'ਚੌਂਤੀ ਵਰ੍ਹੇ ਬੀਤ ਗਏ ਨੇ, ਹੋਰ ਕਦੋਂ ਤਕ...' - ਜਸਵੰਤ ਸਿੰਘ 'ਅਜੀਤ'

ਨਵੰਬਰ-84 ਦੇ ਘਲੂਘਾਰੇ ਨੂੰ ਵਾਪਰਿਆਂ 34 ਵਰ੍ਹੇ ਹੋ ਗਏ ਨੇ, ਪ੍ਰਮਤੂ ਅਜੇ ਤਕ ਇਸ ਦਾ ਨਾਂ ਪੁਰ ਹੋ ਰਹੀ ਰਾਜਨੀਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ, ਜਾਂ ਪੰਜਾਬ, ਦਿੱਲੀ ਅਤੇ ਹਰਿਆਣਾ, ਅਰਥਾਤ ਜਿਨ੍ਹਾਂ ਰਾਜਾਂ ਵਿੱਚ ਸਿੱਖਾਂ ਦੀ ਵਸੋਂ, ਹਾਰ-ਜਿਤ ਦਾ ਫੈਸਲਾ ਕਰਨ ਦੇ ਸਮਰਥ ਹੈ, ਦੀਆਂ ਵਿਧਾਨ ਸਭਾਵਾਂ, ਨਗਰ ਨਿਗਮਾਂ ਆਦਿ ਕਿਸੇ ਵੀ ਸਥਾਨਕ ਰਾਜਸੀ ਸੰਸਥਾ ਦੀਆਂ ਜਾਂ ਲੋਕਸਭਾ ਦੀਆਂ ਚੋਣਾਂ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੀ ਸਹਿਯੋਗੀ ਭਾਜਪਾ ਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੀ ਯਾਦ ਆ ਜਾਂਦੀ ਹੈ ਤੇ ਉਹ ਇਸ ਮੁੱਦੇ ਨੂੰ ਤੁਰੱਪ ਦੇ ਪਤੇ ਵਾਂਗ ਵਰਤਣਾ ਸ਼ੁਰੂ ਕਰ ਦਿੰਦੇ ਹਨ। ਇਹੀ ਕੁਝ ਹੁਣ, ਅਰਥਾਤ 34 ਵਰ੍ਹਿਆਂ ਬਾਅਦ ਵੀ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਦਲ) ਵਲੋਂ, ਸ਼ਾਇਦ ਪਹਿਲੀ ਵਾਰ ਨਵੰਬਰ-84 ਦੇ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਇਤਿਹਾਸਕ ਤਖਤਾਂ ਪੁਰ ਪਹਿਲੀ ਨਵੰਬਰ ਨੂੰ ਅਰਦਾਸ ਦਿਵਸ ਮਨਾਇਆ ਗਿਆ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ 'ਵਿਰੁਧ' ਦਿੱਲੀ ਦੇ ਜੰਤਰ ਮੰਤਰ ਚੌਕ ਪੁਰ ਤਿੰਨ ਨਵੰਬਰ ਨੂੰ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਗਿਆ। ਸਿੱਖ ਫੋਰਮ ਵਲੋਂ ਤਾਂ 34 ਵਰ੍ਹਿਆਂ ਤੋਂ 'ਸਿੱਖ ਕਤਲ-ਏ-ਆਮ : ਅਜੇ ਤਕ ਇਨਸਾਫ ਦਾ ਇੰਤਜ਼ਾਰ' ਦੇ ਨਾਂ ਹੇਠ ਸਾਲਾਨਾ ਸਮਾਗਮ ਕੀਤਾ ਜਾਂਦਾ ਚਲਿਆ ਆ ਰਿਜਾ ਹੈ। ਜਿਸ ਵਿੱਚ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕੋਸਿਆ ਅਤੇ ਅਜੇ ਤਕ ਇਨਸਾਫ ਨਾ ਮਿਲ ਪਾਣ 'ਤੇ ਅਥਰੂ ਵਹਾਏ ਜਾਂਦੇ ਹਨ। ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬੀਤੇ 34 ਵਰ੍ਹਿਆਂ ਤੋਂ ਹੀ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਦਾ ਰੋਣਾ ਤਾਂ ਰੋਇਆ ਜਾਂਦਾ ਚਲਿਆ ਆ ਰਿਹਾ ਹੈ, ਪਰ ਕਦੀ ਵੀ ਅਜਿਹਾ ਕੋਈ ਤੱਥ ਖੋਜ ਕਮਿਸ਼ਨ ਜਾਂ ਕਮੇਟੀ ਬਣਾਏ ਜਾਣ ਦੀ ਮੰਗ ਨਹੀਂ ਕੀਤੀ ਗਈ, ਜੋ ਇਸ ਗਲ ਦੀ ਖੋਜ (ਜਾਂਚ) ਕਰੇ ਕਿ ਆਖਿਰ ਕੀ ਕਾਰਣ ਹਨ ਕਿ ਅਜੇ ਤਕ ਇਸ ਘਲੂਘਾਰੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ? ਕੀ ਇਸਦੇ ਲਈ ਸਰਕਾਰਾਂ ਹੀ ਦੋਸ਼ੀ ਹਨ ਜਾਂ ਸਾਡੇ ਆਪਣੇ ਵੀ ਇਸ ਗੁਨਾਹ ਵਿੱਚ ਭਾਈਵਾਲ ਹਨ, ਜਿਨ੍ਹਾਂ ਮੁੱਖ ਦੋਸ਼ੀਆਂ ਨਾਲ ਗੁਆਹਵਾਂ ਦੇ ਸੌਦੇ ਕਰਵਾ, ਮੋਟੀਆਂ ਦਲਾਲੀਆਂ ਵਸੂਲ ਕੀਤੀਆਂ? ਉਨ੍ਹਾਂ ਦਾ ਦਾਅਵਾ ਹੈ ਕਿ ਜੇ ਕੋਈ ਅਜਿਹਾ ਕਮਿਸ਼ਨ ਜਾਂ ਜਾਂਚ ਕਮੇਟੀ ਬਣੇ ਤਾਂ ਉਸਦੇ ਨਤੀਜੇ ਬਹੁਤ ਹੀ ਹੈਰਾਨੀ ਭਰੇ ਹੋਣਗੇ, ਕਿਉਂਕਿ ਪੀੜਤਾਂ ਦੇ ਕਈ ਅਜਿਹੇ ਅਖੌਤੀ ਹਮਦਰਦ ਨੰਗੇ ਹੋ, ਸਾਹਮਣੇ ਆ ਜਾਣਗੇ, ਜੋ 34 ਵਰ੍ਹੇ ਬੀਤਣ ਤੇ ਵੀ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਦੇ ਲਈ ਸਮੇਂ ਦੀਆਂ ਸਰਕਾਰਾਂ ਨਾਲ ਹੀ ਆਪ ਵੀ ਜ਼ਿਮੇਂਦਾਰ ਹਨ।
ਇਸ ਲੇਖਕ ਨੂੰ ਯਾਦ ਹੈ ਕਿ ਕੁਝ ਹੀ ਵਰ੍ਹੇ ਪਹਿਲਾਂ ਜਦੋਂ ਪੰਜਾਬੀ ਦੇ ਇੱਕ ਰੋਜ਼ਾਨਾ ਅਖਬਾਰ ਦੇ ਪ੍ਰਤੀਨਿਧੀ ਵਜੋਂ ਨਵੰਬਰ-84 ਦੇ ਪੀੜਤਾਂ ਸੰਬੰਧੀ ਫੀਚਰ ਤਿਆਰ ਕਰਨ ਲਈ ਦਿੱਲੀ ਸਥਿਤ ਸੰਸਾਰ ਦੀ ਇਕੋ-ਇੱਕ ਵਿਧਵਾ ਕਾਲੌਨੀ ਤਿਲਕ ਵਿਹਾਰ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਗਿਆ ਤਾਂ ਉਸਨੂੰ ਜੋ ਪਹਿਲਾਂ ਬੰਦਾ ਮਿਲਿਆ ਉਸਨੇ ਸਿਰ ਤੇ ਦੁਹੱਥੜ ਮਾਰ ਇਹ ਆਖਦਿਆਂ ਉਸਦਾ ਸੁਅਗਤ ਕੀਤਾ ਕਿ 'ਰੱਬ ਦਾ ਵਾਸਤਾ ਜੇ, ਬਸ ਕਰੋ, ਬਹੁਤ ਹੋ ਚੁਕਿਐ, ਹੁਣ ਤਾਂ ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਉ..' ਭੁਬਾਂ ਮਾਰ ਰੋਣ ਲਗ ਪਿਆ। ਇਹ ਸਠਵ੍ਹਿਆਂ ਦਾ ਦਹਾਕਾ ਪਾਰ ਕਰ ਚੁਕੀ ਉਮਰ ਵਿੱਚ ਵਿਚਰਦਾ ਉਹ ਵਿਅਕਤੀ ਸੀ, ਜਿਸਨੇ ਨਵੰਬਰ-84 ਦੇ ਅਰੰਭ ਵਿੱਚ ਵਾਪਰੇ ਘਲੂਘਾਰੇ ਦੌਰਾਨ ਗੁਆਂਢ ਦੇ ਘਰ ਵਿੱਚ ਦੁਬਕਿਆਂ, ਹੰਝੂਆਂ ਭਰੀਆਂ ਆਪਣੀਆਂ ਅੱਖਾਂ ਨਾਲ ਆਪਣੇ ਹੀ ਘਰ ਦੇ ਪੰਜ ਜੀਆਂ ਨੂੰ ਅੱਗ 'ਚ ਸੜਦਿਆਂ ਵੇਖਿਆ ਅਤੇ ਉਨ੍ਹਾਂ ਦੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਚੀਖਾਂ ਨੂੰ ਕੰਨਾਂ ਨਾਲ ਸੁਣਿਆ ਸੀ। ਉਸਨੂੰ ਇਹ ਮਲਾਲ ਸੀ ਕਿ ਗੁਆਢੀਆਂ ਵਲੋਂ ਡੱਕੀ ਰੱਖੇ ਜਾਣ ਕਾਰਣ ਉਹ ਨਾ ਤਾਂ ਉਨ੍ਹਾਂ ਦੀ ਕੋਈ ਮਦੱਦ ਕਰ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵੀ ਆਪ ਸੜ ਮਰ ਸਕਿਆ ਸੀ।
ਇਸ ਵਾਰ ਦੀ ਪੀੜਤ-ਪਰਿਵਾਰਾਂ ਨਾਲ ਮੇਰੀ ਮੁਲਾਕਾਤ, ਬੀਤੇ ਵਰ੍ਹਿਆਂ ਤੋਂ ਹਰ ਵਰ੍ਹੇ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਮੁਲਾਕਾਤਾਂ ਤੋਂ ਬਿਲਕੁਲ ਹੀ ਵੱਖਰੀ ਤੇ ਦਿੱਲ ਨੂੰ ਟੁੰਬਣ ਵਾਲੀ ਹੋਵੇਗੀ, ਮੈਨੂੰ ਇਸ ਗਲ ਦੀ ਕਲਪਨਾ ਵੀ ਨਹੀਂ ਸੀ, ਜਦੋਂ ਮੈਂ ਹਰ ਸਾਲ ਵਾਂਗ ਜਦੋਂ ਇਸ ਵਾਰ ਵੀ ਨਵੰਬਰ ਮਹੀਨੇ ਦੇ ਅਰੰਭ ਵਿੱਚ ਹੀ, ਪੱਛਮੀ ਦਿੱਲੀ ਸਥਿਤ ਸੰਸਾਰ ਦੀ ਇਕੋ-ਇਕ ਵਿਧਵਾ-ਕਾਲੌਨੀ, ਤਿਲਕ ਵਿਹਾਰ ਪੁਜਾ ਤੇ ਇਕ ਪੀੜਤ ਪਰਿਵਾਰ ਦੇ ਦਰਵਾਜ਼ੇ ਦੇ ਬਾਹਰ, ਵਾਹਣੇ ਮੰਜੇ ਪੁਰ ਬੈਠੇ ਬਜ਼ੁਰਗ ਨਾਲ ਗਲ ਕਰਨ ਲਈ, ਉਸਦੇ ਸਾਹਮਣੇ ਹੀ ਰੱਖੇ ਸਟੂਲ ਤੇ ਜਾ ਬੈਠਾ। ਗਲਬਾਤ ਸ਼ੁਰੂ ਕਰਨ ਦੇ ਉਦੇਸ਼ ਨਾਲ ਨੋਟਬੁਕ ਖੋਲ੍ਹ ਜੇਬ੍ਹ ਵਿਚੋਂ ਪੈੱਨ ਕਢਿਆ ਹੀ ਸੀ, ਕਿ ਉਹ ਚੀਖ ਕੇ ਪੈ ਗਿਆ।
ਆਪਣੇ ਤੇ ਅਚਾਨਕ ਹੋਏ ਇਸ ਸ਼ਬਦੀ ਹਮਲੇ ਕਾਰਣ ਮੈਂ ਬੌਂਦਲਾ ਜਿਹਾ ਗਿਆ, ਕਿਸੇ ਤਰ੍ਹਾਂ ਆਪਣੇ ਨੂੰ ਸੰਭਾਲਿਆ ਤੇ ਉਸਨੂੰ ਦਸਿਆ ਕਿ 'ਮੈਂ ਇਕ ਪਤ੍ਰਕਾਰ ਹਾਂ ਤੇ..' ਇਸਤੋਂ ਪਹਿਲਾਂ ਕਿ ਆਪਣੀ ਗਲ ਪੂਰੀ ਕਰਦਾ, ਉਸਨੇ ਉਸੇ ਤਰ੍ਹਾਂ ਭੁਬਾਂ ਮਾਰ ਰੌਂਦਿਆਂ, ਮੈਂਨੂੰ ਪੁਛਿਆ ਕਿ ਤੁਸਾਂ ਤੇ ਤੁਹਾਡੇ ਵਰਗੇ ਹੋਰ ਪਤ੍ਰਕਾਰਾਂ ਨੇ ਸਿਵਾਏ ਮਸਾਲੇ ਲਾ-ਲਾ ਸਾਡੇ ਦੁੱਖ-ਦਰਦ ਦੀਆਂ ਕਹਾਣੀਆਂ ਛਪਵਾਣ ਅਤੇ ਸਾਡੇ ਕਹਿੰਦੇ-ਕਹਾਉਂਦੇ ਹਮਦਰਦੀਆਂ ਨੇ ਸਾਡੀਆਂ ਚੀਸਾਂ ਦਾ ਮੁਲ ਵਟਣ ਤੇ ਸਾਡਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨ ਤੋਂ ਬਿਨਾਂ ਕੀਤਾ ਹੀ ਕੀ ਹੈ? ਉਸਦੀ ਆਵਾਜ਼ ਵਿੱਚ ਅੰਤਾਂ ਦਾ ਦਰਦ ਸੀ।
ਕਿਸੇ ਤਰ੍ਹਾਂ ਉਸਨੇ ਆਪਣੇ ਆਪਨੂੰ ਸੰਭਾਲਿਆ ਤੇ ਆਪਣੇ ਦਿਲ ਦੀ ਭੜਾਸ ਕਢਦਿਆਂ ਕਹਿਣਾ ਜਾਰੀ ਰਖਦਿਆਂ, ਕਿਹਾ ਕਿ ਦੁਸ਼ਮਣਾਂ ਨੇ ਤਾਂ ਇਕ ਵਾਰ ਸਾਡੇ ਸੀਨਿਆਂ ਨੂੰ ਸਲਿਆ ਸੀ, ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਕੋਈ ਪੰਜਾਹ ਵਾਰੀ ਨਸ਼ਤਰ ਲੈ ਸਾਡੇ ਭਰੇ ਜਾਂਦੇ ਜ਼ਖਮ ਕੁਰੇਦੇ ਹਨ। ਤੁਸੀਂ ਲੋਕੀਂ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਦੇ ਨਾਲ ਉਠਦੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਦਿੰਦੇ ਹੋ। ਤੁਹਾਨੂੰ ਕੀ ਪਤਾ ਕਿ ਸਾਲ ਵਿੱਚ ਇਕ ਵਾਰ ਆ, ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਕਾਰਣ ਉਠਣ ਵਾਲੀਆਂ ਚੀਸਾਂ ਸਹਿੰਦੇ ਅਸੀਂ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ?  
