ਸੜਕਾਂ ਟੁੱਟੀਆਂ ਦੇ ਵਿੱਚ ਟੋਏ - ਸੁਖਪਾਲ ਸਿੰਘ ਗਿੱਲ
ਆਵਾਜਾਈ ਦੇ ਸਾਧਨ ਸਭ ਤੋ ਵੱਧ ਸੜਕਾਂ ਜ਼ਰੀਏ ਵਰਤੇ ਜਾਂਦੇ ਹਨ।ਵਿਕਾਸ ਦੇ ਨਾਲ ਪੱਗਡੰਡੀਆਂ ਅਤੇ ਰਸਤਿਆਂ ਨੂੰ ਸੜਕਾਂ ਵਿੱਚ ਬਦਲਿਆ ਗਿਆ ਹੈ।ਇਸ ਲਈ ਸੜਕਾਂ ਨਾਲ ਸੱਭਿਆਚਾਰ ਦੀਆਂ ਵੰਨਗੀਆਂ ਵੀ ਜੁੜੀਆਂ ਹੋਈਆਂ ਹਨ।ਵੱਧਦੀ ਆਵਾਜਾਈ ਅਤੇ ਬੇ-ਮੌਸਮੀ ਬਰਸਾਤਾਂ ਕਾਰਨ ਸੜਕਾਂ ਦਾ ਨਵੀਨੀਕਰਨ ਅਤੇ ਰਿਪੇਅਰ ਵੱਲ ਖਾਸ ਤਵੱਜੋ ਦੇਣ ਦੀ ਲੋੜ ਰਹਿੰਦੀ ਹੈ।ਬਹੁਤੀ ਵਾਰੀ ਸੜਕਾਂ ਦੇ ਹਾਲਾਤ ਰਾਜਨੀਤੀ ਦੀ ਭੇਂਟ ਚੜ ਜਾਂਦੇ ਹਨ।ਆਰਥਿਕ ਮੰਦਹਾਲੀ ਅਤੇ ਭ੍ਰਿਸ਼ਟਾਚਾਰ ਅਲੱਗ ਤੌਰ ਤੇ ਸੜਕਾਂ ਨੂੰ ਪ੍ਰਭਾਵਿਤ ਕਰਦੇ ਹਨ।
ਹੁਣੇ-ਹੁਣੇ ਮਾਨਯੋਗ ਸੁਪਰੀਮ ਕੋਰਟ ਨੇ ਸੜਕਾਂ ਦੇ ਖੱਡਿਆਂ ਬਾਰੇ ਗੰਭੀਰਤਾ ਦਿਖਾਈ ਹੈ।ਪਿਛਲੇ ਸਾਲ 3597 ਲੋਕਾਂ ਦੀ ਜਾਨ ਸੜਕਾਂ ਦੇ ਖੱਡਿਆਂ ਕਾਰਨ ਗਈ।ਇਹ ਅੰਕੜਾ ਸਾਡੀ ਵਿਵਸਥਾ ਦਾ ਮੂੰਹ ਚਿੜਾਉਦਾ ਹੈ।ਇਸ ਅੰਕੜੇ ਨੂੰ ਦੂਜੇ ਕੰਨ ਕੱਢਣ ਦੀ ਬਜਾਏ ਇਸਦਾ ਹੱਲ ਸੋਚਣ ਦੀ ਲੋੜ ਸਰਕਾਰ ਦੀ ਅਤੇ ਲੋਕਾਂ ਦੀ ਕਚਿਹਰੀ ਵਿੱਚ ਲੰਬਿਤ ਪਈ ਹੈ।ਟੁੱਟੀਆਂ ਸੜਕਾਂ ਤੇ ਹੁੰਦੇ ਹਾਦਸੇ ਸੁਰਜੀਤ ਪਾਤਰ ਦੀਆਂ ਸਤਰਾਂ '' ਜੇ ਤੇਰੇ ਕਲੇਜੇ ਅਜੇ ਲੱਗੀ ਛੁਰੀ ਹੈ ਨੀ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਹੈ ਨੀ " ਦੇ ਅਨੁਸਾਰ ਲੋਕ ਲਹਿਰ ਆਰੰਭਣੀ ਚਾਹੀਦੀ ਹੈੇ।ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ।ਟੁੱਟੀਆਂ ਸੜਕਾਂ ਜਦੋ ਕਿਸੇ ਘਰ ਦਾ ਚਿਰਾਗ ਬੁਝਾਉਂਦੀਆਂ ਹਨ ਤਾਂ ਅਸੱਭਿਅਕ ਅਤੇ ਅਵਿਕਸਿਤ ਸੁਨੇਹਾ ਮਿਲਦਾ ਹੈ।ਇਸ ਲਈ ਆਪਣੇ ਨਾਲ ਹਾਦਸਾ ਵਾਪਰਨ ਤੋ ਪਹਿਲਾਂ ਹੀ ਜਾਗ ਪੈਣਾ ਚਾਹੀਦਾ ਹੈ।
