ਜੰਗਾਂ ਲੜਨ ਜਾਂ ਜੱਫੀਆਂ ਪਾਉਣ ਦੇ ਵਿਚਾਲੇ ਚੁੱਪ ਦੀ ਕੂਟਨੀਤੀ ਨਹੀਂ ਸਮਝ ਸਕੀ ਭਾਰਤੀ ਲੀਡਰਸ਼ਿਪ -ਜਤਿੰਦਰ ਪਨੂੰ
ਜੰਮੂ-ਕਸ਼ਮੀਰ ਵਿੱਚ ਬਣਾਈ ਗਈ 'ਅਸਲ ਕੰਟਰੋਲ ਰੇਖਾ' ਨੂੰ ਟੱਪ ਕੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤੀ ਫੌਜ ਦੇ ਸੂਬੇਦਾਰ ਪਰਮਜੀਤ ਸਿੰਘ ਅਤੇ ਬਾਰਡਰ ਸਕਿਓਰਟੀ ਫੋਰਸ ਦੇ ਜਵਾਨ ਪ੍ਰੇਮ ਸਾਗਰ ਦੇ ਸਿਰ ਲਾਹ ਲਿਜਾਣ ਦੀ ਘਟਨਾ ਹਰ ਸਾਊ ਵਿਅਕਤੀ ਨੂੰ ਝੰਜੋੜ ਦੇਣ ਵਾਲੀ ਹੈ। ਜਿੰਨਾ ਦੁੱਖ ਇਸ ਬਾਰੇ ਭਾਰਤ ਵਿੱਚ ਮਹਿਸੂਸ ਕੀਤਾ ਗਿਆ, ਸੰਸਾਰ ਭਰ ਵਿੱਚ ਫੈਲੇ ਹੋਏ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਓਨਾ ਹੀ ਮਹਿਸੂਸ ਕੀਤਾ ਹੈ ਅਤੇ ਇਸ ਦੁੱਖ ਵਿੱਚ ਇਹ ਗਿਲ੍ਹਾ ਵੀ ਸ਼ਾਮਲ ਹੈ ਕਿ ਭਾਰਤ ਦੀ ਸਰਕਾਰ ਸੂਝ ਨਾਲ ਨਹੀਂ ਚੱਲ ਰਹੀ। ਏਦਾਂ ਦੇ ਲੋਕ ਵੀ ਥੋੜ੍ਹੇ ਨਹੀਂ, ਜਿਹੜੇ ਕਹਿੰਦੇ ਹਨ ਕਿ ਰੋਜ਼-ਰੋਜ਼ ਦੇ ਰੋਣ-ਧੋਣ ਦੀ ਥਾਂ ਸ਼ਰੀਕ ਨਾਲ ਇੱਕੋ ਵਾਰ ਸਿੱਝਣਾ ਚਾਹੀਦਾ ਹੈ, ਪਰ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਚਾਰ ਜੰਗਾਂ ਲੜਨ ਪਿੱਛੋਂ 'ਇੱਕੋ ਵਾਰ' ਸਿੱਝ ਲੈਣ ਦੀ ਇਹ ਸੋਚ ਕੋਈ ਆਸ ਬੰਨ੍ਹਾਉਣ ਵਾਲੀ ਨਹੀਂ ਹੋ ਸਕਦੀ। ਇਸ ਮਸਲੇ ਦਾ ਹੱਲ ਏਨਾ ਸੌਖਾ ਨਹੀਂ ਹੋਣਾ। ਜਦੋਂ ਇਹ ਗੱਲ ਆਖੀ ਜਾਵੇ ਕਿ ਇਸ ਦਾ ਹੱਲ ਏਨਾ ਸੌਖਾ ਨਹੀਂ ਹੋਣਾ ਤਾਂ ਅੱਗੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਫਿਰ ਇਹ ਹੱਲ ਹੋਣਾ ਕਿਸ ਤਰ੍ਹਾਂ ਹੈ ਤੇ ਕਿੰਨੇ ਕੁ ਹੋਰ ਜਵਾਨਾਂ ਨੂੰ ਮੌਤ ਦੇ ਮੂੰਹ ਧੱਕਣਾ ਪਵੇਗਾ। ਇਹ ਸੋਚਣ ਵਾਲਾ ਸਵਾਲ ਹੈ।
ਭਾਰਤ ਦਾ ਪ੍ਰਧਾਨ ਮੰਤਰੀ ਜਦੋਂ ਹਾਲੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ, ਓਦੋਂ ਵੋਟਾਂ ਮੰਗਣ ਵੇਲੇ ਇਹ ਵੀ ਕਹਿੰਦਾ ਸੀ ਕਿ ਮੇਰੀ ਜਿੱਤ ਨਾਲ ਇੱਕ ਸੌ ਪੰਝੀ ਕਰੋੜ ਭਾਰਤੀ ਲੋਕ ਖੁਸ਼ ਹੋਣਗੇ ਤੇ ਮੇਰੇ ਹਾਰਨ ਨਾਲ ਪਾਕਿਸਤਾਨ ਦੇ ਲੋਕ ਖੁਸ਼ੀ ਮਨਾਉਣਗੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਜਿੱਤ ਗਿਆ ਤਾਂ ਸਬਕ ਸਿਖਾ ਦਿਆਂਗਾ। ਜਿੱਤਦੇ ਸਾਰ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਮੌਕੇ ਓਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਚੇਚਾ ਸੱਦਾ ਭੇਜਿਆ, ਜਿਨ੍ਹਾਂ ਨੂੰ ਸਬਕ ਸਿਖਾਉਣ ਦੀ ਗੱਲ ਕਹਿੰਦਾ ਸੀ। ਚਾਰ ਦਿਨਾਂ ਦੇ ਮੇਲ-ਜੋਲ ਪਿੱਛੋਂ ਫਿਰ ਅਸਲ ਕੰਟਰੋਲ ਰੇਖਾ ਉੱਤੇ ਗੋਲੀਆਂ ਚੱਲਣ ਲੱਗ ਪਈਆਂ ਤੇ ਦੋਵੇਂ ਪ੍ਰਧਾਨ ਮੰਤਰੀ ਆਪੋ ਵਿੱਚ ਬੋਲਣ ਜੋਗੇ ਵੀ ਨਾ ਰਹਿ ਗਏ। ਕੁਝ ਚਿਰ ਬੋਲ-ਚਾਲ ਬੰਦ ਰਹਿਣ ਪਿੱਛੋਂ ਦੋਵੇਂ ਜਣੇ ਜਦੋਂ ਨੇਪਾਲ ਵਿੱਚ ਮਿਲੇ ਤਾਂ ਸਾਰਕ ਦੇਸ਼ਾਂ ਦੇ ਮੰਚ ਉੱਤੇ ਨਾ ਹੱਥ ਮਿਲਾਏ ਸਨ ਤੇ ਨਾ ਅੱਖਾਂ ਮਿਲਾਈਆਂ, ਪਰ ਮਸਾਂ ਚੌਵੀ ਘੰਟੇ ਪਿੱਛੋਂ ਦੋਵੇਂ ਜਣੇ ਇੱਕ ਦੂਸਰੇ ਦਾ ਹੱਥ ਫੜ ਕੇ ਤੇਤੀ ਸੈਕਿੰਡ ਹਿਲਾਈ ਜਾਂਦੇ ਦੇਖੇ ਗਏ ਸਨ। ਏਨੀ ਤਿੱਖੀ ਤਬਦੀਲੀ ਨਾਲ ਲੋਕ ਹੈਰਾਨ ਸਨ। ਫਿਰ ਭੇਦ ਖੁੱਲ੍ਹ ਗਿਆ ਕਿ ਭਾਰਤ ਦਾ ਸਟੀਲ ਕਾਰੋਬਾਰੀ ਸੱਜਣ ਜਿੰਦਲ ਅੱਧੀ ਰਾਤ ਨੇਪਾਲ ਪਹੁੰਚ ਕੇ ਪਾਕਿਸਤਾਨ ਦੇ ਸਟੀਲ ਕਾਰੋਬਾਰੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਿਆ ਤੇ ਰਾਤੋ-ਰਾਤ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਦੀ ਮੀਟਿੰਗ ਕਰਵਾ ਦਿੱਤੀ ਸੀ। ਅਗਲੇ ਦਿਨ ਤਾਂ ਜੱਗ-ਵਿਖਾਵੇ ਦੀ ਫੋਟੋ ਖਿਚਾਉਣ ਲਈ ਦੋਵਾਂ ਨੇ ਹੱਥ ਮਿਲਾਏ ਸਨ। ਉਹੀ ਸੱਜਣ ਜਿੰਦਲ ਹੁਣ ਫਿਰ ਚਰਚਾ ਵਿੱਚ ਹੈ।
ਇਸ ਵਾਰੀ ਚਰਚਾ ਵਿੱਚ ਆਉਣ ਦਾ ਕਾਰਨ ਕਸ਼ਮੀਰ ਘਾਟੀ ਵਾਲੀ ਅਸਲ ਕੰਟਰੋਲ ਰੇਖਾ ਉੱਤੇ ਪਰਮਜੀਤ ਸਿੰਘ ਸੂਬੇਦਾਰ ਤੇ ਪ੍ਰੇਮ ਸਾਗਰ ਨਾਲ ਵਾਪਰਿਆ ਦੁਖਾਂਤ ਹੈ। ਇਹ ਹਮਲਾਵਰੀ ਤੀਹ ਅਪਰੈਲ ਦੀ ਰਾਤ ਨੂੰ ਹੋਈ ਸੀ, ਪਰ ਇਸ ਤੋਂ ਇੱਕ ਦਿਨ ਪਹਿਲਾਂ ਉਨੱਤੀ ਅਪਰੈਲ ਨੂੰ ਸੱਜਣ ਜਿੰਦਲ ਦੇ ਕਾਰਨ ਪਾਕਿਸਤਾਨ ਦੀ ਰਾਜਨੀਤੀ ਉਬਾਲਾ ਖਾ ਚੁੱਕੀ ਸੀ। ਸੱਜਣ ਜਿੰਦਲ ਫਿਰ ਅੱਧੀ ਰਾਤ ਵੇਲੇ ਨਵਾਜ਼ ਸ਼ਰੀਫ ਨੂੰ ਓਥੇ ਜਾ ਕੇ ਮਿਲਿਆ ਸੀ। ਭਾਰਤ ਵਿੱਚ ਕਿਸੇ ਨੂੰ ਪਤਾ ਨਾ ਲੱਗਾ ਤੇ ਪਾਕਿਸਤਾਨ ਦੀ ਵਿਰੋਧੀ ਧਿਰ ਨੇ ਦੁਹਾਈ ਪਾ ਦਿੱਤੀ ਕਿ ਨਵਾਜ਼ ਸ਼ਰੀਫ ਅਤੇ ਨਰਿੰਦਰ ਮੋਦੀ ਪਿਛਲੇ ਦਰਵਾਜ਼ਿਉਂ ਕਿਸੇ ਕੂਟਨੀਤਕ ਪਹਿਲ ਕਦਮੀ ਦੀ ਤਿਆਰੀ ਕਰਦੇ ਪਏ ਹਨ। ਅਗਲੇ ਦਿਨ ਪਾਕਿਸਤਾਨੀ ਫੌਜ ਨੇ ਇਸ ਪਹਿਲ ਕਦਮੀ ਨੂੰ ਰੋਕਣ ਦੇ ਲਈ ਉਹ ਚਾਲ ਚੱਲ ਦਿੱਤੀ, ਜਿਸ ਵਿੱਚ ਸੂਬੇਦਾਰ ਪਰਮਜੀਤ ਸਿੰਘ ਤੇ ਪ੍ਰੇਮ ਸਾਗਰ ਦੀ ਜਾਨ ਜਾਂਦੀ ਰਹੀ ਅਤੇ ਭਾਰਤ ਦੇ ਲੋਕ ਦੁਖੀ ਹੋ ਗਏ। ਭਾਰਤੀ ਲੋਕਾਂ ਨੂੰ ਸੋਗ ਵਿੱਚ ਡੋਬ ਦੇਣ ਵਾਲਾ ਇਹ ਦਾਅ ਪਾਕਿਸਤਾਨ ਦੀ ਫੌਜ ਨੇ ਪਹਿਲੀ ਵਾਰ ਨਹੀਂ ਖੇਡਿਆ, ਪਹਿਲਾਂ ਵੀ ਕਈ ਵਾਰ ਖੇਡਿਆ ਹੋਇਆ ਹੈ ਅਤੇ ਇਹ ਦਾਅ ਹਰ ਵਾਰੀ ਭਾਰਤ ਨਾਲ ਪੈ ਰਹੀ ਸਾਂਝ ਨੂੰ ਸਾਬੋਤਾਜ ਕਰਨ ਲਈ ਖੇਡਿਆ ਜਾਂਦਾ ਹੈ।
ਜ਼ਰਾ ਚੇਤਾ ਕਰਨਾ ਚਾਹੀਦਾ ਹੈ ਕਿ ਜਿਸ ਨੇਪਾਲ ਵਿੱਚ ਸੱਜਣ ਜਿੰਦਲ ਨੇ ਨਵਾਜ਼ ਸ਼ਰੀਫ ਤੇ ਨਰਿੰਦਰ ਮੋਦੀ ਨੂੰ ਮਿਲਾਇਆ, ਓਸੇ ਨੇਪਾਲ ਵਿੱਚ ਕਦੇ ਅਟਲ ਬਿਹਾਰੀ ਵਾਜਪਾਈ ਤੇ ਜਨਰਲ ਮੁਸ਼ੱਰਫ ਵੀ ਮਿਲੇ ਸਨ। ਸਾਰਕ ਦੇਸ਼ਾਂ ਦੇ ਏਸੇ ਤਰ੍ਹਾਂ ਦੇ ਸਮਾਗਮ ਦੀ ਸਟੇਜ ਉੱਤੇ ਉਨ੍ਹਾਂ ਦੋਵਾਂ ਨੇ ਵੀ ਨਾ ਹੱਥ ਮਿਲਾਏ ਸਨ ਤੇ ਨਾ ਅੱਖ ਮਿਲਾਈ ਸੀ, ਪਰ ਜਦੋਂ ਮੁਸ਼ੱਰਫ ਨੇ ਭਾਸ਼ਣ ਕੀਤਾ ਤਾਂ ਸੰਬੰਧ ਸੁਧਾਰਨ ਦੀ ਗੱਲ ਕਹਿ ਕੇ ਵਾਜਪਾਈ ਨਾਲ ਹੱਥ ਮਿਲਾਉਣ ਲਈ ਉਸ ਦੇ ਕੋਲ ਜਾ ਪਹੁੰਚਿਆ ਸੀ। ਉਸ ਸਟੇਜ ਤੋਂ ਕੀਤਾ ਵਾਜਪਾਈ ਦਾ ਭਾਸ਼ਣ ਯਾਦ ਰੱਖਣ ਵਾਲਾ ਹੈ। ਉਸ ਨੇ ਕਿਹਾ ਸੀ ਕਿ ਸੰਬੰਧ ਸੁਧਾਰਨ ਦੀ ਪਹਿਲ ਕਰਨ ਲਈ ਧੰਨਵਾਦ, ਪਰ ਮੁਸ਼ੱਰਫ ਸਾਹਿਬ ਇਹ ਵੀ ਚੇਤੇ ਕਰਨ ਕਿ ਮੈਂ ਲਾਹੌਰ ਜਾ ਕੇ ਜਦੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜੱਫੀ ਪਾ ਕੇ ਮੁੜਿਆ ਸਾਂ ਤਾਂ ਇਨ੍ਹਾਂ ਨੇ ਕਾਰਗਿਲ ਦੀ ਜੰਗ ਛੇੜ ਕੇ ਦੋਵਾਂ ਦੇਸ਼ਾਂ ਦੇ ਸੰਬੰਧ ਖਰਾਬ ਕੀਤੇ ਸਨ। ਫਿਰ ਅਸੀਂ ਜਨਰਲ ਮੁਸ਼ਰਫ਼ ਨੂੰ ਆਗਰੇ ਸੱਦ ਕੇ ਤਾਜ ਮਹਿਲ ਵਿਖਾਇਆ ਤੇ ਜਵਾਬ ਵਿੱਚ ਸਾਡੀ ਪਾਰਲੀਮੈਂਟ ਤੇ ਜੰਮੂ-ਕਸ਼ਮੀਰ ਅਸੈਂਬਲੀ ਉੱਤੇ ਦਹਿਸ਼ਤਗਰਦ ਹਮਲਾ ਕਰਵਾ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਹਾਲਾਤ ਵਿੱਚ ਸਿਰਫ ਹੱਥ ਮਿਲਾਏ ਜਾਣ ਨਾਲ ਸੰਬੰਧ ਨਹੀਂ ਸੁਧਰ ਜਾਣੇ।
ਵਾਜਪਾਈ ਦੀ ਪਾਰਟੀ ਦੇ ਨਰਿੰਦਰ ਮੋਦੀ ਸਾਹਿਬ ਕਾਫੀ ਦੇਰ ਨਵਾਜ਼ ਸ਼ਰੀਫ ਨਾਲ ਫਾਸਲਾ ਰੱਖਣ ਪਿੱਛੋਂ 10 ਜੁਲਾਈ 2015 ਨੂੰ ਜਦੋਂ ਰੂਸ ਦੇ ਸ਼ਹਿਰ ਉਫਾ ਵਿੱਚ ਮਿਲੇ ਸਨ ਤਾਂ ਇਸ ਤੋਂ ਮਸਾਂ ਚਾਰ ਦਿਨ ਪਿੱਛੋਂ ਪੰਜਾਬ ਦੇ ਦੀਨਾ ਨਗਰ ਥਾਣੇ ਉੱਤੇ ਹਮਲਾ ਹੋ ਗਿਆ ਸੀ। ਫਿਰ ਕਾਬਲ ਤੋਂ ਮੁੜਦੇ ਮੋਦੀ ਸਾਹਿਬ 25 ਦਸੰਬਰ 2015 ਨੂੰ ਅਚਾਨਕ ਲਾਹੌਰ ਰੁਕੇ ਤੇ ਨਵਾਜ਼ ਸ਼ਰੀਫ ਦੇ ਘਰੋਂ ਹੋ ਕੇ ਦਿੱਲੀ ਆਏ ਤਾਂ ਸਿਰਫ ਛੇ ਦਿਨ ਪਿੱਛੋਂ ਪਠਾਨਕੋਟ ਵਿੱਚ ਹਵਾਈ ਫੌਜ ਦੇ ਸਟੇਸ਼ਨ ਉੱਤੇ ਹਮਲਾ ਕਰਵਾ ਦਿੱਤਾ ਗਿਆ ਸੀ। ਵਾਜਪਾਈ ਸਾਹਿਬ ਦੀ ਗੱਲ ਠੀਕ ਸੀ ਕਿ ਜਦੋਂ-ਜਦੋਂ ਅਸੀਂ ਹੱਥ ਵਧਾਇਆ, ਸੱਟ ਹੀ ਖਾਧੀ ਸੀ। ਸੱਜਣ ਜਿੰਦਲ ਨੂੰ ਭੇਜ ਕੇ ਹੁਣ ਇੱਕ ਸੱਟ ਹੋਰ ਖਾਧੀ ਗਈ ਹੈ।