ਚੀਸਾਂ ਦੇ ਦਰਦ ਨਾਲ, ਦਿੱਲ ਦੀਆਂ ਡੂਘਿਆਈਆਂ ਵਿਚੋਂ ਨਿਕਲੇ ਉਸਦੀਆਂ ਅੱਖਾਂ ਵਿਚੋਂ ਵਹਿੰਦੇ ਹੰਝੂਆਂ ਨਾਲ ਭਿਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ਕੰਬਾ ਕੇ ਰੱਖ ਦਿੱਤਾ। ਉਸ ਸਮੇਂ ਮੈਂਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਰ ਵਰ੍ਹੇ ਇਥੇ ਆ ਆਪਣੀ ਕਹਾਣੀ ਬਣਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਜੋ ਗੁਨਾਹ ਕਰਦਾ ਚਲਿਆ ਆ ਰਿਹਾ ਹਾਂ, ਕੀ ਉਹ ਕਦੀ ਮੁਆਫ਼ ਕੀਤਾ ਜਾ ਸਕਦਾ ਹੈ? ਹਰ ਵਾਰ ਇਥੇ ਆ ਪੀੜਤ-ਪਰਿਵਾਰਾਂ ਨਾਲ ਨਵੰਬਰ-84 ਦੇ ਸਾਕੇ ਦੀ ਗਲ ਛੇੜ ਉਨ੍ਹਾਂ ਦੇ ਭਰੇ ਜਾਂਦੇ ਜ਼ਖਮਾਂ ਨੂੰ ਕੁਰੇਦ ਦਿੰਦਾ ਹਾਂ। ਜਦੋਂ ਵੀ ਮੈਂ ਸਿੱਖ-ਨਸਲਕੁਸ਼ੀ ਦੀ ਗਲ ਛੇੜਦਾ ਹਾਂ, ਇਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਘਟਨਾਵਾਂ ਤਸਵੀਰਾਂ ਬਣ ਨਚਣ ਲਗਦੀਆਂ ਹਨ, ਜਿਨ੍ਹਾਂ ਦਾ ਸੰਤਾਪ ਉਹ ਵਰ੍ਹਿਆਂ ਤੋਂ ਭੋਗਦੇ ਚਲੇ ਆ ਰਹੇ ਹਨ। ਇਸਤਰ੍ਹਾਂ ਉਨ੍ਹਾਂ ਦੇ ਉਹ ਜ਼ਖਮ ਮੁੜ ਕੁਰੇਦੇ ਜਾਂਦੇਂ ਹਨ, ਜੋ ਭਰਨ ਦੇ ਨੇੜੇ-ਤੇੜੇ ਹੀ ਪੁਜੇ ਹੁੰਦੇ। ਮੈਂ ਤਾਂ ਉਨ੍ਹਾਂ ਨਾਲ ਵਾਪਰੇ ਸਾਕੇ ਦੀ ਕਹਾਣੀ ਬਣਾ, ਛਪਵਾਉਣ ਤੋਂ ਬਾਅਦ, ਕਦੀ ਮੁੜ ਕੇ ਵੀ ਨਹੀਂ ਵੇਖਦਾ ਕਿ ਜੋ ਜ਼ਖਮ ਕੁਰੇਦ ਆਇਆ ਹਾਂ, ਉਨ੍ਹਾਂ ਦੇ ਦਰਦ ਦੀਆਂ ਚੀਸਾਂ, ਕਦੋਂ ਤਕ ਉਨ੍ਹਾਂ ਦੇ ਅਥਰੂ ਬਣ ਵਹਿੰਦੀਆਂ ਰਹੀਆਂ? 


ਬੀਤੇ ਚੌਂਤੀ ਵਰ੍ਹਿਆਂ ਤੋਂ ਇਹ ਰਸਮ ਜਿਹੀ ਬਣੀ ਚਲੀ ਆ ਰਹੀ ਹੈ ਕਿ ਜਦੋਂ ਵੀ ਨਵੰਬਰ ਦੇ ਮਹੀਨੇ ਦੀ ਅਰੰਭਤਾ ਹੋਵੇ, ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰੋ, ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਤੇ ਮਗਰਮੱਛੀ ਅਥਰੂ ਵਹਾਉ ਅਤੇ ਕਾਂਗ੍ਰਸ ਨੂੰ ਇਸਦੇ ਲਈ ਜ਼ਿਮੇਂਦਾਰ ਗਰਦਾਨ ਕੇ ਕੋਸੋ, ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਰਾਸ਼ਟਰਪਤੀ, ਪ੍ਰਧਾਨ ਮੰਤ੍ਰੀ, ਕਦੀ-ਕਦੀ ਮਨੁਖੀ ਅਧਿਕਾਰ ਕਮਿਸ਼ਨ ਅਤੇ ਚੀਫ਼ ਜਸਟਿਸ ਤਕ ਨੂੰ ਮੰਗ-ਪਤ੍ਰ ਦੇ, ਆਪਣੇ ਆਪਨੂੰ ਪੀੜਤਾਂ ਦੇ 'ਸੱਚੇ' ਹਮਦਰਦ ਹੋਣ ਦਾ ਅਹਿਸਾਸ ਕਰਵਾਉ। ਜੇ ਹੋਰ ਕੁਝ ਕਰਨਾ ਹੋਵੇ ਤਾਂ ਕੈਂਡਲ ਮਾਰਚ ਕਰੋ, ਭਾਵੇਂ ਇਸ ਵਿੱਚ ਸ਼ਮਾਲ ਹੋਣ ਲਈ ਇਸਤਰ੍ਹਾਂ ਸਜ-ਧੱਜ ਕੇ ਪੁਜੋ, ਜਿਵੇਂ ਤੁਸੀਂ ਕਿਸੇ ਰੋਸ ਸਮਾਗਮ ਵਿੱਚ ਨਹੀਂ, ਸਗੋਂ ਵਿਅਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋ। ਅਰਦਾਸ ਕਰ ਸ਼ਰਧਾਂਜਲੀ ਭੇਂਟ ਕਰੋ ਤੇ ਬਸ! ਕੀ ਬੀਤੇ 34 ਵਰ੍ਹਿਆਂ ਤੋਂ ਇਹੋ ਕੁਝ ਹੀ ਨਹੀਂ ਹੁੰਦਾ ਚਲਿਆ ਆ ਰਿਹਾ?

