ਕੀ ਇਹੋ ਹੈ ਗੁਰਮੇਹਰ ਕੌਰ ਦਾ 'ਗੁਨਾਹ' ਅਤੇ ਪਿੱਛੇ ਪੈਣ ਵਾਲਿਆਂ ਦੀ 'ਦੇਸ਼ਭਗਤੀ' ਦੀ ਦਾਸਤਾਨ! -ਜਤਿੰਦਰ ਪਨੂੰ
ਕਾਰਗਿਲ ਦੀ ਜੰਗ ਦੇ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੁੰਦਾ ਸੀ। ਫਿਰ ਉਸ ਦੀ ਸਰਕਾਰ ਸਿਰਫ ਇੱਕ ਵੋਟ ਦੇ ਫਰਕ ਨਾਲ ਡਿੱਗ ਪਈ ਅਤੇ ਨਵੀਂਆਂ ਚੋਣਾਂ ਕਰਵਾਉਣੀਆਂ ਪਈਆਂ ਸਨ। ਸਾਰੇ ਦੇਸ਼ ਵਿੱਚ ਚੋਣ ਮੁਹਿੰਮ ਦੀ ਅਗਵਾਈ ਕਰਦਾ ਉਹ ਪੰਜਾਬ ਆਇਆ ਤਾਂ ਲੁਧਿਆਣੇ ਵਿੱਚ ਉਸ ਦੀ ਪ੍ਰੈੱਸ ਨਾਲ ਵਾਰਤਾ ਵਿੱਚ ਅਸੀਂ ਵੀ ਹਾਜ਼ਰ ਸਾਂ। ਅਸੀਂ ਓਥੇ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਰਤ ਦੇ ਕਿਸੇ ਰਾਜ ਦੀ ਸਰਕਾਰ ਕਾਰਗਿਲ ਦੇ ਸ਼ਹੀਦਾਂ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕਰਦੀ ਹੈ, ਕਿਸੇ ਰਾਜ ਦੇ ਮੁੱਖ ਮੰਤਰੀ ਦਾ ਦਸ ਲੱਖ ਰੁਪਏ ਦੇਣ ਦਾ ਬਿਆਨ ਆ ਜਾਂਦਾ ਹੈ। ਸਾਡਾ ਸਵਾਲ ਸੀ ਕਿ ਕੀ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਬੋਲੀ ਦੇਣ ਦੀ ਖੇਡ ਰੋਕ ਕੇ ਸਭ ਥਾਂਈਂ ਇੱਕੋ ਜਿਹਾ ਮਦਦ ਦਾ ਪੈਮਾਨਾ ਨਹੀਂ ਮਿਥਣਾ ਚਾਹੀਦਾ? ਅੱਗੋਂ ਵਾਜਪਾਈ ਦਾ ਇਹ ਜਵਾਬ ਸੀ ਕਿ ਇਸ ਤਰ੍ਹਾਂ ਹਰ ਕੋਈ ਆਪੋ-ਆਪਣੇ ਹਿਸਾਬ ਨਾਲ 'ਦੇਸ਼ਭਗਤੀ' ਦਾ ਪ੍ਰਗਟਾਵਾ ਕਰ ਰਿਹਾ ਹੈ, ਕੇਂਦਰੀ ਸਰਕਾਰ ਕਿਸੇ ਦੇ ਮਨ ਨੂੰ ਠੇਸ ਨਹੀਂ ਪੁਚਾਉਣਾ ਚਾਹੁੰਦੀ। ਹੁਣ ਜਦੋਂ ਗੁਰਮੇਹਰ ਕੌਰ ਦਾ ਮੁੱਦਾ ਚਰਚਾ ਵਿੱਚ ਹੈ ਤਾਂ ਇੱਕ ਵਾਰ ਫਿਰ ਇਹੋ ਜਾਪਦਾ ਹੈ ਕਿ ''ਹਰ ਕੋਈ ਆਪੋ-ਆਪਣੇ ਹਿਸਾਬ ਨਾਲ 'ਦੇਸ਼ਭਗਤੀ' ਦਾ ਪ੍ਰਗਟਾਵਾ ਕਰ ਰਿਹਾ ਹੈ"।
ਸ਼ਹੀਦਾਂ ਦੀ ਮਦਦ ਦੀ ਬੋਲੀ ਦੇਣ ਵਰਗੇ ਵੱਖੋ-ਵੱਖ ਐਲਾਨ ਕਰ ਕੇ 'ਦੇਸ਼ਭਗਤੀ' ਦੇ ਬੇਸ਼ਰਮ ਪਰਦੇ ਹੇਠ ਓਦੋਂ ਜਿਹੜੀ ਰਾਜਨੀਤੀ ਹੋ ਰਹੀ ਸੀ, ਅੱਜ ਫਿਰ 'ਦੇਸ਼ਭਗਤੀ' ਦੇ ਨਾਂਅ ਹੇਠ ਓਸੇ ਦੰਭ ਦਾ ਵਿਖਾਵਾ ਹੋ ਰਿਹਾ ਹੈ।
ਗੁਰਮੇਹਰ ਕੌਰ ਦੇ ਮੁੱਦੇ ਕਾਰਨ ਹਰਿਆਣਾ ਵਿਧਾਨ ਸਭਾ ਵਿੱਚ ਹੋਈ ਬਹਿਸ ਬੜੀ ਹਾਸੋਹੀਣੀ ਮਿਸਾਲ ਪੇਸ਼ ਕਰਦੀ ਹੈ। ਇੱਕ ਭਾਜਪਾ ਮੰਤਰੀ ਨੇ ਗੁਰਮੇਹਰ ਕੌਰ ਦੇ ਵਿਹਾਰ ਨੂੰ ਦੇਸ਼-ਧਰੋਹੀ ਕਿਹਾ ਤਾਂ ਵਿਰੋਧ ਕਰਨ ਵਾਸਤੇ ਇਨੈਲੋ ਪਾਰਟੀ ਦੇ ਆਗੂ ਨੇ ਇਹ ਦਲੀਲ ਦਿੱਤੀ ਕਿ 'ਬੱਚਾ ਗਲਤੀ ਵੀ ਕਰ ਜਾਵੇ ਤਾਂ ਉਸ ਦੇ ਵਿਰੁੱਧ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।' ਸਾਡੀ ਸਮਝ ਵਿੱਚ ਵੀ ਗੁਰਮੇਹਰ ਕੌਰ ਬੱਚੀ ਹੈ, ਪਰ ਉਸ ਨੇ ਗਲਤੀ ਕਿਹੜੀ ਕੀਤੀ ਹੈ? ਉਸ ਨੇ ਸਿਰਫ ਏਨਾ ਹੀ ਕਿਹਾ ਸੀ ਕਿ ਜੰਗਾਂ ਦਾ ਰਾਹ ਛੱਡ ਕੇ ਦੋ ਗਵਾਂਢੀ ਦੇਸ਼ਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਭਾਜਪਾ ਮੰਤਰੀ ਨੇ ਏਨੀ ਗੱਲ ਤੋਂ ਉਸ ਨੂੰ ਵੀ ਦੇਸ਼-ਧਰੋਹੀ ਤੇ ਉਸ ਦਾ ਪੱਖ ਲੈਣ ਵਾਲਿਆਂ ਨੂੰ ਵੀ ਦੇਸ਼ ਧਰੋਹੀ ਕਹਿ ਦਿੱਤਾ। ਗਿੱਠ ਜਿੱਡੀ ਜ਼ਬਾਨ ਵਾਲੇ ਉਸ ਮੰਤਰੀ ਦੀ ਜਾਣਕਾਰੀ ਲਈ ਗੁਰਮੇਹਰ ਕੌਰ ਦਾ ਪੱਖ ਸ਼ਰਦ ਪਵਾਰ ਨੇ ਵੀ ਲਿਆ ਹੈ, ਕੀ ਸ਼ਰਦ ਪਵਾਰ ਨੂੰ ਦੇਸ਼ ਧਰੋਹੀ ਕਿਹਾ ਜਾਵੇਗਾ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਕੁੜੀ ਦਾ ਪੱਖ ਲਿਆ ਹੈ, ਕੀ ਉਹ ਦੇਸ਼ ਧਰੋਹੀ ਹੋ ਗਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਸ ਦੇ ਪੱਖ ਵਿੱਚ ਬੋਲਿਆ ਹੈ, ਕੀ ਉਸ ਨੂੰ ਭਾਜਪਾ ਦੇਸ਼ ਧਰੋਹੀ ਮੰਨੇਗੀ? ਅਕਾਲ ਤਖਤ ਦਾ ਜਥੇਦਾਰ ਵੀ ਕੁੜੀ ਦੇ ਪੱਖ ਵਿੱਚ ਬੋਲਿਆ ਹੈ, ਕੀ ਸਿੱਖਾਂ ਦੀ ਸਿਖਰਲੀ ਧਾਰਮਿਕ ਪਦਵੀ ਉੱਤੇ ਬੈਠੇ ਹੋਏ ਬੰਦੇ ਨੂੰ ਭਾਜਪਾ ਇਸ ਖਾਤੇ ਵਿੱਚ ਰੱਖ ਸਕਦੀ ਹੈ? ਕੀ ਸਭ ਲੋਕ ਕੁਪੱਤੇ ਅਤੇ ਸਿਰਫ ਭਾਜਪਾ ਵਾਲੇ ਦੇਸ਼-ਭਗਤ ਕਹੇ ਜਾਣ ਜੋਗੇ ਰਹਿ ਗਏ ਹਨ?
ਸਿਰ ਪੈ ਗਈ ਜੰਗ ਲੜਨੋਂ ਭਾਰਤ ਦੇ ਲੋਕ ਕਦੇ ਭੱਜੇ ਨਹੀਂ, ਪਰ ਸੁਬਹਾ-ਸ਼ਾਮ ਜੰਗ ਲੱਗਣ ਦੀ ਸੁੱਖਣਾ ਵੀ ਨਹੀਂ ਸੁੱਖਦੇ ਫਿਰਦੇ। ਬਿਸਮਿਲ ਫਰੀਦਕੋਟੀ ਨੇ ਲਿਖਿਆ ਸੀ: 'ਅਮਨਾਂ ਦੇ ਪੁਜਾਰੀ ਹਾਂ ਬਿਸਮਿਲਾ ਐਪਰ, ਦਾਅਵਤ ਜੰਗ ਦੀ ਤਾਂ ਫਿਰ ਜੰਗ ਹੀ ਸਹੀ'। ਪਹਿਲੀ ਗੱਲ ਉਸ ਨੇ ਜੰਗ ਦੀ ਨਹੀਂ, ਅਮਨ ਦੀ ਕਹੀ ਸੀ। ਹਰ ਸਾਊ ਵਿਅਕਤੀ ਪਹਿਲੀ ਇੱਛਾ ਇਹੋ ਕਰੇਗਾ ਕਿ ਜੰਗਾਂ ਦੀ ਭੱਠੀ ਤੋਂ ਮਨੁੱਖਤਾ ਕਿਸੇ ਵੀ ਤਰ੍ਹਾਂ ਬਚਣੀ ਚਾਹੀਦੀ ਹੈ। ਗੁਰਮੇਹਰ ਕੌਰ ਨੇ ਵੀ ਇਹ ਹੀ ਇੱਛਾ ਜ਼ਾਹਰ ਕੀਤੀ ਸੀ, ਜਿਸ ਨੂੰ ਇੱਕ ਖਾਸ ਰਾਜਨੀਤੀ ਨਾਲ ਜੁੜੇ ਹੋਏ ਲੋਕ ਦੇਸ਼-ਧਰੋਹ ਕਹਿਣ ਤੱਕ ਚਲੇ ਗਏ ਹਨ। ਜੰਗ ਤਾਂ ਅਮਰੀਕਾ ਤੇ ਜਾਪਾਨ ਨੇ ਵੀ ਲੜੀ ਸੀ ਤੇ ਭਾਰਤ-ਪਾਕਿ ਤੋਂ ਵੱਧ ਖਤਰਨਾਕ ਜੰਗ ਲੜੀ ਸੀ। ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਵਿੱਚ ਜਿੰਨੀ ਤਬਾਹੀ ਮਚਾਈ ਸੀ, ਉਸ ਨੂੰ ਅਮਰੀਕਾ ਅੱਜ ਤੱਕ ਨਹੀਂ ਭੁੱਲ ਸਕਿਆ ਤੇ ਅਮਰੀਕਾ ਵਾਲਿਆਂ ਨੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਸ਼ਹਿਰਾਂ ਉੱਤੇ ਐਟਮ ਬੰਬ ਸੁੱਟਣ ਦਾ ਜਿਹੜਾ ਪਾਪ ਕੀਤਾ ਸੀ, ਉਸ ਨੂੰ ਸਿਰਫ ਜਾਪਾਨ ਵਾਲੇ ਨਹੀਂ, ਦੁਨੀਆ ਦੇ ਲੋਕ ਨਹੀਂ ਭੁਲਾ ਸਕੇ। ਉਹ ਲੋਕ ਵੀ ਹੁਣ ਇਹ ਕਹਿਣ ਤੱਕ ਆ ਗਏ ਹਨ ਕਿ ਓਦੋਂ ਜੋ ਕੁਝ ਹੋਇਆ ਸੀ, ਮੁੜ ਕੇ ਨਹੀਂ ਹੋਣਾ ਚਾਹੀਦਾ। ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਕਾਰਗਿਲ ਦੀ ਜੰਗ ਵਿੱਚ ਆਪਣਾ ਬਾਪ ਗੁਆ ਚੁੱਕੀ ਉਸ ਕੁੜੀ ਦੇ ਮਨ ਵਿੱਚ ਇਹ ਸੋਚ ਆਈ ਕਿ ਹੁਣ ਹੋਰ ਜੰਗਾਂ ਨਹੀਂ ਚਾਹੀਦੀਆਂ, ਮੇਰੇ ਵਾਂਗ ਹੋਰ ਬੱਚੇ ਅਨਾਥ ਨਹੀਂ ਹੋਣੇ ਚਾਹੀਦੇ, ਤਾਂ ਇਹ ਕੋਈ ਗੁਨਾਹ ਨਹੀਂ ਬਣਦਾ।
ਇੱਕ ਖਾਸ ਰਾਜਨੀਤੀ ਦੇ ਲੋਕਾਂ ਨੂੰ ਜੰਗਾਂ ਦੀ ਥਾਂ ਅਮਨ ਦੀ ਗੱਲ ਕਰਨਾ ਗੁਨਾਹ ਲੱਗਦਾ ਹੈ ਤਾਂ ਇਸ ਮਾਮਲੇ ਵਿੱਚ ਦੇਸ਼ਭਗਤੀ ਦੇ ਆਪੇ ਬਣੇ ਫਿਰਦੇ ਝੰਡਾ ਬਰਦਾਰਾਂ ਨੂੰ ਭਾਰਤ ਦੇਸ਼ ਦਾ ਇਤਹਾਸ ਫੋਲ ਲੈਣਾ ਚਾਹੀਦਾ ਹੈ।
ਕਾਰਗਿਲ ਦੀ ਜਿਹੜੀ ਜੰਗ ਵਿੱਚ ਗੁਰਮੇਹਰ ਕੌਰ ਦੇ ਬਾਪ ਨੇ ਇਸ ਦੇਸ਼ ਲਈ ਜਾਨ ਵਾਰੀ ਸੀ, ਉਹ ਭਾਜਪਾ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵਕਤ ਭਾਰਤ ਉੱਤੇ ਬਿਨਾਂ ਵਜ੍ਹਾ ਠੋਸੀ ਗਈ ਸੀ। ਪਾਕਿਸਤਾਨ ਵਿੱਚ ਓਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸੀ, ਪਰ ਉਸ ਦਾ ਉਸ ਜੰਗ ਵਿੱਚ ਕੋਈ ਕਸੂਰ ਨਹੀਂ ਸੀ। ਸਾਰੀ ਸਾਜ਼ਿਸ਼ ਓਥੋਂ ਦੀ ਫੌਜ ਦੇ ਮੁਖੀ ਜਨਰਲ ਮੁਸ਼ੱਰਫ ਨੇ ਕੀਤੀ ਸੀ। ਜੰਗ ਪਿੱਛੋਂ ਮੁਸ਼ਰੱਫ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕਰ ਕੇ ਪਾਕਿਸਤਾਨ ਦੀ ਕਮਾਨ ਸਾਂਭ ਲਈ ਅਤੇ ਧੱਕੇ ਨਾਲ ਓਥੇ ਰਾਸ਼ਟਰਪਤੀ ਬਣ ਗਿਆ। ਵਾਜਪਾਈ ਸਾਹਿਬ ਜਾਣਦੇ ਸਨ ਕਿ ਇਹ ਉਹੋ ਮੁਸ਼ੱਰਫ ਹੈ, ਜਿਸ ਨੇ ਸਾਡੇ ਉੱਤੇ ਕਾਰਗਿਲ ਦੀ ਜੰਗ ਠੋਸੀ ਸੀ ਅਤੇ ਸੈਂਕੜੇ ਭਾਰਤੀ ਫੌਜੀ ਉਸ ਜੰਗ ਵਿੱਚ ਮਾਰੇ ਗਏ ਸਨ। ਇਸ ਦੇ ਬਾਵਜੂਦ ਵਾਜਪਾਈ ਨੇ ਮੁਸ਼ੱਰਫ ਨਾਲ ਜੰਗਬਾਜ਼ੀ ਛੱਡ ਕੇ ਅਮਨ ਸਮਝੌਤਾ ਕਰਨ ਦੇ ਯਤਨ ਕੀਤੇ ਸਨ। ਮੁਸ਼ੱਰਫ ਦਿੱਲੀ ਦਾ ਜੰਮਿਆ ਹੋਇਆ ਸੀ ਤੇ ਉਸ ਦੀ ਦਾਈ ਵੀ ਜ਼ਿੰਦਾ ਸੀ। ਦਿੱਲੀ ਆਏ ਮੁਸ਼ੱਰਫ ਨੂੰ ਉਸ ਦੀ ਦਾਈ ਨਾਲ ਮਿਲਾਉਣ ਲਈ ਉਸ ਦੇ ਜਨਮ ਵਾਲੇ ਟਿਕਾਣੇ 'ਨਹਿਰ ਵਾਲੀ ਹਵੇਲੀ' ਤੱਕ ਇੱਕ ਖੂਬਸੂਰਤ ਸੜਕ ਵਾਜਪਾਈ ਨੇ ਉਚੇਚੀ ਬਣਵਾਈ ਸੀ। ਫਿਰ ਆਗਰੇ ਜਾ ਕੇ ਪਿਆਰ ਦਾ ਪ੍ਰਤੀਕ ਤਾਜ ਮਹਿਲ ਵਿਖਾਇਆ ਸੀ। ਆਖਰੀ ਵਕਤ ਸਮਝੌਤਾ ਹੁੰਦਾ-ਹੁੰਦਾ ਰਹਿ ਗਿਆ, ਇਹ ਗੱਲ ਵੱਖਰੀ ਹੈ, ਪਰ ਜੰਗ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਇਹ ਚੇਤਾ ਕਰ ਲੈਣਾ ਚਾਹੀਦਾ ਹੈ ਕਿ ਜੇ ਅਮਨ ਦੀ ਗੱਲ ਕਰਨਾ ਗੁਨਾਹ ਹੈ ਤਾਂ ਵਾਜਪਾਈ ਨੇ ਵੀ ਕੀਤਾ ਸੀ।
ਅਸੀਂ ਉਸ ਤੋਂ ਪਹਿਲਾਂ ਦੀ ਗੱਲ ਕਰ ਸਕਦੇ ਹਾਂ। ਜਿੱਥੇ ਅੱਜ ਬੰਗਲਾ ਦੇਸ਼ ਹੈ, ਇਸ ਨੂੰ ਅੰਗਰੇਜ਼ਾਂ ਨੇ ਵਾਪਸ ਜਾਣ ਵੇਲੇ ਪੱਛਮੀ ਪਾਕਿਸਤਾਨ ਵਜੋਂ ਭਾਰਤ ਤੋਂ ਵੱਖਰਾ ਕੀਤਾ ਸੀ। ਓਦੋਂ ਦੇ ਪਾਕਿਸਤਾਨ ਦੀ ਰਾਜਧਾਨੀ ਰਾਵਲਪਿੰਡੀ ਤੋਂ ਇਸ ਦੀ ਹਕੂਮਤ ਇੱਕ ਪਾਕਿਸਤਾਨੀ ਸੂਬੇ ਵਜੋਂ ਚਲਾਈ ਜਾਂਦੀ ਸੀ। ਫਿਰ ਹਾਲਾਤ ਵਿਗੜ ਗਏ। ਬੰਗਾਲੀ ਲੋਕਾਂ ਦੀ ਮਦਦ ਭਾਰਤੀ ਫੌਜ ਨੇ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਕੀਤੀ ਅਤੇ ਸਾਰੇ ਦੇਸ਼ ਦੇ ਲੋਕ ਇਸ ਮਦਦ ਦੇ ਹੱਕ ਵਿੱਚ ਇੰਦਰਾ ਗਾਂਧੀ ਨਾਲ ਖੜੇ ਸਨ। ਅੱਜ ਦੀ ਭਾਜਪਾ ਓਦੋਂ ਜਨ ਸੰਘ ਹੁੰਦੀ ਸੀ ਤੇ ਇਸ ਦੇ ਸਿਖਰਲੇ ਆਗੂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਅਤੇ ਉਸ ਵੱਲੋਂ ਲਾਈ ਜੰਗ ਦੇ ਪੱਖ ਵਿੱਚ ਇਹ ਕਿਹਾ ਸੀ: 'ਇੰਦਰਾ ਨਹੀਂ, ਯੇ ਆਜ ਕੀ ਦੁਰਗਾ ਹੈ'। ਇਸ ਜੰਗ ਪਿੱਛੋਂ ਦੋਵਾਂ ਦੇਸ਼ਾਂ ਵਿੱਚ ਕੌੜ ਸਿਖਰਾਂ ਉੱਤੇ ਸੀ। ਫਿਰ ਵੀ ਅਮਨ ਲਈ ਗੱਲ ਚੱਲ ਪਈ। ਭਾਰਤ ਦੀ ਪ੍ਰਧਾਨ ਮੰਤਰੀ, ਉਹੋ ਦੁਰਗਾ ਕਹੀ ਜਾਂਦੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਵੱਲੋਂ ਬੰਗਲਾ ਦੇਸ਼ ਦੇ ਦੁਖਾਂਤ ਦੀ ਜੜ੍ਹ ਸਮਝਿਆ ਜਾਣ ਵਾਲਾ ਜੰਗ ਪਿੱਛੋਂ ਬਣਿਆ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਸਮਝੌਤਾ ਕਰਨ ਦੇ ਲਈ ਮਿਲਣਾ ਮੰਨ ਗਏ ਤਾਂ ਭਾਰਤੀ ਪਹਾੜੀ ਉੱਤੇ ਸ਼ਿਮਲੇ ਵਿੱਚ ਅਤੇ ਪਾਕਿਸਤਾਨ ਦੇ ਪਹਾੜੀ ਸਥਾਨ ਮੱਰੀ ਵਿੱਚ ਮੀਟਿੰਗਾਂ ਦੇ ਦੌਰ ਚੱਲ ਪਏ ਸਨ। ਓਦੋਂ ਤੱਕ ਇੰਦਰਾ ਗਾਂਧੀ ਦਾ ਰਾਜਸੀ ਵਿਰੋਧ ਸ਼ੁਰੂ ਕਰ ਚੁੱਕੀ ਜਨ ਸੰਘ ਦੇ ਆਗੂ ਵਾਜਪਾਈ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਦੇਸ਼-ਧਰੋਹ ਕਦੇ ਨਹੀਂ ਸੀ ਕਿਹਾ, ਇਸ ਦਾ ਪੱਖ ਪੂਰਿਆ ਸੀ।
ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਸਾਡਾ ਪ੍ਰਧਾਨ ਮੰਤਰੀ ਜਦੋਂ ਮਾਸਕੋ ਗਿਆ ਤੇ ਓਥੋਂ ਕਾਬਲ ਜਾ ਕੇ ਮੁੜਨ ਵੇਲੇ ਅਚਾਨਕ ਲਾਹੌਰ ਜਾ ਉੱਤਰਿਆ ਤਾਂ ਸਿਰਫ ਭਾਜਪਾ ਦੇ ਆਗੂਆਂ ਨੇ ਨਹੀਂ, ਵਿਰੋਧੀ ਧਿਰ ਦੇ ਸਭ ਸਾਊ ਲੀਡਰਾਂ ਨੇ ਵੀ ਇਸ ਦਾ ਸਵਾਗਤ ਕੀਤਾ ਸੀ। ਤਿੰਨ ਦਿਨ ਬਾਅਦ ਪਠਾਨਕੋਟ ਵਿੱਚ ਹਵਾਈ ਫੌਜ ਦੇ ਸਟੇਸ਼ਨ ਉੱਤੇ ਹਮਲਾ ਹੋ ਗਿਆ ਤਾਂ ਭਾਰਤ ਸਰਕਾਰ ਦੀ ਕੱਚ-ਘਰੜ ਕੂਟਨੀਤੀ ਦੀ ਆਲੋਚਨਾ ਹੋਈ ਸੀ, ਕਿਸੇ ਨੇ ਇਹ ਆਖਣ ਵਾਸਤੇ ਮੂੰਹ ਨਹੀਂ ਸੀ ਪਾੜਿਆ ਕਿ ਪਾਕਿਸਤਾਨ ਨਾਲ ਅਮਨ ਦਾ ਯਤਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਯਤਨਾਂ ਵੱਲੋਂ ਪਾਕਿਸਤਾਨ ਖਿਸਕਦਾ ਰਿਹਾ ਹੈ, ਭਾਰਤ ਨੇ ਕਦੇ ਇਸ ਤੋਂ ਪਾਸਾ ਨਹੀਂ ਵੱਟਿਆ। ਭਾਰਤ ਹਮੇਸ਼ਾ ਪਹਿਲ ਕਰਦਾ ਰਿਹਾ ਹੈ ਤੇ ਇਹੋ ਪਹਿਲ ਇਸ ਦੀ ਸੰਸਾਰ ਵਿੱਚ ਸਾਖ ਵਿੱਚ ਵਾਧਾ ਕਰਨ ਵਾਲੀ ਸਾਬਤ ਹੋਈ ਹੈ। ਜਿਹੜੇ ਭਾਰਤ ਦਾ ਇਤਹਾਸ ਸਿਰਫ ਸਿਰ ਪਈ ਜੰਗ ਨਾਲ ਨਿਪਟਣ ਤੇ ਅੱਗੋਂ-ਪਿੱਛੋਂ ਹਮੇਸ਼ਾ ਅਮਨ ਦੀ ਪਹਿਲ ਕਰਨ ਦਾ ਰਿਹਾ ਹੈ, ਉਸ ਦੇਸ਼ ਦੀ ਇੱਕ ਬੱਚੀ ਨੇ ਸਿਰਫ ਜੰਗ ਦੇ ਵਿਰੋਧ ਵਿੱਚ ਅਮਨ ਦੀ ਇੱਛਾ ਪ੍ਰਗਟ ਕਰ ਦਿੱਤੀ ਤਾਂ ਗੁਨਾਹ ਹੋ ਗਿਆ ਅਤੇ ਆਪ ਕਦੀ ਮਰਨ-ਮਾਰਨ ਅਤੇ ਕਦੇ ਨਵਾਜ਼ ਸ਼ਰੀਫ ਦੇ ਜਵਾਕਾਂ ਨੂੰ ਸ਼ਗਨ ਦੇਣ ਵਾਲੇ ਦੇਸ਼ਭਗਤ ਬਣ ਬੈਠੇ! ਭਾਜਪਾ ਆਗੂਆਂ ਨੇ ਇਹ ਗਜ਼ ਪਤਾ ਨਹੀਂ ਕਿੱਥੋਂ ਲੈ ਆਂਦਾ ਹੈ! ਇਹ ਰਾਜਨੀਤੀ ਦੀਆਂ ਲੋੜਾਂ ਦਾ ਗਜ਼ ਹੈ। ਮਨੁੱਖਤਾ ਲਈ ਰਾਜਨੀਤੀ ਦੀ ਲੋੜ ਵਾਲੇ ਗਜ਼ ਨਹੀਂ, ਉਹ ਗਜ਼ ਚਾਹੀਦੇ ਹਨ, ਜਿਹੜੇ ਕਿਸੇ ਮਿਆਰ ਉੱਤੇ ਪੂਰੇ ਉੱਤਰ ਸਕਦੇ ਹੋਣ।
05 March 2017