ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ
ਸੱਚੀ ਗੱਲ ਮੇਰੀ ਸੁਣਕੇ ਤੂੰ
ਵੇਖੀਂ ਹੋ ਨਾ ਜਾਈਂ ਨਾਰਾਜ਼ ਮੀਆਂ
ਖ਼ਬਰ ਹੈ ਕਿ ਰਾਮ ਮੰਦਰ ਬਨਾਉਣ ਨੂੰ ਲੈਕੇ ਚੱਲ ਰਹੇ ਵਿਵਾਦ ਸਬੰਧੀ ਸ਼ਿਵ ਸੈਨਾ ਮੁੱਖੀ ਊਧਵ ਠਾਕਰੇ ਨੇ ਆਯੋਧਿਆ ਪੁੱਜਕੇ ਕਿਹਾ ਕਿ ਅਸੀਂ ਇਥੇ ਰਾਜਨੀਤੀ ਕਰਨ ਨਹੀਂ ਆਏ ਸਾਨੂੰ ਰਾਮ ਮੰਦਰ ਦੀ ਤਰੀਕ ਚਾਹੀਦੀ ਹੈ। ਆਯੁੱਧਿਆ ਵਿੱਚ ਇਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਰਾਮ ਭਗਤ ਇੱਕਠੇ ਹੋਏ ਹਨ। ਠਾਕਰੇ ਨੇ ਕਿਹਾ ਕਿ ਜਦ ਭਾਜਪਾ ਸੱਤਾ 'ਚ ਨਹੀਂ ਸੀ ਉਸ ਵੇਲੇ ਰਾਮ ਮੰਦਰ ਦਾ ਮੁੱਦਾ ਉਹਨਾ ਲਈ ਔਖਾ ਹੋ ਸਕਦਾ ਸੀ, ਪਰ ਹੁਣ ਤਾਂ ਭਾਜਪਾ ਦਾ ਰਾਜ ਹੈ, ਅਨੂਕੁਲ ਸਥਿਤੀਆਂ ਹਨ, ਹੁਣ ਮੰਦਿਰ ਕਿਉਂ ਨਹੀਂ ਬਣਦਾ? ਹੁਣ ਸੰਸਦ 'ਚ ਜੇਕਰ ਭਾਜਪਾ ਕਾਨੂੰਨ ਜਾਂ ਬਿੱਲ ਲਿਆਉਂਦੀ ਹੈ ਅਸੀਂ ਉਸਦਾ ਸਮਰਥਨ ਕਰਾਂਗੇ।
ਭੀੜ ਤੰਤਰ ਨਾਲ ਲੋਕਾਂ ਨੂੰ ਡਰਾਕੇ, ਗਊ-ਹੱਤਿਆ ਦੇ ਨਾਮ ਉਤੇ ਬੰਦਿਆਂ ਦੀ ਹੱਤਿਆ ਕਰਵਾਕੇ ਪਹਿਲਾਂ ਹੀ ਬਥੇਰੀ ਬੱਲੇ-ਬੱਲੇ ਹੋਈ ਪਈ ਦੇਸ਼ ਦੀ। ਪਹਿਲਾਂ ਹੀ ਬਥੇਰਾ ਹੋ-ਹੱਲਾ ਮੱਚਿਆ ਪਿਆ 'ਰਾਮ-ਲੱਲਾ' ਜੀ ਦੇ ਨਾਮ ਤੇ। ਹੁਣ ਕੀ ਕਸਰ ਰਹਿ ਗਈ ਕਿ ਭਗਤਾਂ ਨੂੰ ਮੁੜ ਆਯੁਧਿਆ ਦੇ ਰਾਹ ਤੋਰਿਆ ਜਾ ਰਿਹੈ। ਅਸਾਂ ਤਾਂ ਸੁਣਿਆ ਸੀ ਅੱਲਾ, ਰਾਮ, ਗੌਡ, ਵਾਹਿਗੁਰੂ, ਰਹੀਮ, ਕੁਦਰਤ ਦੇ ਕਣ-ਕਣ 'ਚ ਵਸਦੇ ਨੇ। ਪਰ ਆਹ ਤਾਂ ਹੁਣ ਪਤਾ ਲੱਗਾ ਕਿ ਬਾਬਰੀ ਢਾਓ, ਮੰਦਰ ਬਣਾਓ। ਬੰਦਾ ਢਾਓ, ਉਪਰ ਪਹੁੰਚਾਓ ਅਤੇ ਉਪਰਲੇ ਦੀਆਂ ਖੁਸ਼ੀਆਂ ਪਾਓ। ਪਰ ਆਹ ਤਾਂ ਹੁਣ ਪਤਾ ਲੱਗਾ ਕਿ ਬੰਦੇ ਦਾ ਲਹੂ ਭਾਵੇਂ ਲਾਲ ਹੁੰਦਾ ਪਰ ਜਦੋਂ ਕਟਾਰਾਂ ਚਲਦੀਆਂ ਨੇ, ਛੁਰੇ ਚੱਲਦੇ ਨੇ, ਤਲਵਾਰਾਂ ਖੜਕਦੀਆਂ ਨੇ, ਤੀਰਾਂ, ਬੰਦੂਕਾਂ ਤੇ ਪਿਸਤੌਲਾਂ ਚਲਦੀਆਂ ਨੇ ਤਾਂ ਸਾਹਮਣੇ ਵਾਲੇ ਵੱਖਰੀ ਸ਼ਕਲ, ਵੱਖਰੇ ਪਹਿਰਾਵੇ, ਵੱਖਰਾ ਖਾਣ-ਪੀਣ ਹੰਢਾਉਣ ਵਾਲੇ ਬੰਦੇ, ਅਸਲ 'ਚ ਮਨੁੱਖ ਨਹੀਂ, ਇੱਕ ਦੁਸ਼ਮਣ ਦਿਸਦੇ ਨੇ, ਤੇ ਉਹਨਾ ਦਾ ਲਾਲ ਲਹੂ ਵਹਾਉਂਦਿਆਂ, ਆਪਣਾ ਲਹੂ ਚਿੱਟਾ ਹੋ ਜਾਂਦਾ ਆ।
ਸਭ ਕਰਾਮਾਤਾਂ 2019 ਦੀਆਂਨੇ! ਸਭ ਕਰਾਮਾਤਾਂ ਚਾਰ ਟੰਗੀ ਕੁਰਸੀ ਦੀ ਪ੍ਰਾਪਤੀ ਦੀਆਂ ਨੇ। ਇਹਨਾ ਕੁਰਸੀ ਵਾਲੇ ਹਾਕਮਾਂ ਵਲੋਂ ਬੰਦੇ ਗਾਜਰਾਂ, ਮੂਲੀਆਂ ਵਾਂਗਰ ਕਟਵਾਏ ਜਾਂਦੇ ਨੇ, ਬੰਬਾਂ ਨਾਲ ਮਰਵਾਏ ਜਾਂਦੇ ਨੇ। ਉਹਨਾ ਲਈ ਕੁਝ ਨਾ ਰਾਮ ਹੈ, ਨਾ ਰਹੀਮ। ਉਹਨਾ ਲਈ ਨਾ ਕੋਈ ਗੌਡ ਹੈ, ਨਾ ਅੱਲਾ। ਉਹ ਤਾਂ ਉਚੀ ਨਾਹਰੇ ਲਾਉਂਦੇ ਨੇ। ਲੋਕਾਂ ਨੂੰ ਭਰਮਾਉਂਦੇ ਨੇ ਅਤੇ ਚਾਰ ਦਿਨ ਆਪਣੀਆਂ ਰੋਟੀ ਸੇਕ ਕੇ ਬੱਸ ਪ੍ਰਭੂ ਦੇ ਗੁਣ ਗਾਉਂਦੇ ਨੇ। ਮੈਂ ਝੂਠ ਬੋਲਿਆ? ਕੀ ਮੈਂ ਕੁਫਰ ਤੋਲਿਆ? ਭਾਈ ਕੁਰਸੀ ਵਾਲਿਆ, ''ਸੱਚੀ ਗੱਲ ਮੇਰੀ ਸੁਣਕੇ ਤੂੰ, ਵੇਖੀ ਹੋ ਨਾ ਜਾਈਂ ਨਾਰਾਜ਼ ਮੀਆਂ''।
ਤੇਰੇ ਦਰ ਤੇ ਆ ਕੇ ਨੱਕ ਰਗੜਾਂ,
ਤੇਰੀ ਗੋਲਕ ਵਿੱਚ ਸੌ ਦਾ ਨੋਟ ਪਾਵਾਂ
