ਮੌਤ ਦੀ ਖੇਡ ਖੇਡਣ ਦੇ ਚੱਕਰ ਵਿੱਚ ਸਭ ਕੁਝ ਭੁਲਾ ਬੈਠਾ ਬੰਦਾ ਫਿਰ ਬੰਦਾ ਪਤਾ ਨਹੀਂ ਕਦੋਂ ਬਣੇਗਾ - ਜਤਿੰਦਰ ਪਨੂੰ
ਦਹਿਸ਼ਤਗਰਦੀ ਨਾਲ ਸਿੱਧੀ ਲੜਾਈ ਲੜਨ ਦੇ ਸਰਕਾਰਾਂ ਦੇ ਮੁਖੀਆਂ ਦੇ ਵਾਰ-ਵਾਰ ਕੀਤੇ ਜਾਂਦੇ ਐਲਾਨਾਂ ਦੇ ਬਾਵਜੂਦ ਇਸ ਵਰਤਾਰੇ ਨੂੰ ਰੋਕ ਨਹੀਂ ਲੱਗ ਰਹੀ। ਸਰਕਾਰੀ ਤੰਤਰ ਦੀ ਸਾਰੀ ਚੌਕਸੀ ਧਰੀ-ਧਰਾਈ ਰਹਿ ਜਾਂਦੀ ਹੈ ਤੇ ਉਹ ਹਰ ਵਾਰੀ ਕਿਸੇ ਨਵੇਂ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਆਮ ਲੋਕਾਂ ਦਾ ਖੂਨ ਵਗਾਉਣ ਦੇ ਬਾਅਦ ਕਦੀ ਬਚ ਕੇ ਨਿਕਲ ਜਾਂਦੇ ਹਨ ਤੇ ਕਦੇ ਓਸੇ ਥਾਂ ਮਾਰ ਦਿੱਤੇ ਜਾਂਦੇ ਹਨ। ਬਿਨਾਂ ਸ਼ੱਕ ਉਹ ਖੁਦ ਮਾਰੇ ਜਾਣ, ਜਿਹੜੇ ਬੇਦੋਸ਼ੇ ਲੋਕਾਂ ਨੂੰ ਉਹ ਮਰਨ ਤੋਂ ਪਹਿਲਾਂ ਮੌਤ ਦੀ ਝੋਲੀ ਪਾ ਦੇਂਦੇ ਹਨ, ਉਨ੍ਹਾਂ ਲਈ ਕਾਤਲਾਂ ਦਾ ਮਰਨਾ ਜਾਂ ਨਾ ਮਰਨਾ ਕੋਈ ਅਰਥ ਨਹੀਂ ਰੱਖਦਾ। ਪੰਜਾਬੀ ਦੇ ਪ੍ਰਸਿੱਧ ਮੁਹਾਵਰੇ 'ਆਪ ਮਰੇ ਜੱਗ ਪਰਲੋ' ਵਾਲੀ ਕਹਾਣੀ ਹੁੰਦੀ ਹੈ। ਮ੍ਰਿਤਕ ਕਦੀ ਆਪਣੇ ਕਾਤਲ ਦਾ ਹਸ਼ਰ ਵੇਖਣ ਨਹੀਂ ਆਉਣੇ ਹੁੰਦੇ। ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਉਹ ਕਿਸੇ ਕਾਤਲ ਨੂੰ ਮਾਰ ਦੇਣ ਜਾਂ ਮਰੇ ਹੋਏ ਦੀਆਂ ਫੋਟੋ ਪੇਸ਼ ਕਰ ਕੇ ਸਿਹਰਾ ਲੈ ਲੈਣ। ਇਹ ਰਾਜਨੀਤੀ ਦੀ ਲੋੜ ਦਾ ਰੋਗ ਹੈ।
