ਅਕਾਦਮੀ ਇਨਾਮ ਦਾ ਲੇਖਕ ਤੱਕ ਪੁੱਜਦਾ ਵਲ਼ਦਾਰ ਰਾਹ ! - ਗੁਰਬਚਨ ਸਿੰਘ ਭੁੱਲਰ
ਅੱਸੂ-ਕੱਤੇ ਦੀ ਰੁੱਤ ਆ ਗਈ ਹੈ। ਮਾਹੌਲ ਵਿਚ ਮਿੱਠੀ ਮਿੱਠੀ, ਕੂਲ਼ੀ ਕੂਲ਼ੀ ਠੰਢ ਘੁਲ਼ ਗਈ ਹੈ। ਮਨ ਨੂੰ ਚੰਗਾ ਚੰਗਾ ਲੱਗਦਾ ਹੈ। ਅੱਸੂ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਅਕਤੂਬਰ ਤੇ ਕੱਤੇ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਨਵੰਬਰ ਚੜ੍ਹਦਾ ਹੈ। ਅੱਸੂ-ਕੱਤੇ ਦੇ ਮਾਹੌਲ ਵਿਚ ਠੰਢ ਘੁਲਣ ਵਾਂਗ ਅਕਤੂਬਰ-ਨਵੰਬਰ ਦੇ ਮਾਹੌਲ ਵਿਚ ਸਾਹਿਤ ਅਕਾਦਮੀ ਇਨਾਮ ਦੀ ਕਨਸੋਅ ਘੁਲ਼ ਜਾਂਦੀ ਹੈ। ਅੱਸੂ-ਕੱਤੇ ਦੀ ਠੰਢ ਦੇ ਕੂਲ਼ੇ ਕੂਲ਼ੇ ਅਹਿਸਾਸ ਦੇ ਉਲਟ ਅਕਤੂਬਰ-ਨਵੰਬਰ ਦੀ ਇਨਾਮੀ ਕਨਸੋਅ ਅਨੇਕ ਲੇਖਕਾਂ ਵਿਚ ਇਕੋ ਸਮੇਂ ਆਸ, ਅੱਚਵੀ ਤੇ ਬੇਯਕੀਨੀ ਦਾ ਅਹਿਸਾਸ ਪੈਦਾ ਕਰਦੀ ਹੈ, ''ਕੀ ਪਤਾ ਇਸ ਵਾਰ ਮੇਰੀ ਬੇੜੀ ਬੰਨੇ ਲੱਗ ਹੀ ਜਾਵੇ! ਪਰ ਕੀ ਪਤਾ, ਮੇਰੇ ਵੱਲ ਤੁਰੇ ਇਨਾਮ ਨੂੰ ਰਾਹ ਵਿਚੋਂ ਹੀ ਦਬੋਚਣ ਦੀ ਝਾਕ ਵਿਚ ਕੌਣ ਕੌਣ ਝਪਟਮਾਰ ਬੈਠਾ ਹੈ! ਮੈਨੂੰ ਮੇਰਾ 'ਹੱਕ' ਕਿੱਥੋਂ ਲੈਣ ਦੇਣਾ ਹੈ ਇਨ੍ਹਾਂ ਜੁਗਾੜੀ ਨਿਹੱਕਿਆਂ ਨੇ!''
