'ਤੇ ਅੰਦਰਲਾ ਹੀਰੋ ਮੋਇਆ ਗਿਆ - ਅਵਤਾਰ ਸਿੰਘ ਸੌਜਾ
ਆਪਣੇ ਦੋਸਤਾਂ ਮਿੱਤਰਾਂ ਵਿੱਚ ਸਭ ਤੋਂ ਵੱਧ ਮਿਹਨਤੀ ਸੀ , ਸੁੱਖੀ। ਜੋ ਕੰਮ ਕਰਦਾ ਪੂਰੀ ਵਾਹ ਲਾ ਦਿੰਦਾ। ਪੜ੍ਹਾਈ ਲਿਖਾਈ ਵੀ ਪੂਰੀ ਮਿਹਨਤ ਨਾਲ ਕੀਤੀ ਅਤੇ ਪਰਮਾਤਮਾ ਦੀ ਮਿਹਰ ਨਾਲ ਸਰਕਾਰੀ ਦਫਤਰ ਵਿੱਚ ਵਧੀਆ ਨੌਕਰੀ ਲੱਗ ਗਈ। ਉੱਥੇ ਵੀ ਉਸਨੇ ਆਪਣੇ ਕਿੱਤੇ ਪ੍ਰਤੀ ਪੂਰੀ ਲਗਨ,ਮਿਹਨਤ ਸਦਕਾ ਜਲਦੀ ਹੀ ਆਪਣੀ ਵੱਖਰੀ ਪਛਾਣ ਬਣਾ ਲਈ। ਸਾਡੇ ਸਮਾਜ ਦੀ ਇੱਕ ਭਿਆਨਕ ਤ੍ਰਾਸਦੀ ਹੈ ਜੋ ਉਪਰ ਵੱਲ ਵਧਦਾ ਲੋਕ ਉਸਦੀਆਂ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਹਨ । ਸੁੱਖੀ ਵੀ ਇਸਦਾ ਸ਼ਿਕਾਰ ਹੋ ਗਿਆ। ਉਸਦੀ ਵਧਦੀ ਪ੍ਰਸ਼ਿੱਧੀ ਦੇਖ ਨਾਲ ਦੇ ਸਹਿਕਰਮੀ ਉਸ ਤੋਂ ਖਾਰ ,ਹੀਣ ਭਾਵਨਾ ਰੱਖਣ ਲੱਗ ਪਏ।ਹਰ ਗੱਲ 'ਤੇ ਉਸਨੂੰ ਨੀਵਾਂ ਦਿਖਾਉਣ ਦੀ ਗੱਲ ਕਰਦੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਉਸ ਬਾਰੇ ਝੂਠਾ ਪ੍ਰਚਾਰ ਕਰਦੇ। ਪਰ ਸੁੱਖੀ ਦੀ ਸੋਚ ਅਲੱਗ ਸੀ। ਉਹ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਸੀ। ਉਸਨੇ ਆਪਣੇ ਜੀਵਨ ਨੂੰ ਇਸ ਸਿਧਾਂਤ 'ਤੇ ਢਾਲਿਆ ਸੀ ਕਿ ਕਿਸੇ ਦਾ ਮਾੜਾ ਨੀ ਕਰਨਾ,ਝੁਠ ਦਾ ਸਹਾਰਾ ਨੀ ਲੈਣਾ, ਬਸ ਮਿਹਨਤ ਕਰਨੀ ਹੈ ,ਮਿਹਨਤ ਲਈ ਨਾਂਹ ਨੀ ਕਰਨੀ । ਹੌਲੀ ਹੌਲੀ ਉਸਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਲੋਕ ਉਸ ਨੂੰ ਕਿਸ ਤਰ੍ਹਾਂ ਝੂਠਾ ਬਦਨਾਮ ਕਰਨ ਜਾਂ ਥੱਲੇ ਲਾਉਣ ਦੀਆਂ ਸਾਜਿਸ਼ਾਂ ਕਰਦੇ ਨੇ ਪਰ ਉਹ ਕਦੇ ਘਬਰਾਇਆ ਨਹੀਂ। ਉਹ ਹਸ ਕੇ ਇਹਨਾਂ ਗੱਲਾਂ ਨੂੰ ਟਾਲ ਦਿੰਦਾ ਅਖੇ ਜੋ ਉਹਨਾਂ ਸਿੱਖਿਆ ਉਹ ਉਹਨਾਂ ਨੂੰ ਕਰਨ ਦਿਓ ਜੋ ਮੈਂ ਸਿੱਖਿਆ ਉਹ ਮੈਂ ਕਰਾਂਗਾ।ਉਹ ਅਕਸਰ ਕਹਿੰਦਾ ਕਿ ਮੇਰਾ ਪਰਮਾਤਮਾ ਹਰ ਵਕਤ ਮੇਰੇ ਨਾਲ ਹੈ ਸੋ ਇਸ ਗੱਲ ਦਾ ਮੈਂਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਮੇਰੇ ਨਾਲ ਹੈ ਅਤੇ ਕੌਣ ਵਿਰੋਧ 'ਚ। ਹੌਲੀ ਹੌਲੀ ਇਸ ਸਭ ਵਰਤਾਰੇ ਦਾ ਅਸਰ ਸੁੱਖੀ ਦੇ ਸੁਭਾਓ 'ਤੇ ਵੀ ਪੈਣ ਲੱਗਾ।ਸਾਂਤ ਸੁਭਾ ਵਾਲਾ ਸੁੱਖੀ ਹੁਣ ਕਦੇ ਵੀ ਉਸ ਨਾਲ ਜਾਂ ਕਿਸੇ ਨਾਲ ਗਲਤ ਹੁੰਦਾ ਦੇਖਦਾ ,ਉੱਥੇ ਬੋਲਣ ਲੱਗ ਪਿਆ,ਵਿਰੋਧ ਕਰਨ ਲੱਗ ਪਿਆ। ਵਿਰੋਧੀ ਹੋਰ ਖਾਰ ਰੱਖਣ ਲੱਗ ਪਏ। ਪਰ ਨਾਲ ਹੀ ਉਸਨੇ ਆਪਣੀ ਮਿਹਨਤ ਨਾ ਛੱਡੀ ।ਹਰ ਕੰਮ ਇਮਨਾਦਾਰੀ ਨਾਲ ,ਨਿਪੁੰਨਤਾ ਨਾਲ ਕਰਦਾ ਗਿਆ।ਕਦੇ ਕਦੇ ਇਕੱਲਾ ਬੈਠਦਾ ਤਾਂ ਉਹ ਸੋਚਣ ਲੱਗ ਪੈਂਦਾ ਕਿ ਆਖਰ ਕਿਉਂ ਲੋਕੀ ਇਸ ਤਰ੍ਹਾਂ ਕਰਦੇ ਨੇ ਜਦੋਂ ਕਿ ਉਹ ਕਿਸੇ ਬਾਰੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦਾ। ਉਸਨੂੰ ਆਪਣੇ ਅੰਦਰ ਇੱਕ ਅਜੀਬ ਜਿਹੀ ਭਾਵਨਾ ਮਹਿਸੂਸ ਹੋਣ ਲੱਗੀ ਜਿਵੇਂ ਕਿ ਉਸਦੇ ਅੰਦਰ ਇੱਕ ਹੀਰੋ, ਨਾਇਕ ਹੋਵੇ ਜੋ ਸੱਚਾਈ ਲਈ ਪੂਰੇ ਸਮਾਜ ਨਾਲ ਲੜ ਸਕਦਾ ਹੋਵੇ। ਉਸਨੂੰ ਆਪਣੀ ਇਸ ਭਾਵਨਾ ਕਰਕੇ ਮਾਣ ਜਾ ਵੀ ਮਹਿਸੂਸ ਹੁੰਦਾ।
ਸੂਰੂ ਤੋਂ ਹੀ ਹਰ ਕੰਮ ਵਿੱਚ ਅੱਵਲ ਰਿਹਾ ਸੁੱਖੀ ,ਵਿਦਿਆਰਥੀ ਹੁੰਦਿਆਂ ਵੀ ਆਪਣੇ ਅਧਿਆਪਕਾਂ ਦਾ ਚਹੇਤਾ ਸੀ। ਨਾ ਕਿਸੇ ਦੀ ਸਿਕਾਇਤ ,ਨਾ ਕਿਸੇ ਕੋਲ ਉਸਦੀ ਕੋਈ ਸਿਕਾਇਤ। ਜਿਵੇਂ ਰੱਬ ਨੇ ਕਿਸੇ ਅਲੱਗ ਹੀ ਮਿੱਟੀ ਦਾ ਬਣਾ ਕੇ ਭੇਜਿਆ ਹੋਵੇ। ਕਿਸੇ ਨੂੰ ਮਾੜਾ ਚੰਗਾ ਬੋਲਣਾ, ਜਵਾਬ ਦੇਣਾ ਤਾਂ ਸਿੱਖਿਆ ਹੀ ਨਹੀਂ ਸੀ। ਸੋਚਦਾ ਬੋਲ ਕੇ ਕਿਸੇ ਨੂੰ ਕੀ ਜਵਾਬ ਦੇਣਾ ਜਵਾਬ ਆਪਣੇ ਕੰਮ ਨਾਲ ਦੇਵਾਂਗਾ। ਜੋ ਆਪਣੇ ਅਧਿਆਪਕਾਂ,ਮਾਪਿਆਂ ਤੋਂ ਸਿੱਖਿਆ ,ਉਸਨੂੰ ਅਪਾਣੇ ਜੀਵਨ ਵਿੱਚ ਢਾਲ ਲਿਆ। ਦੋਗਲੇਪਣ ਤੋਂ ਕੋਹਾਂ ਦੂਰ ਸੀ,ਕਿਉਂਕਿ ਕਹਿਣੀ ਅਤੇ ਕਰਨੀ ਵਿੱਚ ਸੁਮੇਲ ਸੀ।
ਕੁੱਝ ਸਮੇਂ ਬਾਅਦ ਸੁੱਖੀ ਦਾ ਤਬਾਦਲਾ ਹੋਰ ਥਾਂ ਹੋ ਗਿਆ ।ਸਭ ਕੁੱਝ ਨਵਾਂ ਸੀ। ਸਹਿਕਰਮੀ ਵੀ ਬਹੁਤ ਮੇਲ ਜੋਲ ਵਾਲੇ ਉਸਦੇ ਵਰਗੇ ਹੀ ਸੁਭਾਅ ਵਾਲੇ ਸੀ। ਉਹਨਾਂ ਨਾਲ ਜਲਦ ਹੀ ਉਹ ਘੁਲਮਿਲ ਗਿਆ। ਪੁਰਾਣਾ ਕੱਟਿਆ ਨਰਕ ਹੋਲੀ ਹੋਲ਼ੀ ਤਜੁਰਬਾ ਬਣ ਗਿਆ ਅਤੇ ਉਸਤੋਂ ਸਬਕ ਲੈ ਕੇ ਉਹ ਅੱਗੇ ਵਧਣ ਲੱਗਾ। ਪਰ ਹੋਲ਼ੀ ਹੌਲੀ ਇੱਥੇ ਵੀ ਕੁੱਝ ਨਵੇਂ ਕਰਮਚਾਰੀ ਆੁੳਂਦੇ ਗਏ, ਪੁਰਾਣੇ ਬਦਲਦੇ ਗਏ । ਹੁਣ ਫਿਰ ਉਹੀ ਸਭ ਕੁੱਝ ਫਿਰ ਤੋਂ ਦੁਹਰਾਇਆ ਜਾਣ ਲੱਗਾ ਪਰ ਹੁਣ ਸੁੱਖੀ ਇਹਨਾਂ ਸਭ ਦਾ ਆਦੀ ਹੋ ਚੁਕਿਆ ਸੀ ਅਤੇ ਇਸ ਤਰ੍ਹਾਂ ਦੀ ਕਿਸੇ ਵੀ ਹਾਲਾਤ ਦਾ ਸਾਹਮਣਾ ਕਰ ਸਕਦਾ ਸੀ। ਮਹਿਕਮੇ ਵਿੱਚ ਚਲਦੀ ਭ੍ਰਿਸਟਾਚਾਰੀ ਅਤੇ ਕੰਮਚੋਰੀ ਤੋਂ ਉਹ ਚੰਗੀ ਤਰ੍ਹਾਂ ਵਾਕਫ ਸੀ।