ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ - ਉਜਾਗਰ ਸਿੰਘ
ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਅਜੇ ਪ੍ਰਕਾਸ਼ਤ ਹੋਈਆਂ ਹੀ ਨਹੀਂ ਪ੍ਰੰਤੂ ਅਕਾਲੀ ਦਲ ਨੇ ਗ਼ਲਤੀਆਂ ਦਾ ਰਾਮ ਰੌਲਾ ਪਹਿਲਾਂ ਹੀ ਪਾ ਦਿੱਤਾ। ਇਸ ਲਈ 'ਬਿਨਾ ਪਾਣੀ ਤੋਂ ਜੁੱਤੀ ਖੋਲ੍ਹਣਾ' ਕਹਾਵਤ ਅਕਾਲੀ ਦਲ ਤੇ ਢੁਕਦੀ ਹੈ ਕਿਉਂਕਿ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਪੁਸਤਕਾਂ ਅਜੇ ਪ੍ਰਕਾਸ਼ਤ ਹੋਈਆਂ ਹੀ ਨਹੀਂ ਵਾਦਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਚੋਟੀ ਦੇ ਇਤਿਹਾਸਕਾਰ ਅਤੇ ਵਿਦਵਾਨ ਜਿਹੜੇ ਇਨ੍ਹਾਂ ਪੁਸਤਕਾਂ ਵਿਚ ਸੁਧਾਈ ਦਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅਕਾਲੀ ਦਲ ਦੇ ਸਿਆਸਤਦਾਨਾ ਨੇ ਪੁਸਤਕਾਂ ਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਵੈਬਸਾਈਟ ਤੇ ਪੁਸਤਕ ਦੇ ਸੋਧੇ ਹੋਏ 5 ਚੈਪਟਰਾਂ ਦਾ ਖਰੜਾ ਪਾਇਆ ਹੀ ਇਸ ਕਰਕੇ ਸੀ ਕਿ ਜੇਕਰ ਕੋਈ ਊਣਤਾਈ ਹੋਵੇਗੀ ਤਾਂ ਪਤਾ ਲੱਗ ਜਾਵੇਗਾ। ਇਹ ਇਕ ਸਹੀ ਕੰਮ ਕਰਨ ਦੀ ਤਕਨੀਕ ਹੁੰਦੀ ਹੈ। ਪੰਜਾਬ ਦੇ ਸਿਆਸਤਦਾਨ ਹਰ ਗੰਭੀਰ ਵਿਸ਼ੇ ਤੇ ਸਿਆਸਤ ਕਰਨ ਨੂੰ ਪਹਿਲ ਦਿੰਦੇ ਹਨ, ਜਿਵੇਂ ਸਿਆਸਤ ਕਰਨ ਲਈ ਉਨ੍ਹਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੁੰਦਾ। ਧਰਮ ਇਕ ਨਿੱਜੀ ਵਿਸ਼ਾ ਹੈ, ਇਸਦੀ ਗੰਭੀਰਤਾ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਹਾਲਾਂਕਿ ਅਕਾਲੀ ਦਲ ਇਕ ਧਾਰਮਿਕ ਪਾਰਟੀ ਹੈ। ਬੱਚਿਆਂ ਦੇ ਭਵਿਖ ਨੂੰ ਵੀ ਇਨ੍ਹਾਂ ਨੇ ਦਾਅ ਤੇ ਲਾ ਦਿੱਤਾ ਹੈ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਥਾਂ ਅੰਤਰਾਸ਼ਟਰੀ ਪੱਧਰ ਦੇ 93 ਸਾਲਾ ਸਿੱਖ ਵਿਦਵਾਨ ਡਾ ਕ੍ਰਿਪਾਲ ਸਿੰਘ, ਜਿਸਨੇ ਹੁਣ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ''ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ'' ਦੀਆਂ 18 ਜਿਲਦਾਂ ਤਿਆਰ ਕੀਤੀਆਂ ਹਨ ਤੋਂ ਸਾਰਾ ਕੰਮ ਵਾਪਸ ਲੈ ਲਿਆ ਹੈ। ਇਸਤੋਂ ਇਲਾਵਾ ਉਸਨੇ ਸਿੱਖ ਇਤਿਹਾਸ ਦੀਆਂ 60 ਪੁਸਤਕਾਂ ਲਿਖੀਆਂ ਹਨ ਜੋ ਕਿ ਪੰਜਾਬੀ, ਅੰਗਰੇਜ਼ੀ ਅਤੇ ਫਾਰਸ਼ੀ ਭਾਸ਼ਾਵਾਂ ਵਿਚ ਹਨ। ਸ਼ਰੋਮਣੀ ਕਮੇਟੀ ਨੇ ਉਸਨੂੰ ਪ੍ਰਫੈਸਰ ਆਫ ਸਿੱਖਿਜ਼ਮ ਦੀ ਉਪਾਧੀ ਦਿੱਤੀ ਹੋਈ ਹੈ। ਜਿਹੜੀਆਂ ਪੁਸਤਕਾਂ ਅਕਾਲੀ ਰਾਜ ਵਿਚ ਪੜ੍ਹਾਈਆਂ ਜਾਂਦੀਆਂ ਸਨ, ਉਨ੍ਹਾਂ ਵਿਚ ਬਜ਼ਰ ਗ਼ਲਤੀਆਂ ਹਨ। ਜੇਕਰ ਸਿਆਸਤਦਾਨ ਗੰਭੀਰਤਾ ਨਾਲ ਧਿਆਨ ਦੇਣ ਤਾਂ ਸਿਆਸਤ ਕਰਨ ਲਈ ਪੰਜਾਬ ਵਿਚ ਬਹੁਤ ਭਖਦੇ ਮਸਲੇ ਹਨ ਪ੍ਰੰਤੂ ਸਿਆਸਤਦਾਨਾ ਦਾ ਮੰਤਵ ਤਾਂ ਕੁਰਸੀ ਪ੍ਰਾਪਤ ਕਰਨਾ ਹੀ ਬਣਕੇ ਰਹਿ ਗਿਆ ਹੈ। ਕੁਰਸੀ ਦੀ ਪ੍ਰਾਪਤੀ ਲਈ ਉਹ ਤਾਂ ਤਰਲੋ ਮੱਛੀ ਹੋ ਜਾਂਦੇ ਹਨ। ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫੇਰ ਸਿਆਸੀ ਤਾਕਤ ਦੇ ਨਸ਼ੇ ਵਿਚ ਉਹ ਸਾਰਾ ਕੁਝ ਭੁੱਲ ਭੁਲਾ ਜਾਂਦੇ ਹਨ। ਜਦੋਂ ਕਿ ਪੰਜਾਬ ਵਿਚ ਨਸ਼ੇ, ਆਤਮ ਹੱਤਿਆਵਾਂ, ਬੇਰੋਜ਼ਗਾਰੀ, ਮਿਲਾਵਟ, ਭਰਿਸ਼ਟਾਚਾਰ ਅਤੇ ਪ੍ਰਦੂਸ਼ਣ ਵਰਗੇ ਅਹਿਮ ਮਸਲੇ ਹਨ, ਜਿਹੜੇ ਸਾਡੇ ਭਵਿਖ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਕਲਾਸਾਂ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਸ਼ਾਮਲ ਕੀਤੇ ਗਏ ਚੈਪਟਰਾਂ ਵਿਚ ਗੁਰੂਆਂ ਬਾਰੇ ਵਰਤੀ ਗਈ ਸ਼ਬਦਾਵਲੀ ਅਤੇ ਸਹੀ ਤੱਥ ਨਾ ਦੇਣ ਦਾ ਮੁੱਦਾ ਉਠਾਕੇ ਧਰਨੇ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਆਪ ਉਹ 10 ਸਾਲ ਪੰਜਾਬ ਵਿਚ ਲਗਾਤਾਰ ਰਾਜ ਕਰਦੇ ਰਹੇ ਅਤੇ ਇਹੋ ਪਾਠ ਪੁਸਤਕਾਂ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਰਹੀਆਂ, ਉਦੋਂ ਇਨ੍ਹਾਂ ਨੂੰ ਇਤਰਾਜ ਕਿਉਂ ਨਹੀਂ ਹੋਇਆ। ਉਦੋਂ ਇਹ ਪੁਸਤਕਾਂ 1 ਲੱਖ 50 ਹਜ਼ਾਰ ਪਬਲਿਸ਼ਰ ਨੇ ਪ੍ਰਕਾਸ਼ਤ ਕਰਕੇ 450 ਰੁਪਏ ਪ੍ਰਤੀ ਪੁਸਤਕ ਦੇ ਹਿਸਾਬ ਵੇਚੀਆਂ ਅਤੇ ਪ੍ਰਕਾਸ਼ਕ ਨੇ 6 ਕਰੋੜ 75 ਲੱਖ ਰੁਪਈਆ ਕਮਾਇਆ। ਪ੍ਰਾਈਵੇਟ ਪ੍ਰਕਾਸ਼ਕਾਂ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਬੋਰਡ ਨੇ ਆਪ ਪੁਸਤਕਾਂ ਪ੍ਰਕਾਸ਼ਤ ਨਹੀਂ ਕਰਵਾਈਆਂ। ਵਿਦਿਆਰਥੀਆਂ ਨੂੰ ਮਜ਼ਬੂਰੀ ਵਸ ਪੁਸਤਕ ਖ੍ਰੀਦਣੀ ਪਈ ਕਿਉਂਕਿ ਹੋਰ ਕੋਈ ਸਿਲੇਬਸ ਅਨੁਸਾਰ ਪੁਸਤਕ ਹੈ ਹੀ ਨਹੀਂ ਸੀ। ਜੇ ਉਦੋਂ ਠੀਕ ਸਨ ਤਾਂ ਹੁਣ ਕਿਵੇਂ ਗ਼ਲਤ ਹੋ ਗਈਆਂ। ਹੁਣ ਜਦੋਂ ਆਪ ਗੱਦੀ ਤੋਂ ਉਤਰ ਗਏ ਹਨ, ਇਹ ਸਾਰਾ ਕੁਝ ਕਿਵੇਂ ਯਾਦ ਆ ਗਿਆ। ਦੂਜੀ ਗੱਲ ਜਿਹੜਾ ਪਾਠਕ੍ਰਮ ਬਦਲਿਆ ਜਾ ਰਿਹਾ ਹੈ, ਉਸ ਬਾਰੇ ਐਨ ਸੀ ਆਰ ਟੀ ਨੇ ਫੈਸਲਾ ਕੀਤਾ ਸੀ ਕਿ ਸਮੁੱਚੇ ਦੇਸ਼ ਵਿਚ ਪਾਠਕ੍ਰਮ ਇਕਸਾਰ ਹੋਵੇ। ਪੰਜਾਬ ਸਰਕਾਰ ਤੋਂ ਪ੍ਰਵਾਨਗੀ ਲਈ ਗਈ ਸੀ। ਸ੍ਰ ਦਲਜੀਤ ਸਿੰਘ ਚੀਮਾ ਉਦੋਂ ਪੰਜਾਬ ਦੇ ਸਿਖਿਆ ਮੰਤਰੀ ਸਨ। ਉਨ੍ਹਾਂ ਦੇ ਵਿਭਾਗ ਨੇ ਸਹਿਮਤੀ ਦਿੱਤੀ ਸੀ। ਪੰਜਾਬ ਦੇ ਸਹਿਮਤ ਹੋਣ ਨਾਲ ਗੁਰੂ ਸਾਹਿਬਾਨ ਬਾਰੇ ਜਾਣਕਾਰੀ ਬਹੁਤ ਥੋੜ੍ਹੀ ਰਹਿ ਗਈ। ਜੇਕਰ ਪੰਜਾਬ ਸਰਕਾਰ ਸਹਿਮਤ ਨਾ ਹੁੰਦੀ ਤਾਂ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਸੀ। ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਅਨੁਸਾਰ ਗ਼ਲਤੀ ਅਕਾਲੀ ਸਰਕਾਰ ਦੀ ਦੋਸ਼ ਵਰਤਮਾਨ ਸਰਕਾਰ ਤੇ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗ਼ਲਤ ਜਾਣਕਾਰੀ ਵਾਲੀ ਪੁਸਤਕ ਰੋਕ ਦਿੱਤੀ ਸੀ। ਅਗਲੀ ਗੱਲ ਸ਼ਰੋਮਣੀ ਅਕਾਲੀ ਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਕਠਪੁਤਲੀ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ। ਉਸਨੂੰ ਵੀ ਧਰਨਿਆਂ ਵਿਚ ਸ਼ਾਮਲ ਕਰ ਲਿਆ। ਸ਼ਰੋਮਣੀ ਕਮੇਟੀ ਦਾ ਕੰਮ ਧਾਰਮਿਕ ਹੈ। ਧਰਮ ਪ੍ਰਚਾਰ ਅਤੇ ਪ੍ਰਸਾਰ ਦਾ ਪ੍ਰੰਤੂ ਉਹ ਆਪਣੇ ਕੰਮ ਵਿਚ ਤਾਂ ਅਸਫਲ ਹੋ ਗਈ ਹੈ। ਸਿੱਖ ਧਰਮ ਨਸ਼ਿਆਂ ਦੇ ਵਿਰੁਧ ਹੈ ਪ੍ਰੰਤੂ ਪ੍ਰਚਾਰ ਦੀ ਘਾਟ ਕਰਕੇ ਨੌਜਵਾਨੀ ਪਤਿਤ ਹੋ ਗਈ ਹੈ ਅਤੇ ਨਸ਼ਿਆਂ ਵਿਚ ਗ੍ਰਸਤ ਹੈ। ਸ਼ਰੋਮਣੀ ਕਮੇਟੀ ਕੀ ਕੰਮ ਕਰ ਰਹੀ ਹੈ। ਸ਼ਰੋਮਣੀ ਕਮੇਟੀ ਦੀ ਆਮਦਨ ਗੁਰੂ ਘਰਾਂ ਤੋਂ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਸਮੇਂ ਪੈਸੇ ਚੜ੍ਹਾਉਣ ਅਤੇ ਦਾਨੀ ਸਿੱਖਾਂ ਵੱਲੋਂ ਧਰਮ ਪ੍ਰਚਾਰ ਲਈ ਦਿੱਤੇ ਜਾਂਦੇ ਦਾਨ ਤੋਂ ਹੁੰਦੀ ਹੈ। ਸ਼ਰੋਮਣੀ ਕਮੇਟੀ ਅਕਾਲੀ ਦਲ ਦੇ ਕਹਿਣ ਤੇ ਅਖ਼ਬਾਰਾਂ ਵਿਚ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪੰਜਾਬ ਸਰਕਾਰ ਵਿਰੁੱਧ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਵਿਰੁਧ ਵੀ ਲਿਖ ਰਹੀ ਹੈ। ਸ਼ਰੋਮਣੀ ਕਮੇਟੀ ਇਕੱਲੇ ਅਕਾਲੀ ਦਲ ਦੀ ਨਹੀਂ ਇਹ ਸਮੁਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਦੀ ਹੈ। ਸ਼ਰਧਾਲੂਆਂ ਦਾ ਪੈਸਾ ਗ਼ਲਤ ਵਰਤਿਆ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ ਹੁੰਦੀ ਹੈ। ਪ੍ਰੰਤੂ ਹੋ ਇਸ ਤੋਂ ਉਲਟ ਰਿਹਾ ਹੈ। ਕੀ ਕਾਂਗਰਸ ਪਾਰਟੀ ਦੇ ਵਰਕਰ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦੇ, ਉਨ੍ਹਾਂ ਦਾ ਪੈਸਾ ਉਨ੍ਹਾਂ ਵਿਰੁਧ ਹੀ ਵਰਤਿਆ ਜਾ ਰਿਹਾ ਹੈ। ਏਥੇ ਹੀ ਬਸ ਨਹੀਂ ਜਦੋਂ ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮੁਆਫੀ ਨਾਮਾ ਦਿੱਤਾ ਅਤੇ ਫਿਰ ਵਾਪਸ ਲਿਆ ਗਿਆ, ਉਦੋਂ ਵੀ ਗ਼ਲਤ ਫੈਸਲੇ ਨੂੰ ਸਹੀ ਸਾਬਤ ਕਰਨ ਲਈ 93 ਲੱਖ ਰੁਪਏ ਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਦਿੱਤੇ ਗਏ। ਸਹੀ ਸਾਬਤ ਉਹ ਫਿਰ ਵੀ ਨਹੀਂ ਹੋਇਆ। ਸਾਡੀ ਧਾਰਮਿਕ ਸੰਸਥਾ ਕਿਧਰ ਨੂੰ ਜਾ ਰਹੀ ਹੈ। ਆਪਣਾ ਕੰਮ ਛੱਡਕੇ ਅਕਾਲੀ ਦਲ ਦਾ ਕੰਮ ਕਰ ਰਹੀ ਹੈ। ਧਰਨੇ ਤੇ ਬੈਠੇ ਲੋਕਾਂ ਲਈ ਲੰਗਰ ਦਿੱਤਾ ਜਾ ਰਿਹਾ ਹੈ। ਰੱਬ ਦਾ ਵਾਸਤਾ ਭਲੇ ਮਾਣਸੋ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ, ਫੇਰ ਕਿਸੇ ਤੇ ਦੂਸ਼ਣ ਲਾਓ। ਅਕਾਲੀ ਦਲ ਵੱਲੋਂ ਨਵੀਂਆਂ ਪਾਠ ਪੁਸਤਕਾਂ ਤੇ ਇਤਰਾਜ ਕਰਨ ਤੇ ਪੰਜਾਬ ਸਰਕਾਰ ਨੇ ਪ੍ਰਸਿੱਧ ਇਤਿਹਾਸਕਾਰ ਡਾ ਕਿਰਪਾਲ ਸਿੰਘ ਦੀ ਅਗਵਾਈ ਵਿਚ 6 ਮੈਂਬਰੀ ਦਰੁਸਤ ਪੁਸਤਕ ਕਮੇਟੀ ਬਣਾ ਦਿੱਤੀ। ਇਸ ਕਮੇਟੀ ਵਿਚ ਡਾ ਜੀ ਐਸ ਗਰੇਵਾਲ, ਡਾ ਪ੍ਰਿਥੀਪਾਲ ਸਿੰਘ ਕਪੂਰ ਅਤੇ ਡਾ ਇੰਦੂ ਬਾਂਗਾ ਤੋਂ ਇਲਾਵਾ 2 ਸ਼ਰੋਮਣੀ ਕਮੇਟੀ ਦੇ ਮੈਂਬਰ ਡਾ ਬਲਵੰਤ ਸਿੰਘ ਢਿਲੋਂ ਸਿੰਘ ਅਤੇ ਡਾ ਇੰਦਰਜੀਤ ਸਿੰਘ ਗੋਗੋਆਣੀ ਸਨ। ਇਨ੍ਹਾਂ ਸਾਰਿਆਂ ਦੀ ਸਹਿਮਤੀ ਨਾਲ ਸੋਧ ਕੀਤੀ ਗਈ । ਇਹ ਸੋਧ ਸ਼ਰੋਮਣੀ ਕਮੇਟੀ ਦੇ ਚੰਡੀਗੜ੍ਹ ਵਾਲੇ ਦਫਤਰ ਵਿਚ ਬੈਠਕੇ ਕੀਤੇ ਗਏ ਸਨ। ਜੇ ਕੈਪਟਨ ਅਮਰਿੰਦਰ ਸਿੰਘ ਦੀ ਭਾਵਨਾ ਗ਼ਲਤ ਹੁੰਦੀ ਤਾਂ ਉਹ ਸ਼ਰੋਮਣੀ ਕਮੇਟੀ ਦੇ ਦੋ ਮੈਂਬਰ ਪੁਸਤਕ ਸੋਧ ਕਮੇਟੀ ਵਿਚ ਕਿਉਂ ਪਾਉਂਦੇ। ਇਹ ਸਾਰੇ ਮੈਂਬਰ ਅਕਾਦਮਿਕ ਅਤੇ ਸਭਿਆਚਾਰਕ ਪੱਧਰ ਤੇ ਪਿਛਲੀ ਅੱਧੀ ਸਦੀ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਨਾਲ ਜੁੜੇ ਰਹੇ ਹਨ। ਇਨ੍ਹਾਂ ਇਤਿਹਾਸਕਾਰਾਂ ਦੀਆਂ ਦਰਜਨਾ ਖੋਜ ਦੀਆਂ ਪੁਸਤਕਾਂ ਅਤੇ ਸੈਂਕੜੇ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਤੇ ਪ੍ਰਕਾਸ਼ਤ ਹੋ ਚੁੱਕੇ ਹਨ ਅਤੇ ਹਮੇਸ਼ਾ ਸਲਾਹੇ ਗਏ ਹਨ। ਗੁਰੂ ਸਾਹਿਬਾਨ ਦੀ ਬੇਅਦਬੀ ਅਤੇ ਸਿੱਖ ਪਰੰਪਰਾ ਨੂੰ ਕਮਜ਼ੋਰ ਕਰਨ ਦੀ ਸ਼ਾਜਸ਼ ਦੇ ਦੋਸ਼ ਬੇਬੁਨਿਆਦ ਹਨ। ਜਦੋਂ ਅਕਾਲੀ ਦਲ ਦੀ ਸਰਕਾਰ ਅਤੇ ਸ਼ਰੋਮਣੀ ਕਮੇਟੀ ਇਨ੍ਹਾਂ ਇਤਿਹਾਸਕਾਰਾਂ ਤੋਂ ਕੰਮ ਕਰਵਾਵੇ, ਉਦੋਂ ਇਹ ਠੀਕ, ਜਦੋਂ ਕੋਈ ਹੋਰ ਸਰਕਾਰ ਕਰਵਾਵੇ ਤਾਂ ਇਹ ਗ਼ਲਤ। ਇਹ ਕਿਹੜਾ ਪੈਮਾਨਾ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਵਰਤ ਰਹੀ ਹੈ। ਟਾਈਪਿੰਗ ਦੀਆਂ ਗ਼ਲਤੀਆਂ ਨੂੰ ਹਊਆ ਬਣਾਇਆ ਹੋਇਆ ਹੈ। ਹੁਣ ਇਹ ਵੇਖੋ ਕਿ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨੇ 5 ਇਤਰਾਜ ਲਾਏ ਹਨ। ਪਹਿਲਾ ਇਤਰਾਜ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜ੍ਹੀ ਵਿਚੋਂ ਆਪਣੇ ਆਪ ਨਹੀਂ ਗਏ। ਇਤਿਹਾਸਕਾਰਾਂ ਅਨੁਸਾਰ ਕਵੀ ਸੈਨਾਪਤੀ ਨੇ ਆਪਣੀ ਕਵਿਤਾ ਵਿਚ ਇੰਜ ਹੀ ਲਿਖਿਆ ਹੈ ਕਿ ਉਹ ਆਪ ਆਪਣੀ ਮਰਜੀ ਨਾਲ ਗਏ ਸਨ ਕਿਉਂਕਿ ਹਾਲਾਤ ਹੀ ਅਜਿਹੇ ਬਣ ਗਏ ਸਨ। ਪਹਿਲੀ ਪੁਸਤਕ ਵਿਚ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ 3 ਸਿੱਖ ਇਕ ਇਕ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ। ਹੁਣ ਤੁਸੀਂ ਹੀ ਦੱਸੋ ਕਿ ਕਿਹੜੀ ਗ਼ਲਤ ਗੱਲ ਲਿਖ ਦਿੱਤੀ। ਦੂਜਾ ਇਤਰਾਜ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸ਼ਹੀਦ ਸ਼ਬਦ ਨਹੀਂ ਲਿਖਿਆ। ਜਦੋਂ ਕਿ ਪੂਰਾ ਇਕ ਚੈਪਟਰ ਦਾ ਸਿਰਲੇਖ ਹੀ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੈ। ਇਹ ਵੀ ਲਿਖਿਆ ਹੈ ਕਿ ਗੁਰੂ ਜੀ ਨੂੰ ਤਸੀਹੇਦਿੱਤੇ ਗਏ ਜਿਸ ਕਰਕੇ ਉਹ ਜੋਤੀ ਜੋਤਿ ਸਮਾ ਗਏ। ਇਸ ਵਿਚ ਕੀ ਗ਼ਲਤ ਗੱਲ ਹੈ। ਭਾਈ ਗੁਰਦਾਸ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਲਿਖਿਆ ਹੈ। ਗੁਰੂ ਸਾਹਿਬਾਨ ਦੇ ਸਤਿਕਾਰ ਵਜੋਂ ਜੋਤੀ ਜੋਤਿ ਸਮਾਉਣਾ ਲਿਖਿਆ ਜਾਂਦਾ ਹੈ, ਹੋਰ ਕਿਸੇ ਬਾਰੇ ਨਹੀਂ। ਪੁਰਾਣੀ ਪੁਸਤਕ ਵਿਚ ਲਿਖਿਆ ਹੈ ਕਿ ਕੀ ਗੁਰੂ ਅਰਜਨ ਦੇਵ ਜੀ ਰਾਜਨੀਤਕ ਅਪਰਾਧੀ ਸਨ। ਤੀਜਾ ਇਤਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਨ੍ਹਾਂ ਦੇ ਜੀਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਬਾਰੇ ਹੈ, ਇਸਨੂੰ ਅਕਾਲੀ ਦਲ ਗ਼ਲਤ ਕਹਿੰਦਾ ਹੈ। ਅਸਲ ਵਿਚ 1680 ਦੀ ਇੱਕ ਹੱਥ ਲਿਖਤ ਬੀੜ ਵਿਚ ਗੁਰੂ ਜੀ ਦੀ ਬਾਣੀ ਦਰਜ ਹੈ। ਇਹ ਇਤਿਹਾਸਤਕ ਤੱਥ ਹੈ। ਚੌਥਾ ਇਤਰਾਜ ਇਹ ਕੀਤਾ ਹੈ ਕਿ ਇਹ ਕਿਉਂ ਲਿਖਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਕੁੱਤੇ ਰੱਖਦੇ ਸਨ। ਅਸਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਹੀ ਸਿੱਖਾਂ ਨੂੰ ਯੁਧਾਂ ਵਿਚ ਲੜਨ ਲਈ ਤਿਆਰ ਕਰਨ ਦਾ ਬੀੜਾ ਚੁੱਕਿਆ ਸੀ ਕਿਉਂਕਿ ਸਿੱਖਾਂ ਤੇ ਹਮਲੇ ਹੋ ਰਹੇ ਸਨ, ਸਿੱਖਾਂ ਨੂੰ ਮਾਰਸ਼ਲ ਕੌਮ ਬਣਾਉਣ ਲਈ ਕੁੱਤਿਆਂ ਤੇ ਨਿਸ਼ਾਨਾ ਲਾਉਣ ਦਾ ਸਿਖਾਇਆ ਜਾਂਦਾ ਸੀ। ਕੁੱਤੇ ਇਸ ਕਰਕੇ ਰੱਖੇ ਜਾਂਦੇ ਸਨ। ਸ੍ਰੀ ਗੁਰੂਹਰਿਗੋਬਿੰਦ ਬਾਰੇ ਪੁਰਾਣੀ ਪਾਠ ਪੁਸਤਕ ਵਿਚ ਗ਼ਲਤ ਗੱਲਾਂ ਲਿਖਕੇ ਨਾਲ ਲਿਖ ਦਿੱਤਾ ਕਿ ਇਹ ਮਨਘੜਤ ਹਨ। ਜੇ ਮਨਘੜਤ ਹਨ ਫਿਰ ਪੁਸਤਕ ਵਿਚ ਲਿਖਣ ਦੀ ਕੀ ਅੋੜ ਸੀ। ਪੰਜਵਾਂ ਇਤਰਾਜ ਜਾਇਜ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅਲਸਨ ਪਿੰਡ ਲੁੱਟਿਆ ਸੀ, ਉਹ ਪੁਸਤਕ ਵਿਚੋਂ ਕੱਢ ਦਿੱਤਾ ਗਿਆ ਹੈ। ਇਹ ਸਾਰੇ ਇਤਰਾਜ ਤਾਂ ਇਸ ਤਰ੍ਹਾਂ ਹਨ ਜਿਵੇਂ ਕੋਈ ਔਰਤ ਕਹਿੰਦੀ ਹੈ ਕਿ ਮੈਂ ਇਸਦੇ ਨਹੀਂ ਰਹਿਣਾ ਕਿਉਂਕਿ ਇਸ ਆਦਮੀ ਦੀ ਰੋਟੀ ਖਾਂਦੇ ਦੀ ਦਾਹੜੀ ਹਿਲਦੀ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ ਦੀ ਕਹਾਵਤ ਵੀ ਅਕਾਲੀ ਦਲ ਤੇ ਢੁਕਦੀ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2007 ਵਿਚ ਹਿੰਦੀ ਭਾਸ਼ਾ ਵਿਚ ਸਿੱਖ ਇਤਿਹਾਸ ਲਿਖਵਾਇਆ। ਉਸ ਵਿਚ ਬਜਰ ਗ਼ਲਤੀਆਂ ਸਨ। ਸਿੱਖ ਧਰਮ ਦੇ ਵਿਰੁਧ ਲਿਖਿਆ ਹੋਇਆ ਸੀ। ਜਦੋਂ ਸਾਬਕਾ ਮੈਂਬਰ ਲੋਕ ਸਭਾ ਅਤਿੰਦਰਪਾਲ ਸਿੰਘ ਨੇ ਇਤਰਾਜ ਕੀਤਾ ਤਾਂ ਉਹ ਪੁਸਤਕ ਤੇ ਪਾਬੰਦੀ ਲਗਾਈ ਗਈ ਪ੍ਰੰਤੂ ਨਾ ਤਾਂ ਲੇਖਕ ਅਤੇ ਨਾ ਹੀ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਵਾਨਾ ਨੇ ਇਹ ਪੁਸਤਕ ਪ੍ਰਵਾਨ ਕੀਤੀ ਸੀ, ਉਨ੍ਹਾਂ ਤੇ ਕੋਈ ਕਾਰਵਾਈ ਕੀਤੀ ਗਈ। ਪ੍ਰੰਤੂ ਹੁਣ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖ਼ਤ ਤੇ ਜਾ ਕੇ ਮੁਆਫੀ ਮੰਗਣ ਦੀ ਮੰਗ ਕਰ ਰਿਹਾ ਹੈ। ਪਹਿਲਾਂ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਰਾਮ ਰਹੀਮ ਨੂੰ ਮੁਆਫ ਕਰਨ ਅਤੇ 2007 ਵਾਲੀ ਹਿੰਦੀ ਦੀ ਪੁਸਤਕ ਬਾਰੇ ਆਪ ਮੁਆਫੀ ਮੰਗ ਲੈਣ। ਛੱਜ ਤਾਂ ਬੋਲੇ ਛਾਲਣੀ ਕੀ ਬੋਲੇ, ਜਿਸ ਵਿਚ ਅਨੇਕਾਂ ਛੇਕ ਹਨ। ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਖਾਮਖਾਹ ਇਤਿਹਾਸਕਾਰਾਂ ਦੇ ਕੰਮ ਵਿਚ ਦਖ਼ਲ ਦੇ ਰਹੀ ਹੈ। ਪਾਠ ਪੁਸਤਕਾਂ ਦਾ ਸਿਲੇਬਸ ਬਣਾਉਣਾ ਅਤੇ ਸਿਲੇਬਸ ਦੇ ਪਾਠ ਲਿਖਣੇ ਅਤੇ ਲਿਖਵਾਉਣੇ ਇਤਿਹਾਸਕਾਰਾਂ ਦਾ ਕੰਮ ਹੈ, ਸਿਆਸਤਦਾਨਾ ਦਾ ਨਹੀ। ਅਜੇ ਤਬਦੀਲੀਆਂ ਦਾ ਕੰਮ ਚਲ ਰਿਹਾ ਹੈ। ਐਸ ਜੀ ਪੀ ਸੀ ਦੇ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜੇ ਕੋਈ ਇਤਰਾਜ ਹੈ ਤਾਂ ਦੱਸਣ। ਅਸਤੀਫੇ ਸਿਆਸਤ ਤੋਂ ਪ੍ਰੇਰਤ ਹਨ। ਅਕਾਲੀ ਦਲ ਨੇ ਐਵੇਂ ਬਾਤ ਦਾ ਬਤੰਗੜ ਬਣਾਇਆ ਹੈ। ਰਾਜ ਭਾਗ ਇਨ੍ਹਾਂ ਧਰਨਿਆਂ ਨਾਲ ਨਹੀਂ ਮਿਲਣਾ। ਲੋਕਾਂ ਨੇ ਵੋਟਾਂ ਪਾ ਕੇ ਦੇਣਾ ਹੁੰਦਾ ਹੈ। ਜੇਕਰ ਗ਼ਲਤੀਆਂ ਹੀ ਕਰੀ ਜਾਓਗੇ ਤਾਂ ਰਾਜ ਭਾਗ ਨਹੀਂ ਮਿਲੇਗਾ। ਆਪਣੇ ਅੰਦਰ ਝਾਤੀ ਮਾਰਕੇ ਭੁੱਲਾਂ ਬਖ਼ਸ਼ਾਓ। ਪੰਜਾਬ ਨੂੰ ਧਰਨਿਆਂ ਦੀ ਰਾਜਨੀਤੀ ਵਿਚ ਨਾ ਘਸੀਟੋ। ਅਕਾਲੀ ਦਲ ਸ਼ਰੋਮਣੀ ਪ੍ਰਬੰਧਕ ਕਮੇਟੀ ਰਾਹਂ ਸਿਆਸਤ ਕਰ ਰਿਹਾ ਹੈ। ਅਕਾਲੀ ਦਲ ਦੇ ਇਤਰਾਜਾਂ ਤੋਂ ਬਾਅਦ ਪੁਰਾਣੀ ਪੁਸਤਕ ਫਿਰ ਲੱਗ ਗਈ ਪਬਲਿਸ਼ਰਾਂ ਅਤੇ ਹਿੱਸਾ ਪੱਤੀ ਲੈਣ ਵਾਲਿਆਂ ਦੀ ਚਾਂਦੀ ਹੋ ਗਈ। ਇਹੋ ਅਕਾਲੀ ਦਲ ਚਾਹੁੰਦਾ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
10 Nov. 2018