ਆਤਮਾ - ਹਰਵਿੰਦਰ ਟੋਨੀ
ਵੱਖ ਵੱਖ ਧਾਰਮਿਕ ਗ੍ਰੰਥਾਂ ਅਤੇ ਧਰਮ ਵਿੱਚ ਆਸਥਾ ਰੱਖਣ ਵਾਲੇ ਇਨਸਾਨਾਂ ਦਾ ਵਿਚਾਰ ਹੈ ਕਿ ਮਨੁੱਖੀ ਸਰੀਰ ਅੰਦਰ ਆਤਮਾ ਨਾਂ ਦੀ ਚੀਜ਼ ઠਦਾ ਨਿਵਾਸ ਹੈ ਇਸ ਤੋਂ ਬਗੈਰ ਸਰੀਰ ਇੱਕ ਰਾਖ ਦਾ ਢੇਰ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਰੱਬ ਇਸ ਵਿੱਚ ਆਤਮਾ ਨੂੰ ਭੇਜ ਦਿੰਦਾ ਹੈ ਤੇ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਆਤਮਾ ਇਸ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤੇ ਇਨਸਾਨ ਮਰ ਜਾਂਦਾ ਹੈ। ਇਸ ਤਰਾਂ ਜਿੰਨੇ ਵੀ ਇਸ ਧਰਤੀ ਤੇ ਜੀਵ ਹਨ ਉਹ ਸਾਰੇ ਹੀ ਰੱਬ ਦੁਆਰਾ ਭੇਜੇ ਹੋਏ ਮੰਨੇ ਜਾਂਦੇ ਹਨ ਤੇ ਇਨ੍ਹਾਂ ਵਿੱਚ ਪਿਛਲੇ ਜਨਮ ਦੇ ਕਰਮਾਂ ਅਨੁਸਾਰ ਆਤਮਾ ਭੇਜ ਦਿੱਤੀ ਜਾਂਦੀ ਹੈ। ਕਈ ਧਰਮ ਤਾਂ ਇਸ ਨੂੰ ਚੁਰਾਸੀ ਲੱਖ ਜੂਨਾਂ ਦਾ ਆਉਣ ਜਾਣ ਮੰਨਦੇ ਹਨ। ਮੈਂ ਇੱਥੇ ਕਿਸੇ ਵੀ ਧਰਮ ਜਾਂ ਧਾਰਮਿਕ ਆਗੂ ਨੂੰ ਮਾੜਾ ਨਹੀਂ ਕਹਾਂਗਾ ਸਿਰਫ ਆਪਣੀ ਸਮਝ ਦੇ ਆਧਾਰ ਤੇ ਇਸ ਆਤਮਾ ਵਾਰੇ ਆਪਣੇ ਵਿਚਾਰ ਦੇ ਰਿਹਾ ਹਾਂ ।
ਸਭ ਤੋਂ ਪਹਿਲਾਂ ਤਾਂ ਇਸ ਆਤਮਾ ਦੇ ਸਥਾਨ ਵਾਰੇ ਗੱਲ ਕਰਦੇ ਹਾਂ ਕਿ ਇਹ ਸਰੀਰ ਦੇ ਕਿਸ ਹਿੱਸੇ ਵਿੱਚ ਸਥਿਤ ਹੈ ਇਸ ਵਾਰੇ ਕਿਤੇ ਵੀ ਨਹੀਂ ਲਿਖਿਆ ਗਿਆ ਤੇ ਨਾਂ ਹੀ ਕੋਈ ਦੱਸ ਸਕਿਆ ਹੈ। ਜਦ ਕਿ ਸਰੀਰ ਦੇ ਬਾਕੀ ਅੰਗਾਂ ਦੀ ਸਥਿਤੀ ਅਤੇ ਕੰਮਾਂ ਵਾਰੇ ਅੱਜ ਅਸੀਂ ਸਾਰੇ ਹੀ ਬਹੁਤ ਚੰਗੀ ਤਰਾਂ ਜਾਣਦੇ ਹਾਂ। ਜੇ ਕਰ ਕਿਸੇ ਦੇ ਸਿਰ ਵਿੱਚ ਜ਼ੋਰ ਦੀ ਸੱਟ ਲੱਗ ਜਾਵੇ ਤਾਂ ਉਸ ਵਿਆਕਤੀ ਦੀ ਮੌਤ ਹੋ ਜਾਂਦੀ ਹੈ ਜੇਕਰ ਦਿਲ ਤੇ ਚਾਕੂ ਨਾਲ ਜਾਂ ਪਿਸਤੌਲ ਦੀ ਗੋਲੀ ਨਾਲ ਵਾਰ ਕਰ ਦੇਵੋ ਤਾਂ ਉਸਦੀ ਮੌਤ ਹੋ ਜਾਂਦੀ ਹੈ, ਜੇਕਰ ਗਲੇ ਦੀ ਰਗ ਜਾਂ ਨਬਜ਼ ਕੱਟ ਦੇਵੋ ਤਾਂ ਵੀ ਮੌਤ ਹੋ ਜਾਂਦੀ ਹੈ, ਜੇ ਕਰ ਕਿਸੇ ਦੀ ਲੱਤ ਜਾਂ ਬਾਂਹ ਵੱਢ ਦੇਵੋ ਤਾਂ ਵੀ ਉਸ ਦੀ ਮੌਤ ਹੋ ਜਾਂਦੀ ਹੈ । ਇਸ ਤਰਾਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਹਨ ਜੋ ਇਨਸਾਨ ਦੀ ਮੌਤ ਦਾ ਕਾਰਣ ਵੀ ਬਣਦੀਆਂ ਹਨ। ਪਰ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਇਹ ਬਣਦੀ ਹੈ ਕਿ ਜੇਕਰ ਕਿਸੇ ਬਿਮਾਰ ਜਾਂ ਕੱਟੇ ਹੋਏ ਅੰਗ ਵਾਲੇ ਵਿਆਕਤੀ ਨੂੰ ਸਮੇਂ ਸਿਰ ਹਸਪਤਾਲ ਵਿੱਚ ਪਹੁੰਚਾ ਦਿੱਤਾ ਜਾਵੇ ਤੇ ਉਸਦਾ ਸਹੀ ਇਲਾਜ ਹੋ ਜਾਵੇ ਤਾਂ ਉਸ ਨੂੰ ਮੌਤ ਦੇ ਮੂੰਹ 'ਚੋਂ ਬਚਾ ਲਿਆ ਜਾਂਦਾ ਹੈ ਹੁਣ ਕੀ ਆਤਮਾ ਡਾਕਟਰ ਤੋਂ ਡਰ ਜਾਂਦੀ ਹੈ ਜੋ ਮਰਨ ਕਿਨਾਰੇ ਪਏ ਇਨਸਾਨ ਦੇ ਸਰੀਰ ਵਿੱਚੋਂ ਬਾਹਰ ਨਹੀਂ ਨਿਕਲਦੀ? ਕਿਹਾ ਤਾਂ ਇਹ ਜਾਂਦਾ ਹੈ ਕਿ ਆਤਮਾ ਨਿਡਰ ਹੈ ਪਰ ਇਹ ਤਾਂ ਬਹੁਤ ਹੀ ਡਰਪੋਕ ਹੈ ਜੋ ਕਿ ਗੋਲ਼ੀ ਚਾਕੂ ਡਾਂਗ ਆਦਿ ਤੋਂ ਡਰ ਕੇ ਮਨੁੱਖੀ ਸਰੀਰ ਵਿੱਚੋਂ ਦੋੜ ਜਾਂਦੀ ਹੈ।
