ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
18 Nov. 2018
ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ - ਇਕ ਖ਼ਬਰ
ਘੱਲਿਆ ਸੀ ਮੈਂ ਮਹੀਂ ਖ਼ਰੀਦਣ, ਖ਼ਰੀਦ ਲਿਆਇਆ ਝੋਟਾ, ਖ਼ਸਮਾਂ ਨੂੰ ਖਾਣੇ ਦਾ ਛੱਪੜੀ ਵਿਚ ਖਲੋਤਾ।
ਬੇਅਦਬੀ ਮਾਮਲਿਆਂ 'ਚ ਐਸ.ਆਈ.ਟੀ. ਦੀ ਜਾਂਚ ਤੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ ਬਾਦਲ- ਅਮਰਿੰਦਰ ਸਿੰਘ
ਉਹਨੇ ਤਖਤੋ ਬਖਤੋ ਬੰਨ੍ਹ ਲਈਆਂ, ਪਾ ਲਈਆਂ ਲਾਹੌਰ ਦੇ ਰਾਹ।
ਸਰਕਾਰ ਬਣਨ ਦੇ ਦਸ ਦਿਨਾਂ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ- ਰਾਹੁਲ ਗਾਂਧੀ
ਤੈਨੂੰ ਬਾਜਰੇ ਤੋਂ ਘੱਗਰਾ ਸੰਵਾ ਦਊਂ, ਜਿਗਰਾ ਤੂੰ ਰੱਖ ਗੋਰੀਏ।
ਬਾਦਲਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲਾਂ 'ਚ ਘਿਰਿਆ- ਇਕ ਖ਼ਬਰ
ਮਾਉਂ ਹੀਰ ਥੀਂ ਲੋਕ ਕਰਨ ਚੁਗਲੀ, ਤੇਰੀ ਮਲਕੀਏ ਧੀ ਖ਼ਰਾਬ ਹੈ ਨੀਂ।
ਬਾਦਲ ਦੱਸਣ ਕਿ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ- ਜਾਖੜ
ਤੇਰੀ ਤੋੜ ਕੇ ਛੱਡਣਗੇ ਗਾਨੀ, ਵੱਸ ਪੈ ਗਈ ਅੜ੍ਹਬਾਂ ਦੇ।
ਅਰੂਸਾ ਦੇ ਆਲਮ ਅੱਗੇ ਕੇਂਦਰੀ ਗ੍ਰਹਿ ਮੰਤਰਾਲਾ ਖ਼ਾਮੋਸ਼- ਇਕ ਖ਼ਬਰ
ਪੱਤਣੋਂ ਪਾਰ ਲੰਘਣਾ, ਮੈਨੂੰ ਯਾਰ ਉਡੀਕੇ ਖੜ੍ਹ ਕੇ।
ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਲਗਾਈ ਸੀ.ਬੀ.ਆਈ. 'ਤੇ ਪਾਬੰਦੀ- ਇਕ ਖ਼ਬਰ
ਜੱਗ ਭਾਵੇਂ ਨਿੰਦਿਆ ਕਰੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਪਰਧਾਨ ਮੰਤਰੀ ਅੱਜ ਕਲ ਆਪਣੇ ਭਾਸ਼ਨ ਵਿਚ ਭ੍ਰਿਸ਼ਟਾਚਾਰ ਦਾ ਜ਼ਿਕਰ ਨਹੀਂ ਕਰਦੇ- ਰਾਹੁਲ ਗਾਂਧੀ
ਫੈਸ਼ਨ ਬੇਗੋ ਦੇ, ਮਨ ਮਰਜ਼ੀ ਦੇ ਹੋਣੇ।
ਡਾਕਟਰ ਗਾਂਧੀ ਨੇ ਨਵੇਂ ਤੇ ਖ਼ੁਦ ਮੁਖ਼ਤਾਰ ਪੰਜਾਬ ਦਾ ਹੋਕਾ ਦਿੱਤਾ- ਇਕ ਖ਼ਬਰ
ਫਰਦ ਫ਼ਕੀਰ ਹੋਇਆ ਕੋਈ ਖਾਸਾ, ਮਰਦ ਸਫ਼ਾਈ ਵਾਲ਼ਾ।
ਬਾਦਲ ਜੀ ਤੁਹਾਡੀ ਸਰਕਾਰ ਵੇਲੇ ਮੈਨੂੰ ਵੀ ਸੰਮਨ ਕਰ ਕੇ ਸਰਕਟ ਹਾਊਸ 'ਚ ਪੁੱਛ-ਗਿੱਛ ਕੀਤੀ ਗਈ ਸੀ- ਕੈਪਟਨ
ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ।
ਡੇਰਾ ਬਿਆਸ ਮੁਖੀ ਨੇ ਦਾਦੂਵਾਲ ਨਾਲ ਕੀਤੀ ਵਿਚਾਰ ਚਰਚਾ-ਇਕ ਖ਼ਬਰ
ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।
ਸ਼੍ਰੋਮਣੀ ਕਮੇਟੀ ਇਜਲਾਸ 'ਚ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਣਾ ਬਾਦਲ ਦਲ ਦਾ ਹੰਕਾਰ- ਸਰਨਾ
ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਕਰੀਏ ਗਰਬ ਨਾ ਵੱਡੇ ਇਕਬਾਲ ਦਾ ਜੀ।
ਭਾਜਪਾ ਤੇ ਆਰ.ਐੱਸ.ਐੱਸ ਘੱਟ ਗਿਣਤੀਆਂ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ-ਭੋਮਾ/ਜੰਮੂ
ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਮੀਂ ਆਸਮਾਨ ਹੋਇਆ।
ਬੇਅਦਬੀ ਘਟਨਾਵਾਂ: ਬਾਦਲਾਂ 'ਤੇ ਕੇਸ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ- ਸਿੱਖ ਬੁੱਧੀਜੀਵੀ
ਬੰਨ੍ਹ ਮੁਸ਼ਕਾਂ ਲੈ ਜਾਉ ਛੇਤੀ, ਤੇ ਜਲਦੀ ਕਰੋ ਹਲਾਲ।
ਜਬਰ ਜਨਾਹ ਕਰਨ ਵਾਲੇ ਪਾਦਰੀ ਦਾ ਕੱਟਿਆ ਪ੍ਰਾਈਵੇਟ ਪਾਰਟ- ਇਕ ਖ਼ਬਰ
ਨਾ ਰਹੇ ਬਾਂਸ. ਨਾ ਵੱਜੇ ਬੰਸਰੀ।