣ ਨਹੀਂ ਕਮੀ।
ਅੰਨ ਤਾਂ ਧਰਤੀ ਵਿੱਚੋਂ ਉੱਗੂ,
ਪਰ ਤਤਾ ਤਤਾ ਕੋਈ ਕਰੂ ਅਡਾਣੀ,
ਧਨਾਢ ਦੇ ਹੱਥ ਹੀ ਕੋਠੀ ਹੋਊ,
'ਤੇ ਹਰ ਕੋਠੀ ਦਾ ਦਾਣਾ ਪਾਣੀ।
ਮਰੋੜ ਮਰੋੜ ਸੰਢਿਆਂ ਦੀਆਂ ਪੂਛਾਂ,
ਜੱਟ ਮਿੱਟੀ ਵਿੱਚ ਮਿੱਟੀ ਹੋ ਗਿਆ,
ਜੱਟ ਦੀ ਜ਼ਾਤ ਹੀ ਖਤਮ ਹੋਣ ਦਾ,
ਸਿਲਸਿਲਾ ਸਮਝੋ ਸ਼ੁਰੂ ਹੋ ਗਿਆ।
ਨਾ ਹੁਣ ਆਕੜਾਂ ਨਾ ਹੁਣ ਬੱਕਰੇ,
ਨਾ ਮੁੱਛਾਂ ਦੇ ਤਾਅ ਹੁਣ ਰਹਿਣੇ,
ਰਹਿੰਦੀਆਂ ਖੂੰਹਦੀਆਂ ਜ਼ਮੀਨਾਂ ਵੀ,
ਜਦੋਂ ਵਿਕ ਗਈਆਂ, ਜਾਂ ਪਈਆਂ ਗਹਿਣੇ।
ਹਰ ਜੱਟ ਹੁਣ ਮਜ਼ਦੂਰ ਬਣੇਗਾ,
ਹੱਥ ਅੱਡਣ ਲਈ ਹੋਊ ਮਜਬੂਰ,
ਅੰਨ ਦਾਤਾ ਹੁਣ ਠੂਠਾ ਚੁੱਕ ਕੇ,
ਦਾਨ ਦਾ ਪਾਤਰ ਬਣੂ ਜ਼ਰੂਰ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