ਸਾਹਿਤ ਅਕਾਦਮੀ ਇਨਾਮ ਦੀ ਰਕਮ 1955 ਵਿਚ 5 ਹਜ਼ਾਰ ਮਿਥੀ ਗਈ ਸੀ। ਇਹ 1983 ਵਿਚ 10 ਹਜ਼ਾਰ, 1988 ਵਿਚ 25 ਹਜ਼ਾਰ, 2001 ਵਿਚ 40 ਹਜ਼ਾਰ ਅਤੇ 2003 ਵਿਚ 50 ਹਜ਼ਾਰ ਕਰ ਦਿੱਤੀ ਗਈ ਸੀ। ਹੁਣ, 2009 ਤੋਂ ਇਹ ਰਕਮ ਇਕ ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਨਿੱਜੀ ਸੰਸਥਾਵਾਂ ਦੇ ਸਾਹਿਤਕ ਇਨਾਮ ਇਸ ਤੋਂ ਬਹੁਤ ਵੱਧ ਰਕਮ ਦੇ ਹਨ, ਪਰ ਤਾਂ ਵੀ ਦੇਸ਼ ਭਰ ਦੇ ਲੇਖਕਾਂ ਵਾਸਤੇ ਸਾਹਿਤ ਅਕਾਦਮੀ ਇਨਾਮ ਹੀ ਸਭ ਤੋਂ ਖਿੱਚ ਭਰਪੂਰ ਇਨਾਮ ਹੈ। ਇਸ ਇਨਾਮ ਦੀ ਉੱਚੀ ਹੈਸੀਅਤ ਦਾ ਕਾਰਨ ਜਾਣਨ ਲਈ ਸਾਹਿਤ ਅਕਾਦਮੀ ਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਜਾਣ ਲੈਣਾ ਠੀਕ ਰਹੇਗਾ।
ਨਵੇਂ ਨਵੇਂ ਆਜ਼ਾਦ ਹੋਏ ਦੇਸ਼ ਵਿਚ ਸਾਹਿਤ ਦੇ ਵਿਕਾਸ ਲਈ ਸਾਹਿਤ ਅਕਾਦਮੀ ਕਾਇਮ ਕਰਨ ਦਾ ਸੁਫ਼ਨਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਅਤੇ ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਂਝਾ ਸੁਫ਼ਨਾ ਸੀ। ਇਹ ਤਿੰਨੇ ਹੀ ਆਪਣੀ ਆਪਣੀ ਥਾਂ ਮੰਨੇ ਹੋਏ ਵਿਦਵਾਨ ਤੇ ਸ਼ਬਦ-ਗਿਆਤਾ ਸਨ। ਇਸ ਸੁਫ਼ਨੇ ਦੀ ਸਾਕਾਰਤਾ ਲਈ 15 ਦਸੰਬਰ 1952 ਨੂੰ ਪਾਰਲੀਮੈਂਟ ਵਿਚ ਇਸ ਭਾਵ ਦਾ ਮਤਾ ਪਾਸ ਕੀਤਾ ਗਿਆ ਕਿ ਸਾਹਿਤ ਦੀ ਇਕ ਕੌਮੀ ਅਕਾਦਮੀ ਕਾਇਮ ਕੀਤੀ ਜਾਵੇ ਜਿਸ ਦਾ ਨਾਂ 'ਸਾਹਿਤਯ ਅਕਾਦਮੀ' ਰੱਖਿਆ ਜਾਵੇ। ਨਹਿਰੂ ਨੂੰ ਸਾਹਿਤ ਅਕਾਦਮੀ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਤੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪਦਿਆਂ ਸਰਕਾਰ ਨੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਸਮਝਿਆ ਕਿ ਉਨ੍ਹਾਂ ਦੀ ਇਹ ਚੋਣ 'ਪ੍ਰਧਾਨ ਮੰਤਰੀ ਹੋਣ ਕਰਕੇ ਨਹੀਂ ਸਗੋਂ ਇਸ ਕਰਕੇ ਹੈ ਕਿ ਉਨ੍ਹਾਂ ਨੇ ਇਕ ਲੇਖਕ ਵਜੋਂ ਆਪਣਾ ਵਿਲੱਖਣ ਸਥਾਨ ਬਣਾਇਆ ਹੋਇਆ ਹੈ।'
ਅੱਜ ਦੇ ਮਾਹੌਲ ਵਿਚ ਇਹ ਸੋਚ ਅਜੀਬ ਲੱਗ ਸਕਦੀ ਹੈ ਕਿ ਨਹਿਰੂ ਦੀ ਆਪਣੀ ਮੁੱਖ ਚਿੰਤਾ ਵੀ ਸਰਕਾਰ ਤੋਂ ਸਾਹਿਤ ਅਕਾਦਮੀ ਦੀ ਸੁਆਧੀਨਤਾ ਨੂੰ ਬਣਾਈ ਰੱਖਣਾ ਹੀ ਨਹੀਂ ਸਗੋਂ ਇਸ ਸੁਆਧੀਨਤਾ ਨੂੰ ਮਜ਼ਬੂਤ ਕਰਨਾ ਸੀ। ਅਸਲ ਵਿਚ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਹ ਪਦਵੀ ਸੰਭਾਲੀ ਹੀ ਇਸ ਕਰਕੇ ਸੀ ਕਿ ਅਕਾਦਮੀ ਪੱਕੇ-ਪੈਰੀਂ ਹੋ ਜਾਵੇ ਤੇ ਲੋਕ ਇਹਨੂੰ ਮਾਣ-ਸਤਿਕਾਰ ਦੀ ਨਜ਼ਰ ਨਾਲ਼ ਦੇਖਣ। ਆਪਣੇ ਇਸ ਉਦੇਸ ਨੂੰ ਉਨ੍ਹਾਂ ਨੇ ਬੜੇ ਦਿਲਚਸਪ ਸ਼ਬਦਾਂ ਵਿਚ ਪੇਸ਼ ਕੀਤਾ, ''ਅਜਿਹੀ ਸੰਸਥਾ ਦਾ ਪ੍ਰਧਾਨ ਹੋਣਾ ਵੱਡੇ ਮਾਣ ਵਾਲ਼ੀ ਗੱਲ ਹੈ ਜਿਸ ਵਿਚ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਨਾਮੀ ਲੇਖਕ ਸ਼ਾਮਲ ਹੋਣ। ਅਕਾਦਮੀ ਦੇ ਪ੍ਰਧਾਨ ਵਜੋਂ ਮੈਂ ਤੁਹਾਨੂੰ ਬਿਲਕੁਲ ਸਪੱਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਨਹੀਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੇਰੇ ਕੰਮ ਵਿਚ ਦਖ਼ਲ ਦੇਵੇ।''
ਸਾਹਿਤ ਅਕਾਦਮੀ ਦਾ ਰਸਮੀ ਉਦਘਾਟਨ ਬੜੀ ਸ਼ਾਨ ਨਾਲ਼ 12 ਮਾਰਚ 1954 ਨੂੰ ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਕੀਤਾ ਗਿਆ। ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆਪਣੇ ਭਾਸ਼ਨ ਵਿਚ ਅਕਾਦਮੀ ਦੇ ਉਦੇਸ਼ ਉਜਾਗਰ ਕੀਤੇ। ਉਨ੍ਹਾਂ ਮਗਰੋਂ ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਨੇ ਆਪਣੇ ਵਿਦਵਤਾ-ਭਰਪੂਰ ਭਾਸ਼ਨ ਵਿਚ ਹੋਰ ਗੱਲਾਂ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਨਾਂ ਦੀ ਵਿਆਖਿਆ ਕਰਦਿਆਂ ਕਿਹਾ, ''ਨਾਂ 'ਸਾਹਿਤਯ ਅਕਾਦਮੀ' ਦੋ ਸ਼ਬਦਾਂ ਦਾ ਸੁਮੇਲ ਹੈ। ਸਾਹਿਤਯ ਸੰਸਕ੍ਰਿਤ ਦਾ ਸ਼ਬਦ ਹੈ ਤੇ ਅਕਾਦਮੀ ਯੂਨਾਨੀ ਦਾ। ਇਹ ਨਾਂ ਸਾਡੀ ਵਿਸ਼ਵਵਿਆਪੀ ਦ੍ਰਿਸ਼ਟੀ ਤੇ ਤਾਂਘ ਨੂੰ ਦਰਸਾਉਂਦਾ ਹੈ। ਸਾਹਿਤਯ ਸ਼ਬਦੀ ਰਚਨਾ ਨੂੰ ਆਖਦੇ ਹਨ, ਅਕਾਦਮੀ ਇਸ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲ਼ੇ ਵਿਅਕਤੀਆਂ ਦਾ ਜੋੜਮੇਲਾ ਹੁੰਦਾ ਹੈ। ਇਸ ਤਰ੍ਹਾਂ ਸਾਹਿਤਯ ਅਕਾਦਮੀ ਉਨ੍ਹਾਂ ਸਭਨਾਂ ਦਾ ਜੋੜਮੇਲਾ ਹੋਵੇਗੀ ਜੋ ਰਚਨਾਤਮਿਕ ਤੇ ਆਲੋਚਨਾਤਮਿਕ ਸਾਹਿਤ ਵਿਚ ਦਿਲਚਸਪੀ ਰੱਖਦੇ ਹਨ। ਇਸ ਅਕਾਦਮੀ ਦਾ ਮਨੋਰਥ ਹੋਵੇਗਾ, ਸਾਹਿਤਕ ਪ੍ਰਾਪਤੀਆਂ ਵਾਲ਼ੇ ਵਿਅਕਤੀਆਂ ਨੂੰ ਮਾਨਤਾ ਦੇਣਾ, ਸਾਹਿਤਕ ਹੋਣਹਾਰੀ ਦਰਸਾਉਣ ਵਾਲ਼ੇ ਵਿਅਕਤੀਆਂ ਦੀ ਹੌਸਲਾ-ਅਫ਼ਜ਼ਾਈ ਕਰਨਾ, ਆਮ ਲੋਕਾਂ ਦੀ ਰੁਚੀ ਨੂੰ ਸਾਹਿਤਕ ਸੇਧ ਦੇਣਾ ਅਤੇ ਸਾਹਿਤ ਦੇ ਤੇ ਸਾਹਿਤਕ ਆਲੋਚਨਾ ਦੇ ਮਿਆਰਾਂ ਨੂੰ ਬਿਹਤਰ ਬਣਾਉਣਾ।''
ਇਸ ਆਸ਼ੇ ਦੀ ਪੂਰਤੀ ਵੱਲ ਇਕ ਹੋਰ ਮਜ਼ਬੂਤ ਮੁੱਢਲੇ ਕਦਮ ਵਜੋਂ ਪਹਿਲੀ ਜਨਰਲ ਕੌਂਸਲ ਦੇ ਮੈਂਬਰ ਵੀ ਡਾ. ਐੱਸ. ਰਾਧਾਕ੍ਰਿਸ਼ਨਣ, ਅਬੁਲ ਕਲਾਮ ਆਜ਼ਾਦ, ਸੀ. ਰਾਜਗੋਪਾਲਾਚਾਰੀ, ਕੇ.ਐੱਮ. ਪਨੀਕਰ, ਕੇ.ਐੱਮ. ਮੁਣਸ਼ੀ, ਜ਼ਾਕਿਰ ਹੁਸੈਨ, ਉਮਾਸ਼ੰਕਰ ਜੋਸ਼ੀ, ਮਹਾਂਦੇਵੀ ਵਰਮਾ, ਡੀ.ਵੀ. ਗੁੰਡੱਪਾ ਤੇ ਰਾਮਧਾਰੀ ਸਿੰਘ ਦਿਨਕਰ ਜਿਹੇ ਮਹਾਨ ਲੇਖਕ ਤੇ ਵਿਦਵਾਨ ਲਏ ਗਏ। ਨਹਿਰੂ ਮਗਰੋਂ ਪ੍ਰਧਾਨਗੀ ਵੀ ਪਹਿਲਾਂ ਡਾ.ਐੱਸ. ਰਾਧਾਕ੍ਰਿਸ਼ਨਣ ਅਤੇ ਫੇਰ ਜ਼ਾਕਿਰ ਹੁਸੈਨ ਨੇ ਸੰਭਾਲੀ।
ਸਾਹਿਤ ਅਕਾਦਮੀ ਦੀ ਸਥਾਪਨਾ ਦੇ ਇਸ ਉਦੇਸ਼ ਦੀ ਪੂਰਤੀ ਲਈ ਚੁੱਕੇ ਜਾਣ ਵਾਲ਼ੇ ਕਦਮਾਂ ਵਿਚ ਅਗਲੇ ਸਾਲ, 1955 ਤੋਂ ਹੀ ਲੇਖਕਾਂ ਨੂੰ ਸਨਮਾਨਿਆ ਜਾਣਾ ਵੀ ਸ਼ਾਮਲ ਸੀ। ਪ੍ਰਧਾਨ ਵਜੋਂ ਜਵਾਹਰਲਾਲ ਨਹਿਰੂ ਸਾਹਿਤ ਅਕਾਦਮੀ ਦੇ ਸਭ ਕੰਮਾਂ ਨਾਲ਼ ਦਿਲੋਂ ਜੁੜੇ ਰਹਿੰਦੇ ਸਨ ਜਿਨ੍ਹਾਂ ਵਿਚ ਇਨਾਮਾਂ ਦਾ ਨਿਰਣਾ ਵੀ ਸ਼ਾਮਲ ਸੀ। ਪੰਜਾਬੀ ਵਿਚ ਪਲੇਠਾ ਇਨਾਮ ਹਾਸਲ ਕਰਨ ਦਾ ਮਾਣ ਭਾਈ ਵੀਰ ਸਿੰਘ ਦੇ ਹਿੱਸੇ ਆਇਆ।
ਇਹ ਆਮ ਦੇਖਿਆ ਗਿਆ ਹੈ ਕਿ ਅਨੇਕ ਭੋਲ਼ੇ ਲੇਖਕ ਹੈਰਾਨ-ਪਰੇਸ਼ਾਨ ਹੁੰਦੇ ਰਹਿੰਦੇ ਹਨ, ''ਯਾਰ ਦਿੱਲੀ ਵਾਲ਼ੀ ਸਾਹਿਤ ਅਕਾਦਮੀ ਦੇ ਇਨਾਮ ਲਈ ਲੇਖਕਾਂ ਤੇ ਪੁਸਤਕਾਂ ਦੇ ਨਾਂ ਕਿੱਥੋਂ ਆਉਂਦੇ ਹਨ? ਕੌਣ ਚੁਣਦਾ ਹੈ ਲੇਖਕਾਂ ਦੇ ਨਾਂ? ਤੇ ਕੌਣ ਚੁਣਦਾ ਹੈ ਉਨ੍ਹਾਂ ਲੇਖਕਾਂ ਦੀਆਂ ਪੁਸਤਕਾਂ ਦੇ ਨਾਂ?'' ਫੇਰ ਉਹ ਮਾਯੂਸ ਜਿਹੇ ਹੋ ਕੇ ਆਖਦੇ ਹਨ, ''ਸਾਨੂੰ ਕੋਈ ਪੁੱਛਦਾ ਹੀ ਨਹੀਂ!'' ਉਨ੍ਹਾਂ ਦੀ ਤਸੱਲੀ ਲਈ ਇਹ ਜਾਣਕਾਰੀ ਕਾਫ਼ੀ ਹੋਵੇਗੀ ਕਿ ਲੇਖਕਾਂ ਦੇ ਤੇ ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂ ਉਨ੍ਹਾਂ ਦੇ ਆਪਣੇ ਭਰਾ-ਭਾਈ ਲੇਖਕ ਹੀ ਚੁਣਦੇ ਹਨ, ਅਕਾਦਮੀ ਦੇ ਦਫ਼ਤਰੀ ਲੋਕਾਂ ਦਾ ਇਸ ਨਾਲ਼ ਕੋਈ ਵੀ ਲੈਣਾ-ਦੇਣਾ ਨਹੀਂ ਹੁੰਦਾ।
ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੀ ਇੱਛਾ ਅਨੁਸਾਰ ਅਕਾਦਮੀ ਦੇ ਪ੍ਰਧਾਨ ਨੂੰ ਕੋਈ ਪੰਜ ਨਾਂ ਦਿੰਦੇ ਹਨ। ਉਹ ਉਨ੍ਹਾਂ ਪੰਜਾਂ ਵਿਚੋਂ ਕੋਈ ਦੋ ਨਾਂ ਚੁਣਦਾ ਹੈ ਜਿਨ੍ਹਾਂ ਨੂੰ ਮਾਹਿਰ ਕਿਹਾ ਜਾਂਦਾ ਹੈ। ਦੋਵੇਂ ਮਾਹਿਰ ਸਭ ਸ਼ਰਤਾਂ ਪੂਰੀਆਂ ਕਰ ਕੇ ਇਨਾਮ ਦੀਆਂ ਹੱਕਦਾਰ ਬਣਦੀਆਂ ਪੁਸਤਕਾਂ ਦੀ ਸੂਚੀ ਤਿਆਰ ਕਰਦੇ ਹਨ। ਮੁੱਖ ਸ਼ਰਤ ਤਾਂ ਇਹ ਹੁੰਦੀ ਹੈ ਕਿ ਪੁਸਤਕ ਪਿਛਲੇ ਇਕ ਸਾਲ ਤੋਂ ਪਹਿਲਾਂ ਦੇ ਪੰਜ ਸਾਲਾਂ ਦੇ ਅੰਦਰ ਅੰਦਰ ਛਪੀ ਹੋਈ ਹੋਵੇ। ਮਿਸਾਲ ਵਜੋਂ 2018 ਦੇ ਇਨਾਮ ਲਈ ਪੁਸਤਕ 2012 ਤੋਂ 2016 ਦੇ ਪੰਜ ਸਾਲਾਂ ਵਿਚ ਛਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੇਖਕ ਭਾਰਤੀ ਨਾਗਰਿਕ ਹੋਵੇ ਤੇ ਅਕਾਦਮੀ ਦੇ ਐਗਜ਼ੈਕਟਿਵ ਬੋਰਡ ਦਾ ਮੈਂਬਰ ਨਾ ਹੋਵੇ। ਪੁਸਤਕ ਮੌਲਿਕ ਹੋਵੇ, ਅਨੁਵਾਦਿਤ ਜਾਂ ਆਧਾਰਿਤ ਜਾਂ ਕਈ ਲੇਖਕਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਨਾ ਹੋਵੇ। ਪੁਸਤਕ ਕਿਸੇ ਇਮਤਿਹਾਨ ਲਈ ਜਾਂ ਯੂਨੀਵਰਸਿਟੀ ਦੀ ਡਿਗਰੀ ਲਈ ਕੀਤੇ ਗਏ ਖੋਜ-ਕਾਰਜ ਦਾ ਪੁਸਤਕੀ ਰੂਪ ਵੀ ਨਾ ਹੋਵੇ। ਇਨ੍ਹਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਸੂਚੀ ਨੂੰ ਆਧਾਰ-ਸੂਚੀ ਕਿਹਾ ਜਾਂਦਾ ਹੈ।
