ਦੀਵਾਲੀ : ਹਨੇਰੇ 'ਚ ਘਿਰੀਆਂ ਰੋਸ਼ਨੀਆ - ਸ਼ਾਮ ਸਿੰਘ ਅੰਗ ਸੰਗ
ਦੀਵਾਲੀ ਦੂਰ-ਦੂਰ ਤੱਕ ਰੋਸ਼ਨੀਆਂ ਕਰਨ ਦਾ ਦਿਹਾੜਾ ਹੈ, ਤਾਂ ਕਿ ਦੇਸ਼ ਹਰ ਖੇਤਰ ਵਿੱਚ ਜਗਮਗ ਕਰਦਾ ਲੱਗੇ। ਸਾਡੇ ਇੱਥੇ ਆਲਮ ਹੀ ਨਿਰਾਲਾ ਹੈ, ਕਿਉਂਕਿ ਹੁਕਮਰਾਨ ਅਤੇ ਸਿਆਸਤਦਾਨ ਰੋਸ਼ਨੀ ਵੱਲ ਪਿੱਠ ਕਰ ਕੇ ਹਨੇਰਾ ਫੈਲਾ ਰਹੇ ਹਨ, ਤਾਂ ਕਿ ਲੋਕ ਰੋਸ਼ਨ ਦਿਮਾਗ਼ ਹੋ ਕੇ ਹਾਕਮਾਂ ਦੇ ਗਲ ਨਾ ਪੈਣ। ਹਨੇਰੇ ਦੇ ਸ਼ਿਕਾਰ ਦੇਸ਼ ਦੇ ਲੋਕਾਂ ਦਾ ਹਨੇਰੇ ਤੋਂ ਖਹਿੜਾ ਨਹੀਂ ਛੁੱਟ ਰਿਹਾ, ਕਿਉਂਕਿ ਇੱਥੇ ਮਿਲੀਆਂ ਆਜ਼ਾਦੀਆਂ ਵੀ ਖੋਹੀਆਂ ਜਾਣ ਲੱਗ ਪਈਆਂ।
ਚਾਹੀਦਾ ਤਾਂ ਇਹ ਹੈ ਕਿ ਹਰ ਦਿਨ ਦਾ ਰੰਗ ਏਨਾ ਖਿੜੇ ਕਿ ਲੋਕਾਂ ਦਾ ਜੀਵਨ ਖ਼ੁਸ਼ਹਾਲੀ ਵਿੱਚ ਖਿੜਿਆ ਫਿਰੇ ਅਤੇ ਰੋਸ਼ਨੀਆਂ ਨਾਲ ਜਗਮਗ ਕਰਦਾ ਹੋਵੇ, ਪਰ ਇੱਥੇ ਬੇਈਮਾਨੀ, ਭ੍ਰਿਸ਼ਟਾਚਾਰ, ਜਾਤ-ਪਾਤ, ਅਸਮਾਨਤਾ ਅਤੇ ਫ਼ਿਰਕਾਪ੍ਰਸਤੀ ਕਾਰਨ ਲੋਕਤੰਤਰ ਦੇ ਸਮਾਨਾਂਤਰ ਅਲੋਕਤੰਤਰ ਦਾ ਬੋਲਬਾਲਾ ਹੋ ਕੇ ਰਹਿ ਗਿਆ। ਤਸੀਹੇ ਝੱਲਦਿਆਂ ਕੁਰਬਾਨੀ ਕਰਦਿਆਂ ਪੁਰਖਿਆਂ ਵੱਲੋਂ ਸਿਰਜਿਆ ਗਿਆ ਲੋਕਤੰਤਰ ਮੁੱਠੀ ਭਰ ਸਿਆਸਤਦਾਨਾਂ ਦੇ ਸਵਾਰਥ, ਅਪਰਾਧੀ ਬਿਰਤੀ ਅਤੇ ਤੰਗ ਸੋਚ ਕਾਰਨ ਭੋਰ ਅਤੇ ਖੋਰ ਦਿੱਤਾ ਗਿਆ, ਜਿਸ ਨਾਲ ਖੁੱਲ੍ਹਦਿਲੀ ਅਤੇ ਵਿਕਾਸ ਦੇ ਰਾਹ ਠੱਪ ਹੋ ਗਏ ਅਤੇ ਦੇਸ਼ ਪਿੱਛੇ ਵੱਲ ਤੁਰ ਪਿਆ। ਜਿਵੇਂ ਪਟਾਕੇ ਦੇ ਧੂੰਏਂ ਨਾਲ ਦੇਸ਼ ਦੀਆਂ ਅੱਖਾਂ ਮੀਚ ਹੋ ਗਈਆਂ।ઠ
