ਜਾਂਚ ਰਿਪੋਰਟ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਕੈਪਟਨ ਸਾਹਬ ਸੱਚੇ ਸਿੱਖ ਵਜੋਂ  ਇਤਿਹਾਸ ਵਿੱਚ ਨਾਮ ਲਿਖਾ ਸਕਣਗੇ - ਬਘੇਲ ਸਿੰਘ ਧਾਲੀਵਾਲ

 ਜਾਂਚ ਰਿਪੋਰਟ ਤੇ ਕਾਰਵਾਈ ਚ ਢਿੱਲ ਦੋਸੀਆਂ ਨੂੰ ਬਚਾਉਣ ਦੀ ਗੁੱਝੀ ਚਾਲ

ਬੁਰਜ ਜਵਾਹਰ ਸਿੰਘ ਵਾਲਾ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋ ਬਾਅਦ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਦੇ ਅੰਗ ਖਿਲਾਰ ਕੇ ਕੀਤੀ ਬੇਅਦਬੀਆਂ ਦੀ ਸੁਰੂਆਤ ਨੇ ਜਿੱਥੇ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੁ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਅਜਿਹੇ ਜਖਮ ਕੀਤੇ ਜਿੰਨਾਂ ਦੀ ਪੀੜਾ ਦਾ ਘੱਟ ਹੋਣਾ ਓਨੀ ਦੇਰ ਸੰਭਵ ਨਹੀ ਸੀ,ਜਿੰਨੀ ਦੇਰ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਰਕਾਰ ਫੜਕੇ ਕਨੂੰਨ ਅਨੁਸਾਰ ਸਜ਼ਾ ਨਹੀ ਸੀ ਦਿੰਦੀ।ਅਫਸੋਸ ਨਾਲ ਲਿਖਣਾ ਪਵੇਗਾ ਕਿ ਸਮੇ ਦੀ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੀ ਵਜਾਏ ਗੁਰੂ ਦੀ ਹੋਈ ਬੇਅਦਬੀ ਦਾ ਇਨਸਾਫ ਲੈਣ ਲਈ ਸਾਂਤਮਈ ਤਰੀਕੇ ਨਾਲ ਰੋਸ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਚਲਾਕੇ ਅਜਿਹਾ ਕਲੰਕ ਅਪਣੇ ਨਾਮ ਕਰ ਲਿਆ ਜਿਸ ਨੂੰ ਹੁਣ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਵੀ ਧੋ ਨਹੀ ਸਕਣਗੀਆਂ। ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਤੋਂ ਬਾਅਦ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਅਜਿਹਾ ਦੌਰ ਕਿਸੇ ਗਿਣੀ ਮਿਥੀ ਸਾਜਿਸ਼ ਤਹਿਤ ਚਲਾਇਆ ਗਿਆ ਜਿਹੜਾ ਮੌਜੂਦਾ ਸਮੇ ਵਿੱਚ ਵੀ ਰੁਕਣ ਦਾ ਨਾਮ ਲੈ ਰਿਹਾ। ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀਆਂ ਰੋਕਣ ਜਾਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਫੜਨ ਵਿੱਚ ਰੱਤੀ ਭਰ ਵੀ ਸਾਰਥਿਕ ਪਹੁੰਚ ਨਹੀ ਅਪਣਾਈ, ਬਲਕਿ ਅਪਣੇ ਗੁਰੂ ਦੀ ਬੇਅਦਬੀ ਨੂੰ ਐਨਾ ਸਰਸਰੀ ਲਿਆ ਜਿਸ ਦੀ ਕਿਧਰੇ ਵੀ ਿਮਸ਼ਾਲ ਨਹੀ ਮਿਲਦੀ। ਭਾਂਵੇ ਪੰਜਾਬ ਦੀ ਅਮਨ ਸਾਂਤੀ ਨੂੰ ਲਾਂਬੂ ਲਾਉਣ ਲਈ ਇਸ ਸਮੇ ਦੌਰਾਨ ਪਵਿੱਤਰ ਕੁਰਾਨ ਅਤੇ ਹਿੰਦੂ ਧਾਰਮ ਦੇ ਧਾਰਮਿਕ ਗ੍ਰੰਥ ਗੀਤਾ ਦਾ ਅਪਮਾਨ ਹੋਣ ਦੀਆਂ ਵੀ ਇੱਕਾ ਦੁੱਕਾ ਘਟਨਾਵਾਂ ਸਾਹਮਣੇ ਆਈਆਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤਾਂ ਲਗਾਤਾਰ ਲੜੀਵਾਰ ਜਾਰੀ ਰਹੀਆਂ। ਇਸ ਦੌਰਾਨ ਚੱਲੇ ਸੰਘਰਸ ਨੂੰ ਭਾਂਵੇ ਸੂਬਾ ਸਰਕਾਰ ਗੋਲੀਆਂ ਚਲਾਕੇ ਵੀ ਖਤਮ ਨਹੀ ਸੀ ਕਰ ਸਕੀ, ਪਰ ਕੱੁਝ ਆਗੂਆਂ ਦੇ ਏਜੰਸ਼ੀਆਂ ਦੀ ਮਜਬੂਤ ਪਕੜ ਵਿੱਚ ਆ ਜਾਣ ਕਰਕੇ ਉਸ ਸਮੇ ਬੇਅਦਬੀ ਦਾ ਸੰਘਰਸ ਬਗੈਰ ਇਨਸਾਫ ਲਏ ਅੱਧਵਾਟੇ ਦਮ ਤੋੜ ਗਿਆ। ਪਰੰਤੂ ਸਿੱਖ ਕੌਂਮ ਅੰਦਰ ਇਹ ਰੋਸ ਨਸੂਰ ਬਣਕੇ ਵਧ ਰਿਹਾ ਸੀ, ਜਿਸ ਨੂੰ ਘਾਗ ਸਿਆਸਤਦਾਨ ਤੇ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਸਮਝ ਨਾ ਸਕਿਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਗੰਭੀਰਤਾ ਨਾਲ ਹੀ ਨਹੀ ਸੀ ਲਿਆ,ਇਹੋ ਕਾਰਨ ਸੀ ਕਿ ਉਹਨਾਂ ਨੇ ਸਿਰਫ ਸਿੱਖਾਂ ਦੀਆਂ ਅੱਖਾਂ ਪੂੰਝਣ ਲਈ ਅਖੀਰ ਵਿੱਚ ਜਸਟਿਸ ਜੋਰਾ ਸਿੰਘ ਕਮਿਸਨ ਦਾ ਗਠਨ ਕੀਤਾ , ਪਰ ਇਹ ਵੀ ਬੇਹੱਦ ਅਫਸੋਸ ਨਾਲ ਲਿਖਣਾ ਪਵੇਗਾ ਕਿ, ਬਾਦਲ ਸਰਕਾਰ ਨੇ ਅਪਣੇ ਹੀ ਬਣਾਏ ਹੋਏ ਜੋਰਾ ਸਿੰਘ ਕਮਿਸਨ ਦੀ ਰਿਪੋਰਟ ਲੈਣ ਲਈ ਕੋਈ ਦਿਲਚਸਪੀ ਨਾ ਦਿਖਾਈ। ਜੋਰਾ ਸਿੰਘ ਇਹ ਰਿਪੋਰਟ ਲੈ ਕੇ ਮੁੱਖ ਮੰਤਰੀ ਦਫਤਰ ਦੇ ਗੇੜੇ ਕੱਢਦਾ ਰਿਹਾ, ਪਰ ਮੁੱਖ ਮੰਤਰੀ ਨੇ ਸ੍ਰ ਜੋਰਾ ਸਿੰਘ ਨੂੰ ਮਿਲਣਾ ਵੀ ਮੁਨਾਸਿਵ ਨਾ ਸਮਝਿਆ।ਘੰਟਿਆਂ ਵੱਧੀ ਉਡੀਕ ਕਰਦਾ ਕਰਦਾ ਜੋਰਾ ਸਿੰਘ ਇੱਕ ਦਿਨ ਮੁੱਖ ਮੰਤਰੀ ਦੇ ਸਕੱਤਰ ਦੇ ਮੇਜ ਤੇ ਰਿਪੋਰਟ ਰੱਖ ਕੇ ਵਾਪਸ ਆ ਗਿਆ, ਉਸ ਦਿਨ ਤੋ ਬਾਅਦ ਉਹ ਜਾਂਚ ਰਿਪੋਰਟ ਕਿੱਧਰ ਗਈ ਕਿਸੇ ਨੂੰ ਕੁੱਝ ਨਹੀ ਪਤਾ।