ਕੌੜਾ ਪਰ ਸੱਚ : ਪੰਜਾਬੀ ਸੰਗੀਤ ਜਗਤ ਅੰਦਰ ਛਾਈ ਮੰਦਹਾਲੀ ਦੇ ਚਲਦਿਆਂ ਕਲਾਕਾਰ ਵਤਨੋਂ ਪਾਰ ਉਡਾਰੀਆਂ ਮਾਰਨ ਲੱਗੇ - ਮਨਜਿੰਦਰ ਸਿੰਘ ਸਰੌਦ
ਪੰਜਾਬੀ ਸੰਗੀਤ ਇੰਡਸਟਰੀ ਅੰਦਰ ਮੰਦਹਾਲੀ ਦੇ ਦੌਰ ਨੇ ਸੰਗੀਤ ਜਗਤ ਦੀਆਂ ਕਈ ਅਹਿਮ ਹਸਤੀਆਂ ਨੂੰ ਤ੍ਰੇਲੀਓਂ ਤ੍ਰੇਲੀ ਕਰ ਆਉਣ ਵਾਲੇ ਭਵਿੱਖ ਨੂੰ ਤਰਾਸ਼ਨ ਲਈ ਸੋਚਣ ਦੀ ਕਗਾਰ 'ਤੇ ਲਿਆ ਖੜ੍ਹਾ ਕਰ ਦਿੱਤੈ। ਆਪਣੇ ਆਪ ਨੂੰ ਗਾਇਕੀ ਦੇ ਸ਼ਾਹ ਅਸਵਾਰ ਕਹਾਉਂਦੇ ਕਈ ਫ਼ਨਕਾਰ ਮੰਦੀ ਦੇ ਮਾਰੇ ਵਿਦੇਸ਼ੀ ਸਰਦਲਾਂ ਨੂੰ ਸਲਾਮ ਦੇ ਰਾਹ ਪੈ ਆਪੋ ਆਪਣੇ ਜਗਾੜ ਫਿੱਟ ਕਰਨ ਦੀਆਂ ਵਿਉਂਤਾਂ ਵਿੱਚ ਮਸਰੂਫ ਹਨ।
ਪਿਛਲੇ ਸਮੇਂ ਤੋਂ ਇਸ ਖੇਤਰ ਅੰਦਰ ਹੋਈ ਭਾਰੀ ਉੱਥਲ ਪੁੱਥਲ ਨੇ ਕਈਆਂ ਨੂੰ ਰੋਟੀਓਂ ਅਵਾਜਾਰ ਕਰ ਹਾਸ਼ੀਏ 'ਤੇ ਧੱਕ ਦਿੱਤੈ ਅਤੇ ਮਹਿਜ ਕੁਝ ਪੋਟਿਆਂ 'ਤੇ ਗਿਣੇ ਜਾਣ ਵਾਲੇ ਕਲਾਕਾਰ ਹੀ ਇੱਕ ਲਛਮਣ ਰੇਖਾ ਨੂੰ ਪਾਰ ਕਰ ਕਿਨਾਰੇ 'ਤੇ ਪਹੁੰਚਦੇ ਨੇ। ਕੁਝ ਨੇ ਪੌਲੀਵੁੱਡ ਵੱਲ ਮੁਹਾਰਾਂ ਮੋੜ ਦਿੱਤੀਆਂ। ਕੁਝ ਅਜੇ ਹੋਰ ਮੈਦਾਨ ਅੰਦਰ ਡਟੇ ਰਹਿਣ ਦੀ ਇੱਛਾ ਸਦਕਾ ਕਾਫ਼ੀ ਨੁਕਸਾਨ ਕਰਵਾ ਬੈਠੇ। ਆਧੁਨਿਕ ਸੰਗੀਤ ਦੇ ਅਜਗਰ ਨੇ ਸਮੁੱਚੀ ਸੰਗੀਤਕ ਇੰਡਸਟਰੀ ਨੂੰ ਐਸਾ ਵਲੇਵਾਂ ਮਾਰਿਆ ਕਿ ਕਹਿੰਦੇ ਕਹਾਉਂਦੇ ਕਲਾਵਾਨਾਂ ਦੇ ਪੈਰ ਉੱਖੜ ਗਏ ਅਤੇ ਉਨ੍ਹਾ ਵਿਦੇਸ਼ ਜਾ ਕੇ ਸਾਹ ਲਿਆ।
