ਖੜ੍ਹੀ ਉਂਗਲੀ ਤੇ ਪੋਚਵੀਂ ਪੱਗ ਵਾਲਾ ਸ਼ਖ਼ਸ - ਸੰਜੀਵਨ ਸਿੰਘ

ਖੜ੍ਹੀ ਉਂਗਲੀ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫ਼ਤਾਰ ਅਤੇ ਗ਼ੁਫ਼ਤਾਰ ਵਿਚ ਮੜਕ। ਕਲਮ ਵਿਚ ਲੋਕਾਈ ਦਾ ਦਰਦ ਤੇ ਪੀੜ, ਝੁੱਗੀਆਂ-ਢਾਰਿਆਂ, ਦੱਬੇ-ਕੁਚਲਿਆਂ, ਪੀੜਤਾਂ, ਬੇਵੱਸ-ਲਾਚਾਰਾਂ, ਨਿਆਸਰਿਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਜੁਰੱਅਤ। ਵਹਿਣ ਦੇ ਉਲਟ ਚੱਲਣ ਦਾ ਸ਼ੌਕੀਨ। ਆਪਣੀ ਸੋਚ, ਵਿਚਾਰਧਾਰਾ 'ਤੇ ਅੜੇ-ਖੜ੍ਹੇ ਰਹਿਣ ਦਾ ਜੇਰਾ। ਵੱਡੇ ਤੋਂ ਵੱਡੇ ਦੁੱਖ ਤਕਲੀਫ਼ ਅਤੇ ਮੁਸੀਬਤ ਨੂੰ ਖਿੜੇ-ਮੱਥੇ ਜੀਓ ਆਇਆਂ ਕਹਿਣ ਦੀ ਜੁਰੱਅਤ। ਗ਼ਰੀਬੀ, ਤੰਗਦਸਤੀ, ਭੁੱਖ-ਨੰਗ ਨੂੰ ਮਾਣਨ ਦੀ ਜਾਚ; ਇਹ ਸੀ ਮੇਰੇ ਤਾਏ, ਮੇਰੇ ਭਾਪਾ ਜੀ ਸੰਤੋਖ ਸਿੰਘ ਧੀਰ ਦੀ ਪਛਾਣ। ਉਨ੍ਹਾਂ ਦੀ ਸ਼ਖ਼ਸੀਅਤ। ਉਨ੍ਹਾਂ ਦੀ ਹੋਂਦ।
' ' '
ਜੇ ਕੋਈ ਪੁੱਤ ਹੋਵੇ ਤਾਂ ਨਵਰੀਤ ਵਰਗਾ, ਜਿਸ ਨੇ ਆਪਣੇ ਭਾਪਾ ਜੀ ਦਾ ਸਰੀਰ ਪੀ.ਜੀ.ਆਈ. ਨੂੰ ਇਹ ਕਹਿ ਕੇ ਦਾਨ ਕਰਨ ਦਾ ਫ਼ੈਸਲਾ ਕੀਤਾ, ''ਮੇਰੇ ਭਾਪਾ ਜੀ ਨੇ ਆਪਣੀ ਕਲਮ ਸਮਾਜ ਦੇ ਭਲੇ ਤੇ ਲੋਕਾਈ ਦੀ ਬਿਹਤਰੀ ਲਈ ਵਾਹੀ, ਉਨ੍ਹਾਂ ਦੇ ਸਰੀਰ ਦੀ ਵਰਤੋਂ ਵੀ ਲੋਕ-ਕਲਿਆਣ ਲਈ ਹੀ ਹੋਣੀ ਚਾਹੀਦੀ ਐ।''
ਜੇ ਕੋਈ ਭਾਈ ਹੋਵੇ ਤਾਂ ਰਿਪੁਦਮਨ ਸਿੰਘ ਰੂਪ ਵਰਗਾ ਜਿਸ ਨੇ ਆਪਣਾ ਛੋਟੇ ਭਾਈ ਹੋਣ ਦਾ ਫ਼ਰਜ਼ ਅੰਤ ਤੱਕ ਨਿਭਾਇਆ। ਆਪਣੇ ਪੁੱਤਰਾਂ, ਪੋਤੇ-ਪੋਤੀਆਂ ਨੂੰ ਆਪਣੇ ਰਾਮ ਵਰਗੇ ਭਾਈ ਦੇ ਪਾਏ ਪੂਰਨਿਆਂ 'ਤੇ ਤੋਰਿਆ। ਸਾਹਿਤਕ ਹਲਕੇ ਦੋਵਾਂ ਨੂੰ ਰਾਮ-ਲਛਮਣ ਦੀ ਜੋੜੀ ਕਹਿੰਦੇ ਹਨ।
