ਭਾਰਤ-ਇਸਰਾਈਲ ਸੰਬੰਧਾਂ ਦੇ ਨਵੇਂ ਦੌਰ ਦੌਰਾਨ ਵੀ ਵਾਹਵਾ ਸੰਭਲ ਕੇ ਚੱਲਣ ਦੀ ਲੋੜ - ਜਤਿੰਦਰ ਪਨੂੰ
ਆਪਣੇ ਦੇਸ਼ ਦੇ ਇੱਕ ਸੌ ਤੀਹ ਕਰੋੜ ਲੋਕਾਂ ਦੇ ਪ੍ਰਤੀਨਿਧ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਇਸਰਾਈਲ ਗਏ ਸਨ। ਓਥੇ ਉਨ੍ਹਾ ਨੇ ਇਹ ਗੱਲ ਠੀਕ ਕਹੀ ਕਿ ਸੱਤਰ ਸਾਲ ਹੋ ਗਏ ਸਨ ਇਹ ਦੇਸ਼ ਬਣਿਆਂ ਨੂੰ ਤੇ ਅੱਜ ਤੱਕ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਏਥੇ ਨਹੀਂ ਆਇਆ, ਹੁਣ ਮੈਂ ਆਇਆ ਹਾਂ। ਇਹੋ ਜਿਹੀ ਬੇਲੋੜੀ ਤੁਲਨਾ ਦੀ ਉਨ੍ਹਾ ਨੂੰ ਖੇਚਲ ਨਹੀਂ ਸੀ ਕਰਨੀ ਚਾਹੀਦੀ ਕਿ ਜਿੱਥੇ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਨਹੀਂ ਗਿਆ, ਓਥੇ ਹੁਣ ਮੈਂ ਆਇਆ ਹਾਂ। ਮੋਦੀ ਜੀ ਦਾ ਰਿਕਾਰਡ ਇਤਿਹਾਸਕ ਤੁਲਨਾ ਦੇ ਪੱਧਰ ਦਾ ਹੈ। ਇਸਰਾਈਲ ਦੇ ਸੱਤਰ ਸਾਲਾਂ ਦੇ ਸਮੇਂ ਦੀ ਬਜਾਏ ਇਸ ਨਾਲੋਂ ਚਾਰ ਗੁਣਾਂ ਤੋਂ ਵੱਧ ਦੋ ਸੌ ਨੱਬੇ ਸਾਲ ਪੁਰਾਣੇ ਇੱਕ ਯਾਤਰੀ ਕਥਾਨਕ ਨਾਲ ਤੁਲਨਾ ਕਰ ਲੈਣੀ ਵੱਧ ਠੀਕ ਰਹੇਗੀ। ਓਦੋਂ ਜੋਨਾਥਨ ਸਵਿਫਟ ਨੇ 'ਗੁਲੀਵਰ ਦੀਆਂ ਯਾਤਰਾਵਾਂ' ਲਿਖੀਆਂ ਸਨ, ਜਿਨ੍ਹਾਂ ਦਾ ਨਾਇਕ ਹਰ ਵਾਰੀ ਇਹੋ ਜਿਹੇ ਦੇਸ਼ ਵਿੱਚ ਜਾਂਦਾ ਸੀ, ਜਿੱਥੇ ਕਦੇ ਕੋਈ ਨਹੀਂ ਸੀ ਗਿਆ। ਨਰਿੰਦਰ ਮੋਦੀ ਦੇ ਹਰ ਵਿਦੇਸ਼ ਦੌਰੇ ਦਾ ਪ੍ਰੋਗਰਾਮ ਵੀ ਏਸੇ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਓਥੇ ਜਾ ਕੇ 'ਮੈਂ ਪਹਿਲਾ' ਜਾਂ ਐਨੇ ਸਾਲਾਂ ਪਿੱਛੋਂ ਇਸ ਦੇਸ਼ ਵਿੱਚ ਆਉਣ ਵਾਲਾ 'ਮੈਂ ਪਹਿਲਾ' ਕਹਿਣ ਦਾ ਸਬੱਬ ਬਣ ਸਕੇ। ਕੈਨੇਡਾ ਦੇ ਦੌਰੇ ਵੇਲੇ ਜਦੋਂ ਉਨ੍ਹਾ ਨੇ ਏਦਾਂ ਦੀ ਗੱਲ ਕਹੀ ਤਾਂ ਓਥੋਂ ਦੇ ਅਖਬਾਰਾਂ ਨੇ ਅਗਲੇ ਦਿਨ ਇਹ ਵੇਰਵਾ ਵੀ ਨਾਲ ਹੀ ਛਾਪ ਦਿੱਤਾ ਸੀ ਕਿ ਚਾਰ ਸਾਲ ਪਹਿਲਾਂ ਭਾਰਤ ਤੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਆਇਆ ਸੀ। ਇਸ ਨਾਲ ਸਥਿਤੀ ਹਾਸੋਹੀਣੀ ਹੋ ਗਈ ਸੀ।
ਦੂਸਰੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਿਦੇਸ਼ੀ ਹਾਕਮ ਨਾਲ ਨਿੱਜੀ ਸਾਂਝ ਵਿਖਾਉਣ ਦੀ ਚੁਸਤ ਕੋਸ਼ਿਸ਼ ਕਰਨ ਲੱਗਦੇ ਹਨ। ਬਰਾਕ ਓਬਾਮਾ ਨਾਲ ਵੀ ਬੜੀ ਨਿੱਜੀ ਸਾਂਝ ਦੱਸੀ ਜਾਂਦੀ ਸੀ, ਪਰ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਲਣੋਂ ਪਹਿਲਾਂ ਹੀ ਮੋਦੀ ਨੂੰ ਆਪਣਾ ਬਹੁਤ ਵਧੀਆ ਦੋਸਤ ਕਹਿ ਦਿੱਤਾ ਤਾਂ ਓਸੇ ਦੇਸ਼ ਵਿੱਚ ਬੈਠੇ ਬਰਾਕ ਓਬਾਮਾ ਦਾ ਮੋਦੀ ਨੂੰ ਚੇਤਾ ਨਹੀਂ ਸੀ ਰਿਹਾ। ਦੇਸ਼ਾਂ ਦੇ ਮੁਖੀਆਂ ਦੀ ਦੋਸਤੀ ਲਈ ਇਹੋ ਜਿਹੇ ਨਿੱਜੀ ਰੰਗ ਕੋਈ ਅਰਥ ਨਹੀਂ ਰੱਖਦੇ, ਪਰ ਨਰਿੰਦਰ ਮੋਦੀ ਆਪਣੀ ਭਾਸ਼ਣ ਕਲਾ ਵਿੱਚ ਇਹ ਰੰਗ ਇਸ ਤਰ੍ਹਾਂ ਭਰਦੇ ਹਨ ਕਿ ਉਨ੍ਹਾਂ ਦੇ ਵਿਰੋਧੀ ਵੀ ਖੜੇ ਪੈਰ ਤਾੜੀਆਂ ਮਾਰ ਸਕਦੇ ਹਨ। ਕੂਟਨੀਤੀ ਵਿੱਚ ਇਹੋ ਜਿਹਾ ਰੰਗ ਹੰਢਣਸਾਰ ਨਹੀਂ ਹੁੰਦਾ, 'ਅੰਬ ਮੁੱਕ ਗਏ, ਯਾਰਾਨੇ ਟੁੱਟ ਗਏ' ਵਾਂਗ ਮਸਾਂ ਅਗਲੀ ਚੋਣ ਤੱਕ ਨਿਭਦਾ ਹੈ ਅਤੇ ਨਵੀਂ ਚੋਣ ਪਿੱਛੋਂ ਨਵੇਂ ਹਾਕਮਾਂ ਦੇ ਆਉਂਦੇ ਸਾਰਾ 'ਕੱਲ੍ਹ' ਦਾ ਕਿਸੇ ਨੂੰ ਚੇਤਾ ਨਹੀਂ ਆਉਣਾ ਹੁੰਦਾ।