ਇਹ ਆਧਾਰ-ਸੂਚੀ ਕਨਵੀਨਰ ਸਮੇਤ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਨੂੰ ਭੇਜੀ ਜਾਂਦੀ ਹੈ। ਹਰੇਕ ਮੈਂਬਰ ਦੋ ਨਾਂ ਦਿੰਦਾ ਹੈ ਜੋ ਦੋਵੇਂ ਸੂਚੀ ਵਿਚੋਂ ਵੀ ਹੋ ਸਕਦੇ ਹਨ ਜਾਂ ਇਕ ਨਾਂ ਸੂਚੀ ਵਿਚੋਂ ਤੇ ਇਕ ਨਾਂ ਉਹਦੀ ਮਰਜ਼ੀ ਦਾ ਵੀ ਹੋ ਸਕਦਾ ਹੈ ਜਾਂ ਦੋਵੇਂ ਨਾਂ ਹੀ ਉਹਦੀ ਮਰਜ਼ੀ ਦੇ ਹੋ ਸਕਦੇ ਹਨ। ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਮੈਂਬਰ ਦੋਵੇਂ ਪੁਸਤਕਾਂ ਦਾ ਸੁਝਾਅ ਆਧਾਰ-ਸੂਚੀ ਤੋਂ ਬਾਹਰੋਂ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਆਧਾਰ-ਸੂਚੀ ਤਾਂ ਗਈ ਟੋਕਰੀ ਵਿਚ! ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਦੀਆਂ ਦੱਸੀਆਂ ਇਨ੍ਹਾਂ ਦੋ ਦੋ ਪੁਸਤਕਾਂ ਦੀ ਨਵੀਂ ਸੂਚੀ ਤਿਆਰ ਕਰ ਲਈ ਜਾਂਦੀ ਹੈ।
ਅਕਾਦਮੀ ਦਾ ਪ੍ਰਧਾਨ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਤੋਂ ਦਸ ਰੈਫ਼ਰੀਆਂ ਦਾ ਪੈਨਲ ਤਿਆਰ ਕਰਨ ਲਈ ਨਾਂਵਾਂ ਦੀ ਮੰਗ ਕਰਦਾ ਹੈ ਅਤੇ ਪੁਸਤਕਾਂ ਦੀ ਤਿਆਰ ਹੋ ਚੁੱਕੀ ਸੂਚੀ ਉਨ੍ਹਾਂ ਦਸਾਂ ਨੂੰ ਭੇਜ ਦਿੱਤੀ ਜਾਂਦੀ ਹੈ। ਹਰ ਰੈਫ਼ਰੀ ਦੋ ਪੁਸਤਕਾਂ ਦੀ ਸਿਫ਼ਾਰਸ਼ ਕਰਦਾ ਹੈ। ਉਹ ਸੂਚੀ ਵਿਚੋਂ ਵੀ ਹੋ ਸਕਦੀਆਂ ਹਨ ਜਾਂ ਸੂਚੀ ਤੋਂ ਬਾਹਰੋਂ ਉਹਦੀ ਆਪਣੀ ਚੋਣ ਦੀਆਂ ਵੀ ਹੋ ਸਕਦੀਆਂ ਹਨ। ਇੱਥੇ ਵੀ ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਰੈਫ਼ਰੀ ਦੋਵੇਂ ਪੁਸਤਕਾਂ ਦਾ ਸੁਝਾਅ ਉਹਨੂੰ ਭੇਜੀ ਗਈ ਸੂਚੀ ਲਾਂਭੇ ਰੱਖ ਕੇ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਸਲਾਹਕਾਰ ਬੋਰਡ ਦੇ ਮੈਂਬਰਾਂ ਦੀਆਂ ਦੱਸੀਆਂ ਪੁਸਤਕਾਂ ਦੀ ਸੂਚੀ ਤਾਂ ਗਈ ਟੋਕਰੀ ਵਿਚ!
