ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
04 Nov. 2018
' ਸੁਖਪਾਲ ਖਹਿਰਾ ਅਤੇ ਕੰਵਰ ਸੰਧੂ 'ਆਪ' 'ਚੋਂ ਮੁਅੱਤਲ - ਇਕ ਖ਼ਬਰ
# ਛੱਡ ਦਿਉ ਲੜ ਪਰਦੇਸੀ ਦਾ, ਘਰ ਆਪਣੇ ਮੁੜ ਆਉ।
' ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨਾਲ਼ ਕਾਲਾ ਧਨ ਵਾਪਸ ਨਹੀਂ ਆਇਆ - ਕਾਂਗਰਸੀ ਆਗੂ ਆਜ਼ਾਦ
# ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਗਏ ਵਕਤ ਨੂੰ ਕਿਸੇ ਨਾ ਮੋੜਿਆ ਏ।
' ਸੇਖਵਾਂ ਦਾ ਅਕਾਲੀ ਦਲ ਦੇ ਅਹੁੱਦਿਆਂ ਤੋਂ ਅਸਤੀਫਾ ਤੇ ਅਕਾਲੀ ਦਲ ਨੇ ਕੀਤੀ ਉਸ ਦੀ ਛੁੱਟੀ - ਇਕ ਖ਼ਬਰ
' ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
' ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ - ਭਗਵੰਤ ਮਾਨ
# ਛੱਜ ਤਾਂ ਬੋਲੇ, ਛੇਕਾਂ ਵਾਲੀ ਛਾਨਣੀ ਵੀ ਬੋਲੀ ਜਾਂਦੀ ਐ।
' ਇਤਿਹਾਸ ਨਾਲ ਛੇੜ-ਛਾੜ ਖਿਲਾਫ ਅਕਾਲੀ ਦਲ ਦਾ ਧਰਨਾ - ਇਕ ਖ਼ਬਰ
# ਸ਼੍ਰੋਮਣੀ ਕਮੇਟੀ ਵਲੋਂ ਛਾਪੀ ਹਿੰਦੀ ਦੀ ਕਿਤਾਬ 'ਚ ਇਤਿਹਾਸ ਨਾਲ ਕੀਤੀ ਛੇੜ-ਛਾੜ ਵੇਲੇ ਇਹ 'ਸੂਰਮੇ' ਕਿੱਥੇ ਸਨ?
' ਬ੍ਰਹਮਪੁਰਾ ਦੀ ਆਪਣੇ ਹਮਾਇਤੀਆਂ ਨਾਲ ਮੀਟਿੰਗ 4 ਨਵੰਬਰ ਨੂੰ ਹੋਵੇਗੀ - ਇਕ ਖ਼ਬਰ
# ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
' ਅਕਾਲੀਆਂ ਵੱਲੋਂ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਵਲ ਮਾਰਚ - ਇਕ ਖ਼ਬਰ
# ਇਹ ਮਾਰਚ ਮੋਦੀ ਦੀ ਰਿਹਾਇਸ਼ ਵਲ ਨੂੰ ਕਿਉਂ ਨਹੀਂ ਬਈ?
' ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਮੋਦੀ - ਇਕ ਖ਼ਬਰ
# ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।
' ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਨਹੀਂ - ਜਾਵੜੇਕਰ
# ਜਾਵੜੇਕਰ ਸਾਹਿਬ ਸੁਧਾ ਲੂਣ ਨਾ ਗੁੰਨ੍ਹਿਆਂ ਕਰੋ।
' ਬਾਗੀ ਅਕਾਲੀ ਨੇਤਾਵਾਂ ਦੇ ਹੱਕ 'ਚ ਨਿੱਤਰੀ ਸਿੱਖ ਸਟੂਡੈਂਟ ਫੇਡਰੇਸ਼ਨ - ਇਕ ਖ਼ਬਰ
# ਚੱਲ ਚੱਲੀਏ ਵਿਸਾਖੀ ਵਾਲੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।
' ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਨੂੰ ਚੀਨ ਨੇ ਦਿੱਤਾ ਮਦਦ ਦਾ ਭਰੋਸਾ - ਇਕ ਖ਼ਬਰ
# ਜਿੱਥੋਂ ਮਰਜ਼ੀ ਵੰਙਾਂ ਚੜਵ੍ਾ ਲਈਂ, ਮਿੱਤਰਾਂ ਦਾ ਨਾਂ ਚੱਲਦੈ।
' ਕੁਝ ਵਿਰੋਧੀ ਝੂਠ ਦੀਆਂ ਮਸ਼ੀਨਾਂ, ਏ. ਕੇ. 47 ਵਾਂਗੂੰ ਫਾਇਰ ਕਰਦੇ ਹਨ - ਮੋਦੀ
' ਵਾਹਵਾ ਤੇਰੀ ਚਤੁਰਾਈ, ਤਬੇਲੇ ਦੀ ਬਲ਼ਾਅ ਵਛੇਰੇ ਗਲ਼ ਪਾਈ।
' ਸੱਚ ਬੋਲਣ ਤੋਂ ਪਿਛਾਂਹ ਨਹੀਂ ਹਟਾਂਗਾ - ਬ੍ਰਹਮਪੁਰਾ
# ਵੰਝਲੀ ਰਾਂਝੇ ਦੀ ਹੀਰ ਹੀਰ ਪਈ ਕੂਕੇ।
' ਕੋਰ ਕਮੇਟੀ ਨੇ ਸੁਖਬੀਰ ਦੀ ਪ੍ਰਧਾਨਗੀ 'ਤੇ ਮੋਹਰ ਲਗਾਈ - ਇਕ ਖ਼ਬਰ
# ਕੋਰ ਕਮੇਟੀ ਸਿਆਣੀ ਐ, ਕੋਈ ਕੀਰਤਨ ਸੋਹਿਲਾ ਪੜ੍ਹਨੇ ਵਾਲਾ ਵੀ ਚਾਹੀਦੈ।
' ਅਕਾਲੀ ਦਲ ਸਿੱਖ ਕਤਲੇਆਮ ਖਿਲਾਫ ਦਿੱਲੀ 'ਚ ਧਰਨਾ ਦੇਵੇਗਾ - ਇਕ ਖ਼ਬਰ
# ਯਾਨੀ ਕਿ ਬੇਹੀ ਕੜ੍ਹੀ 'ਚ ਉਬਾਲ ਆਵੇਗਾ।
' ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦਾ ਪਹਿਲੇ ਦਿਨ ਹੀ ਵਿਰੋਧ - ਇਕ ਖਬਰ
' ਬੱਗੀ ਤਿੱਤਰੀ ਕਮਾਦੋਂ ਨਿਕਲੀ, ਉਡਦੀ ਨੂੰ ਬਾਜ਼ ਪੈ ਗਿਆ।