ਵੱਖ-ਵੱਖ ਡੇਰਿਆ 'ਤੇ ਆਮ ਹੀ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਦੋਂ ਮਨੁੱਖ ਦੇ ਸਾਹ ਇਸ ਸੰਸਾਰ ਵਿੱਚੋਂ ਮੁੱਕ ਜਾਂਦੇ ਹਨ ਤਾਂ ਉੱਪਰ ਅਸਮਾਨ ਵਿੱਚ ਬੈਠਾ ਧਰਮਰਾਜ (ਜਿਸ ਦੀ ਹਰ ਇੱਕ ਜੀਵ ਦੇ ੳੱਪਰ ਅੱਖ ਹੈ ਤੇ ਉਹ ਹਰੇਕ ਦਾ ਲੇਖਾ ਜੋਖਾ ਆਪਣੀ ਵਹੀ ਵਿੱਚ ਲਿਖਦਾ ਹੈ) ਆਪਣੇ ਦੂਤ ਨੂੰ ਧਰਤੀ ਤੇ ਭੇਜਦਾ ਹੈ (ਜਿਸ ਨੂੰ ਕਿ ਜਮਦੂਤ ਕਿਹਾ ਜਾਂਦਾ ਹੈ) ਜਿਸ ਮਨੁੱਖ ਦਾ ਟਾਈਮ ਖਤਮ ਹੋ ਜਾਂਦਾ ਹੈ ਉਹ ਉਸ ਵਿੱਚੋਂ ਆਤਮਾ ਨੂੰ ਕੱਢ ਕੇ ਆਪਣੇ ਨਾਲ ਧਰਮਰਾਜ ਦੀ ਕਚਹਿਰੀ ਵਿੱਚ ਲੈ ਜਾਂਦਾ ਹੈ ਜਿੱਥੇ ਕੇ ਧਰਮ ਰਾਜ ਉਸ ਦੁਆਰਾਂ ਦੁਨੀਆਂ ਵਿੱਚ ਕੀਤੇ ਹੋਏ ਚੰਗੇ ਮਾੜੇ ਕੰਮਾਂ ਦਾ ਲੇਖਾ ਜੋਖਾ ਕਰਦਾ ਹੈ ਜਿਸ ਵਾਰੇ ਕਿ ਤਰਾਂ ਤਰਾਂ ਦੀਆਂ ਮਨ-ਘੜਤ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਜਿਵੇਂ ਕਿ ਤੇਲ ਦੇ ਕੜਾਹਿਆਂ ਵਿੱਚ ਸਾੜਨਾ ਪੁੱਠੇ ਲਮਕਾਉਣ ਖ਼ੂਨ ਤੇ ਪੀਕ ਦੀਆਂ ਨਦੀਆਂ ਪਾਰ ਕਰਨੀਆਂ ਆਦਿ ਬਹੁਤ ਤਰਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਸੁਣ ਕੇ ਇੱਕ ਵਾਰ ਤਾਂ ਮਨੁੱਖ ਡਰ ਜਾਂਦਾ ਹੈ ਤੇ ਇਸ ਸਭ ਕਾਸੇ ਤੋਂ ਬਚਣ ਲਈ ਇਹਨਾਂ ਡੇਰੇਦਾਰ ਬਾਬਿਆਂ ਦੇ ਚੁੰਗਲ ਵਿੱਚ ਫਸ ਕੇ ਆਪਣੀ ਧੰਨ ਦੌਲਤ ਵੀ ਲੁਟਾ ਲੈਂਦਾ ਹੈ। ਕਈ ਵਾਰੀ ਹੋਰ ਵੀ ਆਪਣੀ ਗੱਲ ਪੱਕੀ ਕਰਨ ਲਈ ਐਵੇਂ ਹੀ ਕਿਸੇ ਵਾਰੇ ਕਹਿ ਦਿੱਤਾ ਜਾਂਦਾ ਹੈ ਕਿ ਫਲਾਣਾਂ ਬੰਦਾ ਧਰਮਰਾਜ ਦੀ ਕਚਹਿਰੀ ਤੋਂ ਵਾਪਿਸ ਮੁੜ ਕੇ ਆਇਆ ਹੈ ਕਿਉਂਕਿ ਉਸਨੂੰ ਜਮਦੂਤ ਗਲਤੀ ਨਾਲ ਕਿਸੇ ਹੋਰ ਦੀ ਥਾਂ ਲੈ ਗਏ ਸਨ। ਇਸ ਤਰਾਂ ਦਾ ਕੇਸ ਕਦੇ ਵੀ ਐਕਸੀਡੈਂਟ ਹੋਣ ਤੇ ਲੱਤਾਂ ਜਾਂ ਹੋਰ ਅੰਗ ਵੱਢ ਹੋਣ ਕਾਰਨ ਹੋਈ ਮੌਤ ਦਾ ਨਹੀਂ ਸਾਹਮਣੇ ਆਇਆ ਫਿਰ ਪਤਾ ਨਹੀ੬ਂ ਧਰਮਰਾਜ ਕੱਟੀਆਂ ਹੋਈਆਂ ਲੱਤਾਂ ਬਾਹਾਂ ਜਾਂ ਧੌਣ ਕਿਵੇਂ ਜੋੜਦਾ।
