ਝੂਟਿਆਂ ਦਾ ਬੱਚੇ ਉੱਤੇ ਅਸਰ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਬੱਚੇ ਦੇ ਦਿਮਾਗ਼ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਕੁੱਝ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ। ਇਨ੍ਹਾਂ ਵਿਚ ਸ਼ਾਮਲ ਹਨ-ਛੋਹ, ਆਵਾਜ਼, ਦੇਖਣਾ, ਸਰੀਰ ਦੀ ਹਿਲਜੁਲ, ਆਲੇ-ਦੁਆਲੇ ਬਾਰੇ ਘੋਖਣਾ, ਆਦਿ। ਇਨ੍ਹਾਂ ਸਾਰੀਆਂ ਗੱਲਾਂ ਦਾ ਬੱਚੇ ਦੇ ਦਿਮਾਗ਼ ਦੀ ਹਾਰਡ ਡਿਸਕ ਉੱਤੇ ਛਪਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਪਣੇ ਤਜਰਬਿਆਂ ਦੇ ਨਾਲ ਮਾਪਿਆਂ ਤੇ ਹੋਰ ਮਿਲਣ ਵਾਲਿਆਂ ਦੇ ਹੁੰਗਾਰੇ ਅਨੁਸਾਰ ਚੰਗਾ-ਮੰਦਾ, ਸਹੀ-ਗ਼ਲਤ ਦੀ ਪਛਾਣ ਕਰ ਸਕੇ।
ਕੁੱਝ ਅਲੱਗ ਤਰ੍ਹਾਂ ਦਾ ਅਸਰ ਪੈਂਦਾ ਹੈ ਸੰਵੇਦਨਾ ਉੱਤੇ। ਕੰਨਾਂ ਦੇ ਅੰਦਰਲੇ ਹਿੱਸੇ ਦਾ ਕੰਮ ਹੁੰਦਾ ਹੈ ਸਰੀਰ ਨੂੰ ਸਿੱਧਾ ਰੱਖਣਾ ਤੇ ਹਿਲਜੁਲ ਦੇ ਬਾਵਜੂਦ ਆਲੇ-ਦੁਆਲੇ ਬਾਰੇ ਪੂਰੀ ਸਮਝ ਹੋਣਾ। ਤੁਰਨ ਜਾਂ ਰਿੜ੍ਹਨ ਨਾਲ ਕੰਨਾਂ ਤੇ ਸਿਰ ਦੀ ਏਨੀ ਹਿਲਜੁਲ ਨਹੀਂ ਹੁੰਦੀ ਜਿੰਨੀ ਪੰਘੂੜੇ ਵਿਚ ਜਾਂ ਪੀਂਘ ਉੱਤੇ ਝੂਟੇ ਲੈਣ ਨਾਲ ਜਾਂ ਫੇਰ ਗੋਦ ਵਿਚ ਹਿਲਾ ਹਿਲਾ ਕੇ ਸਵਾਉਣ ਨਾਲ।
