ਆਓ, ਮਨਾਂ ਅੰਦਰ ਪਸਰੇ ਹਨੇਰ ਨੂੰ ਦੂਰ ਕਰਨ ਦਾ ਯਤਨ ਕਰੀਏ - ਗੁਰਚਰਨ ਸਿੰਘ ਨੂਰਪੁਰ
ਤਿਉਹਾਰ ਜ਼ਿੰਦਗੀ ਵਿਚ ਖੇੜਾ ਲਿਆਉਣ ਦਾ ਜ਼ਰੀਆ ਹੁੰਦੇ ਹਨ। ਲੋਹੜੀ, ਮਾਘੀ, ਵਿਸਾਖੀ, ਦੀਵਾਲੀ ਉੱਤਰੀ ਭਾਰਤ ਦੇ ਅਜਿਹੇ ਤਿਉਹਾਰ ਹਨ ਜਿਨ੍ਹਾਂ ਨੂੰ ਸਭ ਵਰਗਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਸਾਡੇ ਕੁਝ ਲੋਕ ਇਨ੍ਹਾਂ ਸਭ ਤਿਉਹਾਰਾਂ ਨੂੰ ਭਾਵੇਂ ਧਾਰਮਿਕ ਅਕੀਦਿਆਂ ਨਾਲ ਜੋੜ ਕੇ ਵੇਖਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸਬੰਧ ਰੁੱਤ ਚੱਕਰ ਅਤੇ ਬੀਜਣ ਵਾਲੀਆਂ ਫ਼ਸਲਾਂ ਨਾਲ ਹੁੰਦਾ ਹੈ। ਹਰ ਖਿੱਤੇ ਦੇ ਲੋਕਾਂ ਦਾ ਇਕ ਸੱਭਿਆਚਾਰਕ ਪਿਛੋਕੜ ਹੁੰਦਾ ਹੈ। ਸਾਡੇ ਲੋਕ ਬੇਸ਼ੱਕ ਵੱਖ-ਵੱਖ ਜਾਤਾਂ ਮਜ਼੍ਹਬਾਂ ਨਾਲ ਸਬੰਧ ਰੱਖਦੇ ਹਨ ਪਰ ਇਸ ਦੇ ਬਾਵਜੂਦ ਸਾਡੇ ਲੋਕਾਂ ਦੀ ਇਕ ਸੱਭਿਆਚਾਰਕ ਸਾਂਝ ਵੀ ਹੈ। ਤਿਉਹਾਰ ਸਾਡੀ ਸੱਭਿਆਚਾਰਕ ਸਾਂਝ ਨੂੰ ਦਰਸਾਉਂਦੇ ਹਨ।
ਅਜੋਕੇ ਬੇਢੰਗੇ ਵਿਕਾਸ 'ਤੇ ਚਲਦਿਆਂ ਅਸੀਂ ਜਿਸ ਪੜਾਅ ਤੱਕ ਪਹੁੰਚੇ ਹਾਂ ਇੱਥੇ ਸਾਨੂੰ ਮੇਲਿਆਂ ਤਿਉਹਾਰਾਂ ਨੂੰ ਮਨਾਉਣ ਦੇ ਮੌਜੂਦਾ ਢੰਗ-ਤਰੀਕਿਆਂ ਬਾਰੇ ਗੰਭੀਰ ਸੋਚ ਵਿਚਾਰ ਕਰਨ ਦੀ ਲੋੜ ਹੈ। ਸਮੇਂ ਦੇ ਬੀਤਣ ਨਾਲ ਤਿਉਹਾਰਾਂ ਸਬੰਧੀ ਸਾਡੇ ਅੰਦਰ ਇਕ ਸਲੀਕਾ ਪੈਦਾ ਹੋਣਾ ਚਾਹੀਦਾ ਸੀ ਪਰ ਇਸ ਤੋਂ ਉਲਟ ਅਸੀਂ ਵਿਖਾਵਾ ਕਰਨ ਲਈ ਫਜ਼ੂਲ ਖਰਚੇ, ਵਾਤਾਵਰਨ ਪ੍ਰਦੂਸ਼ਣ ਵਰਗੀਆਂ ਕਈ ਤਰ੍ਹਾਂ ਦੀਆਂ ਕੁਰੀਤੀਆਂ ਇਨ੍ਹਾਂ ਨਾਲ ਜੋੜ ਦਿੱਤੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ ਸਨ। ਤਿਉਹਾਰਾਂ ਦੌਰਾਨ ਹਰ ਸਾਲ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਲੱਗ ਪਿਆ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਦੁਸਹਿਰੇ ਦੌਰਾਨ ਹੋਈ ਦੁਰਘਟਨਾ ਵਿਚ 60 ਲੋਕ ਜਾਨਾਂ ਗਵਾ ਬੈਠੇ। ਜੇਕਰ ਸੂਝ ਸਮਝ ਤੋਂ ਕੰਮ ਲਿਆ ਜਾਵੇ ਤਾਂ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਵੀ ਜਾ ਸਕਦਾ ਹੈ। ਸਾਡੇ ਦੇਸ਼ ਦੇ ਲੋਕ ਅਤੇ ਪ੍ਰਸ਼ਾਸਕੀ ਢਾਂਚੇ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਅਸੀਂ ਬੀਤੇ ਤੋਂ ਕੁਝ ਨਹੀਂ ਸਿੱਖਦੇ। ਚਾਹੀਦਾ ਤਾਂ ਇਹ ਹੈ ਕਿ ਜੇਕਰ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ, ਉਸ ਦੇ ਕਾਰਨਾਂ ਨੂੰ ਸਮਝ ਕੇ ਉਸ ਸਬੰਧੀ ਜ਼ਰੂਰੀ ਸੋਧ ਕਰਕੇ ਕੁਝ ਨਵੇਂ ਨਿਯਮ ਬਣਾਏ ਜਾਣ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਵਾਪਰਨ ਦੀ ਗੁੰਜਾਇਸ਼ ਹੀ ਨਾ ਰਹੇ। ਪਰ ਸਾਡੇ ਦੇਸ਼ ਵਿਚ ਧਰਮ ਅਸਥਾਨਾਂ 'ਤੇ ਜੁੜੀਆਂ ਭੀੜਾਂ ਹਰ ਸਾਲ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ, ਹਰ ਸਾਲ ਤਿਉਹਾਰਾਂ ਦੌਰਾਨ ਵੱਡੇ ਹਾਦਸੇ ਵਾਪਰਦੇ ਹਨ, ਪਟਾਕਾ ਫੈਕਟਰੀਆਂ ਵਿਚ ਅੱਗਾਂ ਲੱਗਣ ਨਾਲ ਹਰ ਸਾਲ ਲੋਕ ਮਰਦੇ ਹਨ, ਪਰ ਅਜਿਹੇ ਵਰਤਾਰੇ ਜਾਰੀ ਰਹਿੰਦੇ ਹਨ।
ਹਰ ਸਾਲ ਰਾਵਣ ਦੇ ਬੁੱਤ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਹਰ ਸਾਲ ਰਾਵਣਾਂ ਦੇ ਬੁੱਤਾਂ ਦੀ ਉਚਾਈ ਤੇ ਗਿਣਤੀ ਵਧਦੀ ਜਾਂਦੀ ਹੈ। ਇਸ ਤਿਉਹਾਰ ਨੂੰ ਬਦੀ 'ਤੇ ਨੇਕੀ ਦੀ ਜਿੱਤ ਵਜੋਂ ਮਨਾਇਆ ਜਾਦਾ ਹੈ। ਹਰ ਸਾਲ ਰਾਵਣ ਦੇ ਬੁੱਤ ਬਣਾਉਣ ਲਈ ਹਜ਼ਾਰਾਂ ਹੀ ਰੁੱਖਾਂ ਦੀ ਬਲੀ ਚੜ੍ਹਦੀ ਹੈ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ, ਕੀ ਹਜ਼ਾਰਾਂ ਟਨ ਲੱਕੜੀ ਅਤੇ ਕਾਗਜ਼ ਨੂੰ ਅੱਗ ਹਵਾਲੇ ਕਰਕੇ, ਵਾਤਾਵਰਨ ਨੂੰ ਗੰਦਾ ਕਰਕੇ ਅਸੀਂ ਕਿਹੜੀ ਨੇਕੀ ਕਰ ਰਹੇ ਹਾਂ? ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੀ ਲੋੜ ਹੈ ਜੀਵਨ ਰੱਖਿਅਕ ਰੁੱਖਾਂ, ਜਿਨ੍ਹਾਂ ਤੋਂ ਸਾਨੂੰ ਲੱਕੜੀ ਅਤੇ ਕਾਗਜ਼ ਹਾਸਲ ਹੁੰਦਾ ਹੈ, ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਜਦੋਂ ਰਾਵਣ ਦੇ ਉੱਚੇ ਲੰਮੇ ਪੁਤਲੇ ਸੜਦੇ ਹਨ ਤਾਂ ਇਹ ਲੰਕਾ ਪਤੀ ਰਾਵਣ ਨਹੀਂ ਬਲਕਿ ਸਾਡੀ ਧਰਤੀ ਦੇ ਹਜ਼ਾਰਾਂ ਰੁੱਖ ਬਲ ਰਹੇ ਹੁੰਦੇ ਹਨ, ਸੜ ਰਹੇ ਹੁੰਦੇ ਹਨ। ਹੁਣ ਲੋੜ ਹੈ ਅਸੀਂ ਅਜਿਹੀਆਂ ਰਹੁਰੀਤਾਂ ਨੂੰ ਪ੍ਰਤੀਕ ਵਜੋਂ ਮਨਾਈਏ। ਹਕੀਕਤ ਇਹ ਹੈ ਕਿ ਸਾਡੇ ਸਮਾਜ ਵਿਚ ਵਿਖਾਵੇ ਦੀ ਮਨੋਬਿਰਤੀ ਲਗਾਤਾਰ ਵਧ ਰਹੀ ਹੈ। ਮਕਾਨ ਉੱਚੇ ਹੋ ਰਹੇ ਹਨ ਸਾਡੀਆਂ ਸੋਚਾਂ ਬੌਣੀਆਂ ਹੋ ਰਹੀਆਂ ਹਨ। ਸਮਾਜ ਵਲੋਂ ਵਿਖਾਵੇ ਸੱਭਿਅਕ ਹੋਣ ਦੇ ਕੀਤੇ ਜਾ ਰਹੇ ਹਨ ਪਰ ਕਿਰਦਾਰ ਗਵਾਚ ਰਹੇ ਹਨ।
ਦੀਵਾਲੀ ਸਾਡੇ ਭਾਰਤੀਆਂ ਦਾ ਇਕ ਵੱਡਾ ਤਿਉਹਾਰ ਹੈ ਜਿਸ ਨੂੰ ਸਭ ਵਰਗਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਹੁਣ ਅਸੀਂ ਇਸ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਆਖਣ ਲੱਗ ਪਏ ਹਾਂ। ਦਹਾਕਾ ਪਹਿਲਾਂ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਵਿਚ ਸਫ਼ਾਈਆਂ ਕੀਤੀਆਂ ਜਾਂਦੀਆਂ ਹਨ। ਘਰਾਂ ਦੁਕਾਨਾਂ ਨੂੰ ਰੰਗ ਰੋਗਨ ਕਰਕੇ ਸਜਾਇਆ ਜਾਂਦਾ ਹੈ। ਸਾਡੀਆਂ ਮਾਵਾਂ ਦਾਦੀਆਂ ਇਸ ਦਿਨ ਜਗਾਉਣ ਵਾਲੇ ਦੀਵੇ ਕਈ ਦਿਨ ਪਹਿਲਾਂ ਹੀ ਖਰੀਦ ਕੇ ਰੱਖ ਲੈਂਦੀਆਂ ਸਨ। ਇਨ੍ਹਾਂ ਦੀਵਿਆਂ ਨੂੰ ਪਾਣੀ ਵਿਚ ਡੁਬੋਇਆ ਜਾਂਦਾ ਸੀ ਤਾਂ ਕਿ ਇਹ ਤੇਲ ਘੱਟ ਪੀਣ। ਗਾਵਾਂ, ਮੱਝਾਂ, ਬਲਦਾਂ ਦੇ ਗਲਾਂ ਲਈ ਟੱਲੀਆਂ ਗਾਨੀਆਂ ਖਰੀਦੀਆਂ ਜਾਂਦੀਆਂ ਸਨ। ਘਰਾਂ ਵਿਚ ਵੰਨ-ਸੁਵੰਨੇ ਪਕਵਾਨ ਬਣਾਏ ਅਤੇ ਖਾਧੇ ਜਾਂਦੇ ਸਨ। ਦੀਵਾਲੀ ਵਾਲੇ ਦਿਨ ਬਨੇਰਿਆਂ 'ਤੇ ਦੀਪ ਮਾਲਾ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਸ ਦਿਨ ਆਪਣੇ ਵੱਡੇ ਵਡੇਰਿਆਂ ਦੀ ਯਾਦ ਤਾਜ਼ਾ ਕਰਨ ਲਈ ਉਨ੍ਹਾਂ ਦੀ ਯਾਦ ਵਿਚ ਵੀ ਦੀਵਾ ਜਗਾ ਧਰਿਆ ਜਾਂਦਾ ਸੀ। ਖੇਤਾਂ ਖੂਹਾਂ 'ਤੇ ਵੀ ਰੌਸ਼ਨੀ ਦੇ ਪ੍ਰਤੀਕ ਦੀਵੇ ਨੂੰ ਬਾਲ ਕੇ ਰੱਖਿਆ ਜਾਂਦਾ ਸੀ। ਇਹ ਸਭ ਕੁਝ ਬੜੇ ਸਲੀਕੇ ਨਾਲ ਕੀਤਾ ਜਾਂਦਾ ਸੀ। ਪਰ ਅੱਜ ਇਹ ਤਿਉਹਾਰ ਵੱਡੀ ਪੱਧਰ 'ਤੇ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਬਣ ਗਿਆ ਹੈ।
ਉੱਤਰੀ ਭਾਰਤ ਵਿਚ ਅੰਮ੍ਰਿਤਸਰ ਦੀ ਦੀਵਾਲੀ ਪ੍ਰਸਿੱਧ ਹੈ। ਸਾਡੀ ਲੋਕਧਾਰਾ ਵਿਚ 'ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ' ਨਾਲ ਇਸ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ। ਬੇਸ਼ੱਕ ਪੂਰੇ ਦੇਸ਼ ਵਿਚ ਦੀਵਾਲੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਪਰ ਅੰਮ੍ਰਿਤਸਰ ਦੀ ਦਿਵਾਲੀ ਵੇਖਣ ਯੋਗ ਹੁੰਦੀ ਹੈ। ਇਸ ਦਿਨ ਸ੍ਰੀ ਦਰਬਾਰ ਸਹਿਬ ਵਿਚ ਦੀਪਮਾਲਾ ਹੁੰਦੀ ਹੈ। ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਵੱਡੀ ਗਿਣਤੀ ਵਿਚ ਸੰਗਤਾਂ ਇਸ ਨਜ਼ਾਰੇ ਨੂੰ ਵੇਖਣ ਲਈ ਪੁੱਜਦੀਆਂ ਹਨ।