ਸੜਕਾਂ ਦੇ ਟੋਇਆਂ ਤੇ ਖੱਡਿਆਂ ਲਈ ਵੱਖਰੀ ਅਤੇ ਸਖਤ ਨੀਤੀ ਤੈਅ ਹੋਣੀ ਚਾਹੀਦੀ ਹੈ ਤਾਂ ਜੋ ਰੋਜ਼ਾਨਾ ਖਰਾਬ ਸੜਕਾਂ ਦੇ ਹਾਦਸਿਆਂ ਨਾਲ ਮੌਤ ਦਰ ਨੂੰ ਵਿਰਾਮ ਲੱਗ ਸਕੇ।ਕੁੱਝ ਸਮੇਂ ਪਹਿਲਾਂ ਸੜਕਾਂ ਦੇ ਬਰਮ ਅਤੇ ਖੱਡੇ ਭਰਨ ਲਈ ਸੰਤਰੀ ਪੱਗ ਵਾਲੇ ਮੇਟ ਰੱਖੇ ਹੁੰਦੇ ਸੀ।ਅੱਜ ਕੱਲ ਇਹ ਵੀ ਨਹੀਂ ਦਿਖਦੇ ਇਹ ਠੇਕੇਦਾਰੀ ਸਿਸਟਮ ਨੇ ਖਾ ਲਏ ਹਨ।ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਵੀ ਸੜਕੀ ਹਾਦਸਿਆਂ ਨੂੰ ਜਨਮ ਦਿੰਦੀ ਹੈ।ਅੱਜ ਸੜਕਾਂ ਦੇ ਟੋਏ ਭਰਨੇ ਆਮ ਜਨਤਾ ਨੂੰ ਵੀ ਪੁੰਨ ਕਰਮ ਵਜੋਂ ਲੈਣੇ ਚਾਹੀਦੇ ਹਨ ਤਾ ਜ਼ੋ ਲੋਕਾਂ ਦੇ ਸਹਿਯੋਗ ਨਾਲ ਮੌਤ ਦਰ ਘੱਟ ਸਕੇ। ਸੜਕੀ ਟੋਇਆ ਕਾਰਨ ਹੋਈਆਂ ਮੌਤਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਇਹਨਾਂ ਕਾਰਨ ਹਾਦਸਿਆਂ ਨੂੰ ਰੋਕਣ ਲਈ ਸਰਕਾਰੀ ਧਿਰ ਤੋ ਵੱਖਰੀ ਸਖਤ ਨੀਤੀ ਦੀ ਮੰਗ ਮੰਗੀ ਜਾਂਦੀ ਹੈ।
ਕਈ ਵਾਰ ਰਾਸ਼ਟਰੀ ਮਾਰਗ ਅਤੇ ਰਾਜ ਮਾਰਗ ਵੀ ਪ੍ਰਸ਼ਾਸ਼ਨਿਕ ਵਿਵਾਦਾਂ ਵਿੱਚ ਰਹਿੰਦੇ ਹਨ।ਸੜਕ ਦੇ ਕਿਨਾਰੇ ਤੋਂ ਇੱਕ ਬੂਟਾ ਕੱਟਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਨੇ ਪੈਂਦੇ ਹਨ।ਅਜਿਹੇ ਮਸਲਿਆਂ ਦਾ ਜਿਲ੍ਹਾ ਪੱਧਰ ਤੇ ਤੁਰੰਤ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਵਿਕਾਸ ਦੇ ਨਾਲ-ਨਾਲ ਜੀਵਨ ਸੌਖਾਲਾ ਹੋ ਸਕੇ।ਸੜਕਾਂ ਸਾਡੇ ਜੀਵਨ ਵਿੱਚ ਵਿਸ਼ੇਸ਼ ਸਹਿਯੋਗ ਦਿੰਦੀਆਂ ਹਨ।ਅਰਥ ਵਿਵਸਥਾ ਨਾਲ ਸੜਕਾਂ ਦਾ ਪੂਰਾ ਸੰਬੰਧ ਹੈ।ਇਸ ਲਈ ਲੋਕਾਂ ਅਤੇ ਸਰਕਾਰ ਵਿਚਾਲੇ ਇੱਕ ਲਹਿਰ ਉਤਪੰਨ ਹੋਣੀ ਚਾਹੀਦੀ ਹੈ ਜਿਸ ਨਾਲ ਲੋਕ ਖੁਦ ਸੜਕਾਂ ਨੂੰ ਸੁਧਾਰਨ ਲਈ ਸਰਕਾਰ ਦਾ ਸਹਿਯੋਗ ਦੇਣ, ਇਸ ਨਾਲ ਪੁੰਨ ਕਰਮ ਦੇ ਨਾਲ-ਨਾਲ ਆਮ ਜਨਤਾ ਨੂੰ ਸਹੂਲਤ ਮਿਲੇਗੀ।ਅੱਜ ਭਖਦਾ ਮਸਲਾ ਲੋਕਾਂ ਅਤੇ ਸਰਕਾਰ ਦਾ ਧਿਆਨ ਸੜਕੀ ਟੋਇਆ ਕਾਰਨ ਹੋਈਆਂ ਮੌਤਾਂ ਬਾਰੇ ਮੰਗਦਾ ਹੈ ਤਾ ਜ਼ੋ ਸੜਕੀ ਅਰਾਜਿਕਤਾ ਬਾਰੇ ਜ਼ਿੰਮੇਵਾਰੀ ਸਹਿਤ ਸਖਤ ਨੀਤੀ ਨਿਰਧਾਰਤ ਹੋਵੇ।ਇਸ ਨਾਲ ਲੋਕ ਖੁਸ਼ਹਾਲ ਹੋਣਗੇ।ਸਰਕਾਰ ਬੇਲੋੜੇ ਝਮੇਲਿਆਂ ਤੋ ਮੁਕਤ ਹੋਵੇਗੀ।
ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ)
98781-11445