ਦਿਲਚਸਪ ਗੱਲ ਇਹ ਹੈ ਕਿ ਇਸ ਵਾਰੀ ਜਦੋਂ ਮੋਦੀ ਸਾਹਿਬ ਇਸਰਾਈਲ ਗਏ ਤਾਂ ਬੈਂਜਾਮਿਨ ਨੇਤਾਨਯਾਹੂ ਨਾਲ ਦੋ ਗੱਲਾਂ ਦੀ 'ਵਿਸ਼ੇਸ਼ ਸਾਂਝ' ਦਾ ਜ਼ਿਕਰ ਕਰ ਕੇ ਤਾੜੀਆਂ ਗੂੰਜਣ ਲਾ ਦਿੱਤੀਆਂ। ਇੱਕ ਇਹ ਕਿ ਨੇਤਾਨਯਾਹੂ ਤੇ ਮੈਂ ਦੋਵੇਂ ਆਪੋ ਆਪਣੇ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਜਨਮ ਲੈ ਕੇ ਦੇਸ਼ ਦੇ ਮੁਖੀ ਬਣੇ ਹਾਂ। ਦੂਸਰੀ 'ਕਮਾਲ' ਦੀ ਗੱਲ ਇਹ ਕਿ ਇੰਡੀਆ ਅਤੇ ਇਸਰਾਈਲ ਦੋਵੇਂ ਦੇਸ਼ਾਂ ਦਾ ਨਾਂਅ 'ਆਈ' ਨਾਲ ਸ਼ੁਰੂ ਕੀਤਾ ਜਾਂਦਾ ਹੈ। 'ਆਈ' ਵਾਲੇ ਹੋਰ ਕਿੰਨੇ ਦੇਸ਼ ਹਨ ਅਤੇ ਉਨ੍ਹਾਂ ਨਾਲ ਇਸਰਾਈਲ ਅਤੇ ਭਾਰਤ ਦੋਵਾਂ ਦੇ ਕਿੰਨੇ ਕੁ 'ਨਿੱਘੇ' ਸੰਬੰਧ ਹਨ, ਦੱਸਣ ਦੀ ਲੋੜ ਨਹੀਂ। ਆਪਣੇ ਦੇਸ਼ ਵਿੱਚ ਜਿਹੜੇ ਨਰਿੰਦਰ ਮੋਦੀ ਸਾਰੀ ਉਮਰ ਕਿਸੇ ਮਸਜਿਦ ਵੱਲ ਝਾਕੇ ਨਹੀਂ ਸਨ, ਪਿਛਲੇ ਸਾਲ ਜਦੋਂ ਉਹ ਆਬੂ ਧਾਬੀ ਗਏ ਤਾਂ ਓਥੇ ਸ਼ੇਖ ਜ਼ਾਇਦ ਗਰੈਂਡ ਮਸਜਿਦ ਵਿੱਚ ਵੀ ਇਸ ਲਈ ਪਹੁੰਚ ਗਏ ਕਿ ਓਥੋਂ ਦੇ ਰਾਜ ਕਰਤਿਆਂ ਨਾਲ ਨਿੱਜੀ ਪੱਧਰ ਦੀ ਨੇੜਤਾ ਦੀ ਝਲਕ ਪੇਸ਼ ਕਰਨੀ ਸੀ। ਉਸ ਮਸਜਿਦ ਵਿੱਚ ਕੁਝ ਸੈਲਫੀਆਂ ਖਿੱਚਵਾ ਕੇ ਜਿਹੜੀ ਝਲਕ ਓਥੇ ਵਿਖਾਈ ਸੀ, ਇਸਰਾਈਲ ਦੀ ਯਾਤਰਾ ਮਗਰੋਂ ਆਬੂ ਧਾਬੀ ਦੇ ਹਾਕਮਾਂ ਨੂੰ ਮੋਦੀ ਦੀਆਂ ਉਸ ਵੇਲੇ ਦੀਆਂ ਸੈਲਫੀਆਂ ਦਾ ਚੇਤਾ ਕਰਨਾ ਵੀ ਸ਼ਾਇਦ ਚੰਗਾ ਨਹੀਂ ਲੱਗਣਾ।
ਇਹੋ ਜਿਹਾ ਤਜਰਬਾ ਨਰਿੰਦਰ ਮੋਦੀ ਦਾ ਪਹਿਲਾ ਨਹੀਂ ਕਿਹਾ ਜਾ ਸਕਦਾ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਸਿਰਫ ਪੌਣੇ ਚਾਰ ਮਹੀਨੇ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਆਏ ਸਨ ਤੇ ਗੁਜਰਾਤ ਵਿੱਚ ਮੋਦੀ ਉਨ੍ਹਾ ਨਾਲ ਪੀਂਘ ਝੂਟਦੇ ਦਿਖਾਈ ਦਿੱਤੇ ਸਨ। ਕੁਝ ਦਿਨ ਬਾਅਦ ਮੋਦੀ ਜਾਪਾਨ ਗਏ ਤਾਂ ਓਥੇ ਬੁੱਧ ਦੀ ਵਿਚਾਰਧਾਰਾ ਦੀ ਚਰਚਾ ਛੇੜ ਕੇ ਕਹਿ ਦਿੱਤਾ ਕਿ ਜਿਹੜੇ ਦੇਸ਼ ਬੁੱਧ ਦੀ ਭਾਵਨਾ ਸਮਝਦੇ ਹਨ, ਉਹ ਜਾਪਾਨ ਵਾਂਗ ਸ਼ਾਂਤੀ ਦੀ ਗੱਲ ਕਰਦੇ ਹਨ ਤੇ ਜਿਹੜੇ ਬੁੱਧ ਨੂੰ ਨਹੀਂ ਮੰਨਦੇ, ਉਹ ਜਾਪਾਨ ਨੇੜੇ ਸਮੁੰਦਰੀ ਪਾਣੀ ਵਿੱਚ ਛੱਲਾਂ ਪੈਦਾ ਕਰਦੇ ਹਨ। ਇਹ ਮਗਰਲੀ ਗੱਲ ਉਨ੍ਹਾ ਨੇ ਓਸੇ ਚੀਨ ਨੂੰ ਚੋਭ ਲਾਉਣ ਲਈ ਆਖੀ ਸੀ, ਜਿਸ ਦੇ ਰਾਸ਼ਟਰਪਤੀ ਜਿਨਪਿੰਗ ਨੂੰ ਕੁਝ ਦਿਨ ਪਹਿਲਾਂ ਗੁਜਰਾਤ ਵਿੱਚ ਘੁਮਾਉਂਦੇ ਫਿਰਦੇ ਸਨ ਤੇ ਜਿਸ ਚੀਨ ਦਾ ਜਾਪਾਨ ਨਾਲ ਸਮੁੰਦਰੀ ਸਰਹੱਦਾਂ ਦਾ ਵਿਵਾਦ ਚੱਲ ਰਿਹਾ ਸੀ। ਜਾਪਾਨ ਨੂੰ ਨਾਲ ਲੈਣ ਦੇ ਚੱਕਰ ਵਿੱਚ ਮੋਦੀ ਨੇ ਚੀਨ ਨੂੰ ਓਦੋਂ ਬੇਲੋੜੀ ਚੋਭ ਲਾ ਦਿੱਤੀ ਸੀ।
ਹੁਣ ਨਰਿੰਦਰ ਮੋਦੀ ਜਦੋਂ ਇਸਰਾਈਲ ਗਏ ਤਾਂ ਸੰਬੰਧਾਂ ਦਾ ਮੋੜਾ ਨਵਾਂ ਨਹੀਂ ਪਿਆ। ਇਸ ਦਾ ਇਤਿਹਾਸ ਵੀ ਇਸਰਾਈਲ ਦੇ ਬਣਨ ਤੋਂ ਸ਼ੁਰੂ ਹੁੰਦਾ ਹੈ। ਜਦੋਂ ਇਹ ਨਵਾਂ ਦੇਸ਼ ਬਣਿਆ ਤਾਂ ਸੰਸਾਰ ਪ੍ਰਸਿੱਧ ਸਾਇੰਟਿਸਟ ਅਲਬਰਟ ਆਈਨਸਟਾਈਨ ਨੇ ਆਪਣੇ ਨਾਲ ਨਿੱਜੀ ਨੇੜ ਵਾਲੇ ਭਾਰਤੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਸ ਦੇਸ਼ ਦਾ ਸਾਥ ਦੇਣ ਵਾਸਤੇ ਮਨਾਉਣ ਦਾ ਯਤਨ ਕੀਤਾ ਸੀ। ਨਹਿਰੂ ਨੇ ਇੱਕ ਮਹੀਨਾ ਸੋਚਣ ਪਿੱਛੋਂ ਜਵਾਬ ਦਿੱਤਾ ਸੀ ਕਿ ਯਹੂਦੀ ਲੋਕਾਂ ਉੱਤੇ ਬਹੁਤ ਜ਼ੁਲਮ ਹੋਏ ਹਨ ਅਤੇ ਉਨ੍ਹਾਂ ਨਾਲ ਉਸ ਦੀ ਹਮਦਰਦੀ ਹੈ, ਪਰ ਜਿਹੜੇ ਥਾਂ ਇਨ੍ਹਾਂ ਪੀੜਤ ਲੋਕਾਂ ਦਾ ਦੇਸ਼ ਬਣਾਇਆ ਗਿਆ ਹੈ, ਓਥੋਂ ਪੁੱਟੇ ਗਏ ਲੋਕਾਂ ਦੀ ਹਾਲਤ ਵੀ ਅੱਖੋਂ ਪਰੋਖੇ ਕਰਨ ਦੀ ਗੁੰਜਾਇਸ਼ ਨਹੀਂ। ਫਿਰ ਵੀ ਦੋ ਸਾਲਾਂ ਪਿੱਛੋਂ ਭਾਰਤ ਨੇ ਇਸਰਾਈਲ ਨੂੰ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ। ਬਾਅਦ ਵਿੱਚ ਭਾਰਤ ਤੇ ਇਸਰਾਈਲ ਦਾ ਏਨਾ ਫਾਸਲਾ ਸੰਤਾਲੀ ਸਾਲ ਕਾਇਮ ਰਿਹਾ ਸੀ। ਮੋੜਾ ਇਸ ਨੀਤੀ ਵਿੱਚ ਉਸ ਵੇਲੇ ਪਿਆ ਸੀ, ਜਦੋਂ ਨਰਿੰਦਰ ਮੋਦੀ ਸਾਹਿਬ ਦੀ ਪਾਰਟੀ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਹੱਥ ਭਾਰਤ ਦੀ ਕਮਾਨ ਆਈ ਤੇ ਉਹ ਆਪਣੀ ਅੱਧੀ ਸਦੀ ਪੁਰਾਣੀ ਸੋਚ ਉੱਤੇ ਅਮਲ ਕਰਨ ਲਈ ਅੱਗੇ ਵਧੇ ਸਨ।
ਬਹੁਤੇ ਲੋਕਾਂ ਨੂੰ ਇਹ ਗੱਲ ਹੈਰਾਨੀ ਵਾਲੀ ਲੱਗੇਗੀ ਕਿ ਇਸਰਾਈਲ ਜਦੋਂ ਬਣਿਆ ਸੀ ਤਾਂ ਭਾਜਪਾ ਬਣਨ ਤੋਂ ਪਹਿਲਾਂ ਦੇ ਇਸ ਦੇ ਸਿਆਸੀ ਦਲ 'ਜਨ ਸੰਘ' ਅਤੇ ਉਸ ਤੋਂ ਪਹਿਲਾਂ ਏਸੇ ਵਿਚਾਰਧਾਰਾ ਦੀ ਪ੍ਰਤੀਕ ਹਿੰਦੂ ਮਹਾਂਸਭਾ ਨੇ ਓਦੋਂ ਹੀ ਇਸਰਾਈਲ ਦੀ ਕਾਇਮੀ ਦਾ ਸਵਾਗਤ ਕਰ ਦਿੱਤਾ ਸੀ। ਇਹ ਗੱਲ ਵੀ ਹੈਰਾਨ ਕਰਨ ਵਾਲੀ ਲੱਗੇਗੀ ਕਿ ਅਕਾਲੀ ਦਲ ਦੇ ਕੁਝ ਆਗੂਆਂ ਨੇ ਵੀ ਓਦੋਂ ਇਸਰਾਈਲ ਦੇ ਬਣਨ ਦਾ ਸਵਾਗਤ ਕੀਤਾ ਸੀ। ਸਵਾਗਤ ਦੋਵਾਂ ਧਿਰਾਂ ਨੇ ਕੀਤਾ, ਪਰ ਸੋਚਣੀ ਹਿੰਦੂ ਮਹਾਂਸਭਾ ਤੇ ਅਕਾਲੀ ਆਗੂਆਂ ਦੀ ਆਪਸ ਵਿੱਚ ਟਕਰਾਵੀਂ ਸੀ। ਹਿੰਦੂ ਮਹਾਂਸਭਾ ਸਮਝਦੀ ਸੀ ਕਿ ਇਸਲਾਮੀ ਦੇਸ਼ਾਂ ਮੂਹਰੇ ਸਪੀਡ ਬਰੇਕਰ ਲਈ ਇਸਰਾਈਲ ਦਾ ਬਣਨਾ ਸ਼ੁੱਭ ਸ਼ਗਨ ਹੈ। ਅਕਾਲੀ ਆਗੂ ਉਸ ਦੌਰ ਵਿੱਚ ਪੰਜਾਬੀ ਸੂਬੇ ਦੇ ਨਾਂਅ ਹੇਠ ਸਿਰਫ ਸਿੱਖ ਸੂਬਾ ਮੰਗਦੇ ਸਨ। ਪੰਜਾਬੀ ਬੋਲੀ ਦਾ ਸੂਬਾ ਮੰਗਣ ਵਾਲੀ ਸੁਰ ਬਾਰਾਂ ਸਾਲ ਪਿੱਛੋਂ ਸੰਤ ਫਤਹਿ ਸਿੰਘ ਵੇਲੇ ਸ਼ੁਰੂ ਹੋਈ ਸੀ। ਪਹਿਲਾਂ ਅਕਾਲੀਆਂ ਦੀ ਸੋਚ ਦਾ ਇੱਕ ਸਿਰਾ ਇਸ ਗੱਲ ਉੱਤੇ ਜ਼ੋਰ ਦੇਂਦਾ ਸੀ ਕਿ ਜਿਵੇਂ ਯਹੂਦੀ ਧਰਮ ਦੇ ਨਾਂਅ ਉੱਤੇ ਇਸਰਾਈਲ ਬਣਿਆ ਹੈ, ਸਮਾਂ ਪਾ ਕੇ ਸਿੱਖਾਂ ਦਾ ਇਹੋ ਜਿਹਾ ਵੱਖਰਾ ਦੇਸ਼ ਬਣਾਉਣ ਦੀ ਗੁੰਜਾਇਸ਼ ਰੱਦ ਨਹੀਂ ਕਰਨੀ ਚਾਹੀਦੀ। ਅਕਾਲੀ ਦਲ ਵਿੱਚ ਇਹ ਸੋਚ ਵਕਤੀ ਬਣ ਕੇ ਰਹਿ ਗਈ ਤੇ ਫਿਰ ਇਸ ਦਾ ਕਦੀ ਜ਼ਿਕਰ ਤੱਕ ਨਹੀਂ ਹੋਇਆ, ਪਰ ਇਸ ਤੋਂ ਉਲਟ ਹਿੰਦੂਤਵ ਦੀ ਸੋਚਣੀ ਨਾਲ ਜੁੜੀਆਂ ਰਾਜਸੀ ਧਿਰਾਂ ਇਸਰਾਈਲ ਨਾਲ ਸੰਬੰਧ ਜੋੜਨ ਲਈ ਸਦਾ ਤਾਂਘਦੀਆਂ ਰਹੀਆਂ ਸਨ।
ਭਾਰਤ-ਇਸਰਾਈਲ ਸੰਬੰਧਾਂ ਵਿੱਚ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਕਤ ਆਏ ਮੋੜੇ ਦੇ ਅਸਰ ਹੇਠ ਓਦੋਂ ਦੇ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਸਰਾਈਲ ਦਾ ਦੌਰਾ ਕੀਤਾ ਅਤੇ ਉਹ ਵੀ ਭਾਰਤ ਤੋਂ ਉਸ ਦੇਸ਼ ਵਿੱਚ ਜਾਣ ਵਾਲੇ ਭਾਰਤ ਦੇ 'ਪਹਿਲੇ ਮੰਤਰੀ' ਹੋਣ ਦਾ ਮਾਣ ਕਰਦੇ ਸਨ। ਫਿਰ ਤਿੰਨ ਸਾਲ ਹੋਰ ਲੰਘਣ ਮਗਰੋਂ ਵਾਜਪਾਈ ਸਰਕਾਰ ਦੇ ਹੁੰਦਿਆਂ ਹੀ ਜਦੋਂ ਏਰੀਅਲ ਸ਼ੇਰੋਨ ਭਾਰਤ ਦੌਰੇ ਲਈ ਆਇਆ ਤਾਂ ਉਸ ਨੂੰ 'ਇਸਰਾਈਲ ਤੋਂ ਆਇਆ ਪਹਿਲਾ ਪ੍ਰਧਾਨ ਮੰਤਰੀ' ਕਹਿ ਕੇ ਵਡਿਆਇਆ ਗਿਆ ਸੀ। ਵਿੱਚ-ਵਿਚਾਲੇ ਮੰਤਰੀਆਂ ਦੇ ਦੌਰੇ ਹੋ ਜਾਂਦੇ ਰਹੇ, ਪਰ ਉਸ ਦੇਸ਼ ਵਿੱਚ ਭਾਰਤ ਦਾ ਕੋਈ ਰਾਸ਼ਟਰਪਤੀ ਪਹਿਲੀ ਵਾਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਦੇ ਇੱਕ ਸਾਲ ਪਿੱਛੋਂ ਗਿਆ ਸੀ ਤੇ ਉਹ ਪ੍ਰਣਬ ਮੁਕਰਜੀ ਸੀ, ਜਿਹੜਾ ਸਿੱਧਾ ਓਧਰ ਜਾਣ ਦੀ ਥਾਂ ਪਹਿਲਾਂ ਫਲਸਤੀਨ ਵਿੱਚ ਬਰੇਕਾਂ ਲਾ ਕੇ ਪਹੁੰਚਿਆ ਸੀ। ਉਸ ਪਿੱਛੋਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਸਰਾਈਲ ਗਈ ਤਾਂ ਫਲਸਤੀਨ ਵਿੱਚੋਂ ਹੋ ਕੇ ਪਹੁੰਚੀ ਸੀ। ਹੁਣ ਨਰਿੰਦਰ ਮੋਦੀ ਸਿੱਧੇ ਇਸਰਾਈਲ ਗਏ ਤਾਂ ਇਸ ਪੱਖੋਂ ਵੀ ਉਹ 'ਪਹਿਲੇ' ਹਨ ਕਿ ਉਹ ਆਪਣੇ ਦੇਸ਼ ਤੋਂ ਸਿੱਧੇ ਹੀ ਇਸਰਾਈਲ ਤੱਕ ਦਾ ਸਫਰ ਕਰ ਕੇ ਪਹੁੰਚ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਰੇ ਹਨ, ਇਹ ਗੱਲ ਮਾੜੀ ਨਹੀਂ ਕਹੀ ਜਾ ਸਕਦੀ ਤੇ ਅੱਖੋਂ ਪਰੋਖੇ ਕਰਨ ਵਾਲੀ ਵੀ ਨਹੀਂ। ਸਮਝੌਤੇ ਵੀ ਹੋਏ ਹਨ, ਜਿਹੜੇ ਦੋਵਾਂ ਵਾਸਤੇ ਲਾਹੇਵੰਦ ਹੋ ਸਕਦੇ ਹਨ ਅਤੇ ਹੋਣਗੇ ਵੀ। ਇਸ ਪੱਖੋਂ ਪ੍ਰਧਾਨ ਮੰਤਰੀ ਦੇ ਦੌਰੇ ਦਾ ਕੋਈ ਵਿਰੋਧ ਕਰੇ ਵੀ ਤਾਂ ਇਸ ਵਿਰੋਧ ਨੂੰ ਠੀਕ ਨਹੀਂ ਮੰਨਿਆ ਜਾਣਾ। ਬਹੁਤ ਕੁੜੱਤਣ ਦੇ ਦੌਰ ਵਿੱਚ ਵੀ ਪਾਕਿਸਤਾਨ ਜਾਂ ਚੀਨ ਨਾਲ ਜਦੋਂ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਸਵਾਗਤ ਉਸ ਦਾ ਵੀ ਕੀਤਾ ਜਾਂਦਾ ਹੈ। ਇਸਰਾਈਲ ਨਾਲ ਹੋਏ ਸਮਝੌਤੇ ਵੀ ਇਸ ਪੱਖੋਂ ਵਿਰੋਧ ਦਾ ਮੁੱਦਾ ਨਹੀਂ ਬਣਨਗੇ। ਫਿਰ ਵੀ ਇਸ ਦੌਰੇ ਬਾਰੇ ਕਿੰਤੂ ਉੱਠਣ ਵਾਲੀ ਗੁੰਜਾਇਸ਼ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਭਾਰਤ ਆਪਣੀ ਗੁੱਟ ਨਿਰਪੱਖ ਲਹਿਰ ਵੇਲੇ ਦੀ ਪੁਰਾਣੀ ਪਹੁੰਚ ਛੱਡ ਕੇ ਇੱਕ ਏਦਾਂ ਦੀ ਲੀਹੇ ਪੈਂਦਾ ਦਿਖਾਈ ਦੇਂਦਾ ਹੈ, ਜਿਹੜੀ ਭਵਿੱਖ ਦੀਆਂ ਪੀੜ੍ਹੀਆਂ ਦੇ ਭਾਰਤ ਲਈ ਸੁਖਾਵੀਂ ਰਹਿਣ ਦੀ ਆਸ ਨਹੀਂ।
ਭਾਰਤ ਨੂੰ ਦਹਿਸ਼ਤਗਰਦੀ ਦੀ ਸਮੱਸਿਆ ਦਾ ਬੜੇ ਚਿਰਾਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਦੋਂ ਦਾ ਇਹ ਇਸ ਔਝੜ ਵਿੱਚ ਫਸਿਆ ਹੈ, ਸੰਸਾਰ ਦੀਆਂ ਪ੍ਰਮੁੱਖ ਤਾਕਤਾਂ ਨੇ ਇਸ ਦੀ ਕਦੇ ਯੋਗ ਮਦਦ ਨਹੀਂ ਕੀਤੀ। ਹੁਣ ਜਦੋਂ ਕਈ ਹੋਰ ਦੇਸ਼ਾਂ ਵਿੱਚ ਉਹੋ ਕੁਝ ਹੋਣ ਲੱਗ ਪਿਆ ਹੈ, ਜਿਹੜਾ ਭਾਰਤ ਵਿੱਚ ਪਿਛਲੇ ਚਾਲੀ ਸਾਲਾਂ ਤੋਂ ਹੁੰਦਾ ਪਿਆ ਸੀ ਤਾਂ ਉਹੀ ਤਾਕਤਾਂ ਦਹਿਸ਼ਤਗਰਦੀ ਦੇ ਵਿਰੋਧ ਵਿੱਚ ਭਾਰਤ ਦੇ ਪੱਖ ਦੀ ਹਮਾਇਤ ਕਰਨ ਦੇ ਬਹਾਨੇ ਭਾਰਤ ਨੂੰ ਇਸ ਲੜਾਈ ਦਾ ਆਗੂ ਬਣਾ ਕੇ ਇਸ ਲਈ ਪੇਸ਼ ਕਰ ਰਹੀਆਂ ਕਿ ਸਿੱਧੇ ਸਿੰਗ ਫਸਾਉਣ ਨੂੰ ਮੋਹਰਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਮਾਣ ਹੈ ਕਿ ਪਹਿਲੀ ਸੰਸਾਰ ਜੰਗ ਵਿੱਚ ਭਾਰਤੀ ਫੌਜੀਆਂ ਨੇ ਇਸਰਾਈਲ ਦਾ ਹਾਈਫਾ ਸ਼ਹਿਰ ਛੁਡਾਉਣ ਲਈ ਜਾਨਾਂ ਵਾਰੀਆਂ ਸਨ ਤਾਂ ਉਹ ਇਤਿਹਾਸ ਦੇ ਇੱਕ ਕਾਂਡ ਦੀ ਚਰਚਾ ਹੈ, ਪਰ ਇਹੋ ਜਿਹਾ ਕੋਈ ਨਵਾਂ ਕਾਂਡ ਲਿਖਣ ਲਈ ਫਿਰ ਸੰਸਾਰ ਦੀਆਂ ਤਾਕਤਾਂ ਭਾਰਤ ਨੂੰ ਮੋਹਰਾ ਬਣਾਉਣਾ ਚਾਹੁਣ ਤਾਂ ਭਾਰਤ ਨੂੰ ਇਸ ਤੋਂ ਚੌਕਸ ਰਹਿਣ ਦੀ ਲੋੜ ਹੈ। ਭਾਰਤੀ ਲੋਕ ਆਪਣੇ ਦੇਸ਼ ਲਈ ਹਰ ਮੌਕੇ ਹਰ ਕੁਰਬਾਨੀ ਦੇਣ ਲਈ ਤਿਆਰ ਹਨ, ਪਰ 'ਤਬੇਲੇ ਦੀ ਬਲ਼ਾਅ ਵਛੇਰੇ ਦੇ ਗਲ਼' ਪੈਣ ਦੀ ਕਹਾਣੀ ਨਹੀਂ ਦੁਹਰਾਉਣੀ ਚਾਹੀਦੀ। ਨੀਤੀ ਪੰਡਿਤ ਨਹਿਰੂ ਵਾਲੀ ਠੀਕ ਸੀ ਕਿ ਇਸਰਾਈਲ ਨਾਲ ਸੰਬੰਧ ਰੱਖਦੇ ਹੋਏ ਇਹ ਨਾ ਭੁਲਾਇਆ ਜਾਵੇ ਕਿ ਜ਼ੁਲਮ ਦੇ ਸਤਾਏ ਇਨ੍ਹਾਂ ਲੋਕਾਂ ਲਈ ਨਵਾਂ ਦੇਸ਼ ਇਸਰਾਈਲ ਬਣਾਉਣ ਵੇਲੇ ਓਥੋਂ ਕੁਝ ਹੋਰ ਲੋਕਾਂ ਦਾ ਉਜਾੜਾ ਵੀ ਹੋਇਆ ਸੀ।
09 July 2017