ਜੇ ਕੋਈ ਨੂੰਹ ਹੋਵੇ ਤਾਂ ਰਜਨੀ ਭਾਬੀ ਵਰਗੀ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਹ ਤਾਂ ਧੀਆਂ ਵਰਗੀ ਨੂੰਹ ਹੈ, ਪਰ ਰਜਨੀ ਧੀਆਂ ਤੋਂ ਵੀ ਵਧ ਕੇ ਨੂੰਹ ਸੀ। ਭਾਬੀ ਨੇ ਬੀਬੀ ਅਤੇ ਭਾਪਾ ਜੀ ਦੇ ਆਖ਼ਰੀ ਸਮੇਂ ਉਹ ਕੰਮ ਵੀ ਬਿਨਾਂ ਮੱਥੇ ਵੱਟ ਪਾਏ, ਆਪਣਾ ਫ਼ਰਜ਼ ਸਮਝ ਕੇ ਕੀਤੇ, ਜਿਨ੍ਹਾਂ ਨੂੰ ਕਰਨ ਲੱਗੇ ਸ਼ਾਇਦ ਧੀਆਂ ਵੀ ਮੂੰਹ ਵੱਟਣ। ਜਦੋਂ ਭਾਪਾ ਜੀ ਦੇ ਸਰੀਰ ਨੂੰ ਦਾਨ ਕਰਨ ਬਾਰੇ ਭਾਬੀ ਨਾਲ ਗੱਲ ਕੀਤੀ ਤਾਂ ਉਹ ਕੁਰਲਾ ਉੱਠੀ। ਵਿਲਕਦੀ ਹੋਈ ਕਹਿਣ ਲੱਗੀ, ''ਨਹੀਂ, ਮੈਂ ਆਪਣੇ ਭਾਪਾ ਜੀ ਦਾ ਸਰੀਰ ਦਾਨ ਨਹੀਂ ਕਰਨਾ। ਸਾਰੀ ਉਮਰ ਉਨ੍ਹਾਂ ਕਸ਼ਟ ਸਹੇ। ਹੁਣ ਮਰ ਕੇ ਵੀ૴। ਨਹੀਂ ਨਹੀਂ, ਮੈਂ ਤਾਂ ਆਪਣੇ ਭਾਪਾ ਜੀ ਦਾ ਸਸਕਾਰ ਕਰੂੰਗੀ। ਪਤਾ ਨ੍ਹੀ ਕੀ ਦੁਰਦਸ਼ਾ ਕਰਨਗੇ ਪੀ.ਜੀ.ਆਈ. ਵਾਲੇ ਭਾਪਾ ਜੀ ਦੀ૴।''
ਮੈਨੂੰ ਆਪਣੀ ਗੱਲ ਪੁੱਗਦੀ ਨਜ਼ਰ ਆਈ ਕਿਉਂਕਿ ਮੈਂ ਵੀ ਭਾਪਾ ਜੀ ਦਾ ਸਰੀਰ ਦਾਨ ਕਰਨ ਦੇ ਹੱਕ ਵਿਚ ਨਹੀਂ ਸੀ। ਮੈਂ ਅੰਦਰਖਾਤੇ ਪੂਰੀ ਟਿੱਲ ਵੀ ਲਾਈ, ਸਭ ਨੂੰ ਆਪਣੇ ਹੱਕ 'ਚ ਕਰਨ ਦੀ। ਭਾਬੀ ਦੀ ਰਾਏ ਨੇ ਮੈਨੂੰ ਤਸੱਲੀ ਦਿੱਤੀ। ਮੈਂ ਸਾਰੀਆਂ ਭੈਣਾਂ ਨੂੰ ਵੀ ਟੋਹ ਲਿਆ ਸੀ। ਸਭ ਦੀ ਰਾਏ ਭਾਬੀ ਤੇ ਮੇਰੀ ਰਾਏ ਤੋਂ ਉਲਟ ਸੀ, ਪਰ ