ਸਮਾਜ ਦੇ ਸਰੋਕਾਰ : 'ਮੈਰਿਜ ਪੈਲਸਾਂ' ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ - ਕੇਹਰ ਸ਼ਰੀਫ਼
ਪੰਜਾਬੀ ਸਮਾਜ ਅਜ ਬਹੁਤ ਸਾਰੀਆਂ ਸਮਾਜਕ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿਚੋਂ ਕਈ ਸਾਰੀਆਂ ਨੱਕ ਦੀ ਲਾਜ ਰੱਖਣ ਵਾਲੀ ਹਉਮੈਂ ਭਰੀ ਮੂਰਖਤਾ ਕਰਕੇ ਸਮਾਜ ਵਲੋਂ ਆਪ ਵੀ ਪੈਦਾ ਕੀਤੀਆਂ ਹੋਈਆਂ ਹਨ ਅਤੇ ਇਸਦੇ ਨਾਲ ਹੀ ਰਾਜ ਸਰਕਾਰਾਂ ਵਲੋਂ ਘੜੀਆਂ ਤੇ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਆਰਥਕ ਨੀਤੀਆਂ ਪੇਂਡੂ ਅਰਥਚਾਰੇ ਨੂੰ ਤਬਾਹ ਕਰਨ ਵਾਸਤੇ ਇਨਾਂ ਦੇ ਵਧਣ-ਫੁਲਣ ਵਿਚ ਸਹਾਈ ਵੀ ਹੋਈਆਂ ਹਨ। ਸਿੱਟੇ ਵਜੋਂ ਸਮਾਜ ਅਸਾਵੇਂ ਵਿਕਾਸ ਦੇ ਰਾਹੇ ਪੈ ਗਿਆ- ਪੰਜਾਬ ਰਸਾਤਲ ਵਲ ਵਧ ਗਿਆ। ਸਮੱਸਿਆਵਾਂ ਬਹੁਤ ਸਾਰੀਆਂ ਹਨ ਇਨ੍ਹਾਂ ਵੱਲ ਸਾਂਝੇ ਤੌਰ 'ਤੇ ਧਿਆਨ ਦੇ ਕੇ ਇਨ੍ਹਾਂ ਨੂੰ ਸੁਲਝਾਉਣ ਦੇ ਜਤਨ ਕਰਨੇ ਹੀ ਪੈਣਗੇ।
ਜਦੋਂ ਅਸੀਂ ਸਮਾਜਕ ਕਾਰਜਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਪਹਿਲੇ ਸਮਿਆਂ ਵਿਚ ਵਿਆਹ ਬਹੁਤ ਮਹਿੰਗੇ ਨਹੀਂ ਹੁੰਦੇ ਸਨ। ਅਜਿਹੇ ਸਮੇਂ ਸਾਰਾ ਪਿੰਡ ਆਪਣੇ ਵਿਤ ਅਨੁਸਾਰ ਵਿਆਹ ਵਾਲੇ ਘਰ ਦੀ ਮੱਦਦ ਵੀ ਕਰਦਾ ਸੀ। ਵਿਆਹ ਦੀ ਰਸਮ ਭਾਵ ਲਾਵਾਂ ਜਾਂ ਫੇਰੇ (ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਨੰਦ ਕਾਰਜ ਦੀ ਰਸਮ ਜਾਂ ਹਿੰਦੂ ਰਸਮਾਂ ਨਿਭਾਉਣ ਵਾਲਿਆਂ ਦੀਆਂ ਵੇਦੀ ਹੇਠ ਅੱਗ ਦੁਆਲੇ ਹੁੰਦੇ ਫੇਰੇ) ਆਮ ਕਰਕੇ ਵਿਆਹ ਵਾਲੇ ਘਰ ਦੇ ਵਿਹੜੇ ਵਿਚ ਹੀ ਹੁੰਦੇ ਸਨ - ਜਿਸ ਦਾ ਕਾਰਨ ਇਹ ਵੀ ਕਿਹਾ ਜਾਂਦਾ ਸੀ ਕਿ ਵਿਹੜਾ ਸੁੰਨਾ ਨਾ ਰਹਿ ਜਾਵੇ। ਕਾਰਜ ਪੂਰਾ ਹੋ ਜਾਣ ਤੋਂ ਬਾਅਦ 'ਵਿਹੜਾ ਵਿਆਹਿਆ ਗਿਆ' ਦੱਸਿਆ ਜਾਂਦਾ ਸੀ। ਇਸ ਕਰਕੇ ਹੀ ਸਾਰੇ ਕਾਰਜ ਘਰ ਦੇ ਵਿਹੜੇ ਵਿਚ ਕੀਤੇ ਜਾਂਦੇ ਸਨ, ਘਰ ਨੂੰ 'ਭਾਗ' ਲਾਉਣ ਵਾਸਤੇ। ਕਾਰਜ ਆਰਥਕ ਪੱਖੋਂ ਵੀ ਸਸਤੇ ਹੁੰਦੇ ਸਨ ਅਤੇ ਇਨ੍ਹਾਂ ਕਾਰਜਾਂ (ਵਿਆਹ ਆਦਿ) ਦਾ ਸਾਦਗੀ ਹੀ ਮੁੱਖ ਗੁਣ ਹੁੰਦਾ ਸੀ। ਅਜੋਕੇ ਸਮੇਂ ਉਸ ਸਾਦਗੀ ਨੂੰ ਮੁੜ ਲੱਭਣ ਅਤੇ ਵਿਹਾਰਕ ਪੱਖੋਂ ਅਪਨਾਉਣ ਦੀ ਬਹੁਤ ਲੋੜ ਹੈ।
ਪਰ, ਵਿਆਹ ਹੁਣ ਵਿਆਹ ਨਹੀਂ ਮੰਡੀ ਦਾ ਮਾਲ ਬਣ ਗਏ ਹਨ। ਅਫਸੋਸ ਨਾਲ ਕਹਿਣਾ ਪੈਂਦਾ ਕਿ ਸੌਦੇ ਹੁੰਦੇ ਹਨ - ਪੁੱਤਾਂ ਦੇ ਵੀ, ਧੀਆਂ ਦੇ ਵੀ - ਦਾਜ ਦਾ ਸਰੂਪ ਅਸਲੋਂ ਹੀ ਬਦਲ ਗਿਆ ਹੈ। ਦਾਜ ਦੇ ਲੋਭੀ ਧੀਆਂ ਦੇ ਮਾਪਿਆਂ ਦਾ ਰੁੱਗ ਭਰਕੇ ਕਾਲ਼ਜਾ ਕੱਢਦੇ ਹਨ ਪਰ ਜ਼ਾਲਮ ਸੀਅ ਵੀ ਨਹੀਂ ਕਰਨ ਦਿੰਦੇ। ਲੋਕ, ਪੜ੍ਹੀਆਂ ਲਿਖੀਆਂ ਨੂੰਹਾਂ ਦੇ ਆਸਰੇ ਬਹੁਤ ਸਾਰੇ ਨਾਲਾਇਕ ਪੁੱਤਰਾਂ ਨੂੰ ਪਰਦੇਸਾਂ ਵਿਚ "ਫਿੱਟ'' ਕਰ ਰਹੇ ਹਨ- ਫੇਰ ਵੀ ਲੱਤ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਕਿਉਂ? ਇਸੇ ਮਰਦਸ਼ਾਹੀ ਵਾਲੀ ਸੋਚ ਨੇ ਸਮਾਜ ਦਾ ਬੇੜਾ ਗਰਕ ਕੀਤਾ ਹੈ ਲੋਕ ਜਾਗਦੇ ਨਹੀਂ ਤੇ ਇਹ ਵਰਤਾਰਾ ਲਗਾਤਾਰ ਅੱਗੇ ਤੁਰੀ ਜਾ ਰਿਹਾ ਹੈ, ਪਤਾ ਨਹੀ ਕਦੋਂ ਤੱਕ ਤੁਰਦਾ ਰਹੇਗਾ। ਸਵਾਲ ਕਰਨਾ ਬਣਦਾ ਹੈ ਕਿ ਕਦੋਂ ਜਾਗਣਗੇ ਲੋਕ?
ਜਦੋਂ ਸਾਰਾ ਸਮਾਜ ਹੀ ਮੰਡੀ ਦੀ ਜਕੜ ਵਿਚ ਹੈ ਤਾਂ ਸਮਾਜਕ ਕਾਰਜ ਇਸ ਤੋਂ ਕਿਵੇਂ ਪਿੱਛੇ ਰਹਿ ਜਾਂਦੇ। ਪੈਸੇ ਵਾਲਿਆਂ ਨੇ ਪੇਂਡੂ ਆਰਥਕਤਾ ਤੇ ਕਬਜ਼ਾ ਕਰ ਲਿਆ ਹੈ। ਪਿੰਡਾਂ ਅੰਦਰ ਸ਼ਹਿਰੀ ਤਰਜ਼ 'ਤੇ "ਮੈਰਿਜ ਪੈਲਸ'' ਉਸਾਰ ਲਏ। ਉਨ੍ਹਾਂ ਨੂੰ ਇਸ ਵਿਚੋਂ ਮੁਨਾਫਾ ਜ਼ਰੂਰ ਦਿਸਿਆ ਹੋਵੇਗਾ ਐਵੇਂ ਤਾਂ ਉਨ੍ਹਾਂ ਨੇ ਪਿੰਡ ਨੂੰ ਨਾਗਵਲ਼ ਨਹੀਂ ਪਾਇਆ ਹੋਇਆ। ਕਿਹਾ ਜਾ ਰਿਹਾ ਸੀ ਪਿੰਡ ਤੇ ਸ਼ਹਿਰ ਦਾ ਫਰਕ ਮਿਟ ਰਿਹਾ ਹੈ। ਵਿਆਹ ਵਾਲਾ ਜਿਹੜਾ ਕਾਰਜ ਪਹਿਲਾਂ ਜੰਝ ਘਰਾਂ ਵਿਚ ਮੁਫਤ ਹੁੰਦਾ ਸੀ ਇਨ੍ਹਾਂ ਮਹਿੰਗੇ ਪੈਰਿਜ ਪੈਲਸਾਂ ਉੱਤੇ ਹੁਣ ਪੰਡ ਪੈਸਿਆਂ ਦੀ ਲੱਗਣ ਲੱਗੀ - ਇਸ ਵਿਕਾਸ ਦੀ ਪਿੰਡ ਨੂੰ ਕਿੰਨੀ ਮਹਿੰਗੀ ਕੀਮਤ ਤਾਰਨੀ ਪੈ ਰਹੀ ਹੈ? - ਕੋਈ ਹਿਸਾਬ ਨਹੀਂ- ਸ਼ਾਇਦ ਪਿੰਡ ਵੀ ਨਹੀਂ ਜਾਣਦਾ। ਇਸ ਦੇ ਸਿੱਟੇ ਬਹੁਤ ਹੀ ਭਿਆਨਕ ਹਨ।
ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਪੰਜਾਬੋ ਗਏ ਅਤੇ ਬਾਹਰਲੇ ਮੁਲਕੀਂ ਬਾਹਰ ਵਸਦੇ ਐਨਆਰਆਈ ਵੀ ਇਸ ਕੋਹਝ ਨੂੰ ਪੈਦਾ ਕਰਨ ਅਤੇ ਇਸਦੇ ਵਧਣ-ਫੁਲਣ ਵਿਚ ਸਹਾਈ ਹੋਏ। ਠਾਠ-ਬਾਠ ਦਾ ਮੱਜ੍ਹਮਾਂ ਜੋ ਲਾਉਣਾ ਸੀ ਉਨ੍ਹਾਂ ਨੇ। ਉਨ੍ਹਾਂ ਉਦੋਂ ਸਾਦਗੀ ਭਰੀ ਪੇਂਡੂ ਜ਼ਿੰਦਗੀ ਨੂੰ ਅਲਵਿਦਾ ਆਖ ਤੜਕ-ਭੜਕ ਦੇ ਲੜ ਲੱਗ ਜਾਣਾ ਬਿਹਤਰ ਸਮਝਿਆ। ਪਰ ਇਹ ਨਾ ਸੋਚਿਆ ਕਿ ਪਿੰਡ ਵਿਚ ਰਹਿਣ ਵਾਲਾ ਛੋਟਾ ਕਿਸਾਨ, ਖੇਤ ਮਜ਼ਦੂਰ ਤੇ ਹੋਰ ਛੋਟੇ ਧੰਦਿਆਂ ਨਾਲ ਸਬੰਧਤ ਘਰ ਦੇ ਖਰਚੇ ਤੋਰਨ ਜੋਗੀ ਆਮਦਨ ਵਾਲੇ ਇਸ ਦਾ ਬੋਝ੍ਹ ਕਿਵੇਂ ਝੱਲਣਗੇ? ਧੀਆਂ - ਪੁੱਤਰਾਂ ਦੇ ਕਾਰਜ ਤਾਂ ਸਭ ਨੇ ਹੀ ਕਰਨੇ ਹਨ- ਉਹ ਇੰਨੇ ਖਰਚੇ ਕਿੱਥੋਂ ਲਿਆਉਣਗੇ। "ਨੱਕ ਰੱਖਣ ਵਾਸਤੇ'' ਰੀਸ ਦੀ ਘੜੀਸ ਨੇ ਪਤਲੀ ਆਰਥਕ ਹਾਲਤ ਵਾਲਿਆਂ ਨੂੰ ਵੀ ਮਜਬੂਰ ਕਰ ਦਿੱਤਾ ਤੇ ਲੋਕ "ਨੱਕ ਦੀ ਲਾਜ'' ਪਾਲਣ ਵਾਸਤੇ ਹੁਬਕੀਂ ਰੋਂਦੇ ਹੋਏ ਤੇ ਕਰਜਿਆਂ ਦੇ ਭਾਰ ਥੱਲੇ ਦੱਬਦੇ ਜਾਂਦੇ ਵੀ ਵਿਤੋਂ ਬਾਹਰੇ ਹੋ ਕੇ ਆਰਥਕ ਖਰਚੇ ਕਰਕੇ ਨਿਘਾਰ ਦੇ ਰਸਤੇ ਪੈ ਗਏ - ਜੋ ਨਿਘਾਰ ਲਗਾਤਾਰ ਜਾਰੀ ਹੈ। ਇਕੱਠੇ ਹੋ ਕੇ ਇਸ ਰਾਹ ਨੂੰ ਰੋਕਣ ਦੇ ਜਤਨ ਕਰਨੇ ਪੈਣਗੇ। ਬਰਬਾਦੀ ਤਾਂ ਸਾਹਮਣੇ ਕੰਧ 'ਤੇ ਲਿਖੀ ਨਜ਼ਰ ਆਉਂਦੀ ਹੈ, ਇਸ ਨੂੰ ਪੜ੍ਹਨਾ ਵੀ ਪਵੇਗਾ।
ਪੰਜਾਬੀ ਕਦੇ ਇਕ ਦੂਜੇ ਦੇ ਦਰਦ ਨੂੰ ਪਛਾਣਦੇ ਸਨ ਤੇ ਔਖੇ ਸਮੇਂ ਇਕ-ਦੂਜੇ ਦੇ ਕੰਮ ਵੀ ਆਉਂਦੇ ਸਨ - ਕਦੇ ਜੋ ਪੰਜ ਦਰਿਆਵਾਂ ਦੀ ਸਾਂਝ ਵਾਲਾ ਹੁੰਦਾ ਸੀ ਪੰਜਾਬ ਹੁਣ ਨਿੱਤ ਦਿਨ ਇਸ ਦੀ ਅਣਹੋਂਦ ਵਲ ਵਧ ਰਿਹਾ ਹੈ। ਨਾਲ ਹੀ ਨਵੀਂ ਪੀੜ੍ਹੀ ਵਿਚੋਂ ਵੱਡੀ ਗਿਣਤੀ ਵਿਚ ਪੜ੍ਹੇ ਲਿਖਿਆਂ ਕੋਲੋਂ "ਚਿੱਟੇ ਕੁੜਤਿਆਂ'' ਵਾਲਿਆਂ ਵਲੋਂ ਪੈਦਾ ਕੀਤੇ "ਫੁਕਰੇ ਸੱਭਿਆਚਾਰ'' ਨੇ ਕਿਰਤ ਦੀ ਮਹਿਮਾਂ ਨੂੰ ਨਕਾਰਦਿਆਂ, ਕੰਮ ਦਾ ਸੱਭਿਆਚਾਰ ਤਿਆਗ ਕੇ ਹੁਣ "ਫੁਕਰੇਪਣ'' ਨੂੰ ਅਪਣਾ "ਬਰੈਂਡ'' ਬਣਾ ਲਿਆ ਹੈ। ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ ਉਹ ਆਪਣੇ ਹੀ ਭਵਿਖ ਵਲ ਪਿੱਠ ਕਰੀ ਖੜ੍ਹੇ ਹਨ- ਜਿਨ੍ਹਾਂ ਨੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਉਨ੍ਹਾਂ ਦਾ ਇਹ ਹਾਲ ਹੈ - ਸੂਝਵਾਨਾਂ ਨੂੰ ਇਲਾਜ ਤਾਂ ਸੋਚਣਾ ਹੀ ਪਵੇਗਾ। ਆਪਣੀਆਂ ਨਰੋਈਆਂ ਭਾਈਚਾਰਕ ਕਦਰਾਂ-ਕੀਮਤਾਂ ਨੂੰ ਮਰਨੋਂ ਜਰੂਰ ਬਚਾਇਆ ਜਾਣਾ ਚਾਹੀਦਾ ਹੈ।
ਇਨ੍ਹਾਂ ਸਮਾਜੀ ਕਾਰਜਾਂ - ਖਾਸ ਕਰਕੇ ਵਿਆਹਾਂ ਵੇਲੇ ਫੁਕਰੇ ਜਹੇ ਟਪੂਸੀ ਮਾਰ "ਗਾਇਕ/ਕਲਾਕਾਰਾਂ'' ਨੂੰ ਮਹਿੰਗੀਆਂ ਰਕਮਾਂ ਦੇ ਕੇ ਸੱਦਿਆ ਜਾਂਦਾ ਹੈ। ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਨਾ ਸੁਰ ਦਾ ਗਿਆਨ ਹੁੰਦਾ ਨਾ ਰਾਗ ਦਾ - ਜਿਹੜੇ "ਗੀਤ'' ਗਾਉਂਦੇ ਹਨ ਉਨ੍ਹਾਂ ਵਿਚ ਖਾਸ ਕਰਕੇ ਲੱਚਰਤਾ, ਨਸ਼ਿਆਂ ਦੀ ਹਵਾੜ ਤੇ ਹਥਿਆਰਾਂ ਦੀ ਗੱਲ ਕੀਤੀ ਗਈ ਹੁੰਦੀ ਹੈ। ਸੱਦਣ ਵਾਲੇ ਵੀ ਅਤਿ ਦੇ ਘਟੀਆ ਬੋਲਾਂ ਅਤੇ ਰੌਲ਼ੇ ਰੱਪੇ ਵਾਲੇ "ਸੰਗੀਤ'' ਦਾ ਬੇਸ਼ਰਮ ਹੋ ਕੇ "ਆਨੰਦ'' ਮਾਣਨ ਲਈ ਆਪਣੇ ਆਪ ਨੂੰ ਮਜਬੂਰ ਸਮਝਦੇ ਹਨ। ਪੱਲਿਉਂ ਪੈਸੇ ਦੇ ਕੇ ਆਪਣੀਆਂ ਹੀ ਧੀਆਂ/ਭੈਣਾਂ ਬਾਰੇ ਅਤਿ ਦੇ ਘਟੀਆਂ ਬੋਲਾਂ ਵਾਲੇ "ਗੀਤਾਂ'' ਤੇ ਆਪ ਵੀ ਨੱਚਦੇ ਹਨ। (ਪਤਾ ਨਹੀਂ ਪੰਜਾਬੀ ਗੀਤਕਾਰੀ ਵਿਚ ਇੰਨੇ ਘਟੀਆਂ ਗੀਤ ਲਿਖਣ ਵਾਲੀਆਂ ਕੰਜਰ ਕਲਮਾਂ ਕਿਵੇਂ ਪੈਦਾ ਹੋ ਗਈਆਂ? ਚੰਗਾ ਲਿਖਣ ਵਾਲਿਆਂ ਨੂੰ ਇਨ੍ਹਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ) ਇਹ ਕਿਹੜਾ ਨਵਾਂ ਸੱਭਿਆਚਾਰ ਪੈਦਾ ਹੋ ਗਿਆ ਹੈ?- ਕੀ ਇਸ ਨੇ ਸਮਾਜ ਅੰਦਰ ਵਿਗਾੜ ਨਹੀਂ ਪੈਦਾ ਕੀਤੇ? ਇਹ ਸੋਚਣਾ ਤਾਂ ਪਵੇਗਾ ਹੀ, ਹੋਰ ਕਿੰਨੀ ਕੁ ਦੇਰ ਉਡੀਕ ਕੀਤੀ ਜਾਵੇਗੀ? ਜੇ ਨੱਚਣਾ ਜਰੂਰੀ ਸਮਝਿਆ ਜਾਵੇ ਤਾਂ ਕੀ ਢੋਲ ਨਾਲ ਨਹੀਂ ਨੱਚਿਆ ਜਾ ਸਕਦਾ?
ਅਤਿ ਦਾ ਮਾੜਾ ਵਰਤਾਰਾ ਕਿ ਪਿਛਲੇ ਸਮੇਂ ਤੋਂ ਅਜਿਹੇ ਮੌਕਿਆਂ ਤੇ ਹਥਿਆਰਾ ਦੀ "ਫੁਕਰੀ ਨੁਮਾਇਸ਼'' ਨੇ ਬਹੁਤ ਲੋਕਾਂ ਦੀਆਂ ਜਾਨਾਂ ਲੈ ਲਈਆਂ, ਪਰਿਵਾਰ ਦਾ ਚੁੱਲ੍ਹਾ ਚੱਲਦਾ ਰੱਖਣ ਵਾਲੀਆਂ ਗਰੀਬ ਘਰਾਂ ਦੀਆਂ ਮਜਬੂਰੀ ਵਸ ਬਣੀਆਂ ਕਲਾਕਾਰ ਕੁੜੀਆਂ ਨੂੰ ਮਾਰਿਆ ਗਿਆ, ਅਣਭੋਲ ਬੱਚੇ ਹਥਿਆਰਾਂ ਦੀ ਨੁਮਾਇਸ਼ ਦਾ ਸ਼ਿਕਾਰ ਹੋ ਗਏ। ਘਰ -ਪਰਿਵਾਰ ਉੱਜੜ ਰਹੇ ਹਨ, ਮਾਵਾਂ ਦੀਆਂ ਗੋਦਾਂ ਖਾਲੀ ਕੀਤੀਆਂ ਜਾ ਰਹੀਆਂ ਹਨ। ਵਿਹੜਿਆਂ ਵਿਚ ਹਾਸਿਆਂ ਦੀ ਥਾਂ ਵੈਣ ਪੈ ਰਹੇ ਹਨ। ਹੁਣ ਇਨ੍ਹਾਂ ਮਾਸੜਾਂ, ਫੁੱਫੜਾਂ , ਮਾਮਿਆਂ ਦੇ ਨੱਥ ਪਾਉਣ ਦੀ ਲੋੜ ਹੈ - ਜਦੋਂ ਅਜਿਹੇ ਪਸ਼ੂ ਬਿਰਤੀ ਵਾਲੇ ਭੂਸਰ ਜਾਂਦੇ ਹਨ ਤਾਂ ਉਜਾੜਾ ਪੈਂਦਾ ਹੈ। ਪੰਜਾਬੀਉ ਕਰੋ ਕੋਈ ਇਲਾਜ ਤੇ ਰੋਕੋ ਇਸ ਪੈ ਰਹੇ ਉਜਾੜੇ ਨੂੰ ਤਾਂ ਕਿ ਹਾਸਿਆਂ ਵਾਲੇ ਵਿਹੜਿਆਂ ਵਿਚੋਂ ਵੈਣਾਂ ਦੀ ਰੁੱਤ ਖਤਮ ਹੋਵੇ। ਨਹੀਂ ਤਾਂ ਘਰਾਂ ਦੇ ਇਹ ਵਿਹੜੇ ਸੁੰਨੇ ਹੋ ਜਾਣਗੇ। ਵਿਆਹਾਂ ਵਿਚ ਹਥਿਆਰਾਂ ਦਾ ਕੀ ਕੰਮ - ਅਜਿਹੇ ਖੁਸ਼ੀ ਦੇ ਮੌਕੇ ਹਥਿਆਰ ਨਾਲ ਲੈ ਕੇ ਆਉਣ 'ਤੇ ਲਾਉ ਪਾਬੰਦੀ - ਮੈਰਿਜ ਪੈਲਿਸਾਂ ਵਾਲੇ ਕਿਉਂ ਨਾ ਇਸ ਦੇ ਜੁੰਮੇਵਾਰ ਹੋਣ ਜੋ ਥੱਬਾ ਰੁਪੱਈਆਂ ਦਾ ਲੈਂਦੇ ਹਨ? ਉਨ੍ਹਾਂ ਨੂੰ ਇਸ ਬਾਰੇ ਕਾਨੂੰਨੀ ਤੌਰ 'ਤੇ ਵੀ ਪਾਬੰਦ ਕਰਨਾ ਪਵੇਗਾ ਤਾਂ ਕਿ ਕੋਈ ਅਨਹੋਣੀ ਨਾ ਵਾਪਰੇ।
