ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ - ਬਘੇਲ ਸਿੰਘ ਧਾਲੀਵਾਲ

ਜੰਗ ਪੰਥ ਪੰਜਾਬ ਦੀ ਫਿਰ ਹੋਸੀ
ਲੰਬੀ,ਪਟਿਆਲਾ ਬਨਾਮ ਬਰਗਾੜੀ ਮੋਰਚਾ

ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹਲੇਮੀ ਖਾਲਸਾ ਰਾਜ ਦੀ ਮੁਅਤਲੀ ਦੇ ਹਾਲਾਤ ਬਣਨ ਤੱਕ ਖਾਲਸਾ ਜੀਅ ਜਾਨ ਨਾਲ ਅੰਗਰੇਜਾਂ ਖਿਲਾਫ ਲਹੂ ਡੋਲਵੀਂ ਲੜਾਈ ਲੜਦਾ ਰਿਹਾ, ਪਰ ਗਦਾਰਾਂ ਨੇ ਅਣਖੀ ਖਾਲਸੇ ਦੀ ਪੇਸ ਨਾ ਜਾਣ ਦਿੱਤੀ।ਅਖੀਰ 1849 ਵਿੱਚ ਵਿਸ਼ਾਲ ਖਾਲਸਾ ਰਾਜ ਦਾ ਦੀਵਾ ਹਮੇਸਾਂ ਲਈ ਗੁੱਲ ਹੋ ਗਿਆ। ਸਿੱਖ ਰਾਜ ਦੇ ਆਖਰੀ ਬਾਦਸਾਹ ਬਾਲ ਦਲੀਪ ਸਿੰਘ ਨੂੰ ਓਹਦੀ ਮਾਂ ਤੋ ਵੱਖ ਕਰਕੇ ਇੰਗਲੈਡ ਭੇਜ ਦਿੱਤਾ, ਜਿੱਥੇ ਇਸਾਈ ਧਰਮ ਦੀ ਸਿੱਖਿਆ ਨਾਲ ਉਹਨਾਂ ਨੂੰ ਪਾਲਿਆ ਪਲੋਸਿਆ ਗਿਆ,ਪ੍ਰੰਤੂ ਇਸਦੇ ਬਾਵਜੂਦ ਵੀ ਮਹਾਰਾਜਾ ਦਲੀਪ ਸਿੰਘ ਦੀਆਂ ਰਗਾਂ ਵਿੱਚ ਦੌੜਦਾ ਮਹਾਰਾਜੇ ਰਣਜੀਤ ਸਿੰਘ ਦਾ ਖਾਲਸਾਈ ਖੂੰਨ ਦਲੀਪ ਸਿੰਘ ਨੂੰ ਸਾਰੀਆਂ ਸੁਖ ਸਹੂਲਤਾਂ ਦੇ ਹੁੰਦਿਆਂ ਵੀ ਪਰੇਸਾਨ ਕਰਦਾ।ਉਹਨੂੰ ਇਸ ਗੁਲਾਮੀ ਦੇ ਸਵੱਰਗ ਦੀਆਂ ਸੁਨਹਿਰੀ ਵਲਗਣਾਂ ਤੋੜ ਕੇ ਆਪਣਾ ਰਾਜ ਭਾਗ ਪਰਾਪਤ ਕਰਨ ਲਈ ਹਥਿਆਰ ਚੁੱਕਕੇ ਲੜਨ ਲਈ ਉਕਸਾਉਂਦਾ ਰਹਿੰਦਾ।ਅਖੀਰ ਮਹਾਰਾਜੇ ਨੇ ਆਪਣਾ ਰਾਜ ਭਾਗ ਵਾਪਸ ਲੈਣ ਲਈ ਪੰਜਾਬ ਜਾਕੇ ਖਾਲਸਾ ਪੰਥ ਦੀ ਅਗਵਾਈ ਕਰਕੇ ਰਾਜ ਵਾਪਸ ਲੈਣ ਦੇ ਦ੍ਰਿੜ ਇਰਾਦੇ ਨਾਲ ਇੰਗਲੈਡ ਛੱਡ ਦਿੱਤਾ,ਪਰ ਅਫਸੋਸ ਕਿ ਉਦੋਂ ਤੱਕ ਬਹੁਤ ਤਾਕਤਬਰ ਹੋ ਚੁੱਕੇ ਬਰਤਾਨਵੀ ਸਾਮਰਾਜ ਨੇ ਦਲੀਪ ਸਿੰਘ ਦੀ ਪੇਸ ਨਾ ਜਾਣ ਦਿੱਤੀ ਤੇ ਉਹ ਅਪਣੇ ਮਨ ਅੰਦਰ ਖਾਲਸਾ ਰਾਜ ਦੀ ਪਰਾਪਤੀ ਦੀ ਅਧੂਰੀ ਰੀਝ ਲੈ ਕੇ ਇਸ ਸੰਸਾਰ ਤੋ ਕੂਚ ਕਰ ਗਏ। ਮਹਾਰਾਜਾ ਦਲੀਪ ਸਿੰਘ ਦੀ ਮੌਤ ਦੇ ਨਾਲ ਖਾਲਸਾ ਪੰਥ ਅੰਦਰ ਆਪਣੇ ਰਾਜ ਭਾਗ ਪਰਾਪਤੀ ਦੀ ਬਚਦੀ ਆਸ ਵੀ ਖਤਮ ਹੋ ਗਈ।ਮਹਾਰਾਜਾ ਦਲੀਪ ਸਿੰਘ ਦੀ ਮੌਤ ਤੋ ਬਾਅਦ ਜਿੱਥੇ ਖਾਲਸਾ ਰਾਜ ਦੀ ਪਰਾਪਤੀ ਦੀ ਆਸ ਖਤਮ ਹੋ ਗਈ,ਓਥੇ ਹੌਲੀ ਹੌਲੀ ਉਹ ਪੀੜੀ ਵੀ ਖਤਮ ਹੋ ਗਈ ਜਿੰਨਾਂ ਨੇ ਖਾਲਸਾ ਰਾਜ ਦਾ ਨਿੱਘ ਮਾਣਿਆ ਸੀ। ਉਹਨਾਂ ਦੇ ਖੂੰਨ ਚੋ ਪੈਦਾ ਹੋਈ ਅਗਲੀ ਪੀੜੀ ਚ ਲੜਨ ਦੀ ਭਾਵਨਾ ਤਾਂ ਭਾਂਵੇਂ ਆਪਣੇ ਵਡੇਰਿਆਂ ਜਿੰਨੀ ਹੀ ਰਹੀ, ਪਰ ਉਹਨਾਂ ਨੇ ਅਪਣੇ ਰਾਜ ਦੀ ਪਰਾਪਤੀ ਦੀ ਤਾਂਘ ਨੂੰ ਪਤਾ ਨਹੀ ਕਿਉਂ ਅਪਣੇ ਦਿਲ ਵਿੱਚੋਂ ਕੱਢ ਦਿੱਤਾ ਤੇ ਉਹ ਅਪਣੇ ਰਾਜਭਾਗ ਨੂੰ ਭੁੱਲਕੇ ਭਾਰਤ ਦੇਸ਼ ਦੀ ਅਜਾਦੀ ਲਈ ਲੜਨ ਵਾਲਿਆਂ ਵਿੱਚ ਮੋਹਰੀ ਹੋ ਗਏ।ਸੋ ਖੈਰ ਉਸ ਤੋ ਅੱਗੇ ਦਾ ਪਰਸੰਗ ਬਹੁਤ ਵਾਰ ਦੁਹਰਾਇਆ ਜਾ ਚੱੁਕਾ ਹੈ,ਕਿ ਕਿਸਤਰਾਂ ਸਿੱਖਾਂ ਦੇ ਆਗੂ ਦਿੱਲੀ ਦੇ ਗੁਲਾਮ ਬਣ ਗਏ ਤੇ ਆਪਣੀ ਕੌਮ ਦੇ ਦੁਸ਼ਮਣ।ਇਹ ਸਿੱਖਾਂ ਦੀ ਸਿਰਦਾਰੀ ਦੀ ਕੀਮਤ ਹੀ ਸਮਝੀ ਜਾਵੇਗੀ ਕਿ ਕਿ ਸਿੱਖ ਮੁੱਢੋਂ ਹੀ ਹਕੂਮਤੀ ਜਬਰ ਜੁਲਮ ਝੱਲਦੇ ਆ ਰਹੇ ਹਨ।ਸਮੇ ਨੇ ਸਿੱਖਾਂ ਨੂੰ ਬਹੁਤ ਗਹਿਰੇ ਜਖਮ ਦਿੱਤੇ ਹਨ।