ਇੱਕ ਹੋਰ ਕਹਾਣੀ ਆਮ ਤੌਰ ਤੇ ਸੁਨਣ ਨੂੰ ਮਿਲਦੀ ਹੈ ਕਿ ਇੱਕ ਵਾਰ ਰੂਸ ਵਿੱਚ ਇੱਕ ਆਦਮੀ ਮਰਨ ਕਿਨਾਰੇ ਪਿਆਂ ਹੋਇਆ ਸੀ ਤਾਂ ਡਾਕਟਰਾਂ ਨੇ ਤਜ਼ਰਬਾ ਕਰਨ ਲਈ ਉਸਨੂੰ ਸ਼ੀਸ਼ੇ ਦੇ ਕੈਬਿਨ ਵਿੱਚ ਬੰਦ ਕਰ ਦਿੱਤਾ। ਜਦੋਂ ਉਸਦੀ ਮੌਤ ਹੋਈ ਤਾਂ ਉਸਦੀ ਆਤਮਾ ਉਸ ਸ਼ੀਸ਼ੇ ਦੇ ਕੈਬਿਨ ਨੂੰ ਤੋੜ ਕੇ ਨਿਕਲ ਗਈ। ਇਸ ਨੂੰ ਜ਼ਰਾ ਗ਼ੌਰ ਨਾਲ ਸੋਚਣ ਤੇ ਇਹ ਮਨਘੜ੍ਹਤ ਕਹਾਣੀ ਲੱਗਦੀ ਹੈ ਕਈ ਕਾਰਣ ਹਨ ਪਹਿਲਾ ਤਾਂ ਇਹ ਕਿ ਇਸ ਘਟਨਾਂ ਦੇ ਸਥਾਨ ਬਾਰੇ ਕਿਸੇ ਨੂੰ ਵੀ ਨਹੀਂ ਪਤਾ, ਦੂਜਾ, ਨਾਲੇ ਕਿਹਾ ਜਾਂਦਾ ਹੈ ਕਿ ਜੀਵਨ ਤੇ ਮੌਤ ਰੱਬ ਦੇ ਹੱਥ ਹੈ ਡਾਕਟਰ ਤਾਂ ਇੱਕ ਇਨਸਾਨ ਸੀ ਉਸਨੂੰ ਕਿਵੇਂ ਪਤਾ ਲੱਗਾ ਕੇ ਇਹ ਵਿਆਕਤੀ ਮਰਨ ਵਾਲਾ ਹੈ, ਤੀਜਾ ਕਿਸੇ ਜੀਵਿਤ ਇਨਸਾਨ ਨੂੰ ਇਸ ਤਰਾਂ ਮੌਤ ਦੇ ਹਵਾਲੇ ਕਰਨਾਂ ਡਾਕਟਰ ਦੀ ਆਪਣੇ ਫਰਜ਼ ਪ੍ਰਤੀ ਲਾਪਰਵਾਹੀ ਹੈ, ਚੌਥਾ ਇਸ ਤਰਾਂ ਤਾਂ ਸ਼ੀਸ਼ੇ ਅੰਦਰ ਬੰਦ ਚੰਗਾ ਭਲਾ ਇਨਸਾਨ ਵੀ ਆਕਸੀਜਨ ਤੋਂ ਬਗੈਰ ਮਰ ਸਕਦਾ ਹੈ। ਅੱਖਾਂ ਬੰਦ ਕਰਕੇ ਇਸ ਗੱਲ ਤੇ ਯਕੀਨ ਕਰਨ ਨਾਲ਼ੋਂ ਇਹ ਤਜ਼ਰਬਾ ਆਪ ਕਰਕੇ ਵੇਖ ਲਵੋ ਇੱਕ ਕੱਚ ਦੀ ਬੋਤਲ ਵਿੱਚ ਜਾਂ ਕੋਈ ਕੱਚ ਦਾ ਵੱਡਾ ਮਰਤਵਾਨ ਲੈ ਕੇ ਉਸ ਵਿੱਚ ਮੱਖੀ ਜਾਂ ਕੋਈ ਹੋਰ ਜਾਨਵਰ ਪਾ ਕੇ ਉਸ ਨੂੰ ਉੱਪਰੋਂ ਚੰਗੀ ਤਰਾਂ ਬੰਦ ਕਰ ਦੇਵੋ ਫਿਰ ਦੇਖ ਲੈਣਾ ਕਿ ਉਹ ਟੁੱਟਦਾ ਹੈ ਜਾਂ ਨਹੀਂ ਕਿਉਂਕਿ ਆਤਮਾ ਤਾਂ ਹਰੇਕ ਜੀਵ ਵਿੱਚ ਹੁੰਦੀ ਹੈ ਜਿਵੇਂ ਇਹ ਧਾਰਮਿਕ ਲੋਕ ਮੰਨਦੇ ਹਨ।
ਹੁਣ ਲੇਖੇ ਜੋਖੇ ਦੀ ਗੱਲ ਆਉਂਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਇਸ ઠਵਾਰੇ ਕਈ ਤਰਾਂ ਦੀਆਂ ਕਹਾਣੀਆਂ ਬਣਾਈਆਂ ਗਈਆਂ ਹਨ ਜਿਵੇਂ ਕਿ ਪਹਿਲੇ ਚਾਲੀ ਦਿਨ ਬੱਚਾ ਵਿਹੁ ਮਾਤਾ ਨਾਲ ਜੁੜਿਆਂ ਹੁੰਦਾ ਹੈ ਤੇ ਆਪਣੇ ઠਜੀਵਨ ઠਵਿੱਚ ਕਰਨ ਵਾਲੇ ਕਰਮਾ ਦੇ ਲੇਖਾ ਲਿਖਾ ਰਿਹਾ ਹੁੰਦਾ ਹੈ ਨਾਲ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਧੁਰੋਂ ਲਿਖੀਆਂ ਨੂੰ ਕੋਈ ਮੇਟ ਨਹੀਂ ਸਕਦਾ। ਜੇਕਰ ਇਸ ਤਰਾਂ ਹੈ ਤਾਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਜੋ ਕਰਦਾ ਹੈ ਉਹ ਤਾਂ ਸਭ ਪਹਿਲਾਂ ਹੀ ਤਹਿ ਹੋ ਜਾਂਦਾ ਹੈ ਫਿਰ ਮਰਨ ਤੋਂ ਬਾਅਦ ਲੇਖਾ ਕਿਸ ਗੱਲ ਦਾ? ਸਾਰਾ ਕੁੱਝ ਤਾਂ ਜਿਵੇਂ ਪਰਮਾਤਮਾ ਚਾਹੁੰਦਾ ਹੈ ਉਸ ਤਰਾਂ ਹੀ ਹੁੰਦਾ ਹੈ ਤਾਂ ਫਿਰ ਲੇਖਾ ਕਿਸ ਗੱਲ ਦਾ? ਇਹ ਗੱਲ ਵਿਚਾਰਨ ਵਾਲੀ ਹੈ ਕਿ ਜਾਂ ਤਾਂ ਵਿਹੁ ਮਾਤਾ ਵਾਲੀ ਗੱਲ ਠੀਕ ਹੈ ਜਾਂ ਧਰਮਰਾਜ ਵਾਲੀ।
ਅੱਜ ਸਾਡੇ ਸਾਹਮਣੇ ਵਿਗਿਆਨ ਨੇ ਜੀਵ ਦੇ ਪੈਦਾ ਹੋਣ ਤੋਂ ਮਰਨ ਤੱਕ ਦੀ ਵਿਧੀ ਦੇ ਤੱਤ ਬਾਕਾਇਦਾ ਆਪਣੀਆਂ ਖੋਜਾਂ ਨਾਲ ਸਮਾਜ ਦੇ ਸਾਹਮਣੇ ਰੱਖ ਦਿੱਤੇ ਹਨ ਨਾਂ ਕਿ ਕਿਸੇ ਧਾਰਮਿਕ ਗ੍ਰੰਥ ਨੂੰ ਪੜ੍ਹ ਕੇ। ਸਾਨੂੰ ਲੋੜ ਹੈ ਕਿ ਸਵਰਗ ਨਰਕ ਤੇ ਚੁਰਾਸੀ ਲੱਖ ਜੂਨਾਂ ਆਦਿ ਦੀਆਂ ਬਣਾਈਆਂ ਗਈਆਂ ਝੂਠੀਆਂ ਕਹਾਣੀਆਂ ਵਿੱਚ ਨਾਂ ਫਸਕੇ ਇਨ੍ਹਾਂ ਅਖੌਤੀ ਰੱਬ ਦੇ ਏਜੰਟਾਂ ਤੋਂ ਆਪਣੀ ਦੌਲ਼ਤ ਦੀ ਲੁੱਟ ਨਾਂ ਕਰਵਾਈਏ।
ਵੈਸੇ ਚੁਰਾਸੀ ਲੱਖ ਜੂਨਾਂ ਵਾਰੇ ਮੇਰੀ ਆਪਣੀ ਰਾਏ ਹੈ ਕਿ ਧਰਤੀ ਤੇ ਬਹੁਤ ਸਾਰੇ ਮਿੱਤਰ ਜੀਵ ਹਨ ਜਿਨ੍ਹਾਂ ਦਾ ਕਿ ਜੀਵ ਵਿਕਾਸ ਤੇ ਕੁਦਰਤ ਦਾ ਸਤੁੰਲਨ ਬਣਾਈ ਰੱਖਣ ਵਿੱਚ ਬਹੁਤ ਮਹੱਤਵ ਹੈ ਕਈ ਜੀਵ ਐਸੇ ਹਨ ਜੋ ਮਿੱਟੀ ਨੂੰ ਉਪਜਾਊ ਬਣਾਉਣ ਲਈ ਮੱਦਦਗਾਰ ਹਨ ਜਿਵੇਂ ਕਿ ਗੰਡੋਏ ਆਦਿ। ਕਈ ਜੀਵ ਐਸੇ ਹਨ ਜਿਨ੍ਹਾਂ ਦਾ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਜਿਵੇਂ ਕਿ ਦੁੱਧ ਦੇਣ ਵਾਲੇ ਜੀਵ ਜਿਨ੍ਹਾਂ ਉੱਪਰ ਸਾਡੀ ਖ਼ੁਰਾਕ ਨਿਰਭਰ ਹੈ। ਕਈ ਜੀਵਾਂ ਦਾ ਮਾਸ ਤੇ ਅੰਡੇ ਅੱਜ ਸਾਡੀ ਪੌਸ਼ਟਿਕ ਖ਼ੁਰਾਕ ਵਿੱਚ ਸ਼ਾਮਿਲ ਹਨ। ਜੇਕਰ ਇਸ ਅਖੌਤੀ ਰੱਬ ਦੀ ਭਗਤੀ ਤੇ ਇਨ੍ਹਾਂ ਡੇਰੇਦਾਰਾਂ ਦੀ ਸੇਵਾ ਕਰਨ ਤੇ ਮੱਝ, ਗਾਂ, ਭੇਡ, ਬੱਕਰੀ, ਮੱਛੀ, ਮੁਰਗ਼ੀ ਆਦਿ ਦੀ ਜੂਨ ਖਤਮ ਹੋ ਗਈ ਤਾਂ ਖ਼ੁਰਾਕ ਤੋਂ ਬਿਨਾਂ ਮਨੁੱਖੀ ਵਿਕਾਸ ਸੰਭਵ ਕਿਵੇਂ ਹੋ ਸਕਦਾ ਹੈ? ਸੋ ਮੈਂ ਤਾਂ ਚੁਰਾਸੀ ਲੱਖ ਜੂਨਾਂ ਤੋਂ ਮੁਕਤੀ ਪ੍ਰਾਪਤ ਕਰਕੇ ਕੁਦਰਤ ਦੇ ਸਿਸਟਮ ਨੂੰ ਖ਼ਰਾਬ ਨਹੀਂ ਕਰਨਾ ਚਾਹੁੰਦਾ। ਐਹੋ ਜਿਹੀਆਂ ਬੇ ਬੁਨਿਆਦ ਗੱਲਾਂ ਤੇ ਆਪਣਾ ਕੀਮਤੀ ਸਮਾਂ ਤੇ ਧਨ ਦੀ ਬਰਬਾਦੀ ਤੋਂ ਬਚਣਾ ਚਾਹੀਦਾ ਹੈ।
07 Nov. 2018