ਸਫ਼ਲਤਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ - ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਜਿਵੇਂ ਫੁੱਲਾਂ ਦੀ ਰੁੰਡ ਮਾਲਾ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਉਸੇ ਤਰ੍ਹਾਂ ਮੁਰਝਾਈ ਸ਼ਕਲ ਵਾਲੇ ਬੰਦੇ ਨੂੰ ਮਿਲਣ ਤੋਂ ਵੀ ਲੋਕ ਕਤਰਾਉਂਦੇ ਹਨ। ਇਸ ਲਈ ਹਮੇਸ਼ਾ ਉਤਸ਼ਾਹਿਤ ਰਹੋ। ਉਤਸ਼ਾਹ ਨਾਲ ਭਰਪੂਰ ਬੰਦੇ ਦੀ ਹਰ ਜਗ੍ਹਾ ਇੱਜ਼ਤ ਹੁੰਦੀ ਹੈ।ਉਸਦੇ ਕਈ ਕੰਮ ਆਪਣੇ ਆਪ ਹੋ ਜਾਂਦੇ ਹਨ।ਲੋਕ ਉਸਦੀ ਸੰਗਤ ਲਈ ਚਾਹਤ ਰੱਖਦੇ ਹਨ।ਉਤਸ਼ਾਹਿਤ ਬੰਦੇ ਦੀ ਹਾਜ਼ਰੀ ਵਿਚ ਬਿਮਾਰ ਵੀ ਆਪਣੇ ਆਪ ਨੁੰ ਤੰਦਰੁਸਤ ਮਹਿਸੂਸ ਕਰਦੇ ਹਨ।ਜਿਹੜੇ ਡਾਕਟਰ ਦਵਾਈ ਦੇ ਨਾਲ-ਨਾਲ ਆਪਣੇ ਮਰੀਜ਼ਾਂ ਨੂੰ ਰੁੰਗੇ ਵਜੋਂ ਹੌਂਸਲਾ ਦਿੰਦੇ ਹਨ ਉਹ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। ਜੇਕਰ ਤੁਸੀਂ ਹਮੇਸ਼ਾ ਆਪਣੀ ਸ਼ਕਲ ਇਸ ਤਰ੍ਹਾਂ ਬਣਾਈ ਰੱਖਦੇ ਹੋ ਜਿਵੇਂ ਭਾਂਡੇ ਤੋਂ ਕਲ੍ਹੀ ਉੱਤਰੀ ਹੋਵੇ ਤਾਂ ਲੋਕ ਕਟੀ ਪਤੰਗ ਵਾਂਗ ਤੁਹਾਡੇ ਤੋਂ ਦੂਰ ਜਾਣਗੇ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਕਲਾਪੇ ਦਾ ਸਰਾਪ ਭੁਗਤ ਸਕਦੇ ਹੋ।ਹਰ ਸਮੇਂ ਬੁੱਝੇ-ਬੁੱਝੇ ਰਹਿਣ ਕਾਰਨ ਬਹੁਤ ਸਾਰੇ ਵਿਅਕਤੀ ਚੰਗੀ ਵਿੱਦਿਅਕ ਯੋਗਤਾ ਦੇ ਬਾਵਜੂਦ ਵੀ ਨੌਕਰੀ ਤੋਂ ਵਾਂਝੇ ਰਹਿ ਕੇ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ।ਮਨੁੱਖ ਸਰੀਰ ਕਰਕੇ ਨਹੀਂ ਵਿਚਾਰਾਂ ਵਿੱਚ ਨਾਕਰਾਤਮਕਤਾ ਕਾਰਨ ਬੁੱਢਾ ਹੁੰਦਾ ਹੈ।ਜੇਕਰ ਤੁਹਾਡੇ ਵਿਚਾਰ ਕ੍ਰਾਂਤੀਕਾਰੀ ਹਨ ਤਾਂ ਤੁਸੀਂ ਸਦਾ ਚੜ੍ਹਦੀਕਲਾ ਵਿੱਚ ਰਹੋਂਗੇ।
ਜਦੋਂ ਢਾਹੂ ਪ੍ਰਵਿਰਤੀਆਂ ਦਿਮਾਗ਼ ਵਿੱਚ ਡੇਰਾ ਲਾ ਲੈਣ ਤਾਂ ਸਾਰੀ ਦੁਨੀਆਂ ਹੀ ਬੇਰੰਗੀ ਲੱਗਣ ਲੱਗਦੀ ਹੈ।ਕਈ ਵਾਰ ਕੰਮ ਦੀ ਰੁਟੀਨ ਕਾਰਨ ਵੀ ਜ਼ਿੰਦਗੀ ਨੀਰਸ ਜਾਪਣ ਲੱਗਦੀ ਹੈ ਤੇ ਮਨ ਉਚਾਟ ਹੋਣ ਕਾਰਨ ਸਰੀਰ ਸੁਸਤ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਤੁਸੀਂ ਰੋਜ਼ਮਰਾ ਦੀ ਰੁਟੀਨ ਬਦਲ ਕੇ ਆਪਣਾ ਮੂਡ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਦੋਂ ਅਸੀਂ ਖੁਸ਼ੀ ਨੂੰ ਮਹਿਸੂਸ ਕਰਨ ਦੀ ਥਾਂ 'ਤੇ ਆਪਣੀ ਬਿਮਾਰ ਮਾਨਸਿਕਤਾ ਦੇ ਕਾਰਨ ਦੁੱਖਾਂ ਦਾ ਪੱਲਾ ਫੜ ਕੇ ਜ਼ਿੰਦਗੀ ਗੁਜਾਰਨ ਲੱਗ ਜਾਂਦੇ ਹਾਂ ਤਾਂ ਵੀ ਜੀਵਨ ਇੱਕ ਬੋਝ ਲੱਗਣ ਲੱਗਦਾ ਹੈ।ਦੁੱਖ ਵਾਲੇ ਸਮੇਂ ਖੁਸ਼ੀ ਵਾਲੇ ਪਲਾਂ ਨੂੰ ਯਾਦ ਕਰਕੇ ਆਪਣਾ ਦੁੱਖ ਘਟਾਇਆ ਜਾ ਸਕਦਾ ਹੈ।ਜਿਹੜੇ ਖੁਸ਼ੀਆਂ ਨੂੰ ਮਾਣਨ ਦੀ ਜਾਂਚ ਸਿੱਖ ਲੈਂਦੇ ਹਨ ਉਨ੍ਹਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ।
ਉਤਸਾਹਿਤ ਵਿਅਕਤੀ ਦਾ ਜੀਵਨ ਸੱਜਰੀ ਸਵੇਰ ਵਰਗਾ ਹੁੰਦਾ ਹੈ।ਜਿਵੇਂ ਸੂਰਜ ਦੀ ਲੋਅ ਹਨੇਰੇ ਨੂੰ ਦੂਰ ਭਜਾਉਂਦੀ ਹੈ, ਇੰਝ ਹੀ ਇਕ ਉਤਸਾਹਿਤ ਵਿਆਕਤੀ ਨਿਰਾਸ਼ਾ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦਾ।ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।ਸਮਾਜ ਸਾਡੀ ਤਰੱਕੀ ਲਈ ਵੱਡਾ ਯੋਗਦਾਨ ਪਾਉਂਦਾ ਹੈ।ਇਸ ਲਈ ਸਮਾਜ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ।ਜਿਵੇਂ ਡੂੰਘੀਆਂ ਜੜ੍ਹਾਂ ਵਾਲੇ ਦਰੱਖ਼ਤ ਝੱਖੜਾਂ, ਤੂਫ਼ਾਨਾਂ ਅਤੇ ਹਨੇਰੀਆਂ ਦਾ ਡਟ ਕੇ ਮੁਕਾਬਲਾ ਕਰਦੇ ਹਨ, ਉਸੇ ਤਰ੍ਹਾਂ ਉਤਸ਼ਾਹਿਤ ਮਨੁੱਖ ਮੁਸੀਬਤਾਂ ਦੇ ਝੱਖੜਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਦਿਆਂ ਅੰਤ ਆਪਣੇ ਉਦੇਸ਼ ਵਿਚ ਸਫ਼ਲ ਹੋ ਜਾਂਦੇ ਹਨ।ਜਿਨ੍ਹਾਂ ਦੇ ਮਨ 'ਚ ਚਾਨਣ ਹੋਵੇ ਉਨ੍ਹਾਂ ਦੇ ਚਿਹਰੇ ਵੀ ਲਿਸ਼ਕਦੇ ਰਹਿੰਦੇ ਹਨ ਪਰ ਨਿਰਾਸ਼ਾਵਾਦੀ ਇਨਸਾਨ ਦੇ ਬੋਲ ਮੂੰਹ ਵਿਚ ਹੀ ਮਰ-ਮੁੱਕ ਜਾਂਦੇ ਹਨ।
ਅਸਲ ਵਿਚ ਅਜਿਹੇ ਵਿਅਕਤੀ ਦੀ ਸੋਚ ਬੁਝ ਚੁੱਕੀ ਹੁੰਦੀ ਹੈ ਤੇ ਬੁਝੀ ਹੋਈ ਸੋਚ ਵਿਚ ਉਸਨੂੰ ਜਗਦੇ ਦੀਵੇ ਦੀ ਰੋਸ਼ਨੀ ਵੀ ਵਿਖਾਈ ਨਹੀਂ ਪੈਂਦੀ।ਆਪਣੇ ਆਪ ਨੂੰ ਉਤਸ਼ਾਹਿਤ ਰੱਖਣ ਲਈ ਸਾਨੂੰ ਨਾ ਕਿਸੇ ਡਿਗਰੀ ਦੀ ਅਤੇ ਨਾ ਹੀ ਵਾਧੂ ਧਨ ਦੀ ਜ਼ਰੂਰਤ ਹੁੰਦੀ ਹੈ। ਉਤਸ਼ਾਹ ਅਤੇ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਜਿਉਣਾ ਆਪਣੇ ਆਪ ਵਿਚ ਇਕ ਕਲਾ ਹੈ।ਮੇਰੇ ਤਾਅੱਲੁਕਾਤ ਵਿਚ ਇਕ ਅਜਿਹਾ ਵਿਅਕਤੀ ਹੈ ਜੋ ਭਾਵੇਂ ਪੜਿਆ-ਲਿਖਿਆ ਤਾਂ ਘੱਟ ਹੈ ਪਰ ਉਤਸ਼ਾਹ ਨਾਲ ਭਰਿਆ ਹੋਣ ਕਰਕੇ ਉਹ ਆਪਣੀ ਫੈਕਟਰੀ ਦੇ ਸਾਰੇ ਵਰਕਰਾਂ ਨੂੰ ਖੁਸ਼ ਅਤੇ ਖੁਸ਼ਹਾਲ ਰੱਖਦਾ ਹੈ।ਉਸਦੀ ਹਾਜ਼ਰੀ ਹੀ ਮਜ਼ਦੂਰਾਂ ਦੇ ਖੂਨ ਦੇ ਦੌਰੇ ਤੇਜ਼ ਕਰ ਦਿੰਦੀ ਹੈ।''ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ''
ਕੁਝ ਦਿਨ ਪਹਿਲਾਂ ਇੱਕ 81 ਸਾਲ ਦਾ ਵਿਅਕਤੀ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਿਲ ਤੇ ਸਥਿਤ ਮੇਰੇ ਦਫ਼ਤਰ ਪਹੁੰਚਿਆ, ਉਸਦੇ ਵਿਚਾਰਾਂ 'ਚ ਤਾਜ਼ਗੀ ਜਾਣ ਕੇ ਮੈਨੂੰ ਮਹਿਸੂਸ ਹੋਇਆ ਕਿ ਉਹ 81 ਸਾਲ ਦਾ ਬਜ਼ੁਰਗ ਨਹੀਂ ਸਗੋਂ 18 ਸਾਲ ਦਾ ਨੌਜਵਾਨ ਹੈ ਜਿਸ ਕੋਲ ਕਈ ਦਹਾਕਿਆਂ ਦਾ ਵਡਮੁੱਲਾ ਤਜ਼ਰਬਾ ਹੈ।ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜ਼ਿੰਦਗੀ ਜਿਉਣ ਦਾ ਨਜ਼ਰੀਆ ਅਤੇ ਸਾਡੇ ਵਿਚਾਰ ਉਤਸ਼ਾਹਿਤ ਰਹਿਣ ਵਿਚ ਡੂੰਘਾ ਯੋਗਦਾਨ ਪਾਉਂਦੇ ਹਨ।ਜੇਕਰ ਤੁਸੀਂ ਆਪਣੇ ਆਪ ਨੂੰ ਗਰਮ ਨਹੀ ਰੱਖੋਗੇ ਤਾਂ ਲੋਕ ਤੁਹਾਨੂੰ ਗਰਮ ਕਰ ਦੇਣਗੇ।(ਮਰਨ ਉਪਰੰਤ ਬੰਦਾ ਠੰਢਾ ਹੋ ਜਾਂਦਾ ਹੈ, ਤਾਂ ਉਸਨੂੰ ਲਾਂਬੂ ਲਾਇਆ ਜਾਂਦਾ ਹੈ।) ਮਨੋਵਿਗਿਆਨਿਕ ਪੱਖ ਤੋਂ ਘੋਖਣ ਤੇ ਪਤਾ ਚੱਲਦਾ ਹੈ ਕਿ ਉਤਸ਼ਾਹ ਨਾਲ ਸਾਡੇ ਉੱਤੇ ਪਏ ਦਬਾਉ ਅਤੇ ਸਥਿਤੀ ਦੇ ਤਣਾਉ ਦੂਰ ਹੁੰਦੇ ਹਨ।ਇਸ ਲਈ ਜ਼ਰੂਰੀ ਹੈ ਕਿ ਫਿਊਜ਼ ਬੱਲਬ ਵਾਲੀ ਹੋਂਦ ਲੈ ਕੇ ਨਾ ਜੀਵੋ ਸਗੋਂ ਆਪਣੇ ਆਪ ਨੂੰ ਜਗਦਾ ਅਤੇ ਜਾਗਦਾ ਰੱਖੋ ਤਾਂ ਕਿ ਤੁਹਾਡੀ ਤਰੱਕੀ ਦਾ ਗ਼ਰਾਫ ਹੋਰ ਉੱਚਾ ਹੋ ਸਕੇ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ)
cell. 9814096108