ਪੰਜਾਬ ਦੇ ਹਨੇਰਿਆਂ 'ਚ ਆਮ ਆਦਮੀ ਪਾਰਟੀ ਆਈ ਤਾਂ ਲੱਗਿਆ ਸੀ ਕਿ ਲੋਕ-ਜੀਵਨ ਵਿੱਚ ਦੀਵੇ ਜਗਣਗੇ ਤੇ ਸਮਾਜ ਵਿੱਚ ਮੋਮਬੱਤੀਆਂ, ਪਰ ਛੇਤੀ ਹੀ ਭਾਂਡਾ ਫੁੱਟ ਗਿਆ ਤੇ ਪਾਰਟੀ ਦੇ ਝਾੜੂ ਨੂੰ ਬਿਖੇਰਨਾ ਸ਼ੁਰੂ ਕਰ ਦਿੱਤਾ ਗਿਆ। ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਹੀ ਪਾਰਟੀ ਵਿੱਚ ਪਟਾਕੇ ਚੱਲਣ ਲੱਗ ਪਏ ਅਤੇ ਪਟਾਕੇ ਪੈ ਗਏ। ਸੁੱਚਾ ਸਿੰਘ ਛੋਟੇਪੁਰ ਬਾਹਰ, ਜਿਸ ਨਾਲ ਪਾਰਟੀ ਹੀ ਛੋਟੀ ਹੋ ਗਈ। ਜਿੱਤਦੀ-ਜਿੱਤਦੀ ਪਾਰਟੀ 21 ਸੀਟਾਂ ਤੱਕ ਸਿਮਟ ਗਈ। ਪਾਰਟੀ ਤਾਂ ਅਜੇ ਤੱਕ ਵੀ ਜਿੱਤ ਸਮਝੀ ਜਾਂਦੀ ਹੈ, ਪਰ ਪੰਜਾਬ ਫੇਰ ਹਾਰ ਗਿਆ। ਹਨੇਰਾ ਫੇਰ ਛਾ ਗਿਆ। ਦਿੱਲੀ 'ਤੇ ਛਾਏ ਕੇਜਰੀਵਾਲ ਫੁੱਲਝੜੀਆਂ ਦਾ ਜਲੌਅ ਕਰਨ ਲੱਗ ਪਏ। ਉਧਰ ਸੁਖਪਾਲ ਸਿੰਘ ਖਹਿਰਾ ઠਦੀ ਅਗਵਾਈ 'ਚ ਅੱਠ ਵਿਧਾਇਕ ਡਟ ਗਏ ਤੇ ਫੁੱਲਝੜੀਆਂ ਦਾ ਜਵਾਬ ਦੇਣ ਲਈ ਪਟਾਕੇ ਚਲਾਉਣ ਲੱਗ ਪਏ। ਬਠਿੰਡੇ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪ-ਮੁਹਾਰੇ ਇਕੱਠ ਹੋਣ ਲੱਗ ਪਏ, ਜਿੱਥੇ ਇਹ ਅੱਠੇ ਵਿਧਾਇਕ ਗੱਜਦੇ ਰਹੇ।ઠ
