ਜਨਮ ਦਿਨ ਤੇ ਵਿਸ਼ੇਸ : ਨਿੱਕੀਆਂ ਜਿੰਦਾਂ ਵੱਡੇ ਸਾਕੇ - ਸਾਹਿਬਜ਼ਾਦਾ ਜੋਰਾਵਰ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਦਾ ਜਨਮ 28 ਨਵੰਬਰ 1696 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਭਾਈ ਦਿਆ ਸਿੰਘ ਦੀ ਹਿਫਾਜਤ ਵਿੱਚ ਦਿੱਲੀ ਜਾ ਪੁੱਜੇ । ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ,ਬਾਕੀ ਸਿੰਘਾਂ ਨਾਲੋਂ ਨਿਖੜ ਗਏ । ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ। ਇੱਥੇ ਉਸ ਦੀ ਨੀਅਤ ਬਦਲ ਗਈ। ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਬੇਈਮਾਨ ਹੋ ਗਿਆ। ਇੰਨ੍ਹਾਂ ਨੂੰ ਫੜ੍ਹਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸੋਹਰਤ ਲੈਣਾ ਚਾਹੁੰਦਾ ਸੀ। ਅਗਲੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਉਸ ਦੇ ਦੋਵੇਂ ਸਾਹਿਬਜ਼ਾਦੇ ਫੜ ਲਏ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਵਜੀਦ ਖਾਂ ਸੂਬਾ ਸਰਹੰਦ ਨੇ ਆਪਣੇ ਧਰਮ ਦੇ ਮੁਲਾਣਿਆ ਦੀ ਇੱਕਤਰਤਾ ਕੀਤੀ ਅਤੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਲਮਾਵਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ ।
ਨਵਾਬ ਮਲੇਰਕੋਟਲਾ ਵੀ ਇਸ ਸਭਾ ਵਿੱਚ ਹਾਜਰ ਸੀ,ਜਿਸ ਨੇ ਹਾਅ ਦਾ ਨਾਅਰਾ ਮਾਰਦਿਆਂ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਇੰਨ੍ਹਾਂ ਮਸ਼ੂਮ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ ਜੇ ਦੁਸ਼ਮਣੀ ਹੈ ਤਾਂ ਇਨ੍ਹਾਂ ਦੇ ਪਿਤਾ ਨਾਲ ਹੈ। ਉਸ ਨਾਲ ਜੋ ਮਰਜੀ ਸਲੂਕ ਕਰੋ ਪਰ ਬੱਚਿਆਂ ਤੇ ਇਹ ਜ਼ੁਲਮ ਨਹੀਂ ਢਾਹੁਣਾ ਚਾਹੀਦਾ। ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਸੀ। ਇਸ ਪਿੱਛੋ ਸੂਬੇ ਦਾ ਵਫਾਦਾਰ ਹਿੰਦੂ ਵਜੀਰ ਸੁੱਚਾ ਨੰਦ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਦੁਸਮਣ ਦੇ ਪੁੱਤਰਾਂ ਤੇ ਤਰਸ ਕਰਕੇ ਛੱਡ ਦੇਣਾ ਕਿੱਥੋ ਦੀ ਸਿਆਣਪ ਹੈ? ਉਸ ਕਿਹਾ ਕਿ ਜੇਕਰ ਤੁਸੀ ਇਸ ਵੇਲੇ ਇੰਨ੍ਹਾਂ ਨਾਲ ਕੋਈ ਰਿਆਇਤ ਕੀਤੀ ਤਾਂ ਇਹ ਬਾਗੀ ਇੱਕਠੇ ਹੋ ਤੁਹਾਡਾ ਜੀਣਾ ਹਰਾਮ ਕਰ ਦੇਣਗੇ। ਸੁੱਚਾ ਨੰਦ ਦੀ ਇਸ ਸਲਾਹ ਦੀ ਕਾਜ਼ੀਆਂ ਨੇ ਵੀ ਹਾਮੀ ਭਰੀ ਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਦੋਵਾਂ ਚੋਂ ਇੱਕ ਦਾ ਫਤਵਾ ਸੁਣਾ ਦਿੱਤਾ। ਨਵਾਬ ਮਲੇਰਕੋਟਲਾ ਅਜਿਹੇ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿੱਚੋਂ ਉੱਠ ਕੇ ਬਾਹਰ ਆ ਗਿਆ। ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸੱਤ ਸਾਲਾਂ ਦੇ ਸਨ । ਕਾਜ਼ੀਆਂ ਨੇ ਉਨ੍ਹਾਂ ਦੁਬਾਰਾ ਫਿਰ ਆਪਣੀ ਜਾਨ ਬਚਾੳੇਣ ਲਈ ਇਸਲਾਮ ਕਬੂਲਣ ਦੀ ਸਲਾਹ ਦਿੱਤੀ ਗਈ ਪਰ ਅੱਗੋ ਬੜੇ ਹੌਸਲੇ ਤੇ ਬੁਲੰਦ ਅਵਾਜ਼ ਆਈ ਕਿ ਮੌਤ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜੋ ਮੌਤ ਤੋਂ ਨਹੀਂ ਡਰਦੇ। ਤੁਸੀ ਆਪਣਾ ਸਾਰਾ ਤਾਣ ਲਾ ਵੇਖੋ ਪਰ ਜਬਰ ਅੱਗੇ ਸਬਰ ਨੇ ਝੁਕਣਾ ਨਹੀਂ। ਉਨ੍ਹਾਂ ਸਾਹਮਣੇ ਕਾਜੀਆਂ ਦਾ ਫੈਸਲਾ ਰੱਖਿਆ ਗਿਆ ਪਰ ਸੇਰ ਦਿਲ ਗੁਰੂ ਪੁੱਤਰਾਂ ਨੇ ਇਸਲਾਮ ਦੇ ਮੁਕਾਬਲੇ ਮੌਤ ਲਾੜੀ ਨੂੰ ਪਹਿਲ ਦਿੱਤੀ। ਕਿੰਨੀ ਅਣਹੋਣੀ ਗੱਲ ਹੈ ਕਿ ਮਾਸ਼ੂਮ ਤੇ ਬੇਕਸੂਰ ਬੱਚਿਆਂ ਨੂੰ ਮੌਤ ਦੀ ਸਜਾ ਦੇਣੀ ਸਗੋਂ ਉਹ ਵੀ ਦੀਵਾਰ ਵਿੱਚ ਚਿਣ ਕੇ ਬੇਰਹਿਮੀ ਨਾਲ ਸ਼ਹੀਦ ਕਰ ਦੇਣਾ। ਆਖਰ ਦੋਵਾਂ ਸਹਿਬਜ਼ਾਦਿਆ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੋਨਾਂ ਮਾਸੂਮ ਜਿੰਦੜੀਆਂ ਨੂੰ ਸ਼ਹੀਦ ਕਰਕੇ ਹਕਮੂਤ ਨੇ ਸਮਝਿਆ ਕਿ ਬਹੁਤ ਵੱਡੀ ਮੱਲ ਮਾਰ ਲਈ ਹੈ। ਇਸ ਤੋਂ ਕੁਝ ਅਰਸੇ ਪਿਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਕੇ ਸਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਮਾਸੂਮਾਂ ਦੀ ਮੌਤ ਦੇ ਅਸਲ ਮੁਜ਼ਰਮਾਂ ਵਜੀਦ ਖਾਂ ਤੇ ਸੁੱਚਾ ਨੰਦ ਤੋਂ ਗਿਣ ਗਿਣ ਕੇ ਬਦਲੇ ਲਏ ਗਏ।
ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com