ਖ਼ਬਰ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ 'ਤੇ ਸੂਬਾ ਸਰਕਾਰ ਵਲੋਂ ਬਾਬੇ ਦੀ ਨਗਰੀ ਵਿੱਚ ਪ੍ਰਾਜੈਕਟਾਂ ਦੀ ਬਰਸਾਤ ਅਤੇ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਕੇ, ਪੰਜਾਬ ਵਿੱਚ ਕਾਂਗਰਸ ਵੋਟ ਬੈਂਕ ਵੱਲ ਕਦਮ ਵਧਾਉਣ ਲੱਗੀ ਹੈ। ਕੈਪਟਨ ਦੇ ਬਾਰੇ ਸਟੇਜ ਤੋਂ ਵਾਰ-ਵਾਰ ਕਿਹਾ ਗਿਆ ਕਿ ਉਹਨਾ ਦੇ ਪਰਿਵਾਰ ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ। ਸਟੇਜ ਤੋਂ ਜਿਸ ਢੰਗ ਨਾਲ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਲੱਗ ਰਹੇ ਸਨ, ਇਸਤੋਂ ਸਾਫ ਸੰਕੇਤ ਮਿਲਦਾ ਹੈ ਕਿ ਕਾਂਗਰਸ ਹੁਣ ਪੰਜਾਬ ਵਿੱਚ ਪੰਥਕ ਵੋਟ ਬੈਂਕ ਵੱਲ ਘੁੰਮ ਰਹੀ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖਰਾ ਪੰਡਾਲ ਲਗਾਇਆ, ਜਿਥੇ ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ ਲੌਂਗੇਵਾਲ ਆਦਿ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਸਮੇਤ ਸ਼ਾਮਲ ਹੋਏ। ਇਸ ਸਮੇਂ ਸੋਨੇ ਦੇ 10 ਗ੍ਰਾਮ ਅਤੇ 5 ਗ੍ਰਾਮ ਦੇ ਸਿੱਕੇ ਅਤੇ ਚਾਂਦੀ ਦੇ 50 ਗ੍ਰਾਮ ਅਤੇ 25 ਗ੍ਰਾਮ ਦੇ ਸਿੱਕੇ ਜਾਰੀ ਹੋਏ। ਉਧਰ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਨੇ ਆਪੋ ਆਪਣੇ ਇਲਾਕਿਆਂ 'ਚ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਅਤੇ ਇੱਕ ਸਾਲ ਦੇ ਸਮੇਂ 'ਚ ਇਹ ਲਾਂਘਾ ਬਨਾਉਣਾ ਤਹਿ ਹੋਇਆ। ਭਾਰਤ-ਪਾਕਿ ਸਰਕਾਰਾਂ ਨੇ ਪੌਣੀ ਸਦੀ 'ਚ ਇਹ ਪੌਣੇ ਦੇ ਮੀਲ ਦਾ ਪੈਂਡਾ ਤਹਿ ਕੀਤਾ।
ਬਾਬੇ ਨਾਨਕ ''ਸੰਵਾਦ'' ਰਚਾਇਆ। ਜਗਤ ਘੁੰਮਿਆ। ਚਾਰ ਉਦਾਸੀਆਂ ਕੀਤੀਆਂ। ਚਰਚਾ ਕੀਤੀ। ਖੇਤੀ ਕੀਤੀ। ਧਰਮ ਕਮਾਇਆ। ਮੰਦਿਆਂ ਨੂੰ ਚੰਗੇ ਰਸਤੇ ਲਾਇਆ। ਸਤਿਗੁਰੂ, ਜਗਤ ਗੁਰੂ, ਬਾਬਾ ਨਾਨਕ, ਨਾਨਕ ਸ਼ਾਹ ਫਕੀਰ, ਭਗਤ ਨਾਨਕ, ਨਾਨਕ ਕਲੰਦਰ ਅਖਵਾਇਆ। ਬਾਬੇ ਨਾਨਕ ਹੋਕਾ ਦਿੱਤਾ। ਨਿਰੰਕਰ ਦਾ। ਨਿਰਭਓ ਦਾ। ਨਿਰਵੈਰ ਦਾ। ਸੇਵਾ ਦਾ। ਸਾਂਝੀ ਪੰਗਤ ਦਾ। ਸਾਂਝੀਵਾਲਤਾ ਦਾ। ਸਾਡੀਆਂ ਸਰਕਾਰਾਂ ਸਾਡੇ ਚੌਧਰੀ, ਸਾਡੇ ਨੇਤਾ, ਸਾਡੇ ਧਰਮ ਦੇ ਠੇਕੇਦਾਰ ਬਾਬੇ ਨਾਨਕ ਦੇ ਨਾਮ ਉਤੇ ਆਪਣੀਆਂ ਚੌਧਰਾਂ ਚਮਕਾਉਣ ਦੇ ਰਾਹ ਤੁਰ ਪਏ ਹੋਏ ਨੇ।
ਵੇਖੋ ਨਾ, ਸਾਡੀਆਂ ਸਰਕਾਰਾਂ ਹੋਕਾਂ ਦਿੰਦੀਆਂ ਨੇ ਆਪਣੀਆਂ ਪ੍ਰਾਪਤੀਆਂ ਦੀਆਂ। ਸਾਡੀਆਂ ਸਰਕਾਰਾਂ ਹੋਕਾ ਦਿੰਦੀਆਂ ਨੇ ਹਊਮੈ ਤੇ ਨਾਨਕ ਲੇਵਾ ਸੰਗਤਾਂ 'ਤੇ ਅਹਿਸਾਨ ਦੀਆਂ। ਸਰਕਾਰਾਂ ਦਾ ਤਾਂ ਭਾਈ ਕੰਮ ਹੀ ਇਹੋ ਹੁੰਦਾ, ਕੁਝ ਥੋੜਾ ਕਰੋ, ਢੰਡੋਰਾ ਪਿੱਟੋ, ਲੋਕਾਂ ਨੂੰ ਮੂਰਖ ਬਣਾਉ ਤੇ ਆਪਣੇ ਲਈ ਜੱਸ ਖੱਟੋ। ਅਤੇ ਮੌਕਾ ਮਿਲੇ ਤੇ ਮਾਲਕ ਭਾਗੋ ਬਣ, ਲਾਲੋਆਂ ਨੂੰ ਢਾਅ ਲਾਓ।
ਪਰ ਹੁਣ ਤਾਂ ਬੰਦਾ ਵੀ ਭਾਈ 'ਨਾਨਕ' ਦੁਆਰੇ, ਸਿੱਖਿਆ ਲਈ ਨਹੀਂ ਪ੍ਰਾਪਤੀ ਖੱਟਣ ਜਾਂਦਾ ਆ। ਰੁਪੱਈਏ ਦਾ ਸਿੱਕਾ ਗੋਲਕ 'ਚ ਪਾ, ਲੱਖਾ ਦੀਆਂ ਮੰਗਾਂ ਮੰਗਦਾ ਆ। ਬੰਦਾ ਵੀ ਹੁਣ ਨਾਨਕ ਦੁਆਰੇ ਸ਼ਾਂਤੀ ਪ੍ਰਾਪਤੀ ਲਈ ਨਹੀਂ, ਦੂਜਿਆਂ ਦੀਆਂ ਬਰਬਾਦੀਆਂ ਦੀਆਂ ਸੁੱਖਾਂ ਸੁੱਖਣ ਜਾਂਦਾ ਆ। ਬੰਦਾ ਵੀ ਹੁਣ ਨਾਨਕ ਦੁਆਰੇ ਸੇਵਾ ਲਈ ਨਹੀਂ, ਆਪਣੇ ਕੀਤੇ ਕੁਕਰਮਾਂ ਦੀ ਖਿਮਾ ਮੰਗਣ ਜਾਂ ਨੱਕ ਰਗੜਨ ਲਈ ਜਾਂਦਾ ਆ। ਹੈ ਕਿ ਨਾ? ਕਵੀਓ ਵਾਚ ''ਤੇਰੇ ਦਰ ਤੇ ਆਕੇ ਨੱਕ ਰਗੜਾਂ, ਤੇਰੀ ਗੋਲਕ ਵਿੱਚ ਸੌ ਦਾ ਨੋਟ ਪਾਵਾਂ''।
