ਸਿੱਖਿਆ ਵਿਭਾਗ ਦੀ ਦੂਰਅੰਦੇਸ਼ੀ ਸੋਚ ਦਾ ਸੰਕੇਤ 'ਕੁਇਜ਼ ਮੁਕਾਬਲੇ' - ਚਮਨਦੀਪ ਸ਼ਰਮਾ

ਵਰਤਮਾਨ ਸਮੇਂ ਸਿੱਖਿਆ ਵਿਭਾਗ ਵਿੱਚ ਐਸ ਐਸ ਏ/ ਰਮਸਾ ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਨਾ ਕਰਨ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਨਾ ਕਰਨਾ, ਅਧਿਆਪਕਾਂ ਦੇ ਬਕਾਏ, ਬਦਲੀਆਂ, ਰੈਸ਼ਨੇਲਾਈਜੇਸ਼ਨ ਸਬੰਧੀ ਠੋਸ ਨੀਤੀ ਦੀ ਘਾਟ, ਸਕੂਲਾਂ ਵਿੱਚ ਅਧਿਆਪਕਾਂ ਉੱਪਰ ਵਧ ਰਹੇ ਕੰਮ ਦੇ ਬੋਝ ਆਦਿ ਮਸਲਿਆਂ ਨਾਲ ਮਾਹੌਲ ਗਰਮਾਇਆ ਹੋਇਆ ਹੈ।ਇਹ ਮੁੱਦੇ ਇੰਨੇ ਗੰਭੀਰ ਹੋ ਗਏ ਕਿ ਮਹਿਕਮੇ ਵੱਲੋਂ ਕੀਤੇ ਗਏ ਚੰਗੇ ਕਾਰਜ ਵੀ ਇਹਨਾਂ ਦੀ ਬਲੀ ਚੜ੍ਹ ਗਏ। ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਆਏ ਸਾਕਾਰਤਮਕ ਨਤੀਜਿਆਂ ਨੂੰ ਦਰ ਕਿਨਾਰ ਨਹੀਂ ਕੀਤਾ ਜਾ ਸਕਦਾ।ਸਮੁੱਚਾ ਅਧਿਆਪਕ ਵਰਗ ਇਸ ਲਈ ਵਧਾਈ ਦਾ ਪਾਤਰ ਹੈ।ਸਰਕਾਰ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਂਣ ਅਤੇ ਮਿਆਰੀ ਸਿੱਖਿਆ ਦੇਣ ਦੇ ਲਈ ਯਤਨਸ਼ੀਲ ਹੈ।ਇਸ ਉਦੇਸ ਨੂੰ ਮੁੱਖ ਰੱਖਦੇ ਹੋਏ ਇਨ੍ਹੀ ਦਿਨੀ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ (ਜੂਨੀਅਰ) ਅਤੇ ਨੌਵੀਂ ਤੋਂ ਦਸਵੀਂ (ਸੀਨੀਅਰ) ਲਈ ਵੱਖਰੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸਦੀ ਚਰਚਾ ਕਰਨੀ ਬਣਦੀ ਹੈ।ਅਸੀਂ ਜਾਣਦੇ ਹਾਂ ਕਿ ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀਆਂ ਲਈ ਆਪਣਾ ਕਰੀਅਰ ਬਣਾਉਂਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਪਰ ਜੇਕਰ ਸ਼ੁਰੂਆਤੀ ਦੌਰ ਵਿੱਚ ਹੀ ਅਜਿਹੇ ਕੁਇਜ ਮੁਕਾਬਲੇ ਕਰਵਾਕੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਕੇ ਵਧੇਰੇ ਪੜ੍ਹਨ ਦੀ ਚੰੰਿਗਆੜੀ ਲਗਾ ਦਿੱਤੀ ਜਾਵੇ ਤਾਂ ਯਕੀਨਨ ਹੀ ਉਹਨਾਂ ਦੀ ਰਾਹ ਅਸਾਨ ਹੋ ਜਾਂਦੀ ਹੈ।ਸਕੂਲਾਂ ਵਿੱਚ ਸਿੱਖਣ ਸਿਖਾਉਣ ਪ੍ਰਕਿਰਿਆਂ ਦਾ ਆਰੰਭ ਹੁੰਦਾ ਹੈ ਜੋ ਕਿ ਬੜੀ ਜਰੂਰੀ ਹੈ।
    ਵਿਭਾਗ ਵੱਲੋਂ ਕੁਇਜ਼ ਮੁਕਾਬਲੇ ਪੂਰੀ ਯੋਜਨਾਬੰਦੀ ਦੇ ਤਹਿਤ ਕਰਵਾਏ ਗਏ।ਇਸਨੂੰ ਤਿੰਨ ਭਾਗਾਂ ਵਿੱਚ ਸਕੂਲ ਪੱਧਰ, ਜਿਲ੍ਹਾ ਪੱਧਰ , ਰਾਜ ਪੱਧਰ ਵੰਡਿਆ ਗਿਆ।ਸਕੂਲ ਪੱਧਰ ਤੇ ਇਹ ਮੁਕਾਬਲੇ ਪ੍ਰਿੰਸੀਪਲ/ਇਨਚਾਰਜ ਦੀ ਅਗਵਾਈ ਵਿੱਚ ਸਫਲਤਾਪੂਰਵਕ ਸਮਾਪਤ ਹੋਏ।ਅਧਿਆਪਕਾਂ ਵੱਲੋਂ ਹੀ ਮਹੱਤਵਪੂਰਨ ਪ੍ਰਸ਼ਨਾਂ ਦੀ ਚੋਣ ਕੀਤੀ ਗਈ।ਬਲਾਕ ਪੱਧਰ ਤੇ ਪ੍ਰਸ਼ਨਾਂ ਦੀ ਚੋਣ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਕੰਮ ਕਰ ਰਹੇ ਬਲਾਕ ਮੈਂਟਰਜ ਦੁਆਰਾ ਕੀਤੀ ਗਈ।ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਜਿਲ੍ਹੇ ਲਈ ਭੇਜਿਆ ਗਿਆ ਜਿੱਥੇ ਪ੍ਰਸ਼ਨਾਂ ਨੂੰ ਸਟੇਟ ਵੱਲੋਂ ਭੇਜਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾ ਦਾ ਵਿਵਾਦ ਨਾ ਉਤਪੰਨ ਹੋ ਸਕੇ। ਕੁਇਜ ਮੁਕਾਬਲੇ ਵਿੱਚ ਚਾਰ ਪ੍ਰਮੁੱਖ ਵਿਸ਼ਿਆਂ (ਅੰਗਰੇਜੀ,ਸਮਾਜਿਕ ਵਿਗਿਆਨ,ਹਿਸਾਬ,ਵਿਗਿਆਨ) ਨੂੰ ਸਾਮਿਲ ਕੀਤਾ ਗਿਆ।ਅੰਗਰੇਜੀ ਅਤੇ ਸਮਾਜਿਕ ਵਿਗਿਆਨ ਦੇ ਵਿਸ਼ੇ ਦੀ ਅਗਵਾਈ ਸ੍ਰੀਮਤੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਦੁਆਰਾ ਕੀਤੀ ਗਈ। ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਸ਼ਾਮਿਲ ਵਿਸ਼ਿਆਂ ਤੇ ਵਿਦਿਆਰਥੀਆਂ ਦੀ ਪਕੜ ਜਰੂਰੀ ਹੈ।ਬੱਚਿਆਂ ਦੀ ਹੌਸਲਾ ਅਫਜਾਈ ਦੇ ਲਈ ਪਹਿਲੇ ਤਿੰਨ ਸਥਾਨਾਂ ਤੇ ਆਉਂਣ ਵਾਲਿਆਂ ਲਈ ਨਕਦ ਪੁਰਸਕਾਰ ਦੀ ਵਿਵਸਥਾ ਕੀਤੀ ਗਈ ਜੋ ਕਿ ਕਾਬਿਲ ਏ ਤਾਰੀਫ ਕਦਮ ਹੈ।
   
    ਸਰਕਾਰੀ ਸਕੂਲਾਂ ਵਿੱਚ ਕੁਇਜ ਮੁਕਾਬਲੇ ਸਦਕਾ ਇੱਕ ਧਨਾਤਮਕ ਸੰਦੇਸ ਸਮਾਜ ਵਿੱਚ ਗਿਆ ਹੈ ਜਿਸ ਤਹਿਤ ਲੋਕਾਂ ਦੀ ਸੋਚ ਵਿੱਚ ਪਰਿਵਰਤਨ ਹੋਣਾ ਲਾਜਮੀ ਹੈ।ਇਹੋ ਜਿਹੇ ਉਪਰਾਲੇ  ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾ ਸਕਦੇ ਹਨ।