ਤਾਜ਼ਾ ਰਿਪੋਰਟਾਂ ਇਹ ਹਨ ਕਿ ਜਿਹੜੇ ਆਈ ਐੱਸ ਆਈ ਐੱਸ ਵਾਲਿਆਂ ਨੇ ਪਿਛਲੇ ਕੁਝ ਸਾਲਾਂ ਤੋਂ ਇਰਾਕ ਅਤੇ ਸੀਰੀਆ ਵਿੱਚ ਆਪਣਾ ਅੱਡਾ ਜਮਾ ਕੇ ਸਾਰੀ ਦੁਨੀਆ ਨੂੰ ਦਹਿਸ਼ਤ ਪਾਈ ਹੋਈ ਸੀ, ਉਨ੍ਹਾਂ ਦੇ ਪੈਰ ਜਦੋਂ ਉੱਖੜੇ ਜਾਪਣ ਲੱਗੇ ਤਾਂ ਹਾਰ ਮੰਨਣ ਦੀ ਨੌਬਤ ਨਹੀਂ ਆਈ, ਸਗੋਂ ਨਵਾਂ ਖਤਰਾ ਬਣ ਗਿਆ ਹੈ। ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੀ ਇੱਕੋ ਵੇਲੇ ਜਾ ਸਰਗਰਮ ਹੋਏ ਤੇ ਫਿਲਪੀਨ ਵਿੱਚ ਵੀ ਉਨ੍ਹਾਂ ਦੀ ਹੋਂਦ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਫਿਲਪੀਨ ਵਿੱਚ ਕਿਸੇ ਸਮੇਂ ਖੱਬੇ ਪੱਖੀ ਰੰਗ ਦੇ ਗਰੁੱਪਾਂ ਤੇ ਸਰਕਾਰ ਦੀਆਂ ਫੋਰਸਾਂ ਦੀ ਟੱਕਰ ਹੋਇਆ ਕਰਦੀ ਸੀ, ਹੁਣ ਓਥੇ ਆਈ ਐੱਸ ਆਈ ਐੱਸ ਵੱਲੋਂ ਸਰਕਾਰੀ ਫੌਜਾਂ ਨਾਲ ਭੇੜ ਭਿੜਿਆ ਜਾਂਦਾ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਥਿਤੀ ਉਸ ਤੋਂ ਵੱਖਰੀ ਹੈ। ਫਿਲਪੀਨ ਵਿੱਚ ਉਨ੍ਹਾਂ ਦਾ ਅਤੇ ਫੌਜ ਦਾ ਭੇੜ ਹੈ, ਪਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਲੇ ਪਹਿਲੇ ਸਰਗਰਮ ਤਾਲਿਬਾਨ ਧੜੇ ਵੀ ਇਹ ਮੰਨ ਕੇ ਉਨ੍ਹਾਂ ਨਾਲ ਭਿੜਨ ਲੱਗੇ ਹਨ ਕਿ ਨਵਿਆਂ ਦੇ ਆਉਣ ਨਾਲ ਸਾਡਾ ਹੁਣ ਤੱਕ ਦਾ ਦਬਦਬਾ ਖਤਰੇ ਵਿੱਚ ਪੈ ਸਕਦਾ ਹੈ। ਸਾਡੇ ਜੰਮੂ-ਕਸ਼ਮੀਰ ਵਿੱਚ ਕਈ ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਅੱਤਵਾਦੀ ਧੜਾ ਕੋਈ ਵਾਰਦਾਤ ਕਰੇ ਤਾਂ ਦੂਸਰਾ ਧੜਾ ਆਪਣੇ ਆਪ ਨੂੰ ਪਹਿਲੇ ਧੜੇ ਨਾਲੋਂ ਤਕੜਾ ਦੱਸਣ ਲਈ ਕਿਸੇ ਥਾਂ ਉਸ ਤੋਂ ਵੱਡੀ ਖੁਰਾਫਾਤ ਕਰ ਦੇਂਦਾ ਹੈ। ਦੋਵਾਂ ਧੜਿਆਂ ਦੀਆਂ ਵਾਰਦਾਤਾਂ ਵਿਚ ਆਮ ਲੋਕ ਮਾਰੇ ਜਾਂਦੇ ਹਨ ਤੇ ਜਿਹੜੀਆਂ ਸਰਕਾਰੀ ਫੋਰਸਾਂ ਇਹ ਸਮਝ ਬੈਠਦੀਆਂ ਹਨ ਕਿ ਇਨ੍ਹਾਂ ਦੋਵਾਂ ਧੜਿਆਂ ਦੇ ਇਸ ਆਪਸੀ ਭੇੜ ਵਿੱਚ ਉਲਝਣ ਨਾਲ ਇਨ੍ਹਾਂ ਦਾ ਸਾਡੇ ਤੋਂ ਧਿਆਨ ਹਟ ਜਾਵੇਗਾ, ਅਚਾਨਕ ਉਹ ਅੱਤਵਾਦੀਆਂ ਦਾ ਹੋਰ ਵੀ ਵੱਡਾ ਖਤਰਾ ਸਾਹਮਣੇ ਖੜਾ ਵੇਖਦੀਆਂ ਹਨ। ਇਰਾਕ ਤੋਂ ਨਿਕਲ ਕੇ ਅਫਗਾਨਿਸਤਾਨ ਤੇ ਪਾਕਿਸਤਾਨ ਵਿੱਚ ਆਏ ਆਈ ਐੱਸ ਆਈ ਐੱਸ ਵਾਲਿਆਂ ਨਾਲ ਪੁਰਾਣੇ ਵੱਖ-ਵੱਖ ਧੜਿਆਂ ਦੀ ਟੱਕਰ ਹੁਣ ਖੈਬਰ ਪਖਤੂਨਖਵਾ ਤੋਂ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਤੱਕ ਕਹਿਰ ਮਚਾਈ ਜਾ ਰਹੀ ਹੈ।
ਸਥਿਤੀ ਦਾ ਦੂਸਰਾ ਪਾਸਾ ਇਹ ਹੈ ਕਿ ਜਿਹੜੇ ਆਮ ਲੋਕ ਇਹ ਨਹੀਂ ਜਾਣਦੇ ਕਿ ਕਦੋਂ ਦਹਿਸ਼ਤਗਰਦ ਕਿਸ ਥਾਂ ਆ ਕੇ ਕਿੰਨੇ ਲੋਕਾਂ ਨੂੰ ਮਾਰ ਦੇਣਗੇ, ਉਹ ਸਿਰਫ ਦਹਿਸ਼ਤਗਰਦੀ ਦੇ ਕੁਹਾੜੇ ਹੇਠ ਨਹੀਂ, ਤਨਾਅ ਦੇ ਮਾਹੌਲ ਵਿੱਚ ਕਈ ਹੋਰ ਰੰਗਾਂ ਦੀ ਹਿੰਸਾ ਦੀ ਲਪੇਟ ਵਿੱਚ ਆਣ ਕੇ ਵੀ ਮਰੀ ਜਾਂਦੇ ਹਨ। ਫਰਾਂਸ ਦੇ ਇੱਕ ਸ਼ਹਿਰ ਵਿੱਚ ਕ੍ਰਿਸਮਸ ਮਨਾਉਣ ਲਈ ਜਿਹੜੇ ਲੋਕ ਇੱਕ ਵਾਰ ਗਏ ਅਤੇ ਓਥੇ ਇੱਕ ਟਰੱਕ ਵਾਲੇ ਅੱਤਵਾਦੀ ਦੇ ਕਹਿਰ ਦਾ ਸ਼ਿਕਾਰ ਹੋ ਗਏ ਸਨ, ਉਨ੍ਹਾਂ ਨਾਲ ਵਾਪਰੇ ਉਸ ਕਾਂਡ ਤੋਂ ਬਾਅਦ ਲੋਕਾਂ ਨੇ ਰੌਣਕ-ਮੇਲੇ ਵਾਲੀਆਂ ਥਾਂਵਾਂ ਉੱਤੇ ਜਾਣਾ ਨਹੀਂ ਛੱਡ ਦੇਣਾ ਤੇ ਜਦੋਂ ਉਹ ਕਿਤੇ ਜਾਂਦੇ ਹਨ ਤਾਂ ਕਈ ਵਾਰ ਉਹ ਕੁਝ ਹੁੰਦਾ ਹੈ, ਜਿਹੜਾ ਮੈਨਚੈਸਟਰ ਵਿੱਚ ਹੋਇਆ ਹੈ। ਫਿਲਪੀਨ ਵਿੱਚ ਹੁਣ ਜਿਹੜਾ ਖੂਨੀ ਕਾਂਡ ਵਾਪਰਿਆ ਹੈ, ਉਸ ਦਾ ਸ਼ਿਕਾਰ ਬਣਨ ਵਾਲੇ ਲੋਕ ਆਪਣੀ ਵੱਲੋਂ ਸੁਰੱਖਿਅਤ ਮਾਹੌਲ ਵਿੱਚ ਚਾਰ ਘੜੀਆਂ ਗੁਜ਼ਾਰਨ ਗਏ ਸਨ, ਪਰ ਘਰ ਨਹੀਂ ਮੁੜ ਸਕੇ। ਇਹ ਸਾਡੇ ਵਿੱਚੋਂ ਕਿਸੇ ਨਾਲ ਵੀ ਹੋ ਸਕਦਾ ਹੈ। ਤੁਰਕੀ ਦੇ ਇਸਤਾਂਬੁਲ ਵਿੱਚ ਨਵੇਂ ਸਾਲ ਮੌਕੇ ਇਹੋ ਕੁਝ ਹੋਵੇ ਤਾਂ ਇਸ ਨੂੰ ਇੱਕ ਖਾਸ ਕਿਸਮ ਦੇ ਮੁਲਕਾਂ ਨਾਲ ਜੋੜ ਕੇ ਵੇਖਿਆ ਤੇ ਪ੍ਰਚਾਰਿਆ ਜਾਂਦਾ ਹੈ, ਪਰ ਬਰਾਕ ਓਬਾਮਾ ਤੇ ਡੋਨਾਲਡ ਟਰੰਪ ਦੇ ਰਾਜ ਵਿੱਚ ਵੀ ਏਦਾਂ ਹੋ ਜਾਂਦਾ ਹੈ। ਹਰ ਘਟਨਾ ਦਹਿਸ਼ਤਗਰਦੀ ਦੀ ਨਹੀਂ ਹੁੰਦੀ, ਪਰ ਦਹਿਸ਼ਤਗਰਦੀ ਤੋਂ ਬਿਨਾਂ ਹੋਈ ਘਟਨਾ ਵੀ ਦਹਿਸ਼ਤ ਪਾਉਂਦੀ ਹੈ। ਅਮਰੀਕਾ ਵਿੱਚ ਜਦੋਂ ਗੈਰ ਗੋਰੇ ਲੋਕਾਂ ਦੇ ਚਰਚ ਉੱਤੇ ਕਿਸੇ ਨੇ ਮੌਤ ਦਾ ਛੱਟਾ ਦਿੱਤਾ ਸੀ, ਦਹਿਸ਼ਤ ਉਸ ਦੇ ਨਾਲ ਵੀ ਪਈ ਸੀ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਕਿ ਵਿਸਕਾਨਸਨ ਦੇ ਗੁਰੂ ਘਰ ਵਿੱਚ ਇੱਕ ਨਸਲਵਾਦੀ ਨੇ ਆਣ ਕੇ ਬਿਨਾਂ ਵਜ੍ਹਾ ਕਹਿਰ ਗੁਜ਼ਾਰਿਆ ਸੀ। ਉਸ ਤੋਂ ਬਾਅਦ ਲੋਕ ਗੁਰਦੁਆਰੇ ਜਾਣਾ ਨਹੀਂ ਛੱਡ ਗਏ।