ਗੋਦ ਵਿਚ ਸਵਾਉਣ ਲੱਗਿਆਂ ਬੱਚੇ ਨੂੰ ਹਿਲਾ ਹਿਲਾ ਕੇ ਕੋਸ਼ਿਸ਼ ਕੀਤੀ ਜਾਂਦੀ ਹੈ। ਇੰਜ ਬੱਚੇ ਦਾ ਸਿਰ ਤੇ ਕੰਨਾਂ ਦਾ ਅੰਦਰਲਾ ਹਿੱਸਾ ਪੂਰਾ ਗੋਲ ਮੋਲ ਹਿਲ ਜਾਂਦਾ ਹੈ। ਇਸ ਤਰ੍ਹਾਂ ਕੰਨਾਂ ਦੇ ਅੰਦਰਲੇ ਹਿੱਸੇ ਨੂੰ ਛੇਤੀ ਛੇਤੀ ਕੰਮ ਕਰਨ ਤੇ ਸਰੀਰ ਨੂੰ ਕਿਸੇ ਵੀ ਹਾਲ ਵਿਚ ਸਿੱਧਾ ਰੱਖਣ ਦੀ ਕੋਸ਼ਿਸ਼ ਨੂੰ ਹੁਲਾਰਾ ਮਿਲਦਾ ਹੈ। ਇਸ ਦੇ ਨਾਲ-ਨਾਲ ਮਾਂ ਦੇ ਹੱਥਾਂ ਦੀ ਛੋਹ, ਘੁੱਟ ਕੇ ਪਾਈ ਜੱਫੀ ਤੇ ਮਾਂ ਦੇ ਢਿੱਡ ਨਾਲ ਜੁੜਿਆ ਬੱਚੇ ਦਾ ਢਿੱਡ ਬੱਚੇ ਨੂੰ ਸੁਰੱਖਿਅਤ ਹੋਣ ਦਾ ਇਹਸਾਸ ਦਵਾਉਂਦਾ ਹੈ।
ਏਨੇ ਸਾਰੇ ਸੁਣੇਹੇ ਬੱਚੇ ਦੀ ਸੋਚਣ ਸਮਝਣ ਦੀ ਸ਼ਕਤੀ ਵਧਾਉਣ ਵਿਚ ਮਦਦ ਵੀ ਕਰਦੇ ਹਨ ਕਿਉਂਕਿ ਬਹੁਤ ਸਾਰੇ ਸੈੱਲ ਵਾਰ-ਵਾਰ ਪਹੁੰਚੇ ਸੁਣੇਹਿਆਂ ਸਦਕਾ ਤੇਜ਼ੀ ਨਾਲ ਕੰਮ ਕਰਨ ਵਿਚ ਜੁਟ ਜਾਂਦੇ ਹਨ ਤੇ ਰਵਾਂ ਹੁੰਦੇ ਰਹਿੰਦੇ ਹਨ। ਲਗਾਤਾਰ ਆਉਂਦੇ ਸੁਣੇਹੇ ਬੱਚੇ ਨੂੰ ਸੰਵੇਦਨਸ਼ੀਲ ਬਣਾਉਣ ਵਾਲੇ ਸੈਂਟਰ ਅਤੇ ਛੋਹ ਤੋਂ ਉਤਪੰਨ ਹੋਇਆ ਸੁਖਦ ਇਹਸਾਸ ਵਧਾਉਣ ਵਿਚ ਵੀ ਮਦਦ ਕਰਦੇ ਹਨ।
ਜੇ ਇਹੀ ਝੂਟਾ ਬਹੁਤ ਤੇਜ਼ ਹੋਵੇ ਜਾਂ ਬੱਚੇ ਵਿਚ ਪੀੜ ਦਾ ਇਹਸਾਸ ਕਰਵਾਏ ਜਾਂ ਬੱਚਾ ਬਹੁਤ ਜ਼ੋਰ ਦੀ ਝਟਕਿਆ ਗਿਆ ਹੋਵੇ ਤਾਂ ਨੁਕਸਾਨ ਕਰ ਸਕਦਾ ਹੈ।
ਯਾਦ ਕਰਨ ਦੀ ਸ਼ਕਤੀ ਘਟਣੀ, ਚਿੜਚਿੜਾਪਨ, ਖਿੱਝ, ਰੋਂਦੂ, ਦਿਮਾਗ਼ ਅੰਦਰ ਲਹੂ ਦਾ ਚੱਲਣਾ, ਓਟਿਜ਼ਮ, ਟਿਕ ਕੇ ਨਾ ਬੈਠ ਸਕਣਾ, ਲੜਾਕਾ ਹੋਣਾ, ਇਕਦਮ ਗੁੱਸੇ ਵਿਚ ਆ ਕੇ ਚੀਜ਼ਾਂ ਭੰਨਣੀਆਂ, ਆਦਿ ਵੇਖਣ ਵਿਚ ਆ ਸਕਦੀਆਂ ਹਨ।