ਸਤਿਕਾਰ ਦੀਆਂ ਫੁੱਲਝੜੀਆਂ ਵੀ ਚਲਾਉਂਦੇ ਰਹੇ ਅਤੇ ਠਾਹ-ਠੂਹ ਵੀ ਕਰਦੇ ਰਹੇ। ਲੱਗਦਾ ਸੀ ਕਿ ਇਹ ਤਾਂ ਟਰੇਲਰ ਹਨ, ਜਦੋਂ ਕਿ ਵੱਡੇ ਬੰਬ ਫਟਣ ਨਾਲ ਹੀ ਫ਼ਿਲਮ ਸ਼ੁਰੂ ਹੋਵੇਗੀ। ਦੋਹਾਂ ਧਿਰਾਂ ਵੱਲੋਂ ਨਿੱਤ ਦੀ ਗਰਮਾ-ਗਰਮੀ ਉਹ ਰੂਪ ਧਾਰਨ ਲੱਗ ਪਈ, ਜਿਸ ਨੂੰ ਤਕਰਾਰਬਾਜ਼ੀ ਕਿਹਾ ਜਾਣ ਲੱਗ ਪਿਆ। ਦਿੱਲੀ ਵਾਲਿਆਂ ਨੇ ਮੋਬਾਈਲ ਦਾ ਬਟਨ ਦਬਾਅ ਕੇ ਵੱਡਾ ਬੰਬ ਚਲਾ ਦਿੱਤਾ, ਜਿਸ ਨਾਲ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਠੁੱਸ ਕਰ ਕੇ ਰੱਖ ਦਿੱਤਾ। ਦੀਵੇ ਗੁੱਲ ਹੋ ਗਏ ਅਤੇ ਮੋਮਬੱਤੀਆਂ ਬੁਝ ਗਈਆਂ। ਦੋਹਾਂ ਪਾਸਿਆਂ ਤੋਂ ਫੁੱਲਝੜੀਆਂ ਚੱਲਦੀਆਂ ਰਹੀਆਂ ਅਤੇ ਪਾੜੇ ਵਧਦੇ ਗਏ। ਝਾੜੂ ਤੀਲਾ-ਤੀਲਾ ਹੋ ਗਿਆ। ਖਹਿਰਾ ਪੰਜਾਬ ਦੀ ਖ਼ੁਦਮੁਖ਼ਤਿਆਰੀ ਵਾਲੀ ਆਵਾਜ਼ ਨੂੰ ਏਨੀ ਬੁਲੰਦ ਕਰ ਗਿਆ ਕਿ ਸਾਰਾ ਪੰਜਾਬ ਉਸ ਮਗਰ ਆਪ-ਮੁਹਾਰੋ ਹੋ ਤੁਰਿਆ ਤੇ ਦਿੱਲੀ-ਪੱਖੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਬਰਗਾੜੀ ਮੋਰਚੇ ਵਿੱਚ ਗਿਆ ਤਾਂ ਉੱਥੇ ਵੀ ਰੋਸ਼ਨੀਆਂ ਦੇ ਦੀਵੇ ਜਗਾ ਆਇਆ ਅਤੇ ਦਿੱਲੀ ਵੱਲ ਦੇ ਝਾੜੂਆਂ ਨੂੰ ਪੰਜਾਬੀਆਂ ਦੇ ਦਿਲਾਂ ਵਿੱਚੋਂ ਝਾੜਨ ਵਿੱਚ ਸਫ਼ਲ ਹੋ ਗਿਆ। ਪਾਰਟੀ 'ਚ ਹਨੇਰਾ ਪੱਸਰ ਗਿਆ।ઠ
ਦਿੱਲੀ ਤੋਂ ਬੰਬ ਫੇਰ ਚੱਲਿਆ। ਖਹਿਰਾ ਅਤੇ ਕੰਵਰ ਸੰਧੂ ਪਾਰਟੀ ਤੋਂ ਬਾਹਰ। ਰੋਹ ਦੇ ਦੀਵੇ ਬੁਝਾ ਦਿੱਤੇ। ਇਹ ਖ਼ਬਰ ਬੰਬ ਵਾਂਗ ਹੀ ਫਟੀ, ਜਿਸ ਨਾਲ ਆਪ ਵਿੱਚ ਏਕੇ ਦੇ ਰਾਗ ਦਾ ਅਲਾਪ ਖ਼ਤਮ ਹੋ ਗਿਆ। ਹੁਣ ਰੋਸ਼ਨੀਆਂ ਬਿਖੇਰਨ ਲਈ ਮਹਾਂ-ਗੱਠਜੋੜ ਹੋਵੇਗਾ। ਖਹਿਰਾ ਗਰੁੱਪ, ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ, ਬਸਪਾ, ਬਰਗਾੜੀ ਮੋਰਚਾ ਅਤੇ ਹੋਰ ਪੀੜਤ ਸਿਆਸੀ ਧਿਰਾਂ ਮਿਲ ਕੇ ਨਵੀਂਆਂ ਮੋਮਬੱਤੀਆਂ ਜਗਾਉਣਗੀਆਂ, ਆਤਿਸ਼ਬਾਜ਼ੀ ਚਲਾਉਣਗੀਆਂ ਅਤੇ ਬੰਬ ਫਟਣਗੇ।
ਕਾਂਗਰਸ ਵਿੱਚ ਵੀ ਠਾਹ-ਠੂਹ ਹੁੰਦੀ ਰਹੀ, ਪਰ ਉਸ ਦੇ ਨੇਤਾ ਏਕਾ ਕਰ ਕੇ ਪੰਜਾਬ ਵਿੱਚ ਸਰਕਾਰ ਬਣਾ ਗਏ। ਪਾਰਟੀ ਅੰਦਰ ਖ਼ੁਸ਼ੀ ਦੇ ਦੀਵੇ ਜਗ ਪਏ, ਮਤਾਬੀਆਂ ਚੱਲਣ ਲੱਗ ਪਈਆਂ, ਪਰ ਲੋਕਾਂ ਨਾਲ ਵਾਅਦੇ ઠ ਪੂਰੇ ਨਾ ਕਰਨ 'ਤੇ ਹਨੇਰਾ ਪੱਸਰਨ ਲੱਗ ਪਿਆ। ਭਾਵੇਂ ਪਾਰਟੀ ਦੀ ਦੀਵਾਲੀ ਹੋ ਗਈ, ਪਰ ਲੋਕ ਨਾ ਮੋਮਬੱਤੀਆਂ ਜਗਾਉਣ ਜੋਗੇ ਰਹੇ ਅਤੇ ਨਾ ਫੁੱਲਝੜੀਆਂ। ਮਹਿੰਗਾਈ ਦੀ ਮਾਰ ਹੇਠ ਲੋਕਾਂ ਵਾਸਤੇ ਕਾਹਦੀ ਦੀਵਾਲੀ ਅਤੇ ਕਿੱਧਰਲੀ ਰੋਸ਼ਨੀ?ઠ
ਸੌ ਸਾਲ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਪਹਿਲਾਂ ਤਾਂ ਛੋਟੇ-ਮੋਟੇ ਪਟਾਕੇ ਚੱਲਦੇ ਰਹੇ। ਬਹਿਬਲ ਕਲਾਂ ਅਤੇ ਬਰਗਾੜੀ ਦੇ ਮਸਲੇ ਭਖੇ ਤਾਂ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਦੀ ਸੁਲਗਦੀ ਧੂਣੀ ਦਾ ਧੂੰਆਂ ਦੇਸ਼-ਵਿਦੇਸ਼ ਵਿੱਚ ਫੈਲ ਗਿਆ। ਵਿਚਾਰਾਂ ਦੀਆਂ ਮੋਮਬੱਤੀਆਂ ਜਗੀਆਂ ਅਤੇ ਤੇਜ਼-ਤਰਾਰ ਮੰਗਾਂ ਦੇ ਦੀਵੇ ਜਗਾਏ ਗਏ, ਜਿਨ੍ਹਾਂ ਦਾ ਅਸਰ ਕਿਧਰੇ ਵੀ ਦਿਖਾਈ ਨਾ ਦੇ ਸਕਿਆ। ਉੱਡ-ਉੱਡ ਕੇ ਅਸਮਾਨ ਤੱਕ ਪਹੁੰਚੇ ਵਿਚਾਰ ਆਖ਼ਰੀ ਵਕਤ ਤੱਕ ਠੁੱਸ ਹੋ ਕੇ ਰਹਿ ਗਏ।