ਹਿੰਦੂ ਧਰਮ ਵਿਚ ਦਿਵਾਲੀ ਦਾ ਸਬੰਧ ਸ੍ਰੀ ਰਾਮ ਚੰਦਰ ਜੀ ਉਨ੍ਹਾਂ ਦੇ ਭਰਾ ਲਕਸ਼ਮਣ ਅਤੇ ਸੀਤਾ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿਚ ਕੀਤੀ ਗਈ ਦੀਪ ਮਾਲਾ ਨਾਲ ਹੈ। ਸਿੱਖ ਧਰਮ ਵਿਚ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਬਾਈ ਧਾਰ ਦੇ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋ ਕੇ ਆਉਣ ਦੀ ਖੁਸ਼ੀ ਵਿਚ ਕੀਤੀ ਗਈ ਦੀਪਮਾਲਾ ਨਾਲ ਇਸ ਦਾ ਸਬੰਧ ਜੋੜਿਆ ਜਾਂਦਾ ਹੈ। ਇਨ੍ਹਾਂ ਦੋਵਾਂ ਘਟਨਾਵਾਂ ਦੀ ਖੁਸ਼ੀ ਮਨਾਉਂਦਿਆਂ ਲੋਕਾਂ ਨੇ ਦੀਪਮਾਲਾ ਕੀਤੀ ਹੋਵੇਗੀ ਪਰ ਆਤਿਸ਼ਬਾਜ਼ੀ ਨਹੀਂ। ਪਟਾਕਿਆਂ ਅਤੇ ਬਾਰੂਦ ਦੀ ਖੋਜ ਯੂਰਪ ਵਿਚ ਹੋਈ ਅਤੇ ਇਨ੍ਹਾਂ ਦੀ ਵਰਤੋਂ ਜੰਗਲੀ ਪੰਛੀਆਂ/ਜਾਨਵਰਾਂ ਤੋਂ ਫ਼ਸਲਾਂ ਨੂੰ ਬਚਾਉਣ ਅਤੇ ਦੂਰ ਭਜਾਉਣ ਲਈ ਕੀਤੀ ਜਾਂਦੀ ਸੀ। ਅਤਿਸ਼ਬਾਜ਼ੀ ਦਾ ਸਬੰਧ ਸਾਡੇ ਕਿਸੇ ਵੀ ਤਿਉਹਾਰ ਨਾਲ ਨਹੀਂ ਜੁੜਦਾ। ਪਰ ਅਸੀਂ ਦੇਖਦੇ ਹਾਂ ਕਿ ਇਸ ਦਿਨ ਪੂਰੇ ਦੇਸ਼ ਵਿਚ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਪਟਾਕੇ ਫੂਕ ਕੇ ਹਵਾ ਪਾਣੀ ਅਤੇ ਆਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਹੁਣ ਇਨ੍ਹਾਂ ਨੂੰ ਦੀਵਾਲੀ ਤੋਂ ਇਲਾਵਾ ਵਿਆਹਾਂ ਸ਼ਾਦੀਆਂ, ਜਿੱਤ ਦੇ ਜਸ਼ਨਾਂ, ਝਾਕੀਆਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਅਤੇ ਗੁਰਪੁਰਬਾਂ 'ਤੇ ਚਲਾਉਣ ਦਾ ਰਿਵਾਜ ਆਮ ਪ੍ਰਚੱਲਿਤ ਹੋ ਗਿਆ ਹੈ। ਧਰਮ ਅਸਥਾਨ ਜਿਨ੍ਹਾਂ ਤੋਂ ਸਾਨੂੰ ਅਮਨ ਸ਼ਾਂਤੀ ਦਾ ਪੈਗਾਮ ਮਿਲਦਾ ਹੈ। ਉਹ ਧਰਮ ਅਸਥਾਨ ਜੋ ਸਾਨੂੰ : ਬਲਿਹਾਰੀ ਕੁਦਰਤ ਵਸਿਆ॥ ਅਤੇ : ਪਵਣੁ ਗੁਰੂ ਪਾਣੀ ਪਿਤਾ ਦਾ ਪੈਗਾਮ ਦਿੰਦੇ ਹਨ ਤੇ ਅਤਿਸ਼ਬਾਜ਼ੀਆਂ ਚਲਾ ਕੇ ਹਵਾ ਨੂੰ ਪਲੀਤ ਕਰਨਾ ਕੋਈ ਮਾਣਯੋਗ ਵਰਤਾਰੇ ਨਹੀਂ ਹਨ। ਸ੍ਰੀ ਦਰਬਾਰ ਸਹਿਬ ਵਿਚ ਹੁੰਦੀ ਅਤਿਸ਼ਬਾਜ਼ੀ ਨੂੰ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਦਾ ਨਾਂਅ ਦਿੱਤਾ ਜਾਂਦਾ ਹੈ ਆਤਿਸ਼ਬਾਜ਼ੀ ਪ੍ਰਦੂਸ਼ਣ ਰਹਿਤ ਕਿਵੇਂ ਹੋ ਸਕਦੀ ਹੈ? ਜਿਸ ਚੀਜ਼ ਨੇ ਚੱਲਣਾ ਹੈ, ਆਵਾਜ਼ ਕਰਨੀ ਹੈ, ਚਾਨਣ ਕਰਨਾ ਹੈ, ਉਸ ਨੂੰ ਊਰਜਾ ਦੀ ਲੋੜ ਹੈ ਅਤੇ ਊਰਜਾ ਲਈ ਬਾਲਣ ਦੀ ਲੋੜ ਹੁੰਦੀ ਹੈ, ਜਦੋਂ ਬਾਲਣ ਬਲੇਗਾ ਤਾਂ ਪ੍ਰਦੂਸ਼ਣ ਹੋਵੇਗਾ ਹੀ। ਸ੍ਰੀ ਦਰਬਾਰ ਸਾਹਿਬ ਵਿਖੇ ਇਸ ਦਿਨ ਪਰਿਕਰਮਾਂ ਵਿਚ ਏਨਾ ਧੂੰਆਂ ਹੋ ਜਾਂਦਾ ਹੈ ਕਿ ਉੱਥੇ ਸਾਹ ਲੈਣਾ ਵੀ ਮੁਸ਼ਕਿਲ ਜੋ ਜਾਂਦਾ ਹੈ ਇੱਥੋਂ ਤੱਕ ਕਿ ਅਗਲੇ ਦਿਨ ਤੱਕ ਵੀ ਇੱਥੇ ਪ੍ਰਦੂਸ਼ਤ ਹੋਈ ਹਵਾ ਵਿਚ ਸਾਹ ਲੈਣਾ ਔਖਾ ਹੁੰਦਾ ਹੈ ਤਾਂ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਤਿਸ਼ਬਾਜ਼ੀ ਪ੍ਰਦੂਸ਼ਣ ਰਹਿਤ ਕਿਵੇਂ ਹੋਈ? ਇਸ ਵਾਰ ਭਾਵੇਂ ਅੰਮ੍ਰਿਤਸਰ ਵਿਚ ਰੇਲ ਹਾਦਸਾ ਹੋਣ ਕਾਰਨ ਹਰਿਮੰਦਰ ਸਾਹਿਬ ਵਿਚ ਆਤਿਸ਼ਬਾਜ਼ੀ ਨਹੀਂ ਹੋ ਰਹੀ ਪਰ ਅਗਲੇ ਸਾਲ ਸ਼੍ਰੋਮਣੀ ਕਮੇਟੀ ਨੂੰ ਵਧ ਰਹੇ ਵਾਤਾਵਰਨ ਪ੍ਰਦੂਸ਼ਣ ਦੇ ਪੱਖ ਤੋਂ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਹੁਣ ਜਦੋਂ ਹਰ ਸਾਲ ਪ੍ਰਦੂਸ਼ਣ ਦਾ ਪ੍ਰਕੋਪ ਵਧ ਰਿਹਾ ਹੈ ਫੈਕਟਰੀਆਂ, ਕਾਰਖਾਨਿਆਂ, ਭੱਠਿਆਂ, ਬੱਸਾਂ ਮੋਟਰਾਂ, ਖੇਤਾਂ ਦੀ ਰਹਿੰਦ-ਖੂੰਹਦ ਨਾਲ ਹੋਏ ਪ੍ਰਦੂਸ਼ਣ ਅਕਤੂਬਰ ਨਵੰਬਰ ਦੇ ਦਿਨਾਂ 'ਚ ਹਵਾ ਦਾ ਪ੍ਰਦੂਸ਼ਣ ਬਹੁਤ ਵਧ ਜਾਂਦਾ ਹੈ। ਦਮਾ ਸਾਹ ਅਤੇ ਦਿਲ ਦੇ ਮਰੀਜ਼ਾਂ ਦੀਆਂ ਮੌਤਾਂ ਇਨ੍ਹਾਂ ਦਿਨਾਂ ਦੌਰਾਨ ਵਧ ਜਾਂਦੀਆਂ ਹਨ। ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਤਾਂ ਹੁੰਦੀਆਂ ਸਨ ਪਰ ਵਿਕਾਸ ਦੇ ਇਸ ਮੰਜ਼ਰ ਵਿਚ ਹੁਣ ਸਕੂਲਾਂ ਵਿਚ 'ਪ੍ਰਦੂਸ਼ਿਤ ਹਵਾ ਦੀਆਂ ਛੁੱਟੀਆਂ' ਕਰਨ ਦੀ ਨੌਬਤ ਵੀ ਆਉਣ ਲੱਗ ਪਈ ਹੈ (ਜਿਵੇਂ ਪਿਛਲੇ ਸਾਲ 2017 ਵਿਚ ਕਰਨੀਆਂ ਪਈਆਂ ਸਨ)। ਇਸ ਸਭ ਕੁਝ ਲਈ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ। ਧਾਰਮਿਕ ਸੰਸਥਾਵਾਂ ਤੋਂ ਤਾਂ ਇਹ ਪੈਗਾਮ ਦਿੱਤਾ ਜਾਣਾ ਚਾਹੀਦਾ ਹੈ ਕਿ ਅਸੀਂ ਇਸ ਕੁਦਰਤੀ ਵਾਤਾਵਰਨ ਨੂੰ ਗੰਧਲਾ ਨਾ ਕਰੀਏ। ਇਹ ਪੈਗਾਮ ਹਰ ਪਿੰਡ ਸ਼ਹਿਰ ਦੇ ਮੁਹੱਲੇ ਦੇ ਗੁਰਦਵਾਰੇ, ਮੰਦਰ, ਮਸਜਿਦ ਤੋਂ ਦਿੱਤੇ ਜਾਣ ਦੀ ਲੋੜ ਹੈ। ਪਰ ਇੱਥੇ ਹੋ ਇਸ ਤੋਂ ਉਲਟ ਰਿਹਾ ਹੈ। ਵੱਡੇ ਧਰਮ ਅਸਥਾਨਾਂ 'ਤੇ ਬੰਬ ਪਟਾਕੇ ਚਲਾ ਕੇ ਜਦੋਂ ਅਸੀਂ ਹਵਾ ਪਲੀਤ ਕਰਦੇ ਹਾਂ ਤਾਂ ਆਖਰ ਅਸੀਂ ਇਹ ਕੀ ਸਾਬਤ ਕਰਨ ਜਾ ਰਹੇ ਹੁੰਦੇ ਹਾਂ? ਇਸ ਤੋਂ ਇਲਾਵਾ ਨਿੱਜੀ ਪ੍ਰੋਗਰਾਮਾਂ ਸਮਾਗਮਾਂ 'ਤੇ ਪਟਾਕੇ ਚਲਾਉਣ 'ਤੇ ਰੋਕ ਲਾਏ ਜਾਣ ਦੀ ਲੋੜ ਹੈ। ਸਾਨੂੰ ਮਾਨਵਵਾਦੀ ਸੋਚਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਅਵਾਮ ਨੂੰ ਇਹ ਦੱਸਣ ਦੀ ਲੋੜ ਹੈ ਕਿ ਆਤਿਸ਼ਬਾਜ਼ੀ ਨਾਲ ਕੇਵਲ ਹਵਾ ਪਾਣੀ ਮਿੱਟੀ ਅਤੇ ਆਵਾਜ਼ ਦਾ ਹੀ ਪ੍ਰਦੂਸ਼ਣ ਨਹੀਂ ਹੁੰਦਾ ਇਸ ਨਾਲ ਅਸੀਂ ਰੁੱਖਾਂ ਦਾ ਕਤਲੇਆਮ ਵੀ ਕਰ ਰਹੇ ਹੁੰਦੇ ਹਾਂ। ਧਰਮ ਅਸਥਾਨਾਂ ਅਤੇ ਧਾਰਮਿਕ ਸਰਗਰਮੀਆਂ ਕਰਨ ਵਾਲੇ ਆਗੂਆਂ ਨੂੰ ਇਸ ਕਤਲੇਆਮ ਦਾ ਭਾਗੀਦਾਰ ਨਹੀਂ ਬਣਨਾ ਚਾਹੀਦਾ।
ਗੁਰੂ ਸਹਿਬਾਨਾਂ ਦੀ ਸਿੱਖਿਆ ਵਿਖਾਵੇ ਕਰਨ ਦੀ ਸਿੱਖਿਆ ਨਹੀਂ ਸਗੋਂ ਕੁਦਰਤ ਦਾ ਸਤਿਕਾਰ ਕਰਨ ਅਤੇ ਗ਼ਰੀਬਾਂ ਮਜ਼ਲੂਮਾਂ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਣ ਦੀ ਸਿੱਖਿਆ ਹੈ। ਆਓ ਦੀਵਾਲੀ ਦੇ ਪਵਿੱਤਰ ਮੌਕੇ ਅਸੀਂ ਗਿਆਨ ਦੇ ਦੀਵੇ ਬਾਲੀਏ। ਆਪਣੀ ਧਰਤੀ ਮਾਂ ਪ੍ਰਤੀ ਫ਼ਿਕਰਮੰਦ ਹੋਈਏ। ਬੱਚਿਆਂ ਨੂੰ ਇਸ ਦਿਨ ਕਿਤਾਬਾਂ ਨਾਲ ਜੋੜਨ ਦਾ ਅਹਿਦ ਕਰੀਏ। ਸਾਡੇ ਮਹਾਨ ਗੁਰੂ ਸਹਿਬਾਨਾਂ ਨੇ ਸਾਨੂੰ ਹਵਾ ਮਿੱਟੀ ਪਾਣੀ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ ਸੀ ਪਰ ਅਸੀਂ ਗੁਰੂ ਸਹਿਬਾਨਾਂ ਦੇ ਗੁਰਪੁਰਬ ਪ੍ਰਭਾਤ ਫੇਰੀਆਂ ਦੌਰਾਨ ਹੀ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਲੱਗ ਪਏ ਹਾਂ। ਧਰਮ ਅਸਥਾਨਾਂ 'ਤੇ ਲੰਗਰ ਲਾਉਣ ਲਈ ਸੜਕਾਂ ਨਹਿਰਾਂ ਤੋਂ ਰੁੱਖਾਂ ਨੂੰ ਕੱਟ ਕੇ ਲਿਆਉਣ ਨੂੰ ਵੀ ਕਾਰਸੇਵਾ ਸਮਝਿਆ ਜਾਂਦਾ ਹੈ। ਸੜਕਾਂ ਤੇ ਲੰਗਰ ਲਾ ਕੇ ਕੂੜਾ ਕਰਕਟ ਖਿਲਾਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਏ ਹਾਂ। ਆਤਿਸ਼ਬਾਜ਼ੀ 'ਤੇ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਧਾਰਮਿਕ ਸੰਸਥਾਵਾਂ ਨੂੰ ਇਹ ਪੈਸਾ 'ਰੁੱਖ ਲਾਉਣ ਰੁੱਖ ਬਚਾਉਣ' ਤੇ ਗ਼ਰੀਬਾਂ ਦੇ ਇਲਾਜ ਕਰਨ ਵਰਗੇ ਕੰਮਾਂ ਲਈ ਵਰਤਣਾ ਚਾਹੀਦਾ ਹੈ।
ਇਸ ਦਿਨ ਹਜ਼ਾਰਾਂ ਰੁਪਏ ਦੇ ਪਟਾਕੇ ਚਲਾਉਣ ਦੀ ਬਜਾਏ ਇਹ ਪੈਸਾ ਕਿਸੇ ਗ਼ਰੀਬ ਲੋੜਵੰਦ ਨੂੰ ਦਿਓ ਜੋ ਇਲਾਜ ਲਈ ਕਿਸੇ ਦੀ ਮਦਦ ਨੂੰ ਉਡੀਕ ਰਿਹਾ ਹੈ। ਇਸ ਦਿਨ ਆਪਣੇ ਘਰਾਂ ਵਿਚ ਲਾਇਬਰੇਰੀ ਬਣਾਉਣ ਦੀ ਸ਼ੁਰੂਆਤ ਕਰੋ। ਪਟਾਕਿਆਂ 'ਤੇ ਖਰਚ ਕਰਨ ਨਾਲੋਂ ਸਾਰੇ ਸਾਲ ਲਈ ਘਰ ਲਈ ਚੰਗੀਆਂ ਅਖਬਾਰਾਂ ਲਗਵਾਓ। ਆਓ ਹਨੇਰਿਆਂ ਖਿਲਾਫ਼ ਮਨਾਂ ਅੰਦਰ ਗਿਆਨ ਵਿਗਿਆਨ ਦੇ ਦੀਪ ਜਗਾਈਏ ਕਿਉਂਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵਾ ਗਿਆਨ ਦੇ ਚਾਨਣ ਦਾ ਪ੍ਰਤੀਕ ਹੈ।
- ਜ਼ੀਰਾ, ਸੰਪਰਕ : 9855051099