ਇਨ੍ਹਾਂ ਸੱਟਾਂ ਤੇ ਸੱਟਾਂ ਖਾਣ ਵਾਲੇ ਲੀਡਰਾਂ ਦੀ ਕੱਚ-ਘਰੜ ਕੂਟਨੀਤੀ ਦਾ ਇੱਕ ਇਤਿਹਾਸ ਹੈ। ਲੱਗਦਾ ਏਦਾਂ ਹੈ ਕਿ ਉਹ ਪਾਕਿਸਤਾਨ ਦੀਆਂ ਹਕੀਕਤਾਂ ਨਹੀਂ ਪਛਾਣ ਸਕੇ। ਪਾਕਿਸਤਾਨ ਦੀ ਸਭ ਤੋਂ ਵੱਡੀ ਹਕੀਕਤ ਇਹ ਹੈ ਕਿ ਓਥੋਂ ਦੀ ਰਾਜਨੀਤੀ 'ਰੱਬ ਵੱਡਾ ਕਿ ਘਸੁੰਨ' ਦਾ ਮੁਹਾਵਰਾ ਯਾਦ ਰੱਖ ਕੇ ਚੱਲਦੀ ਹੈ। ਦੁਨੀਆ ਭਰ ਵਿੱਚ ਲੋਕਤੰਤਰੀ ਦੇਸ਼ਾਂ ਦੀਆਂ ਸਰਕਾਰਾਂ ਆਪਣੀ ਫੌਜ ਦੇ ਮੁਖੀ ਦੀ ਮਿਆਦ ਤੈਅ ਕਰਦੀਆਂ ਹਨ ਤੇ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਨੂੰ ਕਿੰਨੇ ਦਿਨ ਕੁਰਸੀ ਉੱਤੇ ਬੈਠਣ ਦੇਣਾ ਹੈ, ਇਹ ਫੌਜ ਦਾ ਮੁਖੀ ਤੈਅ ਕਰਦਾ ਹੈ। ਅਜੋਕਾ ਪ੍ਰਧਾਨ ਮੰਤਰੀ ਜਿਹੜੇ ਹਾਲਾਤ ਦਾ ਸਾਹਮਣਾ ਇੱਕ ਵਾਰੀ ਕਰ ਚੁੱਕਾ ਹੈ, ਉਸ ਦਾ ਚੇਤਾ ਨਾ ਭੁਲਾ ਲਵੇ, ਇਸ ਲਈ ਤੀਸਰੀ ਵਾਰ ਅਹੁਦਾ ਸੰਭਾਲਣ ਪਿੱਛੋਂ ਫੌਜ ਨੇ ਉਸ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਜਲਾਵਤਨੀ ਕੱਟ ਕੇ ਆਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਿਹੜੇ ਪਹਿਲੇ ਫੌਜੀ ਸਮਾਗਮ ਵਿੱਚ ਸੱਦਿਆ ਗਿਆ, ਓਥੇ ਸਾਰੇ ਵੱਡੇ ਫੌਜੀ ਅਫਸਰਾਂ ਨਾਲ ਮਿਲਣਾ ਪੈਣਾ ਸੀ ਤੇ ਉਨ੍ਹਾਂ ਅਫਸਰਾਂ ਵਿੱਚ ਉਹ ਲੈਫਟੀਨੈਂਟ ਜਨਰਲ ਸਭ ਤੋਂ ਅੱਗੇ ਖੜਾ ਸੀ, ਜਿਹੜਾ ਜਨਰਲ ਮੁਸ਼ਰਫ ਦੇ ਹੁਕਮ ਉੱਤੇ ਨਵਾਜ਼ ਸ਼ਰੀਫ ਨੂੰ ਪਿਛਲੀ ਵਾਰੀ ਗ੍ਰਿਫਤਾਰ ਕਰਨ ਗਿਆ ਸੀ। ਦੂਸਰਾ ਜਨਰਲ ਉਹ ਸੀ, ਜਿਸ ਨੂੰ ਜੇਲ੍ਹ ਵਿੱਚ ਨਵਾਜ਼ ਸ਼ਰੀਫ ਦੀ ਨਿਗਰਾਨੀ ਦਾ ਚਾਰਜ ਦਿੱਤਾ ਗਿਆ ਸੀ ਤੇ ਅੱਧੀ ਰਾਤ ਨਵਾਜ਼ ਸ਼ਰੀਫ ਵਾਲੀ ਕੋਠੜੀ ਵਿੱਚ ਸੱਪ ਸੁੱਟਵਾ ਕੇ ਓਸੇ ਨੇ ਨਵਾਜ਼ ਸ਼ਰੀਫ ਦਾ ਤ੍ਰਾਹ ਕੱਢਿਆ ਸੀ। ਫਿਰ ਉਸ ਫੌਜੀ ਮੰਚ ਉੱਤੇ ਉਨ੍ਹਾਂ ਦੋਵਾਂ ਵਿਚਾਲੇ ਨਵਾਜ਼ ਸ਼ਰੀਫ ਨੂੰ ਜਦੋਂ ਕੁਰਸੀ ਉੱਤੇ ਬਿਠਾਇਆ ਗਿਆ ਤਾਂ ਇਹ ਉਸ ਦੇ ਅਹੁਦੇ ਦਾ ਮਾਣ ਰੱਖਣ ਤੋਂ ਵੱਧ ਇਹ ਗੱਲ ਚੇਤਾ ਕਰਾਉਣ ਦੀ ਐਕਸਰਸਾਈਜ਼ ਸੀ ਕਿ ਓਦੋਂ ਵਾਲੇ ਫੌਜੀ ਅਜੇ ਵੀ ਹੈਗੇ ਨੇ, ਰਿਟਾਇਰ ਨਹੀਂ ਹੋ ਗਏ।
ਅਖਾੜੇ ਵਿੱਚ ਕੁੱਦਣਾ ਹੋਵੇ ਤਾਂ ਖਿਡਾਰੀ ਨੂੰ ਆਪਣੀ ਤਾਕਤ ਦਾ ਖਿਆਲ ਰੱਖਣਾ ਪੈਂਦਾ ਹੈ। ਨਵਾਜ਼ ਸ਼ਰੀਫ ਨੂੰ ਆਪਣੀ ਤਾਕਤ ਦਾ ਪਤਾ ਹੈ, ਏਸੇ ਲਈ ਉਹ ਆਮ ਕਰ ਕੇ ਭਾਰਤ ਨਾਲ ਸਾਂਝ ਪਾਉਣ ਤੋਂ ਕੰਨੀ ਕਤਰਾਉਂਦਾ ਹੈ ਤੇ ਵਾਰ-ਵਾਰ ਜ਼ੋਰ ਪਏ ਤੋਂ ਕਦੇ-ਕਦੇ ਮਿਲਣਾ ਮੰਨ ਜਾਂਦਾ ਹੈ। ਜਦੋਂ ਉਹ ਮਿਲਣ ਲਈ ਹਾਮੀ ਭਰਦਾ ਹੈ, ਉਹੀ ਹਾਮੀ ਭਾਰਤ ਨੂੰ ਭਾਰੂ ਪੈ ਜਾਂਦੀ ਹੈ। ਰੂਸ ਦੇ ਉਫਾ ਸ਼ਹਿਰ ਦੀ ਮੀਟਿੰਗ ਨੇ ਦੀਨਾ ਨਗਰ ਵਿੱਚ ਝਲਕ ਵਿਖਾਈ ਸੀ ਤੇ ਲਾਹੌਰ ਨੇੜੇ ਨਵਾਜ਼ ਸ਼ਰੀਫ ਦੇ ਪਰਵਾਰ ਵੱਲੋਂ ਭਾਰਤ ਵਿੱਚ ਛੱਡੇ ਪਿੰਡ ਜਾਤੀ ਉਮਰਾ ਦੇ ਨਾਂਅ ਉੱਪਰ ਵਸਾਏ ਜਾਤੀ ਉਮਰਾ ਪਿੰਡ ਵਿੱਚ ਨਰਿੰਦਰ ਮੋਦੀ ਦਾ ਗੇੜਾ ਪਠਾਨਕੋਟ ਵਿੱਚ ਭੁਗਤਣਾ ਪਿਆ ਸੀ। ਇਸ ਪਿੱਛੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਸ ਵਿੱਚ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਸਹੀ, ਪਾਕਿਸਤਾਨ ਨਾਲ ਕਿਸੇ ਨਾ ਕਿਸੇ ਤਰ੍ਹਾਂ ਸੰਬੰਧ ਸੁਧਾਰਨ ਦੀ ਤਰਕੀਬ ਕੱਢੀ ਜਾ ਸਕਦੀ ਹੈ। ਲੱਗਦਾ ਹੈ ਕਿ ਕੋਸ਼ਿਸ਼ ਜਾਰੀ ਰਹੇਗੀ। ਇਸ ਕੋਸ਼ਿਸ਼ ਵਿੱਚ ਵੀ ਕਰਨ ਦਾ ਅਸਲ ਕੰਮ ਇਹ ਹੈ ਕਿ ਆਪਣੀਆਂ ਹੱਦਾਂ ਦੀ ਪਹਿਰੇਦਾਰੀ ਵੱਲ ਉਹ ਧਿਆਨ ਦਿੱਤਾ ਜਾਵੇ, ਜਿਹੜਾ ਲੋਕ ਸਮਝਦੇ ਹਨ ਕਿ ਇੰਦਰਾ ਗਾਂਧੀ ਮਗਰੋਂ ਕਿਸੇ ਕੋਲੋਂ ਦਿੱਤਾ ਨਹੀਂ ਗਿਆ। ਉਹ ਬਹੁਤਾ ਬੋਲਦੀ ਨਹੀਂ ਸੀ, ਪਰ ਇੰਦਰਾ ਗਾਂਧੀ ਦੀ ਚੁੱਪ ਵਿੱਚ ਵੀ ਇੱਕ ਦਬਕਾ ਲੁਕਿਆ ਹੁੰਦਾ ਸੀ, ਪਰ ਜਿਹੜੇ ਲੰਮੀਆਂ ਬਾਂਹਾਂ ਉਲਾਰ ਕੇ ਬੋਲਣ ਵਾਲੇ ਹਨ, ਉਨ੍ਹਾਂ ਦੇ ਕੋਲ ਹੋਰ ਸਭ ਕੁਝ ਹੈ, ਸਿਰਫ ਉਸ ਚੁੱਪ ਓਹਲੇ ਝਲਕਦੀ ਤਾਕਤ ਨਹੀਂ। ਵਿਰੋਧੀ ਦੇਸ਼ ਦੇ ਆਗੂ ਨਾਲ ਜੱਫੀਆਂ ਪਾਉਣ ਜਾਂ ਜੰਗਾਂ ਲਾਉਣ ਦੇ ਵਿਚਾਲੇ ਚੁੱਪ ਦੀ ਕੂਟਨੀਤੀ ਵੀ ਹੋ ਸਕਦੀ ਹੈ, ਜਦੋਂ ਤੱਕ ਨਰਿੰਦਰ ਮੋਦੀ ਦੀ ਸਮਝ ਵਿੱਚ ਇਹ ਗੱਲ ਨਹੀਂ ਪੈ ਜਾਂਦੀ, ਸਥਿਤੀਆਂ ਵਿੱਚ ਸੁਧਾਰ ਨਹੀਂ ਆ ਸਕਣਾ।
07 May 2017