ਪਰ ਉਸਨੇ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਦੂਰ ਹੀ ਰੱਖਿਆ ਸੀ। ਕਹਿੰਦੇ ਹਨ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ ,ਹਾਲਾਤ ਬੰਦੇ ਨੂੰ ਬਦਲਣ ਲਈ ਮਜਬੂਰ ਕਰ ਦਿੰਦੇ ਹਨ। ਸੁੱਖੀ ਨਾਲ ਵੀ ਅਜਿਹਾ ਹੀ ਵਾਪਰਿਆ। ਅਸ਼ੂਲਾਂ 'ਤੇ ਜਿੰਦਗੀ ਜਿਉਣ ਵਾਲਾ ਬੰਦਾ ਕਦੋਂ ਸਮਾਜ ਦੀ ਗੰਦਗੀ 'ਚ ਲਿਬੜ ਗਿਆ ਉਸ ਨੂੰ ਆਪ ਵੀ ਪਤਾ ਨਾ ਲੱਗਿਆ। ਹੋਇਆ ਇਹ ਕਿ ਇੱਕ ਨਵੇਂ ਮਿਲੇ ਪ੍ਰਾਜੈਕਟ ਬਾਰੇ ਵੱਡੇ ਬਾਬੂ ਨੇ ਸਭ ਕਰਮਚਾਰੀਆਂ ਨੂੰ ਸਮਝਾ ਕਿ ਡਿਊਟੀਆਂ ਲਗਾ ਦਿੱਤੀਆਂ। ਸਭ ਆਪਣੇ ਕੰਮ ਲੱਗ ਗਏ। ਸੁੱਖੀ ਵੀ ਆਪਣੀ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲੱਗਾ ਪਰ ਉਸਨੂੰ ਪਤਾ ਨਹੀਂ ਸੀ ਕਿ ਜੋ ਕੰਮ ਕਰਾਇਆ ਜਾ ਰਿਹਾ ਉਸ ਵਿੱਚ ਉਹ ਸਭ ਸ਼ਾਮਿਲ ਸਨ ਜਿਹਨਾਂ ਨਾਲ ਉਹ ਨਰਕ ਵਾਲੀ ਜਿੰਦਗੀ ਕੱਟ ਅੱਗੇ ਵਧਿਆ ਸੀ। ਪਰ ਜਦੋਂ ਕੀਤੇ ਜਾ ਰਹੇ ਕੰਮ ਨਾਲ ਆਮ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਬਾਰੇ ਪਤਾ ਲੱਗਿਆ, ਸੁੱਖੀ ਨੇ ਇਸ ਕੰਮ ਕਰਨ ਤੋਂ ਮਨਾਂ੍ਹ ਕਰ ਦਿੱਤਾ ਅਤੇ ਵਿਰੋਧ ਕਰਨ ਲੱਗਾ। ਜਿਵੇਂ ਉਸਦੇ ਅੰਦਰੋਂ ਉਹ ਸੁੱਤਾ ਹੀਰੋ ਜਾਂ ਨਾਇਕ ਜਾਗ ਪਿਆ ਹੋਵੇ ਜਿਸ ਬਾਰੇ ਉਹ ਅਕਸਰ ਸੋਚਿਆ ਕਰਦਾ ਸੀ।ਉਹ ਆਪਣੇ ਹੱਥੀਂ ਗਲਤ ਕੰਮ ਕਰਨ ਬਾਰੇ ਸੋਚਣਾ ਤਾਂ ਦੂਰ ਪਰ ਇੱਥੇ ਤਾਂ ਸ਼ਰੇਆਮ ਉਸਨੂੰ ਗਲਤ ਕੰੰਮ ਜਿਸ ਬਾਰੇ ਉਸਨੂੰ ਪਤਾ ਵੀ ਨਹੀਂ ਸੀ ਦਾ ਭਾਗੀਦਾਰ ਬਣਾਇਆ ਜਾ ਰਿਹਾ ਸੀ।