ਅਠਾਰਵੀਂ ਸਦੀ ਵਿੱਚ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਿਰਾਂ ਦੇ ਮੁੱਲ ਪਾਏ ਤੇ ਉੱਨੀਵੀਂ ਸਦੀ ਦੇ ਪਹਿਲੇ ਪੰਜਾਹ ਸਾਲ ਖਾਲਸਾ ਰਾਜ ਵਾਲੇ ਸੁਖ ਦੇ ਬੀਤੇ ਤੇ ਪਿਛਲੇ ਅੱਧ ਤੋ ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਅੰਗਰੇਜ ਹਕੂਮਤ ਨਾਲ ਲੜਦਿਆਂ ,ਫਾਸੀਆਂ ਅਤੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਝਲਦਿਆਂ ਬੀਤੇ।ਵੀਹਵੀਂ ਸਦੀ ਦੇ ਪਿਛਲੇ ਪੰਜਾਹ ਸਾਲ ਅਜਾਦ ਭਾਰਤ ਦੀ ਹਿੰਦੂ ਹਕੂਮਤ ਦੇ ਅਜਿਹੇ ਜੁਲਮ ਝਲਦਿਆਂ ਗੁਜਰੇ ਜਿੰਨਾਂ ਨੂੰ ਸਿੱਖ ਰਹਿੰਦੀ ਦੁਨੀਆਂ ਤੱਕ ਨਹੀ ਭੁੱਲ ਸਕਣਗੇ।ਇੱਕੀਵੀਂ ਸਦੀ ਦੇ 18 ਸਾਲ ਸਿੱਖਾਂ ਦੇ ਆਪਣੇ ਆਗੂਆਂ ਦੀਆਂ ਗਦਾਰੀਆਂ ਅਤੇ ਚੌਧਰ ਭੁੱਖ ਕਾਰਨ ਕੌਂਮੀ ਹਿੱਤ ਵੇਚਣ ਵਾਲਿਆਂ ਦੀ ਸਨਾਖਤ ਕਰਦਿਆਂ ਅਤੇ ਦਿੱਲੀ ਦੀ ਸਹਿ ਤੇ ਅਪਣਿਆਂ ਹੱਥੋਂ ਜੁਲਮ ਝਲਦਿਆਂ ਇਹ ਨਿਤਾਰਾ ਕਰਨ ਵਿੱਚ ਬੀਤ ਗਏ ਕਿ ਅਕਸਰ ਅਸਲ ਖਾਲਸਾ ਪੰਥ ਕਿਹੜਾ ਹੈ। ਸਿੱਖ ਕੌਮ ਇਸ ਝਮੇਲੇ ਵਿੱਚ ਉਲਝੀ ਸੋਚਣ ਲਈ ਮਜਬੂਰ ਹੋ ਗਈ ਕਿ ਦਿੱਲੀ ਦੀ ਗੁਲਾਮੀ ਕਬੂਲਕੇ ਅਪਣੀ ਕੌਂਮ ਦੀ ਨਸਲਕੁਸ਼ੀ ਕਰਵਾਉਣ ਵਾਲਾ ਅਸਲ ਪੰਥ ਹੈ ਜਾਂ ਉਹਨਾਂ ਦਾ ਵਿਰੋਧ ਕਰਕੇ ਕੌਂਮ ਨੂੰ ਜਗਾਉਣ ਵਾਲੇ ਨਿੱਕੇ ਨਿੱਕੇ ਧੜਿਆਂ ਵਿੱਚ ਬਹੁਤ ਥਾਈ ਵੰਡਿਆਂ ਹੋਇਆਂ ਦਾ ਅਸਲ ਖਾਲਸਾ ਪੰਥ ਹੈ।ਹੁਣ ਜਦੋ ਇਹ ਮੁਕੰਮਲ ਨਿਤਾਰੇ ਦਾ ਸਮਾ ਚੱਲ ਰਿਹਾ ਹੈ,ਤਾਂ ਗੁਰੂ ਸਾਹਿਬ ਨੇ ਅਜਿਹਾ ਕੌਤਕ ਵਰਤਾਇਆ ਕਿ ਆਪਣੇ ਉੱਪਰ ਜੁਲਮੀ ਲੋਕਾਂ ਦਾ ਕਹਿਰ ਲੈ ਕੇ ਇਹ ਨਿਤਾਰਾ ਕਰ ਦਿੱਤਾ ਕਿ ਉਹ ਪੰਥ ਨਹੀ, ਜਿਸਨੂੰ ਖਾਲਸਾ ਪੰਥ ਪਿਛਲੇ 45,50 ਸਾਲਾਂ ਤੋਂ ਵੋਟਾਂ ਪਾਕੇ ਅਪਣੀ ਹੋਣੀ ਦੇ ਮਾਲਕ ਬਣਾਉਂਦਾ ਆ ਰਿਹਾ ਹੈ,ਸਗੋ ਉਹ ਤਾਂ ਦਿੱਲੀ ਕੋਲ ਅਪਣੀ ਜ਼ਮੀਰ ਵੇਚ ਦੇਣ ਵਾਲੇ ਕੌਮ ਦੋਖੀ ਹਨ,ਜਿਹੜੇ ਹੁਣ ਗੁਰੂ ਦੀ ਬੇਅਦਬੀ ਦੇ ਦੋਸਾਂ ਵਿੱਚ ਘਿਰੇ ਹੋਏ ਹਨ ਅਤੇ ਕੁੱਝ ਉਹ ਲੋਕ ਹਨ ਜੋ ਮੌਕੇ ਦਾ ਫਾਇਦਾ ਉਠਾਕੇ ਝੂਠੀਆਂ ਕਸਮਾਂ ਦੇ ਸਹਾਰੇ ਹਾਕਮ ਬਣੇ ਹਨ,ਤੇ ਹਨ ਉਹ ਵੀ ਦਿੱਲੀ ਦੇ ਗੁਲਾਮ,ਜਿਹੜੇ ਗੁਰੂ ਦੋਖੀਆਂ ਨੂੰ ਬਚਾਉਣ ਖਾਤਰ ਕੇਂਦਰ ਦੀ ਵਫਾਦਾਰੀ ਪਾਲਣ ਵਿੱਚ ਮਸ਼ਰੂਫ ਗੁਰੂ ਹੋਕੇ ਗੁਰੂ ਤੋ ਬੇਮੁੱਖ ਹੋਣ ਦਾ ਬਜ਼ਰ ਗੁਨਾਹ ਕਰ ਰਹੇ ਹਨ।ਅਜਿਹੀਆਂ ਘੁੰਮਣਘੇਰੀਆਂ ਵਿੱਚ ਪਿਆ ਖਾਲਸਾ ਪੰਥ ਆਪਣੇ ਗੁਰੂ ਦੀ ਪਤ ਰੋਲਣ ਵਾਲਿਆਂ ਨੂੰ ਸਜ਼ਾ ਦੀ ਮੰਗ ਕਰਦਾ ਅਖੀਰ ਬਰਗਾੜੀ ਵਿੱਚ ਮੋਰਚਾ ਵਿੱਢ ਕੇ ਬੈਠਾ ਹੈ। ਇਸ ਗੁਰੂ ਦੇ ਮੋਰਚੇ ਦੀ ਪਰਾਪਤੀ ਇਹ ਹੈ ਕਿ ਅਗਵਾਈ ਕਰਨ ਵਾਲਿਆਂ ਨੂੰ ਸਿੱਖਾਂ ਨੇ ਹੁਣ ਬੜੇ ਲੰਮੇ ਸਮੇ ਬਾਅਦ ਪੰਥਕ ਸਵੀਕਾਰ ਕਰ ਲਿਆ ਹੈ। ਹੁਣ ਕੌਂਮ ਨਿਖੇੜਾ ਕਰਨ ਦੇ ਰੌਅ ਵਿੱਚ ਹੈ, ਉਧਰ ਕੁਦਰਤ ਆਪ ਹੀ ਅਜਿਹੇ ਕੌਤਕ ਰਚਾ ਰਹੀ ਹੈ ਕਿ ਅੱਜ ਸੱਤ ਅਕਤੂਬਰ ਨੂੰ ਪੰਥ ਦੇ ਨਾਮ ਤੇ ਤਿੰਨ ਪਾਸੇ ਇਕੱਠ ਹੋ ਰਿਹਾ ਹੈ। ਇੱਕ ਪਾਸੇ ਉਹ ਲੋਕ ਹਨ ਜੋ ਲੰਮੇ ਸਮੇ ਤੋਂ ਸਿੱਖ ਸਿਆਸਤ ਤੇ ਹਾਵੀ ਹਨ, ਤੇ ਪੰਜ ਵਾਰ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਧਰਕੇ ਪੰਜਾਬ ਦੀ ਸੂਬੇਦਾਰੀ ਹੰਢਾਂ ਚੁੱਕੇ ਹਨ,ਉਹਨਾਂ ਤੇ ਜਿੱਥੇ ਜੂਨ 1984ਦੇ ਫੌਜੀ ਹਮਲੇ ਚ ਭਾਈਵਾਲੀ ਦੇ ਦੋਸ ਲੱਗਦੇ ਹਨ,ਓਥੇ 1990 ਦੇ ਦੌਰ ਵਿੱਚ ਜਾਲਮ ਪੁਲਿਸ ਮੁਖੀ ਕੇ ਪੀ ਐਸ ਗਿੱਲ ਨਾਲ ਰਾਤਾਂ ਦੀਆਂ ਬੈਠਕਾਂ ਦੀ ਵੀ ਲਿਖਤੀ ਰੂਪ ਚ ਖੂਬ ਚਰਚਾ ਹੈ, ਤੇ ਹਰ ਕਾਰਜਕਾਲ ਵਿੱਚ ਅਪਣੀ ਕੌਂਮ ਤੇ ਜੁਲਮਾਂ  ਦੇ ਦੋਸੀ ਹਨ,ਦੂਜੇ ਪਾਸੇ ਉਹ ਕੈਪਟਨ ਹੈ ਜਿਹੜਾ ਜੂਨ 1984 ਦੇ ਹਮਲੇ ਦੇ ਰੋਸ ਵਜੋ ਅਸਤੀਫਾ ਦੇਕੇ ਪੰਥਕ ਸਫਾਂ ਵਿੱਚ ਰਲ ਗਿਆ ਸੀ,ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੀਆਂ ਧਿਰਾਂ ਦਾ ਭਾਈਵਾਲ ਵੀ ਰਿਹਾ ਹੈ ਤੇ ਹਾਂਮੀ ਵੀ ਰਿਹਾ ਹੈ, ਰਗਾਂ ਵਿੱਚ ਪਟਿਆਲਾਸ਼ਾਹੀ ਲਹੂ ਦੌੜਦਾ ਹੋਣ ਕਰਕੇ ਚੌਧਰ ਦੀ ਭੁੱਖ ਮਨ ਚ ਹਮੇਸਾਂ ਰਹੀ ਹੈ ਤੇ ਅਕਾਲੀ ਦਲ ਤੋਂ ਵੱਖ ਹੋਕੇ ਅਪਣਾ ਵੱਖਰਾ ਅਕਾਲੀ ਦਲ ਪੰਥਕ ਬਣਾ ਕੇ ਆਪਣੀ ਹਾਉਮੈਂ ਨੂੰ ਪੱਠੇ ਵੀ ਪਾ ਲਏ ਸਨ ਤੇ ਆਪਣੇ ਆਪ ਨੂੰ ਪੰਥਕ ਵੀ ਬਣਾ ਲਿਆ।ਅਖੀਰ ਦਾਲ ਨਾ ਗਲਦੀ ਦੇਖ ਮੁੜ ਕਾਂਗਰਸ ਵਿੱਚ ਚਲਾ ਗਿਆ ਤੇ ਸੂਬੇ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਣਿਆ,ਕੈਪਟਨ ਦਾ ਤਤਕਾਲੀ ਰਾਜ ਭਾਗ ਵਾਲਾ ਕਾਰਜਕਾਲ ਜਿਕਰਯੋਗ ਰਿਹਾ,ਤੇ ਦੂਜੀ ਵਾਰ ਦੀ ਪਾਰੀ ਕੇਂਦਰ ਦੀ ਬਦਨੀਤੀ ਅਤੇ ਆਪਣੀ ਹੈਂਕੜ ਕਾਰਨ ਥੋੜੇ ਜਿਹੇ ਫਰਕ ਨਾਲ ਹਾਰ ਗਿਆ ਸੀ।