ਅੱਜ ਪੰਜਾਬੀ ਗਾਇਕੀ ਸਾਹ ਹੀਣ ਹੋ ਕਿਸੇ ਵੱਡੇ ਹੰਬਲੇ ਦੀ ਉਡੀਕ ਵਿੱਚ ਵਕਤ ਕਟੀ ਕਰ ਰਹੀ ਜਾਪਦੀ ਹੈ। ਕੁਝ ਲੋਕ ਉਹ ਵੀ ਨੇ ਜੋ ਆਪੋ ਆਪਣੇ ਜ਼ਰੀਆਂ ਸਦਕਾ ਪੂਰਾ ਰੋਲ ਮਾਂ ਬੋਲੀ ਦੀਆਂ ਜੜਾਂ ਵਿੱਚ ਤੇਲ ਪਾਉਣ ਦਾ ਰੋਲ ਨਿਭਾਉਂਦੇ ਹਨ ਅਤੇ ਗਿਣਤੀ ਦੇ ਕੁਝ ਗਵਈਏ ਹੀ ਨੇ ਜੋ ਆਪਣੇ ਖ਼ਰਚ ਗਾਇਕੀ ਦੇ ਸਿਰ ਤੋਂ ਚਲਾਉਂਦੇ ਨੇ। ਬਾਕੀ ਤਾਂ ਸਿਰਫ਼ ''ਗਲ ਪਿਆ ਢੋਲ ਵਜਾਉਣਾ ਹੀ ਪੈਣੈ'' ਦੇ ਤਰਕ 'ਤੇ ਚਲਦਿਆਂ ਧੂਹ ਘੜੀਸ ਹੀ ਕਰਦੇ ਜਾਪਦੇ ਨੇ। ਕਿੰਨਿਆਂ ਦੇ ਸਾਜਾਂ ਨੂੰ ਜੰਗਾਲ ਨੇ ਘੇਰ ਲਿਐ, ਕਈ ਵਿਚਾਰੇ ਇਸ ਰੰਗਲੇ ਵਪਾਰ ਵਿੱਚ ਪਏ ਘਾਟੇ ਸਦਕਾ ਟੈਂਸ਼ਨ ਦੇ ਮਰੀਜ਼ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੱਡੇ ਕਲੇਸ਼ ਤੱਕ ਕਹਾਣੀ ਪਹੁੰਚ ਚੁੱਕੀ ਹੈ। ਜਿਹੜੇ ਤਾ ਕੁਝ ਜ਼ਮੀਨਾਂ ਦੇ ਮਾਲਕ ਸੀ, ਉਨ੍ਹਾਂ ਦੀ ਤਾਂ ਕੁਝ ਵਿਕੇ ਬਿੱਘਿਆਂ ਨੇ ਜਾਨ ਸੁਖਾਲੀ ਕਰ ਦਿੱਤੀ ਪਰ ਜਿਹੜੇ ਜੰਮੇ ਹੀ ਸਰਦੇ ਪੁੱਜਦੇ ਘਰਾਂ ਵਿੱਚ ਸਨ, ਉਹ ਤਾਂ ਅਸਲੋਂ ਵਿਹਲੇ ਹੋਣ ਦੀ ਕਗਾਰ 'ਤੇ ਪਹੁੰਚ ਗਏ।
ਕਲਾਕਾਰ ਵਰਗ ਦੀ ਅਸਲ ਰੋਜੀ ਰੋਟੀ ਅਖਾੜਿਆਂ ਵਿੱਚੋਂ ਉਪਜਦੀ ਹੈ ਜੋ ਅੱਜਕੱਲ੍ਹ ਨਾ ਮਾਤਰ ਦੇ ਬਰਾਬਰ ਲੱਗਦੇ ਹਨ। ਦੂਸਰਾ ਜ਼ਰੀਆ ਇਨ੍ਹਾਂ ਕੋਲੇ ਕੈਸਟ ਕਲਚਰ ਦਾ ਸੀ, ਜਿਸ ਨੂੰ ਇੰਟਰਨੈੱਟ ਰੂਪੀ ਦੈਂਤ ਨੇ ਨਿਗਲ ਲਿਐ। ਪਿੱਛੇ ਅਜਿਹਾ ਕੁਝ ਨਹੀਂ ਬਚਿਆ ਜੋ ਕਲਾਕਾਰ ਦੇ ਖ਼ਰਚੇ ਦੀ ਭਰਪਾਈ ਕਰ ਸਕੇ। ਇੱਕ ਇੱਕ ਗੀਤ 'ਤੇ ਲੱਖਾਂ ਰੁਪਇਆ ਖ਼ਰਚ ਘਰ ਫੂਕ ਤਮਾਸ਼ਾ ਦੇਖਣ ਤੋਂ ਸਿਵਾਏ ਬਹੁਤੇ ਕਲਾਕਾਰਾਂ ਕੋਲ ਅੱਜ ਕੋਈ ਕੰਮ ਨਹੀਂ ਹੈ। ਫਿਰ ਉਸ ਗੀਤ ਨੂੰ ਜੇਕਰ ਚੈਨਲਾਂ 'ਤੇ ਚਲਾਉਣਾ ਹੋਵੇ ਤਾਂ ਪੈਸਾ ਰੂਹ ਨਾਲ ਖ਼ਰਚਣਾ ਪੈਂਦੈ। ਐਡ ਅੱਜਕੱਲ੍ਹ ਐਨੀ ਮਹਿੰਗੀ ਹੋ ਚੁੱਕੀ ਹੈ ਕਿ ਕਈ ਤਾਂ ਚੈਨਲ ਦੇ ਦਰਵਾਜ਼ੇ ਤੋਂ ਹੀ ਵਾਪਸ ਪਰਤ ਆਉਂਦੇ ਨੇ। ਜੇਕਰ ਕੋਈ ਫਿਰ ਵੀ ਇਹ ਕੰਡਿਆਂ ਭਰਿਆ ਸਫ਼ਰ ਤੈਅ ਕਰਨ ਦੀ ਜ਼ੁਰਅਤ ਦਿਖਾਵੇ ਤਾਂ ਘਾਟਾ ਪੂਰਾ ਹੋਣ ਦੀ ਕਈ ਪੀੜ੍ਹੀਆਂ ਤੱਕ ਆਸ ਨਹੀਂ ਬਚਦੀ।
ਸਿਤਮ ਦੀ ਗੱਲ ਇਹ ਹੈ ਕਿ ਇੰਨਾ ਕੁਝ ਸਹਿਣ ਕਰਨ ਤੋਂ ਬਾਅਦ ਸਾਡੇ ਇਹ ਕਲਾਕਾਰ ਗਾਇਕੀ ਦੀ ਜੰਗ ਦਾ ਖਹਿੜਾ ਕਿਉਂ ਨਹੀਂ ਛੱਡਦੇ। ਆਖਿਰ ਕਿਉਂ ਉਹ ਪੰਜਾਬ ਦੀ ਜੁਆਨੀ ਨੂੰ ਔਜੜੇ ਭਰੇ ਰਾਹਾਂ ਦਾ ਪਾਂਧੀ ਬਣਾਉਣ ਦੇ ਰਾਹੇ ਪਏ ਨੇ। ਉਨ੍ਹਾਂ ਦੀਆਂ ਇਹ ਝੱਲ-ਬਲੱਲੀਆਂ ਪੰਜਾਬ ਦੀਆਂ ਜਾਈਆਂ ਦਾ ਗਣਿਤ ਵਿਗਾੜ ਉਨ੍ਹਾਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਰਹੀਆਂ ਨੇ। ਕਿੰਨੇ ਹੀ ਅਜਿਹੇ ਵੱਡੇ ਨਾਂ ਨੇ ਜੋ ਮੰਦੀ ਦੇ ਚਲਦਿਆਂ ਆਪਣੀ ਸਰ-ਜ਼ਮੀਨ ਨੂੰ ਤਿਲਾਂਜਲੀ ਦੇ ਕੇ ਵਿਦੇਸ਼ਾਂ ਦੀ ਚਮਕ ਦਮਕ ਭਰੀ ਧਰਤੀ ਦੇ ਵਾਸੀ ਜਾ ਹੋਏ ਹਨ। ਕਾਰਨ ਭਾਵੇਂ ਕੁਝ ਵੀ ਹੋਣ ਪਰ ਵੱਡੀ ਗਿਣਤੀ ਕਲਾਕਾਰ ਭਾਈਚਾਰਾ ਇੱਕ ਇੱਕ ਕਰਕੇ ਓਪਰੀ ਜ਼ਮੀਨ 'ਤੇ ਪੈਰ ਟਿਕਾਉਣ ਦੀ ਤਾਕ ਵਿੱਚ ਮਾਂ ਬੋਲੀ ਦੀ ਸੇਵਾ ਦਾ ਫ਼ਰਜ਼ ਵੀ ਵਿਸਾਰ ਚੁੱਕਿਆ ਨਜ਼ਰ ਆਉਂਦੈ। ਕੁਝ ਉਹ ਵੀ ਨੇ ਜੋ ਪੱਕੇ ਤੌਰ 'ਤੇ ਬਾਹਰ ਦੇ ਹੋ ਕੇ ਸਿਰਫ਼ ਕੁਝ ਦਿਨਾਂ ਲਈ ਆਪਣੇ ਵਤਨੀਂ ਫੇਰਾ ਪਾਉਂਦੇ ਨੇ, ਉਹ ਵੀ ਚੰਦ ਛਿੱਲੜਾਂ ਖਾਤਰ। ਜਿਹੜੇ ਇਧਰ ਆਪਣਾ ਤੋਰੀ ਫੁਲਕਾ ਚਲਾਉਣ ਦੀ ਆੜ ਹੇਠ ਆਪਣੇ ਰੇਟ ਦੁੱਗਣੇ ਚੌਗੁਣੇ ਕਰੀਂ ਬੈਠੇ ਨੇ ਉਨ੍ਹਾਂ ਦੀ ਕਹਾਣੀ ਬੜੀ ਅਜੀਬ ਹੈ। ਉਨ੍ਹਾਂ ਦੇ ਦਿਲਾਂ ਦੀ ਤਾਰ ਤਾਂ ਸਦਾ ਹੀ ਚਰਖ਼ਾ ਗਰੁੱਪ ਦੀਆਂ ਬਾਤਾਂ ਪਾਉਂਦੀ ਰਹਿੰਦੀ ਹੈ।
'ਲਾਂਸਰ' ਗੀਤ ਤੋਂ ਆਪਣੀ ਗਾਇਕੀ ਦਾ ਗਣਿਤ ਸ਼ੁਰੂ ਕਰਨ ਵਾਲੇ ਕਲਾਕਾਰ ਦਾ ਅੱਜ 'ਕੁੜੀ ਦੇ ਹੁਸਨ ਨੇ ਵੀ ਯਾਰੋ ਅੱਤ ਕਰਤੀ - ਮੁੰਡਾ ਵੈਲ ਪੁਣੇ ਦੀਆਂ ਚੜ੍ਹੇ ਪੌੜੀਆਂ' ਜਿਹੇ ਮਾੜੇ ਗੀਤ ਸੁਣ ਸਾਹਿਤ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਦਾ ਇਹ ਆਖਣਾ ਵਾਜਬ ਹੈ ਕਿ ਇਹ ਯਬਲੀਆਂ ਵਾਲੇ ਗਵੱਈਏ ਮਾਂ ਬੋਲੀ ਦੀ ਸਰ-ਜ਼ਮੀਨ ਤੋਂ ਦੂਰ ਹੀ ਰਹਿਣ ਇਸੇ ਵਿੱਚ ਹੀ ਸਾਡੀ ਜੁਆਨੀ ਦੀ ਭਲਾਈ ਹੈ।
ਕੁਝ ਵੀ ਹੋਵੇ, ਕਈ ਵਧੀਆ ਕਲਾਕਾਰਾਂ ਦੇ ਆਪਣੀ ਧਰਤੀ ਮਾਂ ਨੂੰ ਛੱਡ ਵਿਦੇਸ਼ੀਂ ਉਡਾਰੀਆਂ ਮਾਰਨੀਆਂ ਮਾਂ ਬੋਲੀ ਦੇ ਹੱਕ ਵਿੱਚ ਨਹੀਂ। ਕਿਉਂ ਨਹੀਂ ਇਸੇ ਦੇ ਹੋ ਕੇ ਆਪਣੀ ਜ਼ਿੰਦਗੀ ਦੀ ਗੱਡੀ ਸਹੀ ਪਟੜੀ 'ਤੇ ਪਾ ਕੇ ਚਲਾਉਣ ਦੀ ਕੋਸ਼ਿਸ਼ ਕਰਦੇ। ਇਸ ਸਾਰੇ ਘਟਨਾ ਕ੍ਰਮ 'ਤੇ ਝਾਤੀ ਮਾਰਦਿਆਂ ਇਨ੍ਹਾਂ ਕਲਾਕਾਰਾਂ ਵੱਲੋਂ ਇਸ ਨੂੰ ਆਪਣੀ ਮਾਂ ਬੋਲੀ ਨਾਲ ਵਿਸ਼ਵਾਸਘਾਤ ਹੀ ਮੰਨਿਆ ਜਾਵੇਗਾ।
ਮਨਜਿੰਦਰ ਸਿੰਘ ਸਰੌਦ
ਫ਼ੋਨ : 94634-63136
20 Nov. 2018