ਇਹਨਾਂ ਮੁਕਾਬਲਿਆਂ ਦੁਆਰਾ ਵਿਦਿਆਰਥੀਆਂ ਦੇ ਅੰਦਰ ਟੀਮ ਦੇ ਨਾਲ ਮਿਲ ਕੇ ਕੰਮ ਕਰਨ ਦੀ ਭਾਵਨਾ, ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਕਲੀਅਰ ਕਰਨ ਲਈ ਆਤਮਵਿਸ਼ਵਾਸ, ਮੁਕਾਬਲੇ ਦੇ ਨਿਯਮਾਂ ਦੀ ਜਾਣਕਾਰੀ, ਪ੍ਰਸ਼ਨਾਂ ਨੂੰ ਧਿਆਨ ਨਾਲ ਸੁਣਨਾ, ਸਮਝਣਾ ਅਤੇ ਨਿਰਧਾਰਿਤ ਸਮੇਂ ਵਿੱਚ ਉੱਤਰ ਦੇਣ ਦੀ ਕਲਾ, ਲੀਡਰਸ਼ਿੱਪ ਦੀ ਭਾਵਨਾ, ਪ੍ਰਸ਼ਨਾਂ ਦੇ ਪਾਸ ਹੋਣ ਜਾਣ ਤੇ ਉੱਤਰ ਦੇਣ ਦੀ ਕਲਾ, ਵਾਧੂ ਪੜ੍ਹਨ ਦੀ ਰੁਚੀ ਦਾ ਵਿਕਾਸ ਹੁੰਦਾ ਹੈ।ਇਹ ਕਿਹਾ ਜਾਂਦਾ ਹੈ ਕਿ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਬਦਲਦਾ ਹੈ ਠੀਕ ਉਸੇ ਪ੍ਰਕਾਰ ਬਾਕੀ ਵਿਦਿਆਰਥੀ ਵੀ ਇਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ ਵਿੱਚ ਜੁਟ ਜਾਂਦੇ ਹਨ।ਅਧਿਆਪਕਾਂ ਦੇ ਅੰਦਰ ਵੀ ਮੁਕਾਬਲੇ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ।ਉਹ ਹਰ ਹਾਲਤ ਵਿੱਚ ਅਜਿਹੇ ਕੰਪੀਟੀਸ਼ਨ ਜਿੱਤਣਾ ਚਾਹੁੰਦੇ ਹਨ ਜਿਸ ਲਈ ਵਾਧੂ ਸਮਾਂ ਲਗਾਉਂਣ ਵਿੱਚ ਸੰਕੋਚ ਨਹੀਂ ਕਰਦੇ।
    ਨਿਰਸੰਦੇਹ ਕੁਇਜ ਮੁਕਾਬਲੇ ਕਰਵਾਉਣੇ ਵਿਭਾਗ ਦਾ ਇੱਕ ਸਲਾਘਾਯੋਗ ਕਦਮ ਹੈ ਪਰ ਸਰਕਾਰ ਨੂੰ ਅਧਿਆਪਕ ਵਰਗ ਨੂੰ ਆ ਰਹੀਆਂ ਔਕੜਾਂ ਦਾ ਵੀ ਜਲਦ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਹੀਣ ਭਾਵਨਾ ਪੈਦਾ ਨਾ ਹੋਵੇ।ਅਧਿਆਪਕਾਂ ਨੂੰ ਵਿਸ਼ੇਸ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।ਸਿੱਖਿਆ ਦੇ ਬਜਟ ਵਿੱਚ ਇਜ਼ਾਫਾ ਕੀਤਾ ਜਾਵੇ।ਸਾਰੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ।ਸੋ ਇਹੋ ਉਮੀਦ ਹੈ ਕਿ ਸਿੱਖਿਆ ਦੇ ਉਦੇਸਾਂ ਦੀ ਪੂਰਤੀ ਲਈ ਸਰਕਾਰ ਵੱਲੋਂ ਪਹਿਲ ਦੇ ਅਧਾਰ ਤੇ ਅਧਿਆਪਕ ਵਰਗ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਕੇ ਉਸਾਰੂ ਮਾਹੌਲ ਦੀ ਸਿਰਜਨਾ ਕੀਤੀ ਜਾਵੇਗੀ ਤਾਂ ਜੋ ਹੋਰ ਬਿਹਤਰ ਨਤੀਜੇ ਮਿਲ ਸਕਣ।

ਪਤਾ-298, ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
ਸੰਪਰਕ ਨੰ-95010  33005