ਪੈਸੇ ਥੱਲੇ ਦਬ ਚੁਕਿਆ ਕਿਰਦਾਰ ਬੰਦੇ ਦਾ,
ਬੰਦਾ ਹੀ ਅੱਜ ਹੋ ਗਿਆ ਸ਼ਿਕਾਰ ਬੰਦੇ ਦਾ
ਖ਼ਬਰ ਹੈ ਕਿ ਤਾਮਿਲਨਾਡੂ ਵਿੱਚ ਆਮਦਨ ਕਰ ਵਿਭਾਗ ਨੇ ਇੱਕ ਕੰਪਨੀ ਤੇ ਛਾਪੇਮਾਰੀ ਕਰਕੇ ਕੁਝ ਦਸਤਾਵੇਜ ਜ਼ਬਤ ਕੀਤੇ ਹਨ, ਜਿਹਨਾ 'ਚ ਸਰਕਾਰ ਦੀ ਮਿਡ ਡੇ ਮੀਲ ਨਾਲ ਜੁੜੇ ਵੱਡੇ ਘੁਟਾਲੇ ਦਾ ਖੁਲਾਸਾ ਹੋਇਆ ਹੈ। ਅਖਬਾਰ 'ਦ ਹਿੰਦੂ' ਦੀ ਇੱਕ ਰਿਪੋਰਟ ਮੁਤਾਬਕ ਨੇਤਾਵਾਂ, ਨੌਕਰਸ਼ਾਹਾਂ ਅਤੇ ਉਹਨਾ ਦੇ ਪਰਵਾਰਕ ਮੈਂਬਰਾਂ ਨੂੰ ਇਸ 'ਚ ਤਕਰੀਬਨ 2400 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ। ਇਹ ਛਾਪਾ ਭੋਜਨ ਉਤਪਾਦਨ ਵੇਚਣ ਵਾਲੀ ਕੰਪਨੀ ਕ੍ਰਿਸਟੀ ਫਰਾਈਡਗ੍ਰਾਮ ਇੰਡਸਟਰੀ ਤੇ ਪਿਆ ਸੀ, ਜਿਥੇ ਤਾਮਿਲਨਾਡੂ ਸਰਕਾਰ ਦੀ ਮਿਡ ਡੇ ਮਿਲ ਲਈ ਦਾਲ, ਪਾਮ ਤੇਲ, ਆਂਡੇ ਅਤੇ ਹੋਰ ਸਮੱਗਰੀ ਪਈ ਸੀ।
ਪੂਰਬ, ਪੱਛਮ, ਉਤਰ, ਦੱਖਣ ਬੱਸ ਇਕੋ ਡੰਕਾ ਵਜਿਆ ਹੋਇਆ, ਉਹ ਆ ਭਾਈ ਘੁਟਾਲੇ ਦਾ, ਘਾਲੇ-ਮਾਲੇ ਦਾ। ਹੈ ਕਿ ਨਾ?
ਉਤਰ, ਦੱਖਣ, ਪੂਰਬ, ਪੱਛਮ ਬੱਸ ਇਕੋ ਡੰਕਾ ਵੱਜਿਆ ਹੋਇਆ, ਉਹ ਆ ਭਾਈ ਰਿਸ਼ਵਤ ਖੋਰੀ ਦਾ, ਧੱਕਾ-ਜੋਰੀ ਦਾ। ਹੈ ਕਿ ਨਾ?
ਪੂਰਬ ਹੋਵੇ ਜਾਂ ਪੱਛਮ, ਉਤਰ ਹੋਵੇ ਜਾਂ ਦੱਖਣ ਅਨਾਚਾਰ, ਵਿਭਚਾਰ, ਵਕਤੀ ਸ਼ੋਹਰਤ ਤੇ ਚੌਕੇ-ਛੱਕੇ ਨਾਲ ਧੰਨ ਕਮਾਉਣ ਦਾ ਬੋਲਬਾਲਾ ਆ। ਕੌਣ ਇਨਕਾਰ ਕਰੂ ਇਸ ਗੱਲ ਤੋਂ? ਪੂਰਬ ਹੋਵੇ ਜਾਂ ਪੱਛਮ, ਉਤਰ ਹੋਵੇ ਜਾ ਦੱਖਣ, ਮਨੁੱਖ ਦਾ ਅਕਸ ਦੋ ਫਾੜ ਹੋ ਰਿਹੈ। ਮਨੁੱਖੀ ਕੀਮਤਾਂ ਲੀਰੋ-ਲੀਰ ਹੋ ਰਹੀਆਂ। ਕੌਣ ਇਨਕਾਰ ਕਰੂ ਇਸ ਗੱਲ ਤੋਂ?