ਅੰਤ ਵਿਚ ਰੈਫ਼ਰੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਪੁਸਤਕ-ਸੂਚੀ ਤਿੰਨ ਮੈਂਬਰਾਂ ਦੀ ਜਿਉਰੀ ਅੱਗੇ ਰੱਖੀ ਜਾਂਦੀ ਹੈ। 1991 ਤੱਕ ਇਹ ਜਿਉਰੀ ਜੱਗ-ਜ਼ਾਹਿਰ ਹੁੰਦੀ ਸੀ ਕਿਉਂਕਿ ਇਸ ਦੇ ਮੈਂਬਰ ਪੰਜਾਬੀ ਦੇ ਕਨਵੀਨਰ ਨਾਲ਼ ਸਲਾਹਕਾਰ ਕਮੇਟੀ ਵਿਚੋਂ ਹੀ ਦੋ ਜਣੇ ਹੋਰ ਹੁੰਦੇ ਸਨ। ਉਸ ਸਾਲ ਹਰਿੰਦਰ ਸਿੰਘ ਮਹਿਬੂਬ ਦਾ ਇਨਾਮ ਕਸੂਤੇ ਵਿਵਾਦ ਵਿਚ ਫਸ ਗਿਆ ਅਤੇ ਸਾਹਿਤ ਅਕਾਦਮੀ ਨੇ ਫ਼ੈਸਲਾ ਕੀਤਾ ਕਿ ਜਿਉਰੀ ਅਕਾਦਮੀ ਦੇ ਅੰਦਰੋਂ ਹੋਣ ਦੀ ਥਾਂ ਬਾਹਰੋਂ ਹੋਵੇਗੀ ਤੇ ਪਹਿਲਾਂ ਵਾਂਗ ਸਰਬਗਿਆਤ ਹੋਣ ਦੀ ਥਾਂ ਗੁਪਤ ਹੋਵੇਗੀ ਜਿਸ ਦੇ ਨਾਂਵਾਂ ਦਾ ਐਲਾਨ ਇਨਾਮੀ ਲੇਖਕ ਦੇ ਨਾਂ ਦੇ ਐਲਾਨ ਦੇ ਨਾਲ ਹੀ ਕੀਤਾ ਜਾਇਆ ਕਰੇਗਾ।
ਜਿਉਰੀ ਦੇ ਇਹ ਤਿੰਨ ਮੈਂਬਰ ਚੁਣਨ ਵਾਸਤੇ ਪਹਿਲਾਂ ਹੀ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਵੱਖਰੇ ਵੱਖਰੇ ਨਾਂ ਮੰਗੇ ਲਏ ਜਾਂਦੇ ਹਨ। ਅਕਾਦਮੀ ਦਾ ਪ੍ਰਧਾਨ ਇਹਨਾਂ ਨਾਂਵਾਂ ਵਿਚੋਂ ਤਿੰਨ ਦੀ ਚੋਣ ਕਰਦਾ ਹੈ। ਇਨਾਮ ਲੇਖਕਾਂ ਦੀ ਅੰਤਿਮ ਸੂਚੀ ਵਿਚੋਂ ਕਿਸ ਦਾ ਨਸੀਬ ਬਣੇਗਾ, ਇਹ ਨਿਰੋਲ ਇਨ੍ਹਾਂ ਤਿੰਨ ਲੇਖਕਾਂ-ਅਲੇਖਕਾਂ ਦੇ ਹੱਥ ਹੁੰਦਾ ਹੈ। ਜੇ ਤਿੰਨੇ ਮੈਂਬਰ ਕਿਸੇ ਇਕ ਨਾਂ ਬਾਰੇ ਸਹਿਮਤ ਹੋ ਜਾਂਦੇ ਹਨ, ਉਸ ਨਾਂ ਨੂੰ ਸੱਤੇ ਖ਼ੈਰਾਂ! ਜੇ ਦੋ ਮੈਂਬਰ ਕਿਸੇ ਇਕ ਨਾਂ ਦੇ ਪੱਖ ਵਿਚ ਹਨ, ਪਰ ਤੀਜਾ ਕਿਸੇ ਹੋਰ ਦਾ ਹਮਾਇਤੀ ਹੋਵੇ ਤਾਂ ਵੀ ਦੋ ਵੋਟਾਂ ਵਾਲ਼ਾ ਬਾਜ਼ੀ ਮਾਰ ਜਾਂਦਾ ਹੈ। ਜੇ ਤਿੰਨੇ ਮੈਂਬਰ ਆਪਣੇ ਆਪਣੇ ਵੱਖਰੇ ਨਾਂਵਾਂ ਉੱਤੇ ਅੜੇ ਰਹਿਣ, ਉਸ ਸਾਲ ਦਾ ਉਸ ਭਾਸ਼ਾ ਦਾ ਇਨਾਮ ਮਾਰਿਆ ਜਾਂਦਾ ਹੈ।
ਸੰਪਰਕ : 011-42502364
10 Nov. 2018