ਮੇਰਾ ਰੱਬਾ - ਸੰਦੀਪ ਕੁਮਾਰ ਨਰ ਬਲਾਚੌਰ
ਧੰਨਾ ਜੱਟ 'ਪੱਥਰ' ਵਿੱਚ ਰੱਬ ਵੇਖਦਾ,
ਮਜਨੂੰ 'ਲੈਲਾ' ਵਿੱਚ ਰੱਬ ਵੇਖਦਾ,
ਸੁਦਾਮਾ 'ਕ੍ਰਿਸ਼ਨ' ਵਿੱਚ ਰੱਬ ਵੇਖਦਾ,
ਰਾਂਝਾ 'ਹੀਰ' ਵਿੱਚ ਰੱਬ ਵੇਖਦਾ,
ਸੱਸੀ ਥਲਾਂ ਵਿੱਚ ਸੜੇ, ਪੁੰਨੂ ਸੱਸੀ ਵਿੱਚ ਰੱਬ ਵੇਖਦਾ,
ਮਹੀਵਾਲ ਛੱਜੂ ਦੇ ਚੁਬਾਰੇ ਵਿੱਚੋਂ, ਸੋਹਣੀ ਵਿੱਚੋਂ ਰੱਬ ਵੇਖਦਾ,
ਘੜੇ 'ਸ਼ੀਰੀਂ' ਦੀਆਂ ਮੂਰਤਾਂ 'ਚੋਂ ਫ਼ਰਹਾਦ ਰੱਬ ਵੇਖਦਾ,
ਮਨਸੂਰ 'ਸੂਲੀ' ਚੜ੍ਹਨ ਤੋ ਪਹਿਲਾਂ ਆਪਣੇ ਆਪ 'ਚ' ਰੱਬ ਵੇਖਦਾ,
ਇਬਾਦਤ ਕਰਦਾ ਬੰਦਾ ਆਸਮਾਨ ਵਿੱਚ ਰੱਬ ਵੇਖਦਾ,
ਕੋਈ ਦੇਵ ਵਿੱਚ ਰੱਬ ਵੇਖਦਾ,
ਕੋਈ ਦੇਵੀ ਵਿੱਚ ਰੱਬ ਵੇਖਦਾ,
ਬਾਬਾ ਬੁੱਲੇ ਸ਼ਾਹ, ਗੁਰੂ ਸ਼ਾਹ ਇਨਾਯਤ ਵਿੱਚ ਰੱਬ ਵੇਖਦਾ,
ਪ੍ਰਹਲਾਦ ਤਪਦੇ ਥੰਮ 'ਚੋਂ ਰੱਬ ਵੇਖਦਾ,
ਕੋਈ ਗ੍ਰਹਿਆਂ ਦੀ ਚਾਲ ਨੂੰ ਵਿਗਿਆਨ ਵੇਖਦਾ,
ਕੋਈ ਗ੍ਰਹਿਆਂ ਨੂੰ ਬੰਨ੍ਹਣ ਵਾਲਾ, ਰੱਬ ਵੇਖਦਾ,
ਕੋਈ ਕਿਸੇ ਨੂੰ ਪਾਲਣ ਵਾਲਾ ਮਾਂ-ਬਾਪ ਵੇਖਦਾ,
ਕੋਈ ਸਭ ਨੂੰ ਪਾਲਣ ਵਾਲਾ ਰੱਬ ਵੇਖਦਾ,
ਕੋਈ ਸਹਾਰਾ ਦੇਣ ਵਾਲੇ ਨੂੰ, ਰੱਬ ਵੇਖਦਾ,
ਕੋਈ ਖੂਬਸੂਰਤੀ 'ਚੋਂ ਰੱਬ ਵੇਖਦਾ,
ਕੋਈ ਭੱਦਿਆਂ 'ਚੋਂ ਰੱਬ ਵੇਖਦਾ,
ਕੋਈ ਕਾਇਨਾਤ 'ਚੋਂ ਰੱਬ ਵੇਖਦਾ,
ਇੱਕ ਮੈ ਹਾਂ, ਮੈਂ ਰੱਬ ਕਦੇ ਵੇਖਿਆ ਨਹੀ,
ਜਦੋ ਗੁਰੂ ਨੂੰ ਵੇਖਦਾ, ਸੱਚ ਰੱਬ ਵੇਖਦਾ ।