ਸਭ ਨਾਲ ਦੇ ਸਾਥੀ ਸਮਝਾਉਣ ਲੱਗੇ ਕਿ ਬਹੁਤਾ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ ਇੱਥੇ ਇਸੇ ਤਰ੍ਹਾਂ ਹੀ ਚਲਦਾ।ਤੂੰ ਸ਼ਾਇਦ ਪਹਿਲੀ ਵਾਰ ਦੇਖ ਰਿਹਾ ਹੈ ਇਸ ਲਈ ਤੈਂਨੂੰ ਥੋੜਾ ਅਲੱਗ ਜਾ ਲੱਗ ਰਿਹਾ ।ਹੌਲ਼ੀ ਹੌਲੀ ਆਦਤ ਬਣਾ ਲੈ। ਇਹ ਸਭ ਕੁੱਝ ਚਲਦਾ ਰਹਿੰਦਾ ,ਬਹੁਤਾ ਰੌਲਾ ਨਾ ਪਾ,ਕਿਸੇ ਨੀ ਸੁਨਣੀ ਤੇਰੀ। ਬਾਕੀ ਜੇ ਨਹੀਂ ਮੰਨਣੀ ਜਾ ਕਰ ਲੈ ਜੋ ਤੂੰ ਕਰਨਾ, ਏਨਾ ਕਹਿ ਸਭ ਮਸ਼ਕਰੀਆਂ ਹੱਸ਼ਣ ਲੱਗ ਪਏ। ਗੁੱਸੇ ਨਾਲ ਭਰਿਆ ਸੁੱਖੀ ਚੁਪਚਾਪ ਘਰ ਆ ਗਿਆ। ਸੋਚਣ ਲੱਗਾ ਇਹ ਕਿਹੋ ਜਿਹੇ ਲੋਕ ਨੇ। ਭੋਰਾ ਵੀ ਸ਼ਰਮ ਨਹੀਂ। ਫਿਰ ਸੋਚਿਆ ਚਲੋ ਕੋਈ ਨੀ ਸਾਰੇ ਇਕੋ ਜਿਹੇ ਨਹੀਂ ਹੁੰਦੇ ,ਉਪਰਲੇ ਅਧਿਕਾਰੀਆਂ ਨਾਲ ਗੱਲ ਕਰਾਂਗਾ। ਪਰ ਉਪਰੋਂ ਵੀ ਕੋਈ ਪੁਖਤਾ ਹੱਲ ਨਾ ਹੋਇਆ।ਹੁਣ ਉਹ ਚੁਪ ਸੀ।ਮਨ ਮਾਰ ਲਿਆ। ਪਰ ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਸਹਿਕਰਮੀਆਂ ਨੇ ਉਸ ਹੋ ਰਹੇ ਗਲਤ ਕੰੰਮ ਲਈ ਸੁੱਖੀ ਨੂੰ ਹੀ ਬਦਨਾਮ ਕਰ ਦਿੱਤਾ ਅਤੇ ਬੁਰਾ ਭਲਾ ਕਿਹਾ। ਉਸਨੇ ਸੋਚਿਆ ਕਿ ਸਾਇਦ ਹੁਣ ਵੇਲਾ ਆ ਗਿਆ ਏ ਉਸਨੂੰ ਵੀ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਸਮੇਂ ਮੁਤਾਬਕ। ਬਹੁਤ ਚੱਲ ਪਿਆ ਸੱਚਾਈ ਦੇ ਰਸਤੇ 'ਤੇ। ਯੁੱਗ ਭਾਵ ਕਲਯੁੱਗ ਅਨੁਸਾਰ ਉਸਨੂੰ ਵੀ ਆਪਣੀ ਜੀਵਨ ਸ਼ੈਲੀ ਬਦਲਣੀ ਪਵੇਗੀ ਨਹੀਂ ਤਾਂ ਲੋਕਾਂ ਦੀ ਨਫਰਤ 'ਤੇ ਹੀਣ ਭਾਵਨਾ ਹੀ ਮਿਲੇਗੀ ਕਿਉਂਕਿ ਅਸੀਂ ਆਧੁਨਿਕ ਜਮਾਨੇ ਦੇ ਲੋਕ ਸੱਚ ਬਰਦਾਸ਼ਤ ਨਹੀਂ ਕਰ ਸਕਦੇ ,ਪਰ ਝੂਠ ਨੂੰ ਘੰਟਿਆਂ ਬੱਧੀ ਸੁਣ ਸਕਦੇ ਹਾਂ,ਸਲਾਹਉਂਦੇ ਹਾਂ।
