ਮਿੰਨੀ ਕਹਾਣੀ : ਗੁਨਾਹ - ਤਰਸੇਮ ਬਸ਼ਰ

ਗਰੀਬੀ ਬੜ੍ਹੀ ਭੈੜੀ ਚੀਜ਼ ਹੈ । ਉਤੋਂ ਚਾਰ ਬੱਚੇ । ਘਰਵਾਲੀ ਨੇ ਦੋ-ਤਿੰਨ ਸਾਲ ਪਹਿਲਾਂ ਕੁਛ ਖਾ ਲਿਆ ਸੀ ਪਰ ਬਚ ਗਈ । ਇਹ ਸੌਦਾ ਉਸਨੂੰ ਮਹਿੰਗਾ ਪਿਆ ਸੀ । ਕਈ ਹਜ਼ਾਰ 'ਚ । ਨਾ ਉਸ ਨੂੰ ਪਤਾ ਸੀ ਤੇ ਨਾ ਘਰਵਾਲੀ ਨੂੰ ਕਿ ਦੇਸ਼ ਵਿੱਚ ਆਪੇ ਮਰਨ ਦੀ ਇਜ਼ਾਜਤ ਨਹੀਂ । ਇਹ ਇੱਕ ਜ਼ੁਰਮ ਸੀ ।
        ਪਹਿਲਾਂ ਘਰਵਾਲੀ ਨੇ ਆਪੇ ਮਰਨ ਦੀ ਕੋਸ਼ਿਸ਼ ਦਾ ਜੁਰਮ ਕੀਤਾ ਸੀ ਤੇ ਅੱਜ ਉਹ ਆਪ ਫੜ੍ਹਿਆ ਗਿਆ । ਹੁਣ ਜੁਰਮ ਸੀ ਆਪਣੇ ਹੀ ਬੱਚੇ ਨੂੰ ਵੇਚਣ ਦਾ । ਠਾਣੇ ਦੀਆਂ ਡਰਾਉਣੀਆਂ ਕੰਧਾਂ  ਤੇ ਗੋਦ ਵਿੱਚ ਬੈਠਾ ਮਾਸੂਮ , ਜਿਸ ਦਾ ਉਸਨੇ ਸੌਦਾ ਕੀਤਾ ਸੀ ਤਾ ਕਿ ਬਾਕੀ ਤਿੰਨਾਂ ਦੇ  ਭਵਿੱਖ ਨੂੰ ਸੁਖਾਲਾ ਕਰ ਲਵੇ । ਉਸਨੂੰ ਨਹੀਂ ਸੀ ਪਤਾ ਜ਼ਿਗਰ ਦੇ ਟੁਕੜੇ ਨੂੰ ਵੇਚਣ ਦਾ ਇਹ ਜੁਰਮ ਉਸਨੂੰ ਹੋਰ ਮਹਿੰਗਾ ਪੈਣ ਵਾਲਾ ਹੈ ।ਉਹ ਸੋਚ ਰਿਹਾ ਸੀ ਇਸ ਧਰਤੀ ਤੇ ਵੱਡਾ ਗੁਨਾਹ ਕਿਹੜਾ ਹੈ ? ਆਪੇ ਮਰਨ ਦੀ ਕੋਸ਼ਿਸ਼ ਕਰਨੀ , ਆਪਣੇ ਜਿਗਰ ਦੇ ਟੁਕੜੇ ਨੂੰ ਵੇਚਣਾ , ਜੀਣਾ ਜਾਂ ਫਿਰ ਇਸ ਧਰਤੀ ਤੇ ਗਰੀਬੀ ਵਿੱਚ ਪੈਦਾ ਹੋਣਾ । ਸਵਾਲਾਂ ਦਾਂ ਇੱਕ ਬਵੰਡਰ ਸੀ ਜਾਂ ਫਿਰ ਗੁਆਚਦੇ ਜਾਂਦੇ ਉਸ ਦੇ ਹੋਸ਼।

ਤਰਸੇਮ ਬਸ਼ਰ
99156-20944