ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ

25 Nov. 2018

ਬਾਲਾਸਰ ਫਾਰਮ ਤੋਂ ਕਿੰਨੂਆਂ ਦੀ ਚੋਰੀ ਨੇ ਬਾਦਲ ਦੇ ਸਾਹ ਸੁਕਾਏ- ਇਕ ਖ਼ਬਰ
ਕਾਸ਼ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਚੋਰੀ ਵੇਲੇ ਵੀ ਤੁਹਾਡੇ ਸਾਹ ਸੁੱਕਦੇ ਬਾਦਲ ਸਾਹਿਬ।

ਅਕਾਲੀ ਦਲ ਦੀ 'ਸਿਆਸਤ' ਦੇ ਗੇੜ 'ਚ ਉਲਝੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਇਕ ਖ਼ਬਰ
ਆਪ ਤੇ ਡੁੱਬਿਉਂ ਬਾਹਮਣਾ, ਜਜਮਾਨ ਵੀ ਗਾਲ਼ੇ।

ਸਾਡੀ ਲੜਾਈ ਪਾਰਟੀ ਨਾਲ਼ ਨਹੀਂ, ਬਾਦਲਾਂ ਨਾਲ਼ ਹੈ- ਬੋਨੀ ਅਜਨਾਲ਼ਾ
ਜੱਗ ਭਾਵੇਂ ਜੋ ਵੀ ਕਹੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।

ਐੱਸ.ਆਈ.ਟੀ. ਬਾਰੀਕੀ ਨਾਲ਼ ਜਾਂਚ ਕਰ ਰਹੀ ਹੈ ਪਰ ਹੱਥ ਉਹਦੇ ਅਜੇ ਵੀ ਖ਼ਾਲੀ?- ਇਕ ਖ਼ਬਰ
ਜਾਂਚ ਕਿਸੇ ਬਾਹਰਲੀ ਏਜੰਸੀ ਨੂੰ ਦਿਉ, ਦੇਖੋ ਫਿਰ ਹੱਥ ਭਰਦੇ।

ਜੀਜੇ-ਸਾਲੇ ਨੇ ਲਗਾਇਆ ਸਿੱਖ ਪੰਥ ਅਤੇ ਅਕਾਲੀ ਦਲ ਨੂੰ ਧੱਬਾ-ਟਕਸਾਲੀ ਅਕਾਲੀ ਆਗੂ
ਲਾਲ ਸਿੰਘ ਤੇਜ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।

ਜਮਹੂਰੀਅਤ ਲਈ ਖ਼ਤਰਾ ਬਣੀ ਮੋਦੀ ਸਰਕਾਰ- ਮਨਮੋਹਨ ਸਿੰਘ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।

ਬੈਂਕਾਂ ਨਾਲ਼ ਧੋਖਾ ਧੜੀ ਕਰਨ ਵਾਲ਼ੇ ਹੁਣ ਨਹੀਂ ਭੱਜ ਸਕਣਗੇ ਵਿਦੇਸ਼- ਇਕ ਖ਼ਬਰ
ਜੋਤਸ਼ੀ ਦੱਸਿਆ ਕਰਨਗੇ ਕਿ ਬੰਦਾ ਭੱਜਣ ਵਾਲ਼ਾ ਹੈ ਜਾਂ ਨਹੀਂ, ਸ਼ੱਕੀਆਂ ਨੂੰ ਸੰਗਲ ਲਾਏ ਜਾਣਗੇ।

ਕੌਮੀ ਸਿਆਸਤ ਵਿਚ ਚਮਕਣ ਲੱਗਿਆ ਨਵਜੋਤ ਸਿੱਧੂ-ਇਕ ਖ਼ਬਰ
ਤੇਗ਼ਾਂ ਮਾਰਦਾ ਦਲਾਂ ਨੂੰ ਜਾਵੇ ਚੀਰਦਾ, ਗੋਰਿਆਂ ਦੇ ਘਾਣ ਲੱਥ ਗਏ।

ਪਾਕਿਸਤਾਨ ਕਈ ਸਾਲਾਂ ਤੋਂ ਆਪਣੇ ਸਾਧਨਾਂ ਤੋਂ ਬਾਹਰ ਜਾ ਕੇ ਖ਼ਰਚ ਕਰ ਰਿਹੈ- ਇਕ ਰਿਪੋਰਟ
ਆਮਦਨੀ ਅਠੰਨੀ, ਖ਼ਰਚਾ ਰੁਪੱਈਆ, ਥਾ ਥੱਈਆ ਥਾ ਥੱਈਆ।

ਡੇਰਾ ਸਿਰਸਾ ਦੇ ਉਭਾਰ ਲਈ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਜ਼ਿੰਮੇਵਾਰ- ਰਾਮੂਵਾਲੀਆ
ਤੁਸੀਂ ਵਿਚ ਖ਼ੁਦਾ ਦੇ ਖ਼ਾਨਿਆਂ ਦੇ, ਜੀਊਂਦੇ ਨਾਲ਼ ਦਵਾਈਆਂ ਮਾਰਦੇ ਓ।

ਬਾਦਲਾਂ ਨੂੰ ਚੁਰਾਸੀ ਦੇ ਪੀੜਤਾਂ ਦੀ ਯਾਦ ਹੁਣ ਹੀ ਕਿਉਂ ਆਈ- ਸ਼ਿੰਗਾਰਾ ਸਿੰਘ ਭੁੱਲਰ
ਬੰਨੇ ਬੰਨੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਸੁਖਪਾਲ ਖਹਿਰਾ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ- ਕੰਗ ਭਰਾ ਤੇ ਮਾਨ
ਐਪਰ ਇਕ ਸਰਦਾਰ ਅਜੀਬ ਯਾਰੋ, ਜ਼ਖ਼ਮ ਸਾਹਮਣੇ ਮੂੰਹ 'ਤੇ ਖਾਣ ਵਾਲ਼ਾ।

ਬਠਿੰਡਾ ਹਲਕੇ ਤੋਂ 'ਬੀਬਾ ਹਰਸਿਮਰਤ' ਦੀ ਜਗ੍ਹਾ 'ਬਾਬੇ ਬਾਦਲ' ਨੂੰ ਚੋਣ ਲੜਾਉਣ ਦੀ ਚਰਚਾ- ਇਕ ਖ਼ਬਰ
ਬਾਪੂ ਵੇ ਕਲਾ ਮਰੋੜ! ਨੀਂ ਸਿਮਰੋ ਲਾ ਦੇ ਜ਼ੋਰ। 

ਸਿਆਸਤ ਤੋਂ ਪ੍ਰੇਰਿਤ ਬਿਆਨ ਦੇ ਕੇ ਅੱਗ ਨਾਲ਼ ਨਾ ਖੇਡੇ ਸੁਖਬੀਰ- ਕੈਪਟਨ
ਫ਼ੈਸ਼ਨ ਨਾ ਕਰ ਨੀਂ, ਤੇਰੀ ਹਾਲੇ ਉਮਰ ਨਿਆਣੀ।

ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ- ਸੁਸ਼ਮਾ ਸਵਰਾਜ
ਜਿੰਨਾ ਨਹਾਤੀ ਓਨਾ ਈ ਪੁੰਨ।

'ਆਪ' ਦੇ ਬਰਾਬਰ ਜਥੇਬੰਦਕ ਢਾਂਚਾ ਖੜ੍ਹਾ ਕਰੇਗਾ ਬਾਗ਼ੀ ਧੜਾ- ਇਕ ਖ਼ਬਰ
ਸੌਂਕਣ ਲਿਆਂਦੀ ਸਿੰਘ ਜੀ, ਤੈਂ ਡਰ ਦੁਨੀਆਂ ਦਾ ਲਾਹ ਕੇ।

ਸਰਕਾਰੀ ਵੋਲਵੋ ਬੱਸ ਨੂੰ ਬਠਿੰਡਾ ਬੱਸ ਸਟੈਂਡ 'ਤੇ ਸੁਖਬੀਰ ਦੀ ਔਰਬਿੱਟ ਨੇ ਲਾਈਆਂ ਬਰੇਕਾਂ- ਇਕ ਖ਼ਬਰ
ਅਸੀਂ ਟੈਂ ਨਹੀਂ ਕਿਸ ਦੀ ਮੰਨਦੇ, ਚਾਚਾ ਸਾਡਾ ਮੁੱਖ ਮੰਤਰੀ।

ਕਾਨੂੰਨ ਦੇ ਹੱਥ ਟਾਈਟਲਰ ਅਤੇ ਸੱਜਣ ਕੁਮਾਰ ਤੱਕ ਵੀ ਪਹੁੰਚਣਗੇ- ਸੁਖਬੀਰ ਬਾਦਲ
ਰੱਬ ਕਰੇ ਇਹ ਹੱਥ ਬਹਿਬਲ ਕਲਾਂ ਤੇ ਕੋਟਕਪੂਰੇ ਗੋਲ਼ੀ ਦਾ ਹੁਕਮ ਦੇਣ ਵਾਲ਼ਿਆਂ ਤੱਕ ਵੀ ਪਹੁੰਚਣ।