...ਅਤੇ ਅੰਤ ਵਿੱਚ : ਇਨ੍ਹਾਂ 34 ਵਰ੍ਹਿਆਂ ਵਿੱਚ ਦੋਸ਼ੀਆਂ ਦੀ ਪਛਾਣ ਕਰ, ਉਨ੍ਹਾਂ ਨੂੰ ਨਾਮਜ਼ਦ ਕਰਨ ਦੇ ਉਦੇਸ਼ ਨਾਲ ਸਮੇਂ-ਸਮੇਂ ਕਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਰਿਹਾ। ਪ੍ਰੰਤੂ ਅਜੇ ਤਕ ਨਾ ਤਾਂ ਕੋਈ ਅਜਿਹਾ ਕਮਿਸ਼ਨ ਬਣਿਆ ਤੇ ਨਾ ਹੀ ਕੋਈ ਕਮੇਟੀ ਗਠਤ ਕੀਤੀ ਗਈ, ਜੋ ਇਸ ਗਲ ਦੀ ਜਾਂਚ ਕਰੇ, ਕਿ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਜੋ ਵਿਅਕਤੀ ਸਰਗਰਮ ਰਹੇ ਤੇ ਜੋ ਕਮੇਟੀਆਂ ਹੋਂਦ ਵਿੱਚ ਆਈਆਂ, ਉਹ ਅੱਜ ਕਿਥੇ ਹਨ ਅਤੇ ਉਨ੍ਹਾਂ ਦੇ ਮੁੱਖੀਆਂ ਨੇ ਪੀੜਤਾਂ ਦੀ ਮਦੱਦ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਦੇ ਨਾਂ ਤੇ ਦੇਸ਼-ਵਿਦੇਸ਼ ਵਿੱਚ ਦੂਰ-ਦੁਰਾਡੇ ਵਸਦੇ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰ, ਜੋ ਕਰੋੜਾਂ ਰੁਪਏ ਇਕਠੇ ਕੀਤੇ, ਉਨ੍ਹਾਂ ਦਾ ਕੀ ਬਣਿਆ? ਜਿਨ੍ਹਾਂ ਪੀੜਤ ਵਿਧਵਾਵਾਂ ਨੂੰ ਅਪਣੇ ਪੈਰਾਂ ਤੇ ਖੜਿਆਂ ਕਰ, ਆਤਮ-ਨਿਰਭਰ ਬਣਾਉਣ ਦੇ ਨਾਂ ਤੇ ਘਰੇਲੂ-ਉਦਯੋਗ ਸਥਾਪਤ ਕਰਨ ਲਈ ਸਰਕਾਰ ਪਾਸੋਂ ਭਵਨ ਅਲਾਟ ਕਰਵਾਏ ਅਤੇ ਉਨ੍ਹਾਂ ਨੂੰ ਸੀਣ-ਪਰੌਣ ਆਦਿ ਦਾ ਕੰਮ ਸਿਖਾਉਣ ਲਈ ਸਰਕਾਰ ਅਤੇ ਆਮ ਸਿੱਖਾਂ ਪਾਸੋਂ ਲਖਾਂ-ਕਰੋੜਾਂ ਰੁਪਏ ਦੇ ਫੰਡ, ਮਸ਼ੀਨਾਂ ਤੇ ਹੋਰ ਸੰਦ ਆਦਿ ਲਏ? ਕਿਥੇ ਹਨ ਉਹ ਲੋਕ? ਕਿਥੇ ਹਨ ਉਹ ਭਵਨ ਅਤੇ ਕਿਥੇ ਹਨ ਉਹ ਮਸ਼ੀਨਾਂ, ਸੰਦ ਅਤੇ ਪੈਸੇ?

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

01 Nov. 2018