ਸਿੱਖ ਮਨਾਂ ਵਿੱਚ ਅਕਾਲੀਆਂ ਪ੍ਰਤੀ ਨਫਰਤ ਲਾਵਾ ਬਣਕੇ ਫੁੱਟਣ ਲਈ ਸਮੇ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਰਹੀ। ਅਖੀਰ ਵਿਧਾਨ ਸਭਾ 2017 ਦੀ ਚੋਣ ਵਿੱਚ ਲੋਕਾਂ ਨੇ ਅਪਣਾ ਗੁੱਸਾ ਜਿਸ ਕਦਰ ਅਕਾਲੀਆਂ ਖਿਲਾਫ ਕੱਢਿਆ, ਉਹ ਵੀ ਇੱਕ ਇਕਾਰਡ ਬਣ ਗਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਹੀ ਦਿੱਤਾ। ਬਿਨਾ ਸ਼ੱਕ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਅਕਾਲੀਆਂ ਪ੍ਰਤੀ ਲੋਕਾਂ ਦੇ ਗੁੱਸੇ ਵਿੱਚੋ ਹੀ ਹੋਂਦ ਵਿੱਚ ਆਈ ਹੈ, ਚੋਣਾਂ ਦੌਰਾਂਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਇਹ ਵਾਅਦੇ ਤੇ ਦਾਅਵੇ ਕੀਤੇ ਸਨ,ਕਿ ਜਿੱਥੇ ਸਭ ਤੋ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਫੜਕੇ ਜੇਹਲਾਂ ਵਿੱਚ ਸੁੱਟਿਆ ਜਾਵੇਗਾ, ਓਥੇ ਪੰਜਾਬ ਚੋ ਨਸ਼ਿਆਂ ਦਾ ਖਾਤਮਾ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ, ਪਰ ਸਰਕਾਰ ਡੇਢ ਸਾਲ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵਾਅਦੇ ਨੂੰ ਵੀ ਪੂਰਾ ਕਰਨ ਤੋਂ ਬੁਰੀ ਤਰਾਂ ਅਸਮਰੱਥ ਰਹੀ ਹੈ। ਕੋਈ ਸਮਾ ਸੀ ਜਦੋ ਕੈਪਟਨ ਦੀ ਬੜਕ ਦਿੱਲੀ ਤੱਕ ਸਾਫ ਸੁੱਣਾਈ ਦਿੰਦੀ ਸੀ, ਪਰ ਇਸ ਵਾਰ ਕੈਪਟਨ ਦਿੱਲੀ ਅੱਗੇ ਗੋਡੇ ਟੇਕੀ ਬੈਠਾ ਦਿਖਾਈ ਦਿੰਦਾ ਹੈ। ਬਰਗਾੜੀ ਵਿੱਚ ਲੱਗੇ ਇਨਸਾਫ ਮੋਰਚੇ ਨੇ ਜਿੱਥੇ ਸੁੱਤੀ ਸਿੱਖ ਕੌਂਮ ਨੂੰ ਜਗਾਇਆ ਹੈ,ਓਥੇ ਵਾਅਦੇ ਭੁੱਲ ਚੁੱਕੀ ਸੂਬਾ ਸਰਕਾਰ ਨੂੰ ਵੀ ਹਲੂਣਿਆਂ ਹੈ। ਜਿਸਤਰਾਂ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਤੇ ਹੋਈ ਬਹਿਸ ਜਨਤਕ ਕੀਤੀ ਗਈ, ਉਸ ਤੋ ਜਾਪਦਾ ਸੀ ਕਿ ਸਰਕਾਰ ਨੇ ਦੋਸੀਆਂ ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਨੇ ਇੱਕਜੁੱਟ ਹੋਕੇ ਇਮਾਨਦਾਰੀ ਨਾਲ ਮੁੱਖ ਮੰਤਰੀ ਤੋ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਕਰਨ ਲਈ ਜਿਸਤਰਾਂ ਦਬਾਅ ਪਾਇਆ, ਉਹਦੇ ਲਈ ਸਮੁੱਚੀ ਕੈਬਨਿਟ ਅਤੇ ਵਿਰੋਧੀ ਧਿਰ ਦੀ ਭੁਮਿਕਾ ਦੀ ਸਰਾਹਨਾ ਕਰਨੀ ਬਣਦੀ ਹੈ, ਪ੍ਰੰਤੂ ਵਿਧਾਨ ਸਭਾ ਦੀ ਬਹਿਸ ਤੋਂ ਬਾਅਦ ਜਿਸਤਰਾਂ ਸਮੁੱਚੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਦੋਸੀਆਂ ਨੂੰ ਬਚਾਉਣ ਦੀਆਂ ਚੋਰ ਮੋਰੀਆਂ ਲੱਭੀਆਂ ਜਾ ਰਹੀਆਂ ਹਨ, ਉਸ ਤੋ ਕੈਪਟਨ ਦੀ ਨੀਅਤ ਸਾਫ ਨਹੀ ਜਾਪਦੀ। ਬੀਤੇ ਕੱਲ੍ਹ ਮਾਨਯੋਗ ਹਾਈਕੋਰਟ ਤੋ ਮਿਲੀ ਦੋਸ਼ੀ ਪੁਲਿਸ ਅਫਸਰਾਂ ਨੂੰ ਵੱਡੀ ਰਾਹਤ ਵੀ ਦਰਸਾਉਂਦੀ ਹੈ ਕਿ ਦਿੱਲੀ ਦਾ ਦਬਾਅ ਕੈਪਟਨ ਨੂੰ ਕੋਈ ਵੀ ਸਪੱਸਟ ਫੈਸਲਾ ਲੈਣ ਦੇ ਰਾਹ ਵਿੱਚ ਅਜਿਹਾ ਰੋੜਾ ਬਣਦਾ ਦਿਖਾਈ ਦਿੰਦਾ ਹੈ, ਜਿਸ ਨੂੰ ਨਾਂ ਹੀ ਰਸਤੇ ਚੋ ਹਟਾਇਆ ਜਾ ਸਕਦਾ ਹੈ ਅਤੇ ਨਾ ਹੀ ਕੈਪਟਨ ਉਲੰਘਣ ਦੀ ਹਿੰਮਤ ਕਰ ਸਕਦਾ ਹੈ। ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦੇਣੀ ਵਾਜਵ ਹੋਵੇਗੀ ਕਿ ਜੇਕਰ ਉਹ ਇਹ ਰੁਕਾਬਟਾਂ ਤੋੜ ਕੇ ਸਿੱਖ ਕੌਂਮ ਨੂੰ ਇਨਸਾਫ ਦੇਣ ਦੀ ਹਿੰਮਤ ਕਰ ਲੈਂਦਾ ਹੈ, ਤੇ ਦਿੱਲੀ ਨੂੰ ਇਹ ਸੰਕੇਤ ਦੇਣ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਹਿਤਾਂ ਖਾਤਰ ਕੁਰਸੀ ਦੀ ਪਰਬਾਹ ਕੀਤੇ ਬਗੈਰ ਜਿਹੜਾ ਵਿਅਕਤੀ ਕਦੇ ਪਾਣੀਆਂ ਦੀ ਰਾਖੀ ਲਈ ਦਿੱਲੀ ਵਿੱਚਲੀ ਕਾਂਗਰਸ ਸਰਕਾਰ ਨਾਲ ਸਿੱਧਾ ਹੋ ਸਕਦਾ ਸੀ, ਉਹ ਹੁਣ ਓਸ ਗੁਰੂ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀ ਦੇਵੇਗਾ, ਜਿਸ ਗੁਰੂ ਦੀਆਂ ਬੇਹੱਦ ਰਹਿਮਤਾਂ ਦੀ ਵਰਖਾ ਉਹਦੇ ਪਰਿਵਾਰ ਤੇ ਹਮੇਸਾਂ ਰਹੀ ਹੈ, ਜੇਕਰ ਕੈਪਟਨ ਐਨੀ ਕੁ ਹਿੰਮਤ ਦਿਖਾਉਣ ਦਾ ਹੌਸਲਾ ਕਰ ਲਵੇ ਤਾਂ ਜਿੱਥੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਤੇ ਮਾਣ ਮਹਿਸੂਸ ਕਰਨਗੀਆਂ ਓਥੇ ਉਹਨਾਂ ਦੀਆਂ ਆਉਣ ਵਾਲੀਆਂ ਪੁਸਤਾਂ ਲਈ ਵੀ ਉਹ ਅਪਣਾ ਸੁਨਹਿਰੀ ਇਤਿਹਾਸ ਬਣਾ ਕੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਰਣਜੀਤ ਸਿੰਘ ਕਮਿਸਨ ਤੇ ਕਾਰਵਾਈ ਨੂੰ ਯਕੀਨੀ ਬਣਾ ਕੇ ਆਪਣੇ ਆਪ ਨੂੰ ਸੱਚਮੁੱਚ ਦਸਵੇਂ ਪਾਤਸ਼ਾਹ ਦੇ ਸੱਚੇ ਸਿੱਖ ਵਜੋਂ  ਇਤਿਹਾਸ ਵਿੱਚ ਦਰਜ ਕਰਵਾ ਸਕਣਗੇ, ਜਾ ਅਪਣੀ ਰਜਵਾੜਾਸ਼ਾਹੀ ਸੋਚ ਤੇ ਚੱਲਕੇ ਦਿੱਲੀ ਸਾਹਮਣੇ ਗੋਡੇ ਟੇਕਦਿਆਂ ਦੋਸ਼ੀਆਂ ਨੂੰ ਬਚਾਉਣ ਦੀ ਗੁਸਤਾਖੀ ਕਰਕੇ  ਇਤਿਹਾਸ ਕਲੰਕਤ ਕਰਨਗੇ,ਇਹ ਸਮੇ ਦੇ ਗਰਭ ਵਿੱਚ ਹੈ।

ਬਘੇਲ ਸਿੰਘ ਧਾਲੀਵਾਲ
99142-58142

15 Sept. 2018