ਡਾ. ਜੀਨ ਆਇਰਸ ਤੇ ਹੋਰ ਫਿਜ਼ੀਕਲ ਥੈਰਾਪਿਸਟ ਅਤੇ ਨਿਊਰੋਲੋਜੀ, ਨਿਊਰੋਸਾਈਕੋਲੋਜੀ, ਫਿਜ਼ਿਓਲੋਜੀ ਦੇ ਅਨੇਕ ਖੋਜੀਆਂ ਨੇ ਰਲ ਕੇ ਹਲਕੇ ਝੂਟੇ ਜਾਂ ਹੁਲਾਰੇ ਉੱਤੇ ਵੱਡੀ ਖੋਜ ਕੀਤੀ ਹੈ। ਇਸ ਨੂੰ 'ਸੈਂਸਰੀ ਇਨਟੈਗਰੇਸ਼ਨ' ਦੇ ਅਧੀਨ ਬੱਚੇ ਦੇ ਸਿੱਖਣ, ਸੋਚਣ, ਸਮਝਣ ਤੇ ਸੰਵੇਦਨਸ਼ੀਲ ਹੋਣ ਉੱਤੇ ਅਸਰ ਘੋਖਿਆ ਗਿਆ। ਬਾਹਰੋਂ ਆਏ ਸਾਰੇ ਤਰ੍ਹਾਂ ਦੇ ਛੋਹ ਦੇ ਸੁਣੇਹੇ ਅਤੇ ਉਨ੍ਹਾਂ ਨਾਲ ਵੱਖੋ-ਵੱਖ ਦਿਮਾਗ਼ ਦੇ ਹਿੱਸਿਆਂ ਦੀ ਹਿਲਜੁਲ ਰਿਕਾਰਡ ਕੀਤੀ ਗਈ।
ਇਸ ਖੋਜ ਵਿੱਚੋਂ ਹੀ ਸਮਝ ਆਈ ਕਿ ਜਿਹੜੇ ਬੱਚੇ ਅੱਗੋਂ ਓਟਿਜ਼ਮ ਦੇ ਸ਼ਿਕਾਰ ਹੋਏ, ਉਹ ਉਹੀ ਸਨ ਜਿਨ੍ਹਾਂ ਦੇ ਬਚਪਨ ਵੇਲੇ ਉਨ੍ਹਾਂ ਨੂੰ ਸੁਖਾਵੇਂ ਇਹਸਾਸ ਘੱਟ ਹੋਏ ਸਨ। ਚੀਕਣ ਜਾਂ ਝਗੜਨ ਦੀਆਂ ਆਵਾਜ਼ਾਂ, ਗੁੱਸਾ, ਮਾਰ-ਕੁਟਾਈ, ਖੁਰਦਰੀ ਛੋਹ ਵਰਗੇ ਸੁਣੇਹੇ ਜਦੋਂ ਨਿੱਕੇ ਬੱਚੇ ਦੇ ਦਿਮਾਗ਼ ਵੱਲ ਵੱਧ ਹੋਣ ਜਾਂ ਰੋਜ਼ ਜਾ ਰਹੇ ਹੋਣ, ਤਾਂ ਅਜਿਹੇ ਬੱਚਿਆਂ ਦੇ 'ਸੈਂਸਰੀ ਸੈਂਟਰ' ਵਿਚਲੇ ਸੈੱਲ ਨਾਰਮਲ ਨਹੀਂ ਰਹਿੰਦੇ। ਉਨ੍ਹਾਂ ਸੈੱਲਾਂ ਦੇ ਜੋੜ ਵੀ ਸਹੀ ਕੰਮ ਨਹੀਂ ਕਰਦੇ ਜਿਸ ਨਾਲ ਉੱਥੇ ਪਹੁੰਚਦੀਆਂ ਤਰੰਗਾਂ ਕਈ ਵਾਰ ਤਿੰਨ ਜਾਂ ਚਾਰ ਗੁਣਾ ਵੱਧ ਤੇਜ਼ ਹੋ ਜਾਂਦੀਆਂ ਹਨ ਤੇ ਕਦੇ ਉੱਕਾ ਹੀ ਕੋਈ ਸੁਣੇਹਾ ਨਹੀਂ ਭੇਜਦੀਆਂ। ਇੰਜ ਬੱਚੇ ਦੇ ਦਿਮਾਗ਼ ਦੀ ਬਣਤਰ ਵਿਚ ਹੌਲੀ-ਹੌਲੀ ਸਦੀਵੀ ਵਿਗਾੜ ਪੈ ਜਾਂਦਾ ਹੈ। ਘਬਰਾਹਟ, ਡਰ, ਹਲਕੀ ਆਵਾਜ਼ ਉੱਤੇ ਤ੍ਰਭਕਣਾ, ਕਿਸੇ ਵੱਲੋਂ ਪਿੱਠ ਉੱਤੇ ਪਿਆਰ ਨਾਲ ਥਾਪੜਨ ਉੱਤੇ ਹੀ ਘਬਰਾ ਕੇ ਭੱਜਣਾ ਜਾਂ ਘੂਰਨ ਲੱਗ ਪੈਣਾ, ਆਦਿ ਦਿਸਣ ਲਗ ਪੈਂਦੇ ਹਨ।
ਵੱਡੇ ਹੋ ਜਾਣ ਉੱਤੇ ਅਜਿਹੇ ਮਾਹੌਲ ਵਿਚ ਪਲੇ ਕੁੱਝ ਬੱਚਿਆਂ ਦਾ ਦਿਮਾਗ਼ ਸਿਰ ਉੱਤੇ ਕਿਸੇ ਵੱਲੋਂ ਪਿਆਰ ਨਾਲ ਪਲੋਸੇ ਜਾਣ ਨੂੰ ਵੀ ਜੂੰਡੇ ਪੁੱਟਣ ਦਾ ਇਹਸਾਸ ਕਰਵਾ ਦਿੰਦਾ ਹੈ ਤੇ ਪਿਆਰ ਨਾਲ ਬੁਲਾਉਣ ਨੂੰ ਬੰਬ ਸੁੱਟੇ ਜਾਣ ਵਾਂਗ ਮਹਿਸੂਸ ਕਰਵਾਉਂਦਾ ਹੈ। ਏਸੇ ਲਈ ਕੁੱਝ ਬੱਚੇ ਬਹੁਤ ਜ਼ਿਆਦਾ ਪ੍ਰਤੀਕਿਰਿਆ ਦੇਣ ਲੱਗ ਪੈਂਦੇ ਹਨ ਜੋ ਉਨ੍ਹਾਂ ਦੇ ਆਪਣੇ ਵਸ ਵਿਚ ਨਹੀਂ ਹੁੰਦੀ।
ਕਿਸੇ ਵੱਲੋਂ ਆਵਾਜ਼ ਦਿੱਤੇ ਜਾਣ ਉੱਤੇ ਕੰਬਣ ਲੱਗ ਪੈਣਾ ਜਾਂ ਥਥਲਾਉਣ ਲੱਗ ਪੈਣਾ, ਆਦਿ ਵੀ ਵੇਖਿਆ ਗਿਆ ਹੈ।
ਇੱਕ ਹੋਰ ਮਜ਼ੇਦਾਰ ਤੱਥ ਸਾਹਮਣੇ ਆਇਆ ਕਿ ਸੁਣਨ ਜਾਂ ਵੇਖਣ ਨਾਲੋਂ ਸਾਡਾ ਦਿਮਾਗ਼ ਛੋਹ, ਭਾਰ, ਸੰਤੁਲਨ, ਪੱਠਿਆਂ ਤੇ ਜੋੜਾਂ ਦੀ ਖਿੱਚ ਅਤੇ ਪਿੱਠ ਵਿਚਲੀਆਂ ਨਸਾਂ ਵੱਲੋਂ ਪਹੁੰਚੇ ਸੁਣੇਹੇ ਜ਼ਿਆਦਾ ਮਾਤਰਾ ਵਿਚ ਸੰਭਾਲਦਾ ਹੈ ਤੇ ਲੰਮੇ ਸਮੇਂ ਦੀ ਯਾਦ ਵਿਚ ਸਮੋ ਲੈਂਦਾ ਹੈ। ਇਹੀ ਯਾਦਾਂ ਅੱਗੋਂ ਵੇਖੀਆਂ, ਸੁਣੀਆਂ, ਸੁੰਘੀਆਂ ਜਾਂ ਚੱਖੀਆਂ ਚੀਜ਼ਾਂ ਵੱਲੋਂ ਗਏ ਸੁਣੇਹਿਆਂ ਨੂੰ ਤਰਤੀਬਵਾਰ ਸਾਂਭਣ ਤੇ ਉਨ੍ਹਾਂ ਨੂੰ ਲੋੜ ਪੈਣ ਉੱਤੇ ਉਘੇੜਣ ਲਈ ਤਿਆਰ ਕਰਦੀਆਂ ਹਨ। ਮਿਸਾਲ ਵਜੋਂ, ਪਿਤਾ ਵੱਲੋਂ ਮਿਲਿਆ ਮੱਥੇ ਉੱਤੇ ਚੁੰਮਣ, ਮਾਂ ਵੱਲੋਂ ਘੁੱਟ ਕੇ ਛਾਤੀ ਨਾਲ ਲਾ ਕੇ ਪਾਈ ਜੱਫੀ, ਗੋਦੀ ਵਿਚ ਬਿਠਾ ਕੇ ਪਿਆਰ ਨਾਲ ਖਵਾਈ ਚੂਰੀ, ਆਦਿ ਵਰਗੇ ਪਿਆਰ ਦੇ ਹਿਲੌਰੇ ਦੇਣ ਵਾਲੇ ਪਲ ਦਿਮਾਗ਼ ਪੂਰੀ ਤਰ੍ਹਾਂ ਸਾਂਭ ਕੇ ਰੱਖਦਾ ਹੈ। ਯਾਨੀ, ਜਿਨ੍ਹਾਂ ਯਾਦਾਂ ਵਿਚ ਛੋਹ ਸ਼ਾਮਲ ਹੋਵੇ, ਉਹ ਪੱਕੀਆਂ ਯਾਦਾਂ ਬਣਦੀਆਂ ਹਨ।
ਏਸੇ ਲਈ ਭੱਜਣ, ਦੌੜਨ, ਛਾਲਾਂ ਮਾਰਨ ਨਾਲੋਂ ਕੰਡਾ ਚੁੱਭਣ, ਗੋਡਾ ਛਿੱਲੇ ਜਾਣ ਵਰਗੀਆਂ ਯਾਦਾਂ ਵੱਡੀ ਉਮਰ ਤੱਕ ਛਪੀਆਂ ਰਹਿੰਦੀਆਂ ਹਨ ਕਿਉਂਕਿ ਇਨ੍ਹਾਂ ਵਿਚ ਛੋਹ ਸ਼ਾਮਲ ਹੁੰਦੀ ਹੈ।
ਇਹ ਸਭ ਦਿਮਾਗ਼ ਦੀ 'ਨਿਊਰਲ ਪਲਾਸਟੀਸਿਟੀ' ਉੱਤੇ ਨਿਰਭਰ ਕਰਦਾ ਹੈ ਜਿਸ ਉੱਤੇ ਆਧਾਰਿਤ ਓਟਿਜ਼ਮ ਜਾਂ ਹੋਰ ਮਾਨਸਿਕ ਰੋਗਾਂ ਦੇ ਇਲਾਜ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਨਸਿਕ ਰੋਗੀ ਬੱਚਿਆਂ ਉੱਤੇ ਵੱਖੋ-ਵੱਖ ਖੇਡਾਂ, ਚਿੱਤਰਕਾਰੀ, ਪੜ੍ਹਾਈ ਆਦਿ ਦੇ ਨਾਲ ਛੋਹ ਉੱਤੇ ਆਧਾਰਿਤ ਤਜਰਬੇ ਕਰ ਕੇ ਸਮਝ ਆਈ ਕਿ ਪਿਆਰ ਨੂੰ ਮਾਨਸਿਕ ਰੋਗੀ ਬੱਚਾ ਵੱਧ ਹੁੰਗਾਰਾ ਭਰਦਾ ਹੈ।
ਆਈ.ਸੀ.ਯੂ. ਵਿਚ ਵੀ ਪਏ ਸਤਮਾਾਹੇ ਬੱਚੇ ਮਾਂ ਦੀ ਗੋਦ ਵਿਚ ਪੈ ਕੇ, ਹਲਕੇ ਝੂਟੇ ਲੈਂਦਿਆਂ ਛੇਤੀ ਵਧਣ ਫੁੱਲਣ ਲੱਗ ਪੈਂਦੇ ਹਨ ਤੇ ਛੇਤੀ ਵੈਂਟੀਲੇਟਰ ਤੋਂ ਬਾਹਰ ਕੱਢ ਲਏ ਜਾਂਦੇ ਹਨ।
ਸਾਰ :-
    ਕੰਨ ਅੰਦਰਲਾ ਵੈਸਟੀਬੂਲਰ ਸਿਸਟਮ ਜੋ ਸਰੀਰ ਨੂੰ ਸਿੱਧਾ ਰੱਖਣ ਵਿਚ ਮਦਦ ਕਰਦਾ ਹੈ, ਉਹ ਹਲਕੇ ਝੂਟਿਆਂ ਨਾਲ ਰਵਾਂ ਹੋ ਜਾਂਦਾ ਹੈ। ਇਸੇ ਲਈ ਹਲਕੇ ਝੂਟੇ, ਜੋ ਭਾਵੇਂ ਪੰਘੂੜੇ ਵਿਚ ਹੋਣ, ਬੱਚੇ ਦੇ ਮਾਨਸਿਕ ਵਿਕਾਸ ਲਈ ਚੰਗੇ ਹਨ। ਪਰ, ਸਭ ਤੋਂ ਉੱਤਮ ਹਨ ਗੋਦ ਵਿਚ ਲੈ ਕੇ ਪਿਆਰ ਨਾਲ ਭਿਉਂ ਕੇ ਦਿੱਤੇ ਝੂਟੇ। ਪਿਆਰ ਨਾਲ ਕੀਤੀ ਹਲਕੀ ਮਾਲਿਸ਼ ਜਿਸ ਵਿਚ ਜੋੜ ਤੇ ਪੱਠੇ ਵੀ ਪੋਲੇ-ਪੋਲੇ ਖਿੱਚੇ ਗਏ ਹੋਣ ਤੇ ਹਲਕਾ ਪਿੱਠ ਤੇ ਬਾਹਵਾਂ ਲੱਤਾਂ ਨੂੰ ਘੁੱਟਣਾ ਬੱਚੇ ਦੇ ਮਾਨਸਿਕ ਵਿਕਾਸ ਉੱਤੇ ਕਮਾਲ ਦਾ ਅਸਰ ਵਿਖਾਉਂਦਾ ਹੈ।
    ਥੋੜੇ ਵੱਡੇ ਬੱਚੇ ਨੂੰ ਟਪੂਸੀਆਂ, ਪੁੱਠੀਆਂ ਸਿੱਧੀਆਂ ਛਾਲਾਂ, ਟੇਡੇ ਮੇਢੇ ਲਟਕਣਾ ਆਦਿ ਜ਼ਰੂਰ ਕਰ ਲੈਣ ਦੇਣਾ ਚਾਹੀਦਾ ਹੈ ਤਾਂ ਜੋ ਉਸ ਦਾ ਵੈਸਟੀਬੂਲਰ ਸਿਸਟਮ ਰਵਾਂ ਹੁੰਦਾ ਰਹੇ।
    ਸੱਟ ਦੇ ਡਰ ਖੁਣੋਂ ਬੱਚੇ ਦੀ ਖੇਡ ਉੱਤੇ ਰੋਕ ਲਾਉਣ ਦਾ ਮਤਲਬ ਹੈ ਮਾਨਸਿਕ ਵਿਕਾਸ ਉੱਤੇ ਵੀ ਰੋਕ।