ਹੋਰ ਮਾੜਾ ਰਾਹ ਵੀ ਲੋਕਾਂ ਨੇ ਚੁਣਿਆਂ ਹੈ। ਘਰਾਂ ਦੇ ਵਿਹੜੇ ਇੰਨੇ ਛੋਟੇ ਤਾਂ ਅਜੇ ਨਹੀਂ ਹੋਏ ਪਰ ਹੁਣ ਤਾਂ ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਇਕੱਠ ਵੀ ਮੈਰਿਜ ਪੈਲਸਾਂ ਵਿਚ ਹੀ ਹੋਣ ਲੱਗ ਪਏ ਹਨ - ਇਸ ਨੂੰ ਰੋਕਣਾ ਬਹੁਤ ਜਰੂਰੀ ਹੈ। ਅਜਿਹੇ ਦੁੱਖ ਦੇ ਸਮੇਂ ਕਿਉਂ ਅਜਾਈਂ ਆਰਥਕ ਬੋਝ ਥੱਲੇ ਆਇਆ ਜਾਵੇ। ਗੁਜ਼ਰ ਗਏ ਮਾਂ -ਬਾਪ ਨੂੰ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਆਪਣਿਆਂ ਦੀ, ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ ਜਾਵੇ। ਪਰ ਹੁਣ ਬਹੁਤੇ ਥਾਈਂ ਤਾਂ ਸਿਆਸੀ ਲੀਡਰਾਂ ਦੀ ਉਡੀਕ ਕੀਤੀ ਜਾਂਦੀ ਹੈ। ਨਾ ਲੀਡਰ ਬਜੁ਼ਰਗਾਂ ਨੂੰ ਜਾਣੇ ਨਾ ਪਛਾਣੇ - ਬੱਸ ਵੋਟਾਂ ਕੱਠੀਆਂ ਹੋਈਆਂ ਵੇਖ ਲੀਡਰ ਵੀ ਆਪਣੇ ਲਾਉ-ਲਸ਼ਕਰ ਸਮੇਤ ਬੇਸ਼ਰਮਾਂ ਵਾਂਗ ਓਥੇ ਪਹੁੰਚ ਜਾਂਦੇ ਹਨ। ਲੋਕ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸੱਦਾ ਦੇਣ ਵਾਲਾ ਪਰਵਾਰ ਵੀ ਉਸ ਇਕੱਠ ਵਿਚ "ਪਿੰਡ ਦੇ ਵੱਗ ਵਿਚ ਬੁੜ੍ਹੀ ਦੀ ਵੱਛੀ'' ਵਾਂਗ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ, ਇਸ ਤੋਂ ਵੱਧ ਕੁੱਝ ਵੀ ਨਹੀਂ। ਆਪਣੇ ਆਪ ਨੂੰ ਛੋਟਾ ਕਰਨ ਦਾ ਇਹ ਰਾਹ ਵੀ ਛੱਡਣਾ ਪਊ। ਆਪਣੇ ਹੱਥੀਂ ਆਪਣੀ ਹੀ ਕਦਰ ਘਟਾਈ ਜਚਦੀ ਨਹੀਂ।
