ਬਿਖਰ ਗਈ ਸਾਡੀ ਸਦੀਆਂ ਦੀ ਸਾਂਝ ਪੁਰਾਣੀ...........
ਲੋਕਤੰਤਰ ਦੇ ਨਾਂ ਤੇ ਸਾਡੇ ਦੇਸ਼ ਵਿੱਚ ਪੈ ਰਹੀਆਂ ਵੋਟਾਂ ਨੇ ਭਾਈਚਾਰਕ ਸਾਂਝ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤੈ ਸਦੀਆਂ ਪੁਰਾਣੀ ਸਾਂਝ ਅਤੇ ਰਿਸ਼ਤੇ ਇੱਕ ਇੱਕ ਕਰਕੇ ਟੁੱਟਣ ਦੀ ਕਗਾਰ ਤੇ ਪਹੁੰਚ ਚੁੱਕੇ ਨੇ, ਸਕੇ ਭਾਈਆਂ ਤੋਂ ਲੈ ਕੇ ਸ਼ਰੀਕੇ ਵਾਲੇ ਪਰਿਵਾਰਾਂ ਨੂੰ ਵੀ ਵੋਟਾਂ ਦੇ ਸੇਕ ਨੇ ਬੁਰੀ ਤਰ੍ਹਾਂ ਝੰਜੋੜਿਆ ਹੈ। ਪੈਸੇ ਅਤੇ ਨਸ਼ੇ ਦੀ ਸਿਆਸਤ ਨੇ ਹੱਸਦੇ ਵੱਸਦੇ ਘਰਾਂ ਵਿੱਚ ਲਾਂਬੂ ਲਾਉਣ ਦਾ ਕੰਮ ਕੀਤਾ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ ਭਾਈ ਭਾਈਆਂ ਦੇ ਵੈਰੀ ਬਣਦੇ ਰਹੇ ਅਤੇ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਦੇ ਰਹੇ, ਪਿੰਡਾਂ ਅੰਦਰ ਸੱਥਾਂ ਦੀ ਰੌਣਕ ਨੂੰ ਸਿਆਸੀ ਕੁੜੱਤਣ ਨੇ ਐਸਾ ਨਾਗ ਬਲੇਵਾ ਮਾਰਿਆ ਕਿ ਪਿਆਰ ਅਤੇ ਮੁਹੱਬਤ ਦੀਆਂ ਪੀਡੀਆਂ ਗੰਢਾਂ 'ਨਫਰਤ ਅਤੇ ਝਗੜਿਆਂ ਵਿੱਚ ਬਦਲ ਗਈਆਂ ਇੱਕ ਦੂਜੇ ਦੇ ਸੁੱਖ ਦੁੱਖ ਸਮੇਂ ਸ਼ਰੀਕ ਹੋਣ ਵਾਲੇ ਪੇਂਡੂ ਲੋਕਾਂ ਵਿੱਚ ਪਾਰਟੀਬਾਜ਼ੀ ਨੇ ਇੱਥੋਂ ਤੱਕ ਜ਼ਹਿਰ ਭਰ ਦਿੱਤਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿ ਜੇਕਰ ਪਿੰਡ ਅੰਦਰ ਕਿਸੇ ਦੇ ਮਰਗ ਹੋ ਜਾਵੇ ਤਾਂ ਵਿਰੋਧੀ ਪਾਰਟੀ ਵਾਲੇ ਅਫਸੋਸ ਕਰਨ ਤੋਂ ਵੀ ਕੰਨੀ ਕਤਰਾਉਂਦੇ ਨੇ, ਇਹ ਕਿਹੋ ਜਿਹੀ ਹਵਾ ਵਗ ਰਹੀ ਹੈ ਮੇਰੇ ਮੁਲਕ ਅੰਦਰ, ਸਾਡੇ ਸਿਆਸੀ ਆਗੂਆਂ ਵੱਲੋਂ ਲਾਈਆਂ ਅੱਗਾਂ ਦੀ ਬਦੌਲਤ ਅੱਜ ਸਾਡਾ ਸਮਾਜ ਲੱਟ ਲੱਟ ਮਚਦਾ ਨਜ਼ਰ ਆਉਂਦਾ ਹੈ।
ਅੱਧੀ ਅੱਧੀ ਰਾਤੀਂ ਉੱਠ ਕੇ ਆਪਣੇ ਭਾਈਚਾਰੇ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੇ ਲੋਕ ਅੱਜ ਆਪਣੇ ਹੀ ਘਰਾਂ ਦੇ ਵਿਹੜਿਆਂ ਵੱਲੋਂ ਵੱਲੋਂ ਮੂੰਹ ਮੋੜੀ ਬੈਠੇ ਨਜ਼ਰ ਆਉਂਦੇ ਨੇ, ਪਤਾ ਨਹੀਂ ਕਦ ਸਮਝ ਆਉ ਸਾਡੇ ਲੋਕਾਂ ਨੂੰ ਇਨ੍ਹਾਂ ਸਿਆਸੀ ਆਗੂਆਂ ਦੇ ਚਤਰ ਦਿਮਾਗਾਂ ਦੀ ਜਿਨ੍ਹਾਂ ਨੇ ਸਾਂਝੇ ਘਰਾਂ ਦੇ ਵਿੱਚ ਕੰਧਾਂ ਕਢਵਾ ਕੇ ਆਪਣੀਆਂ ਚੌਧਰਾਂ ਨੂੰ ਕਾਇਮ ਕੀਤਾ, ਰੱਬ ਕਰੇ ਸਾਡੇ ਮਨਾਂ ਵਿੱਚ ਖਿੱਚੀਆਂ ਇਹ ਲੀਕਾਂ ਮਿੱਟ ਜਾਣ ਅਤੇ ਅਸੀਂ ਪੈਸੇ ਤੇ ਨਸ਼ੇ ਨਾਲ ਸਾਡੀਆਂ ਜ਼ਮੀਰਾਂ ਨੂੰ ਖਰੀਦਣ ਵਾਲੇ ਲੋਕਾਂ ਨੂੰ ਨਕਾਰ ਕੇ ਆਪੋ ਆਪਣੇ ਸਕੇ ਸਬੰਧੀਆਂ ਅਤੇ ਹੋਰ ਦੋਸਤਾਂ ਮਿੱਤਰਾਂ ਨਾਲ ਮੋਹ ਮੁਹੱਬਤ ਦੀਆਂ ਸਾਂਝਾਂ ਮੁੜ ਤੋਂ ਕਾਇਮ ਕਰ ਸਕੀਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਸ ਨਫਰਤ ਭਰੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਅਤੇ ਲੋਕਾਂ ਲਈ ਕੋਈ ਭਲੇ ਦਾ ਕੰਮ ਕਰ ਸਕੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹੱਥੀਂ ਦਿੱਤੀਆਂ ਗੰਢਾਂ ਆਖਰ ਵਿੱਚ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਨੇ ਸੋ ਸਮਾਂ ਰਹਿੰਦਿਆਂ ਸੋਚ ਵਿਚਾਰ ਕੇ ਇੱਕ ਨਵੀਂ ਪਿਆਰ ਭਰੀ ਪਿਰਤ ਪਾਈਏ ਜਿਸ ਨਾਲ ਸਮਾਜਿਕ ਤਾਣਾ ਬਾਣਾ ਅਤੇ ਨੈਤਿਕ ਕਦਰਾਂ ਕੀਮਤਾਂ ਸਥਿਰ ਰਹਿਣ ਇਸ ਵਿੱਚ ਸਾਡੀ ਅਤੇ ਸਾਡੇ ਸਮਾਜ ਦੀ ਭਲਾਈ ਹੈ।
ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ ਵਿਸ਼ਵ ਪੰਜਾਬੀ ਲੇਖਕ ਮੰਚ
9463463136
27 NOV. 2018