ਪੂਰਬ ਦੀ ਗੱਲ ਕਰ ਲੈ ਭਾਵੇਂ ਪੱਛਮ ਦੀ, ਇਥੇ ਰਾਜ ਹੈ ਪੁੱਤਾਂ ਦਾ, ਭਤੀਜਿਆਂ ਦਾ। ਉਤਰ ਦੀ ਗੱਲ ਕਰ ਲੈ, ਭਾਵੇਂ ਦੱਖਣ ਦੀ, ਇੱਥੇ ਰਾਜ ਹੈ, ਗੁੰਡਿਆਂ ਦਾ, ਜਾਂ ਸਾਲਿਆਂ ਦਾ। ਪੂਰਬ, ਪੱਛਮ, ਉਤਰ ਦੱਖਣ ਦੀ ਗੱਲ ਕਰ ਲੈ ਇਥੇ ਮੌਸਮ ਹੈ ਘਪਲਿਆਂ, ਘੁਟਾਲਿਆਂ ਦਾ। ਇਸੇ ਕਰਕੇ ਤਾਂ ਇੱਕ ਬਹੁਤ ਹੀ ਪਿਆਰਾ ਸ਼ਾਇਰ ਲਿਖਦਾ ਆ, ''ਪੈਸੇ ਥੱਲੇ ਦਬ ਚੁਕਿਆ ਕਿਰਦਾਰ ਬੰਦੇ ਦਾ, ਬੰਦਾ ਹੀ ਅੱਜ ਹੋ ਗਿਆ ਸ਼ਿਕਾਰ ਬੰਦੇ ਦਾ''।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿੱਚ ਇਸ ਵੇਲੇ 2, 38,000 ਏ ਟੀ ਐਮ ਕੰਮ ਕਰ ਰਹੇ ਹਨ, ਜਿਹਨਾ ਵਿਚੋਂ ਅੱਧੇ 2019 ਤੱਕ ਬੰਦ ਹੋਣ ਦਾ ਖਦਸ਼ਾ ਹੈ।
ਸੂਬੇ ਤਾਮਿਲਨਾਡੂ ਵਿੱਚ ਮੁਫਤ ਸਰਕਾਰੀ ਯੋਜਨਾਵਾਂ ਉਤੇ ਮਦਰਾਸ ਹਾਈਕੋਰਟ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਮੁਫਤ ਚਾਵਲ ਦੇਣ ਦੀ ਸਕੀਮ ਅਤੇ ਇਹੋ ਜਿਹੀਆਂ ਹੋਰ ਸਕੀਮਾਂ ਨੇ ਤਾਮਿਲਨਾਡੂ ਦੇ ਲੋਕਾਂ ਨੂੰ ਆਲਸੀ ਬਣਾ ਦਿੱਤਾ ਹੈ ਅਤੇ ਇਸਦਾ ਨਤੀਜਾ ਇਹ ਹੋਇਆ ਹੈ ਕਿ ਤਾਮਿਲਨਾਡੂ 'ਚ ਮਜ਼ਦੂਰੀ ਕਰਨ ਲਈ ਉਤਰ ਭਾਰਤ ਦੇ ਲੋਕਾਂ ਨੂੰ ਬੁਲਾਉਣਾ ਪੈ ਰਿਹਾ ਹੈ।
ਇੱਕ ਵਿਚਾਰ
ਕਦੇ ਕਦੇ ਸਿਰਫ ਜੀਊਂਦੇ ਰਹਿਣਾ ਵੀ ਹੌਸਲੇ ਦਾ ਕੰਮ ਹੁੰਦਾ ਹੈ।...........ਲੂਸੀਅਮ ਅਨਾਸ ਸੇਨੇਕਾ(ਰੋਮਨ ਫਿਲਾਸਫਰ)
ਗੁਰਮੀਤ ਪਲਾਹੀ
9815802070