ਦੂਜੀ ਹੁਣ ਮੌਜੂਦਾ ਸਮੇ ਵਿੱਚ ਬਾਦਲ ਦਲ ਦੇ ਘਿਨਾਉਣੇ ਪਾਪਾਂ ਤੋ ਸਤਾਏ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾਕੇ ਕੀਤੇ ਵਾਅਦਿਆਂ ਜਿੰਨਾਂ ਵਿੱਚ ਜੂਨ 2015 ਵਿੱਚ ਸੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸੀਆਂ ਨੂੰ ਫੜਕੇ ਸਲਾਖਾਂ ਪਿੱਛੇ ਦੇਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਦੇਣ ਅਤੇ ਹੋਰ ਸਮੱਸਿਆਵਾਂ ਦੇ ਫੌਰੀ ਹੱਲ ਦੇ ਲਾਰੇ ਸ਼ਾਮਲ ਹਨ,ਰਾਜਭਾਗ ਤੇ ਕਾਬਜ ਹੋਇਆ, ਪਰ ਕਾਬਜ ਹੁੰਦਿਆਂ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਤੋ ਪਾਸਾ ਵੱਟ ਲਿਆ,ਜਿਸ ਕਾਰਨ ਸੂਬੇ ਦੇ ਲੋਕ ਨਿਰਾਸ ਹੋਕੇ ਵਿਰੋਧ ਤੇ ਉੱਤਰ ਆਏ। ਓਧਰ ਖਿੰਡੇ ਪੁੰਡੇ ਪੰਥ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਸਰਵੱਤ ਖਾਲਸਾ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਮਜੂਦਗੀ ਵਿੱਚ ਕਾਰਜਕਾਰੀ ਜਥੇਦਾਰ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਇੱਕ ਜੂਨ 2018 ਨੂੰ ਬਰਗਾੜੀ ਦੀ ਦਾਣਾ ਮੰਡੀ ਵਿੱਚ ਹੋਏ ਪੰਥਕ ਇਕੱਠ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਇਹ ਐਲਾਨ ਕਰਕੇ ਮੋਰਚਾ ਵਿੱਢ ਦਿੱਤਾ ਕਿ ਹੁਣ ਜਿੰਨੀ ਦੇਰ ਬਰਗਾੜੀ ਬੇਅਦਬੀ ਕਾਂਡ, ਬਹਿਬਲ, ਕੋਟਕਪੂਰਾ ਗੋਲੀ ਕਾਡ ਅਤੇ ਪੱਚੀ ਪੱਚੀ,ਤੀਹ ਤੀਹ ਸਾਲਾਂ ਤੋ ਜੇਲਾ ਵਿੱਚ ਸੜ ਰਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਇਨਸਾਫ ਨਹੀ ਮਿਲਦਾ ਮੋਰਚਾ ਜਾਰੀ ਰਹੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੌਮ ਨੇ ਮੈਨੂੰ ਜਥੇਦਾਰ ਬਣਾਇਆ ਸੀ ਹੁਣ ਮੈ ਕੌਮੀ ਜਥੇਦਾਰ ਦੇ ਫਰਜ ਨਿਭਾਵਾਂਗਾ,ਜੇਕਰ ਉਪਰੋਕਤ ਮੰਗਾਂ ਦੀ ਪਰਾਪਤੀ ਲਈ ਸ਼ਹਾਦਤ ਦੇਣੀ ਪਈ ਤਾਂ ਸਭ ਤੋ ਪਹਿਲੀ ਸ਼ਹਾਦਤ ਵੀ ਮੇਰੀ ਹੋਵੇਗੀ,ਉਹਨਾਂ ਬਹੁਤ ਦ੍ਰਿੜਤਾ ਨਾਲ ਇਹ ਵੀ ਕਿਹਾ ਸੀ ਕਿ ਹੁਣ ਇਨਸਾਫ ਲੈਣ ਲਈ ਪੰਥ ਚੱਲਕੇ ਸਰਕਾਰ ਕੋਲ ਨਹੀ ਜਾਵੇਗਾ ਤੇ ਹੁਣ ਸਰਕਾਰ ਹੀ ਚੱਲਕੇ ਪੰਥ ਕੋਲ ਬਰਗਾੜੀ ਵਿੱਚ ਆਵੇਗੀ,ਉਹਨਾਂ ਦੀ ਇਸ ਦ੍ਰਿੜਤਾ ਭਰੇ ਬੋਲਾਂ ਨੇ ਖਾਲਸਾ ਪੰਥ ਨੂੰ ਕੀਲ ਲਿਆ।ਉਹ ਹੀ ਮੋਰਚਾ ਹੁਣ ਪੰਜਵੇਂ ਮਹੀਨੇ ਵਿੱਚ ਪੁੱਜ ਚੁੱਕਾ ਹੈ ਪਰ ਜਥੇਦਾਰ ਆਪਣੇ ਕੀਤੇ ਵਾਂਅਦੇ ਤੋ ਰੱਤੀ ਮਾਤਰ ਵੀ ਟੱਸ ਤੋ ਮੱਸ ਨਹੀ ਹੋਇਆ,ਸਰਕਾਰਾਂ ਸੱਚਮੁੱਚ ਇਨਸਾਫ ਦੇਣ ਲਈ ਮਜਬੂਰ  ਹੋਕੇ ਸੋਚਣ ਲੱਗ ਪਈਆਂ,ਝੱਟਪੱਟ ਐਸ ਆਈ ਟੀ ਹਰਕਤ ਵਿੱਚ ਆ ਗਈ,ਤੇ ਜਾਂਚ ਲਈ ਬਣੇ ਕਮਿਸਨ ਦੀ ਰਿਪੋਰਟ ਵੀ ਸਮੇ ਤੋ ਪਹਿਲਾਂ ਆ ਗਈ,ਉਸ ਤੇ ਵਿਧਾਨ ਸਭਾ ਵਿੱਚ ਅੱਠ ਘੰਟੇ ਲਗਾਤਾਰ ਬਹਿਸ ਵੀ ਹੋ ਗਈ ਜਿਸ ਨੂੰ ਲੋਕਾਂ ਨੇ ਸਾਹ ਰੋਕ ਦੇਖਿਆ ਤੇ ਸੁਣਿਆ। ਮੋਰਚੇ ਦੀ ਬਦੌਲਤ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਖਾਲਸਾਈ ਰਂਗ ਵਿੱਚ ਰੰਗੀ ਪਰਤੀਤ ਹੋਈ।