ਇੱਕ ਤੀਸਰੀ ਘਟਨਾ ਕੁਝ ਸਮਾਂ ਪਹਿਲਾਂ ਇੱਕ ਯੂਰਪੀ ਦੇਸ਼ ਦੇ ਹਵਾਈ ਹਾਦਸੇ ਬਾਰੇ ਹੈ। ਜਦੋਂ ਇਹ ਜਹਾਜ਼ ਹਾਦਸਾ ਵਾਪਰਿਆ ਤਾਂ ਬਾਅਦ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਜਹਾਜ਼ ਦਾ ਇੱਕ ਪਾਇਲਟ ਕਈ ਦਿਨਾਂ ਤੋਂ ਏਦਾਂ ਦਾ ਹਾਦਸਾ ਕਰਨ ਦੀ ਤਿਆਰੀ ਕਰਦਾ ਰਿਹਾ ਸੀ। ਭਲਕ ਨੂੰ ਇਸ ਤਰ੍ਹਾਂ ਦਾ ਕੋਈ ਹੋਰ ਪਾਗਲ ਵੀ ਨਿਕਲ ਸਕਦਾ ਹੈ, ਪਰ ਲੋਕ ਇਸ ਡਰ ਕਾਰਨ ਆਪਣੀਆਂ ਲੋੜਾਂ ਲਈ ਜਹਾਜ਼ ਦਾ ਸਫਰ ਕਰਨਾ ਨਹੀਂ ਛੱਡ ਸਕਦੇ।
ਜਦੋਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਚਰਚਾ ਕਰਦੇ ਹਾਂ ਤਾਂ ਆਖਰੀ ਗੱਲ ਇਹ ਸੁਣਨ ਨੂੰ ਮਿਲਦੀ ਹੈ ਕਿ ਹਰ ਦੇਸ਼ ਵਿੱਚ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਜਾਣੇ ਚਾਹੀਦੇ ਹਨ ਤੇ ਅੱਤਵਾਦੀਆਂ ਨਾਲ ਲੜਾਈ ਵਿੱਚ ਕੋਈ ਲਿਹਾਜ ਨਹੀਂ ਕਰਨਾ ਚਾਹੀਦਾ। ਜਿਹੜੇ ਪ੍ਰਬੰਧਾਂ ਦੀ ਅਸੀਂ ਆਸ ਕਰਦੇ ਹਾਂ, ਉਹ ਸੁਰੱਖਿਆ ਫੋਰਸਾਂ ਵੱਲੋਂ ਕੀਤੇ ਜਾਣੇ ਹੁੰਦੇ ਹਨ, ਪਰ ਹੁਣ ਕਈ ਲੋਕ ਸੁਰੱਖਿਆ ਫੋਰਸਾਂ ਤੋਂ ਤ੍ਰਹਿਕਣ ਲੱਗੇ ਹਨ। ਅਫਗਾਨਿਸਤਾਨ ਵਿੱਚ ਜਦੋਂ ਅਮਰੀਕਾ ਦੀ ਫੌਜ ਅੱਤਵਾਦੀ ਤਾਲਿਬਾਨ ਟੋਲਿਆਂ ਨਾਲ ਲੜਨ ਵਾਸਤੇ ਆਈ ਤਾਂ ਇੱਕ ਤੋਂ ਵੱਧ ਵਾਰ ਸਧਾਰਨ ਲੋਕਾਂ ਨੂੰ ਦਹਿਸ਼ਤਗਰਦ ਸਮਝ ਕੇ ਮਾਰ ਦਿੱਤਾ ਸੀ। ਕਹਿੰਦੇ ਸਨ ਕਿ ਅੰਦਾਜ਼ੇ ਦੀ ਗਲਤੀ ਹੋਈ ਹੈ। ਕਿਸੇ ਦੀ ਮੌਤ ਹੋਈ ਸੀ ਤੇ ਜਦੋਂ ਉਸ ਦੀ ਅਰਥੀ ਜਾ ਰਹੀ ਸੀ, ਓਸੇ ਦਿਨ ਅਮਰੀਕੀ ਫੌਜ ਨੂੰ ਓਧਰੋਂ ਤਾਲਿਬਾਨ ਦਾ ਕਾਫਲਾ ਲੰਘਣ ਦੀ ਸੂਹ ਹੋਣ ਕਾਰਨ ਉਨ੍ਹਾਂ ਨੇ ਗੋਲੀ ਚਲਾ ਕੇ ਅਰਥੀ ਪਿੱਛੇ ਜਾਂਦੇ ਲੋਕ ਮਾਰ ਦਿੱਤੇ ਸਨ। ਇੱਕ ਬਰਾਤ ਏਸੇ ਤਰ੍ਹਾਂ ਮਾਰ ਹੇਠ ਆ ਗਈ ਸੀ। ਹਾਲੇ ਕੁਝ ਹਫਤੇ ਪਹਿਲਾਂ ਇੱਕ ਦੁਖਾਂਤ ਇਰਾਕ ਵਿੱਚ ਵਾਪਰਿਆ ਹੈ। ਦਹਿਸ਼ਤਗਰਦਾਂ ਦੇ ਕਬਜ਼ੇ ਵਾਲੇ ਖੇਤਰ ਵਿੱਚ ਜਿਹੜੇ ਲੋਕ ਫਸੇ ਹੋਏ ਸਨ, ਅਮਰੀਕੀ ਗੱਠਜੋੜ ਦੀਆਂ ਫੌਜਾਂ ਦਾ ਜ਼ੋਰ ਵਧਣ ਨਾਲ ਉਨ੍ਹਾਂ ਨੂੰ ਇਹ ਸੱਦਾ ਸੁਣ ਗਿਆ ਕਿ ਜਿੰਨੇ ਲੋਕ ਨਿਕਲ ਸਕਦੇ ਹਨ, ਨਿਕਲ ਆਓ। ਉਹ ਲੋਕ ਜਦੋਂ ਓਥੋਂ ਨਿਕਲਣ ਲਈ ਹਿੰਮਤ ਕਰ ਕੇ ਉੱਠੇ ਤਾਂ ਪਿੱਛੋਂ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਚੱਲਦੀ ਗੋਲੀ ਵਿੱਚ ਜਿਹੜੇ ਲੋਕ ਨਿਕਲ ਕੇ ਆਏ, ਉਨ੍ਹਾਂ ਨੂੰ ਅੱਤਵਾਦੀਆਂ ਦਾ ਕਾਫਲਾ ਸਮਝ ਕੇ ਅਮਰੀਕੀ ਫੌਜ ਨੇ ਬੰਦੂਕਾਂ ਤੱਤੀਆਂ ਕਰ ਲਈਆਂ। ਮਸਾਂ ਚੌਥਾ ਹਿੱਸਾ ਲੋਕ ਹੀ ਨਿਕਲੇ ਹੋਣਗੇ, ਬਾਕੀ ਦੁਵੱਲੀ ਗੋਲੀਬਾਰੀ ਵਿੱਚ ਫਸ ਕੇ ਮਾਰੇ ਗਏ। ਫਿਲਪੀਨ ਵਿੱਚ ਅੱਤਵਾਦੀਆਂ ਨੇ ਪਿਛਲੇ ਦਿਨੀਂ ਇੱਕ ਇਲਾਕੇ ਉੱਤੇ ਕਬਜ਼ਾ ਕਰ ਲਿਆ ਤਾਂ ਓਥੇ ਹਵਾਈ ਹਮਲੇ ਕੀਤੇ ਗਏ। ਪਾਇਲਟ ਨੂੰ ਭੁਲੇਖਾ ਲੱਗ ਜਾਣ ਨਾਲ ਉਸ ਨੇ ਆਪਣੇ ਦੇਸ਼ ਦੀ ਇੱਕ ਫੌਜੀ ਟੁਕੜੀ ਦੇ ਕਈ ਲੋਕ ਭੁੰਨ ਦਿੱਤੇ। ਉਹ ਅਣਿਆਈ ਮੌਤ ਹੀ ਮਾਰੇ ਗਏ।
ਬੰਦੂਕਾਂ ਦੇ ਬੋਝ ਨਾਲ ਤਨਾਅ ਹੇਠ ਕੰਮ ਕਰਦੀਆਂ ਫੋਰਸਾਂ ਦੇ ਜਵਾਨਾਂ ਦੀ ਮਾਨਸਿਕ ਹਾਲਤ ਇਸ ਵੇਲੇ ਉਨ੍ਹਾਂ ਲੋਕਾਂ ਵਰਗੀ ਹੋ ਚੁੱਕੀ ਹੈ, ਜਿਨ੍ਹਾਂ ਵਿਰੁੱਧ ਲੜਨ ਅਤੇ ਅਮਨ ਕਾਇਮ ਕਰਨ ਵਾਸਤੇ ਉਨ੍ਹਾਂ ਨੂੰ ਸਰਕਾਰਾਂ ਨੇ ਲਾਇਆ ਸੀ। ਗੋਲੀ ਤੇ ਮੋਰਚੇ ਦੀ ਮਾਨਸਿਕਤਾ ਵਿੱਚ ਆਮ ਲੋਕ ਹਰ ਥਾਂ ਫਸੇ ਜਾਪਦੇ ਹਨ। ਇਹ ਗੰਦੀ ਖੇਡ ਬੀਤੇ ਚਾਲੀ ਕੁ ਸਾਲਾਂ ਵਿੱਚ ਏਡਾ ਵੱਡਾ ਪਿੜ ਮੱਲ ਬੈਠੀ ਹੈ ਕਿ ਸੰਸਾਰ ਦਾ ਕੋਈ ਕੋਨਾ ਸ਼ਾਂਤ ਨਹੀਂ ਦਿਸਦਾ। ਹਰ ਥਾਂ ਅੱਗ ਵਰ੍ਹਦੀ ਤੇ ਮੌਤ ਨੱਚਦੀ ਹੈ, ਜਿਸ ਦੇ ਵਿਚਾਲੇ ਏਦਾਂ ਦੇ ਲੋਕ ਵੀ ਫਸੇ ਦਿਖਾਈ ਦੇਂਦੇ ਹਨ, ਜਿਹੜੇ ਦਹਿਸ਼ਤਗਰਦੀ ਨੂੰ ਆਪਣੇ ਤੋਂ ਦੂਰ ਦੀ ਖੇਡ ਮੰਨਦੇ ਹਨ। ਕਮਿਊਨਿਸਟਾਂ ਦੇ ਰੂਸ ਤੇ ਅਮਰੀਕਾ ਦੇ ਤਨਾਅ ਵਾਲੇ ਦੌਰ ਵਿੱਚ ਚਾਲੀ ਸਾਲ ਪਹਿਲਾਂ ਅਮਰੀਕਾ ਦਾ ਇੱਕ ਫੌਜੀ ਜਰਨੈਲ ਆਪਣੇ ਦੇਸ਼ ਉਤੇ ਰੂਸ ਵੱਲੋਂ ਹਮਲੇ ਦੇ ਡਰ ਕਾਰਨ ਏਨੇ ਤਨਾਅ ਵਿੱਚ ਸੀ ਕਿ ਇੱਕ ਦਿਨ 'ਹਮਲਾ, ਮਿਜ਼ਾਈਲ, ਫਾਇਰ' ਚੀਕਦਾ ਫੌਜੀ ਕਮਾਂਡ ਵਾਲੀ ਇਮਾਰਤ ਦੀ ਪੰਜਵੀਂ ਛੱਤ ਤੋਂ ਛਾਲ ਮਾਰ ਕੇ ਮਰ ਗਿਆ ਸੀ। ਏਸੇ ਤਨਾਅ ਵਿੱਚ ਜੇ ਕਿਸੇ ਤਰ੍ਹਾਂ ਉਸ ਕੋਲੋਂ ਕਿਸੇ ਮਿਜ਼ਾਈਲ ਦਾ ਬਟਨ ਦੱਬਿਆ ਜਾਂਦਾ ਤੇ ਅੱਗੋਂ ਰੂਸ ਦਾ ਕੋਈ ਅਫਸਰ ਏਦਾਂ ਬਟਨ ਦੱਬ ਦੇਂਦਾ ਤਾਂ ਹੁਣ ਵਾਲੀ ਧਰਤੀ ਓਦੋਂ ਖਤਮ ਹੋ ਜਾਂਦੀ। ਹਾਲੇ ਤੱਕ ਬਚੀ ਹੋਈ ਹੈ, ਕਿੰਨਾ ਚਿਰ ਬਚੇਗੀ, ਕਹਿ ਸਕਣਾ ਔਖਾ ਹੈ। ਜਾਰਜ ਬਰਨਾਰਡ ਸ਼ਾਅ ਇੱਕ ਇਹੋ ਜਿਹੀ ਗੱਲ ਕਹਿ ਗਿਆ ਸੀ, ਜਿਹੜੀ ਮਨੁੱਖਤਾ ਦੇ ਸਾਰੇ 'ਵਿਕਾਸ' ਨੂੰ ਸੌਖੀ ਤਰ੍ਹਾਂ ਬਿਆਨ ਕਰ ਸਕਦੀ ਹੈ। ਉਸ ਨੇ ਕਿਹਾ ਸੀ: 'ਹੁਣ ਅਸੀਂ ਪੰਛੀਆਂ ਵਾਂਗ ਆਕਾਸ਼ ਵਿੱਚ ਉੱਡਣਾ ਅਤੇ ਮੱਛੀਆਂ ਵਾਂਗ ਸਮੁੰਦਰ ਵਿੱਚ ਤਰਨਾ ਸਿੱਖ ਲਿਆ ਹੈ, ਇੱਕੋ ਗੱਲ ਰਹਿ ਗਈ ਹੈ ਕਿ ਅਸੀਂ ਅਜੇ ਬੰਦਿਆਂ ਵਾਂਗ ਧਰਤੀ ਉੱਤੇ ਚੱਲਣਾ ਸਿੱਖਣਾ ਹੈ'। ਮੁਸ਼ਕਲ ਗੱਲ ਇਹੋ ਹੈ ਕਿ ਜਿਹੜੀਆਂ ਗੱਲਾਂ ਬੰਦੇ ਨੇ ਸਭ ਤੋਂ ਪਹਿਲਾਂ ਸਿੱਖੀਆਂ ਸਨ, ਉਨ੍ਹਾਂ ਨੂੰ ਭੁਲਾ ਬੈਠਾ ਹੈ। ਸਭ ਤੋਂ ਪਹਿਲੀ ਗੱਲ ਚੱਲਣਾ ਅਤੇ ਸਮਾਜੀ ਸਮਝ ਨਾਲ 'ਬੰਦੇ ਦਾ ਦਾਰੂ ਬੰਦਾ' ਹੋਣ ਬਾਰੇ ਸਿੱਖੀ ਸੀ। ਏਸੇ ਅਕਲ ਨੇ ਬੰਦੇ ਨੂੰ ਜੰਗਲਾਂ ਤੋਂ ਨਗਰਾਂ ਵਿੱਚ ਲਿਆ ਕੇ ਨਾਗਰਿਕ ਬਣਾਇਆ ਸੀ ਤੇ ਉਹ ਹੀ ਗੱਲ ਹੁਣ ਬੰਦਾ ਭੁਲਾ ਬੈਠਾ ਜਾਪਦਾ ਹੈ। ਸਭ ਪ੍ਰਾਪਤੀਆਂ ਕਰ ਚੁੱਕਾ ਇਹ ਬੰਦਾ ਇੱਕ ਵਾਰ ਫਿਰ ਬੰਦਾ ਕਦੋਂ ਬਣੇਗਾ, ਇਸ ਦਾ ਪਤਾ ਨਹੀਂ।
4 June 2017