ਉਧਰ ਅਕਾਲੀ ਦਲ ਵਿੱਚ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਗਿਆ। ਗੱਲਾਂ ਤਾਂ ਕਈ ਤਰ੍ਹਾਂ ਦੀਆਂ ਉੱਡੀਆਂ, ਪਰ ਪਾਰਟੀ ਇਸ ਬੰਬ ਦੇ ਧੂੰਏਂ ਵਿੱਚ ਗੁਆਚੀ ਭੰਬਲਭੂਸੇ ਵਿੱਚ ਪੈ ਗਈ। ਫੇਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਅਸਤੀਫ਼ੇ ਦੀ ਆਤਿਸ਼ਬਾਜ਼ੀ ਚਲਾ ਦਿੱਤੀ ਅਤੇ ਸੁਖਬੀਰ ਤੋਂ ਅਸਤੀਫ਼ਾ ਮੰਗ ਲਿਆ। ઠਦੇਰ ਤੋਂ ਵਿਚਾਰਾਂ ਦੇ ਪਟਾਕੇ ਚਲਾਉਂਦਾ ਰਿਹਾ ਰਣਜੀਤ ਸਿੰਘ ਬ੍ਰਹਮਪੁਰਾ ਨਿੱਖਰ ਕੇ ਰੋਹ ਦਾ ਬੰਬ ਬਣ ਕੇ ਫਟਿਆ। ਕਹਿ ਗਿਆ ਕਿ ਜਦੋਂ ਤੱਕ ਸੁਖਬੀਰ ਤੇ ਮਜੀਠੀਆ ਨੂੰ ਪਾਰਟੀ 'ਚੋਂ ਨਹੀਂ ਕੱਢਿਆ ਜਾਂਦਾ, ਉਹ ਇਸ ਲਈ ਲੜਦਾ ਹੀ ਰਹੇਗਾ।
ਅਜਿਹਾ ਹੋਣ ਨਾਲ ਪਹਿਲਾਂ ਹੀ ਫੱਟੜ ਹੋਈ ਪਾਰਟੀ ਲੰਗੜੀ ਹੋ ਕੇ ਰਹਿ ਗਈ। ਪਹਿਲਾਂ ਕਿਰਨਜੋਤ ਕੌਰ ਨੇ ਸੁਖਬੀਰ ਸਿੰਘ ਤੋਂ ਅਸਤੀਫ਼ਾ ਮੰਗ ਕੇ ਮਰਦ ਆਗੂਆਂ ਨੂੰ ਪਛਾੜ ਦਿੱਤਾ। ਪਾਰਟੀ ਦਾ ਗ੍ਰਾਫ਼ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗਦਾ ਰਿਹਾ ਅਤੇ ਉਹ ਪਾਰਟੀ ਵੱਲ ਪਿੱਠ ਕਰ ਗਏ। ਫੁੱਲਾਂ ਦੇ ਹਾਰ ਪੁਆਉਣ ਵਾਲੇ ਆਗੂਆਂ 'ਤੇ ਪਾਥੀਆਂ ਤੇ ਛਿੱਤਰ ਸੁੱਟੇ ਜਾਣ ਲੱਗ ਪੈਣ ਤਾਂ ਉਨ੍ਹਾਂ ਨੂੰ ਇੱਜ਼ਤ ਬਚਾਉਣ ਲਈ ਘਰ ਬੈਠ ਜਾਣਾ ਚਾਹੀਦਾ ਹੈ, ਪਰ ਸਾਡੇ ਨੇਤਾਵਾਂ ਵਿੱਚ ਨਾ ਇਸ ਪੱਧਰ ਦਾ ਸਦਾਚਾਰ ਪੈਦਾ ਹੋਇਆ ਹੈ ਅਤੇ ਨਾ ਜਗਦੀਆਂ ਮੋਮਬੱਤੀਆਂ ਵਾਲਾ ਸੱਭਿਆਚਾਰ। ਜੇ ਇਹ ਕੁਝ ਨਹੀਂ ਤਾਂ ਬੌਣੇ ਕੱਦ ਵਾਲੇ ਹਨੇਰੇ ਦਾ ਸਫ਼ਰ ਕਰਦਿਆਂ ਆਗੂਆਂ ਦੀ ਕਾਹਦੀ ਦੀਵਾਲੀ, ਕੇਹੇ ਪਟਾਕੇ, ਕੇਹੀਆਂ ਫੁੱਲਝੜੀਆਂ ਅਤੇ ਕਿੱਥੋਂ ਚੱਲਣ ਵਾਲੇ ਅਨਾਰ ਅਤੇ ਕਿਸ ਕਰ ਕੇ ਚਲਾਈਆਂ ਜਾਣ ਉੱਚੀਆਂ ਆਤਿਸ਼ਬਾਜ਼ੀਆਂ।
ਦੇਰ ਤੋਂ ਹਾਸ਼ੀਏ ਤੋਂ ਬਾਹਰ ਬੈਠੀਆਂ ਖੱਬੀਆਂ ਧਿਰਾਂ ਨੂੰ ਵੀ ਪੰਜਾਬ ਵਿੱਚ ਬਣ ਰਹੇ ਮਹਾਂ-ਗੱਠਬੰਧਨ ਦਾ ਹਿੱਸਾ ਬਣਨਾ ਚਾਹੀਦਾ ਹੈ, ਤਾਂ ਜੁ ਬਿਲਕੁਲ ਹੀ ਖ਼ਾਲੀ ਛੱਡੀ ਹੋਈ ਥਾਂ ਮੁੜ ਮੱਲ ਸਕਣ। ਥਾਂ ਨੂੰ ਖ਼ਾਲੀ ਛੱਡਣ ਲਈ ਪਾਰਟੀਆਂ ਦੇ ਨੇਤਾ ਹੀ ਜ਼ਿੰਮੇਵਾਰ ਹਨ, ਜਿਹੜੇ ਖੱਬੀਆਂ ਧਿਰਾਂ ਦੇ ਕਾਰਕੁਨਾਂ ਵਿੱਚ ਸਰਗਰਮੀ ਕਾਇਮ ਨਹੀਂ ਰੱਖ ਸਕੇ ਅਤੇ ਲੋਕਾਂ ਦੇ ਮਸਲਿਆਂ ਵਿੱਚ ਸ਼ਾਮਲ ਨਾ ਹੋਏ। ਅਜਿਹਾ ਹੋਣਾ ਨੇਤਾਵਾਂ ਦੀ ਢਿੱਲ-ਮੱਠ ਹੀ ਕਹੀ ਜਾ ਸਕਦੀ ਹੈ, ਜਿਹੜੇ ਸਿਰਫ਼ ਸ਼ਬਦਾਂ ਦੀ ਮੁਹਾਰਨੀ ਵਿੱਚ ਗੁਆਚੇ ਰਹਿੰਦੇ ਹਨ, ਪਰ ਜਨਤਾ ਦੀਆਂ ਇੱਛਾਵਾਂ ਵਿੱਚ ਦੀਵੇ ਨਹੀਂ ਜਗਾਉਂਦੇ ਅਤੇ ਤਾਰੇ ਨਹੀਂ ਚੜ੍ਹਾਉਂਦੇ। ਜ਼ਰੂਰੀ ਹੈ ਕਿ ਦੀਵਾਲੀ ਦੀ ਹੋ ਰਹੀ ਰੋਸ਼ਨੀ ਵਿੱਚ ਹੀ ਸੋਚਣ ਕਿ ਉਹ ਲੋਕਾਂ ਲਈ ਕੀ ਕਰ ਸਕਦੇ ਹਨ, ਕੀ ਨਹੀਂ।
ਸੰਪਰਕ : 98141-13338
07 ਨਵੰਬਰ 2018