ਅਗਲੇ ਦਿਨ ਉਸਨੇ ਪਹਿਲੀ ਵਾਰ ਜਿੰਦਗੀ ਦੇ ਅਸ਼ੂਲਾਂ ਨੂੰ ਸ਼ੂਲੀ ਟੰਗ ,ਆਪਣੀ ਜਮੀਰ ਮਾਰ ਕਿਸੇ ਹੋਰ ਦੇ ਕੀਤੇ ਵਧੀਆ ਕੰਮ ਦਾ ਝੂਠਾ ਪ੍ਰਚਾਰ ਕਿ ਇਹ ਮੈਂ ਕੀਤਾ ਹੈ, ਆਪਣੇ ਨਾਂ ਹੇਠ ਕੀਤਾ। ਚਮਤਕਾਰ ਹੋ ਗਿਆ।ਕੁੱਝ ਨੂੰ ਉਸਦਾ ਝੁਠ ਪਤਾ ਵੀ ਲੱਗ ਗਿਆ ਪਰ ਫਿਰ ਵੀ ਸਾਰੇ ਉਸਦੀ ਖੂਬ ਪ੍ਰਸ਼ੰਸ਼ਾ ਕਰ ਰਹੇ ਸੀ,ਸ਼ਾਬਾਸੇ ਦੇ ਰਹੇ ਸੀ। ਸੁੱਖੀ ਨੇ ਲੰਮਾ ਹੌਂਕਾ ਲਿਆ ਅਤੇ ਮਨੋਂ ਮਨੀ ਸੋਚਣ ਲੱਗਾ ," ਵਾਹ ਉਏ ਸਮਾਜ ਦੇ ਲੋਕੋ! ਸ਼ਦਕੇ ਜਾਵਾਂ ਤੁਹਾਡੇ!" ਅਤੇ ਉਸਦੇ ਬੁੱਲਾਂ ਅੁੱਤੇ ਹਲਕੀ ਜਿਹੀ ਮੁਸਕਾਨ ਆ ਗਈ। ਫਿਰ ਉਹ ਆਪਣੇ ਅੰਦਰਲੇ ਉਸ ਹੀਰੋ /ਨਾਇਕ ਬਾਰੇ ਸੋਚਣ ਲੱਗਾ ਜੋ ਗਲਤ ਹੁੰਦਿਆਂ ਦੇਖ ਜਾਗ ਪੈਂਦਾ ਸੀ ਪਰ ਹੁਣ ਉਹ ਅੰਦਰਲਾ ਹੀਰੋ ਮਰ ਚੁੱਕਾ ਸੀ ਜਾਂ ਕਹਿ ਲਓ ਸਮਾਜਿਕ ਵਰਤਾਰੇ ਨੇ ਉਸਦਾ ਕਤਲ ਕਰ ਦਿੱਤਾ ਸੀ 'ਤੇ ਅੱਜ ਸੁੱਖੀ ਵੀ ਉਸ ਮਰ ਚੁੱਕੇ ਅੰਦਰਲੇ ਹੀਰੋ ਦੀ ਲਾਸ਼ 'ਤੇ ਬੈਠਾ ਉਹਨਾਂ ਸਹਿਕਰਮੀਆਂ ਨਾਲ ਉੱਚੀ ਉੱਚੀ ਗੱਪਾਂ ਮਾਰ ਰਿਹਾ ਸੀ, ਹਸ ਖੇਡ ਰਿਹਾ ਸੀ। ਇਹੋ ਹੈ ਸਾਡੇ ਸਮਾਜ ਦਾ ਭਿਆਨਕ ਆਧੁਨਿਕ ਸੱਚ ਜਿੱਥੇ ਚੰਗਿਆਈ, ਮਾਨਵੀਂ ਗੁਣ ਅਤੇ ਸੱਚਾਈ ਬਣ ਚੁੱਕੇ ਹਨ ,ਇੱਕ ਜਿਉਂਦੀ ਸੜਦੀ ਲਾਸ਼! ਇਹ ਦੇਣ ਸਾਡੇ ਸਮਾਜ ਦੀ ਹੈ।
ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005
30 Oct. 2018