    ਸਕੂਲਾਂ ਵਿਚ ਝੂਟੇ ਲਾਜ਼ਮੀ ਹੋਣੇ ਚਾਹੀਦੇ ਹਨ। ਕੰਧਾਂ ਉੱਤੇ ਤੁਰਨਾ, ਸਕੇਟਿੰਗ ਕਰਨੀ, ਟੇਢਾ ਮੇਢਾ ਸਾਈਕਲ ਚਲਾਉਣਾ ਵੀ 'ਵੈਸਟੀਬੂਲਰ ਸਟਿਮੂਲੇਸ਼ਨ ਕਸਰਤਾਂ' ਮੰਨੀਆਂ ਗਈਆਂ ਹਨ। ਇਸੇ ਲਈ ਓਟਿਜ਼ਮ ਦੇ ਮਰੀਜ਼ ਬੱਚੇ ਲਈ ਹਰ ਹਾਲ ਝੂਟੇ ਲਾਉਣੇ ਚਾਹੀਦੇ ਹਨ। ਝੂਟੇ ਉਨ੍ਹਾਂ ਨੂੰ ਸ਼ਾਂਤ ਕਰਦੇ ਹਨ ਤੇ ਖੇਡਣ ਵਿਚ ਸਮਾਂ ਬਿਤਾਉਣ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
    ਬੱਚਿਆਂ ਨੂੰ ਊਟ ਪਟਾਂਗ ਝੂਟਿਆਂ ਨਾਲ ਚੱਕਰ ਨਹੀਂ ਆਉਂਦੇ ਕਿਉਂਕਿ ਦਿਮਾਗ਼ ਆਪਣੇ ਅੰਦਰਲੇ ਜੋੜ ਰਵਾਂ ਕਰਨ ਵਿਚ ਜੁਟਿਆ ਹੁੰਦਾ ਹੈ। ਇਸੇ ਲਈ ਉਹ ਔਖੇ ਤੋਂ ਔਖੇ ਤੇ ਖ਼ਤਰਨਾਕ ਝੂਟੇ ਬਹੁਤ ਸੌਖੇ ਤਰੀਕੇ ਤੇ ਸ਼ੌਕ ਨਾਲ ਲੈਂਦੇ ਹਨ।
    ਜੇ ਹੋਰ ਕੁੱਝ ਵੀ ਸੰਭਵ ਨਾ ਹੋਵੇ ਤਾਂ 'ਰੌਕਿੰਗ ਚੇਅਰ' ਜ਼ਰੂਰ ਬੱਚੇ ਦੇ ਕਮਰੇ ਵਿਚ ਰੱਖ ਦੇਣੀ ਚਾਹੀਦੀ ਹੈ ਤਾਂ ਜੋ ਉਹ ਕੁਰਸੀ ਉੱਤੇ ਬੈਠਾ ਹੀ ਝੂਟਿਆਂ ਦੇ ਮਜ਼ੇ ਲੈ ਸਕੇ।
    ਅੰਤ ਵਿਚ ਸਿਰਫ਼ ਏਨਾ ਹੀ ਕਹਿਣਾ ਰਹਿ ਗਿਆ ਹੈ ਕਿ ਤੀਆਂ ਦੇ ਤਿਉਹਾਰ ਦੀ ਮਹੱਤਾ ਜੇ ਸਮਝ ਆ ਗਈ ਹੋਵੇ ਤਾਂ ਅਜਿਹੇ ਸੱਭਿਆਚਾਰਕ ਮੇਲੇ ਜਿੱਥੇ ਸਾਡੇ ਸੱਭਿਆਚਾਰ ਨੂੰ ਬਚਾਉਣ ਵਿਚ ਸਹਾਈ ਹੋਣਗੇ, ਉੱਥੇ ਝੂਟੇ ਸਾਡੇ ਬੱਚਿਆਂ ਨੂੰ ਲਾਇਕ ਤੇ ਸਿਹਤਮੰਦ ਵੀ ਬਣਾ ਦੇਣਗੇ!


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

11 Nov. 2018