ਪਰ ਕੈਪਟਨ ਵੱਲੋਂ ਸਾਰੇ ਮੰਤਰੀ ਮੰਡਲ, ਵਿਧਾਇਕ ਅਤੇ ਸਮੁੱਚੇ ਵਿਰੋਧੀ ਧਿਰ ਵੱਲੋ ਉਪਰੋਕਤ ਤਿੰਨੇ ਮੰਗਾਂ ਮੰਨਣ ਦਾ ਭਾਰੀ ਦਬਾਵ ਬਨਾਉਂਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨ ਕਰਕੇ ਉਹਨਾਂ ਦੀ ਸਾਬਕਾ ਸਾਸਕਾਂ ਨਾਲ ਮਿਲੇ ਹੋਣ ਦੀ ਚਰਚਾ ਜੋਰ ਫੜਨ ਲੱਗੀ, ਅਖੀਰ ਕੇਂਦਰ ਤੋ ਮਿਲੀਆਂ ਸਖਤ ਹਦਾਇਤਾਂ ਅੱਗੇ ਗੋਡੇ ਟੇਕਦਿਆਂ ਉਹਨਾਂ ਨੇ ਮੰਤਰੀ ਮੰਡਲ,ਕਾਂਗਰਸੀ ਵਿਧਾਇਕ ਦਲ,ਵਿਰੋਧੀ ਧਿਰ ਅਤੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰ ਦਿੱਤਾ।ਅੱਜ 7 ਅਕਤੂਬਰ ਨੂੰ ਖਾਲਸਾ ਪੰਥ ਨੇ ਤਿੰਨ ਧਿਰਾਂ ਚੋ ਅਸਲ ਪੰਥ ਕਿਹੜਾ ਹੈ,ਇਸ ਗੱਲ ਦਾ ਨਿਖੇੜਾ ਕਰਨਾ ਹੈ।ਪਟਿਆਲਾ  ਅਤੇ ਲੰਬੀ ਵਿੱਚ ਨਿੱਕੀਆਂ ਨਿੱਕੀਆਂ ਲਾਲਸਾਵਾਂ,ਖੁਦਗਰਜੀਆਂ ਅਤੇ ਨਸ਼ੇ ਦਾ ਭੁਸ ਪੂਰਨ ਲਈ ਇਕੱਠੇ ਹੋਏ ਹਜੂਮ ਨੂੰ ਪੰਥ ਮੰਨਣਾ ਹੈ ਜਾਂ ਬਰਗਾੜੀ ਵਿੱਚ ਫੈਸਲਾਕੁਨ ਮੋਰਚੇ ਤੇ ਸ਼ਹਾਦਤ ਲਈ ਕਮਰਕੱਸੇ ਕਰੀ ਬੈਠੇ ਜਥੇਦਾਰ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਪੰਥਕ ਹੋਣ ਦਾ ਖਿਤਾਬ ਦੇਣਾ ਹੈ ।ਸ਼ਾਹ ਮੁਹੰਮਦ ਦੇ ਲਫਜਾਂ ਵਿੱਚ “ਸ਼ਾਹ ਮਹੰਮਦਾਂ ਗੱਲ ਤਾਂ ਓਹੀ ਹੋਣੀ ਜੋ ਕਰੇਗਾ ਖਾਲਸਾ ਪੰਥ ਮੀਆ”, ਓੜਕ ਫੈਸਲਾ ਤਾਂ ਖਾਲਸਾ ਪੰਥ ਹੀ ਕਰੇਗਾ ਕਿ ਅਸਲੀ ਪੰਥਕ ਕੌਣ ਲੋਕ ਹਨ।

ਬਘੇਲ ਸਿੰਘ ਧਾਲੀਵਾਲ
99142-58142

6 Oct. 2018