ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14.04.2025
2027 ‘ਚ ਕਾਂਗਰਸ ਪੰਜਾਬ ਵਿਚ ਸਰਕਾਰ ਬਣਾਏਗੀ- ਬੀਬੀ ਭੱਠਲ
ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ।
ਸੌਦਾ ਸਾਧ ਨੂੰ 13ਵੀਂ ਵਾਰ ਮਿਲੀ 21 ਦਿਨਾਂ ਦੀ ਪੈਰੋਲ- ਇਕ ਖ਼ਬਰ
ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ।
ਵਿਸਾਖੀ ਤੋਂ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਚੁਣਿਆਂ ਜਾਵੇਗਾ - ਦਲਜੀਤ ਚੀਮਾ
ਚੁਣਨ ਦੀ ਕੀ ਲੋੜ ਐ ਜਨਾਬ। ਪ੍ਰਧਾਨ ਤਾਂ ਮੁੱਛਾਂ ਨੂੰ ਤਾਅ ਦੇ ਕੇ ਸਿਰ ‘ਤੇ ਤਾਜ ਸਜਾਈ ਬੈਠੈ।
ਸ੍ਰੀ ਅਕਾਲ ਤਖ਼ਤ ਦੀ ਹੁਕਮ ਅਦੂਲੀ ਕਰ ਕੇ ਬਣਿਆਂ ਪ੍ਰਧਾਨ ਪੰਥ ਨੂੰ ਪ੍ਰਵਾਨ ਨਹੀਂ- ਮਨਜੀਤ ਸਿੰਘ ਦਸੂਹਾ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਬਾਦਲਾਂ ਦਾ ਪੱਲਾ ਛੱਡਿਆ- ਇਕ ਖ਼ਬਰ
ਵਾਜਾਂ ਮਾਰੀਆਂ ਤੇ ਦਿਤੀਆਂ ਦੁਹਾਈਆਂ, ਸੁੱਖੇ ਨੇ ਮੇਰੀ ਗੱਲ ਨਾ ਸੁਣੀ।
ਚੀਨ ਨੇ ਅਮਰੀਕਾ ‘ਤੇ ਆਰਥਕ ਧੱਕੇਸ਼ਾਹੀ ਕਰਨ ਦਾ ਲਾਇਆ ਦੋਸ਼- ਇਕ ਖ਼ਬਰ
ਬਹਿ ਕੇ ਟੇਸ਼ਣ ‘ਤੇ, ਵੈਣ ਬੁੱਢੇ ਦੇ ਪਾਵਾਂ।
12 ਅਪ੍ਰੈਲ ਨੂੰ ਹੋਏ ਅਕਾਲੀ ਦਲ ਬਾਦਲ ਦੇ ਪ੍ਰੋਗਰਾਮ ‘ਚੋਂ ਧਾਮੀ ਰਹੇ ਗ਼ੈਰਹਾਜ਼ਰ-ਇਕ ਖ਼ਬਰ
ਵਾਰਸ ਸ਼ਾਹ, ਹੈ ਚੁਗਲ ਦੀ ਸ਼ਕਲ ਕੈਦੋ, ਇਹ ਮੂਲ ਹੈ ਸਭ ਬਖੇੜਿਆਂ ਦਾ
ਅਸੀਂ ਬਿਹਾਰ ‘ਚ ਆਪਣੀਆਂ ਗਲਤੀਆਂ ਤੋਂ ਬਹੁਤ ਕੁਝ ਸਿਖ ਰਹੇ ਹਾਂ- ਰਾਹੁਲ ਗਾਂਧੀ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਟਰੰਪ ਨੇ ਆਪਣਾ ਸਾਲਾਨਾ ਮੈਡੀਕਲ ਕਰਵਾਇਆ ਤੇ ਖ਼ੁਦ ਨੂੰ ਦੱਸਿਆ ‘ਤੰਦਰੁਸਤ’- ਇਕ ਖ਼ਬਰ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਜੰਗ ਭਾਵੇਂ ਕਿੰਨੀ ਦੇਰ ਵੀ ਚੱਲੇ, ਅਸੀਂ ਕਦੀ ਵੀ ਹਾਰ ਨਹੀਂ ਮੰਨਾਂਗੇ- ਚੀਨੀ ਵਿਦੇਸ਼ ਮੰਤਰਾਲਾ
ਮੌਤੋਂ ਕੀ ਡਰਨਾ, ਬੋਤਾ ਪਾ ਲਿਆ ਚੁੜੇਲਾਂ ਵਾਲ਼ੀ ਸੜਕੇ।
ਹਾਈ ਕਮਾਂਡ ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਤੋਂ ਚਿੰਤਤ- ਭੂਪੇਸ਼ ਬਘੇਲ
ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਘਰਾਂ ਦੇ ਕਲੇਸ਼ ਔਂਤਰੇ।
ਮੋਦੀ ਸਰਕਾਰ ਚੀਨ ਵਾਂਗ ਹੀ ਟਰੰਪ ਖ਼ਿਲਾਫ਼ ਡਟਵਾਂ ਸਟੈਂਡ ਲਵੇ- ਬੰਤ ਸਿੰਘ ਬਰਾੜ
ਟੁੱਟ ਪੈਣੇ ਛੜੇ ਜੇਠ ਨੇ, ਮੇਰੇ ਮੂੰਹ ‘ਤੇ ਬੈਟਰੀ ਮਾਰੀ।
ਮੌਜੂਦਾ ਜਥੇਦਾਰ ਦੀ ਚੋਣ ਪ੍ਰਕਿਰਿਆ ‘ਤੇ ਤਾਂ ਸਾਨੂੰ ਸ਼ਰਮ ਆ ਰਹੀ ਹੈ- ਤਰਲੋਚਨ ਸਿੰਘ
ਕਾਉਂ ਬਾਗ਼ ਦੇ ਵਿਚ ਕਲੋਲ ਕੀਤੇ, ਕੂੜਾ ਫੋਲਣੇ ਨੂੰ ਏਥੇ ਮੋਰ ਕੀਤੇ।
ਅਕਾਲੀ ਦਲ ਬਾਦਲ ਨੇ ਵੋਟਰ ਸੂਚੀਆਂ ਦੇਖ ਕੇ ਹੀ ਫ਼ਰਜ਼ੀ ਭਰਤੀ ਕੀਤੀ- ਭੂਪਿੰਦਰ ਸਿੰਘ ਸ਼ੇਖ਼ੂ ਪੁਰਾ
ਲੈ ਜਾਣਗੇ ਜਿਨ੍ਹਾਂ ਨੇ ਦੰਮ ਖਰਚੇ, ਝੂਠੇ ਦਾਅਵੇ ਮਿੱਤਰਾਂ ਦੇ।
ਕੇਂਦਰ ਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਨਾਲ ਕਰ ਰਹੀ ਹੈ ਧੱਕਾ- ਰਣਦੀਪ ਸਿੰਘ ਨਾਭਾ
ਕਦਮ ਫ਼ੂਕ ਫ਼ੂਕ ਕੇ ਰੱਖੀਏ, ਸਰਕਾਰਾਂ ਦਗ਼ੇਬਾਜ਼ ਹੋ ਗਈਆਂ।
==================================================================