ਲੋਕਾਂ ਨੂੰ ਸੋਚਣਾ ਪਵੇਗਾ - ਆਖਰ ਹੁਣ "ਮੈਰਿਜ ਪੈਲਸਾਂ'' ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ ਤਾਂ ਕਿ ਆਪਣੇ ਵਿਰਸੇ ਨਾਲ ਵੀ ਜੁੜੇ ਰਹਿ ਸਕੀਏ ਅਤੇ ਝੂਠੀ ਸ਼ਾਨ ਖਾਤਰ ਕਰਜ਼ੇ ਚੁੱਕ ਚੁੱਕ ਕੇ ਧੀਆਂ ਦੇ ਵਿਆਹਾਂ ਦੇ ਕਾਰਜ ਨਿਭਾਏ ਜਾਣ ਕਰਕੇ ਚਾਦਰੋਂ ਬਾਹਰੇ ਪੈਰ ਪਸਾਰਨ ਤੋਂ ਬਾਅਦ ਆਪਣੀ ਕੀਤੀ ਮੂਰਖਤਾ ਉੱਤੇ ਪਛਤਾਉਣਾ ਨਾ ਪਵੇ ਅਤੇ ਕਈਆਂ ਨੂੰ ਆਤਮ ਹੱਤਿਆਵਾਂ ਨਾ ਕਰਨੀਆਂ ਪੈਣ। ਆਪਣੇ ਹੀ ਪਰਿਵਾਰਾਂ ਨੂੰ ਬੇਸਹਾਰਾ ਛੱਡ ਕੇ ਜੀਵਨ ਅਜਾਈਂ ਗੁਆ ਜਾਣ ਵਰਗੇ ਕਦਮ ਵੀ ਨਾ ਚੁੱਕਣੇ ਪੈਣ। ਇਸ ਕਠੋਰ ਮਜਬੂਰੀ ਤੱਕ ਪਹੁੰਚਣ ਦੇ ਕਾਰਨਾਂ ਦੀ ਨਿਸ਼ਾਨਦਹੀ ਹੀ ਨਾ ਕੀਤੀ ਜਾਵੇ ਉਨ੍ਹਾਂ ਨੂੰ ਦੂਰ ਕਰਨ ਦੇ ਜਤਨ ਵੀ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਕੋਈ ਸਾਂਝੀ ਸਮਾਜਕ ਲਹਿਰ (ਆਤਮ ਹੱਤਿਆਵਾਂ ਦੇ ਕਾਰਨ ਹੋਰ ਵੀ ਕਈ ਹਨ - ਪਰ ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ)। ਬਹਾਦਰ ਪੰਜਾਬੀਉ ਇਸ ਲਾਅਨਤ ਤੋਂ ਬਚਣ ਦੇ ਹੀਲੇ ਸੋਚੋ। ਪਿੰਡਾਂ ਦੀਆਂ ਪੰਚਾਇਤਾਂ ਇਸ ਵਿਚ ਲੋਕਾਂ ਨੂੰ ਸਿਖਿਅਤ ਕਰਕੇ ਜਾਗਰੂਕ ਕਰਨ ਕਿ ਅਜਿਹੇ ਭਾਣੇ ਨਾ ਵਰਤਣ -ਵੈਣਾਂ ਤੋਂ ਛੁਟਕਾਰਾ ਮਿਲੇ। ਪਰ ਪੰਚਾਇਤਾਂ ਨੂੰ ਆਪਣੀ ਜੁੰਮੇਵਾਰੀ ਸਮਝ, ਅੱਗੇ ਹੋ ਕੇ ਅਜਿਹੀ ਸਮਾਜਕ ਲਹਿਰ ਦੀ ਅਗਵਾਈ ਕਰਨੀ ਪਵੇਗੀ ।
ਪਿੰਡਾਂ ਵਿਚ ਨਵੇਂ ਜੰਝ ਘਰ ਉਸਾਰੇ ਜਾਣੇ ਚਾਹੀਦੇ ਹਨ। ਇੱਥੇ ਵਧੀਆ ਰਸੋਈ (ਕਿਚਨ) ਦਾ ਪ੍ਰਬੰਧ ਹੋਵੇ। ਜਿਸ ਨਾਲ ਮੈਰਿਜ ਪੈਲਸਾਂ ਵਿਚ ਵਰਤਾਈਆਂ ਜਾਂਦੀਆਂ ਖਾਣੇ ਦੀਆਂ "ਮਹਿੰਗੀਆਂ ਥਾਲ਼ੀਆਂ'' ਤੋਂ ਛੁਟਕਾਰਾ ਮਿਲੇਗਾ। ਇਸ ਕਾਰਜ ਵਾਸਤੇ ਆਰਥਕ ਪੱਖੋਂ ਕਮਜ਼ੋਰ ਪੰਚਾਇਤਾਂ ਨੂੰ ਸਰਕਾਰ ਵਲੋਂ ਹਰ ਹੀਲੇ ਗਰਾਂਟ ਦਿੱਤੀ ਜਾਣੀ ਚਾਹੀਦੀ ਹੈ - ਖੈਰਾਤ ਸਮਝ ਕੇ ਨਹੀਂ, ਇਹ ਲੋਕਾਂ ਦਾ ਹੱਕ ਹੈ। ਐਨਆਰਆਈ ਹੁਣ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਤਾਂ ਕਿ ਲੋਕ ਆਵਾਗੌਣ ਖਰਚਿਆਂ ਤੋਂ ਬਚ ਸਕਣ। ਜੰਝ ਘਰਾਂ ਵਲ ਮੁੜਨਾ ਪਿਛਾਂਹ ਮੁੜਨ ਦਾ ਕਦਮ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਵਧੀਆਂ ਭਵਿੱਖ ਦਾ ਰਾਹ ਬਣ ਸਕਦਾ ਹੈ ਜਿਸ ਨਾਲ ਫੇਰ ਤੋਂ ਪਿੰਡਾਂ ਵਿਚ ਪਹਿਲਾਂ ਵਰਗੀ ਸਾਂਝ ਬਣੇਗੀ। ਆਰਥਕ ਪੱਖੋਂ ਕਮਜ਼ੋਰ ਲੋਕਾਂ ਨੂੰ ਅਜਿਹੇ ਕਾਰਜਾਂ ਵਾਸਤੇ ਵੱਡੇ ਕਰਜ਼ੇ ਨਹੀਂ ਚੁੱਕਣੇ ਪੈਣਗੇ -ਉਨ੍ਹਾਂ ਲਈ ਵੱਡੀ ਰਾਹਤ ਹੋਵੇਗੀ। ਗਰੀਬ ਜਾਂ ਆਰਥਕ ਪੱਖੋਂ ਕਮਜ਼ੋਰ ਲੋਕਾਂ ਤੋਂ ਜੰਝ ਘਰਾਂ ਦੇ ਵਰਤਣ ਵਾਲੇ ਸਮੇਂ ਘੱਟ ਤੋਂ ਘੱਟ ਪੈਸੇ ਵਸੂਲੇ ਜਾਣ (ਜੇ ਹੋ ਸਕੇ ਨਾ ਹੀ ਲਏ ਜਾਣ) ਇਸ ਬਾਰੇ ਸੋਚਿਆ ਜਾਵੇ ਤਾਂ ਸੁਖਾਵਾਂ ਰਾਹ ਜਰੂਰ ਨਿਕਲ ਆਵੇਗਾ।
ਅੱਜ ਹਾਲਤ ਦੇਖਦੇ ਹਾਂ ਤਾਂ ਮਨ ਮਸੋਸ ਜਾਂਦਾ ਹੈ ਕਿ ਕੀ ਹੋ ਗਿਆ ਸਾਡੇ ਸਮਾਜੀ ਤਾਣੇ ਬਾਣੇ ਨੂੰ, ਕਿੰਨੇ ਫਿੱਕੇ ਹੋ ਗਏ ਹਨ ਸਾਡੇ ਸਮਾਜੀ ਰਿਸ਼ਤੇ। ਇਨ੍ਹਾਂ ਵਿਚੋਂ ਗੁਆਚ ਗਿਆ ਮੋਹ-ਪਿਆਰ, ਅਸੀਂ ਆਪਣਿਆਂ ਵਿਚ ਹੀ ਬੇਗਾਨੇ ਹੋ ਗਏ ਨਜ਼ਰ ਆ ਰਹੇ ਹਾਂ। ਉੱਚਿਆਂ ਕੱਦਾਂ ਦੀ ਝੂਠੀ ਸ਼ਾਨੋ-ਸ਼ੌਕਤ ਵਾਲੀ ਦੁਹਾਈ ਪਿੱਟਣ ਵਾਲੇ ਹੁਣ ਬੌਣੇ ਨਜ਼ਰ ਆਉਂਦੇ ਹਨ। ਬੌਣੇ ਹੀ ਆਪਣੇ ਆਪ ਨੂੰ ਸਮਾਜ ਦੇ ਆਗੂ ਸਮਝਦੇ ਹਨ - ਇਹ ਅੱਜ ਦਾ ਸਭ ਤੋਂ ਵੱਡਾ ਦੁਖਾਂਤ ਹੈ - ਇਸ ਦੁਖਾਂਤ ਦਾ ਅੰਤ ਹੋਣਾ ਚਾਹੀਦਾ ਹੈ ਤਾਂ ਕਿ ਪਿੰਡਾਂ ਦੇ ਸਾਧਾਰਨ ਲੋਕ ਵੀ ਆਪਣੇ ਸਮਾਜਕ ਕਾਰਜਾਂ ਦਾ ਆਨੰਦ ਮਾਣ ਸਕਣ।
ਦਾਜ ਦੀ ਲਾਅਨਤ ਵੀ ਸਮਾਜ ਨੂੰ ਬਰਬਾਦ ਕਰ ਰਹੀ ਹੈ - ਆਖਰ ਵਿਚ ਇਕ ਬੇਨਤੀ ਬਚਦੀ ਹੈ ਜੋ ਕੀਤੀ ਜਾ ਸਕਦੀ ਹੈ ਕਿ :
"ਪੰਜਾਬੀਉ! ਆਪਣੇ ਪੁੱਤ ਵੇਚਣੇ ਬੰਦ ਕਰ ਦਿਉ ਤਾਂ ਕਿ ਪੰਜਾਬ ਦੀਆਂ ਧੀਆਂ-ਭੈਣਾਂ ਤੇ ਮਾਪੇ ਸੁਖੀ ਵਸ ਸਕਣ''।
ਸੰਪਰਕ : 0049 1733546050
Email – ksharif@arcor.de
25 Nov. 2017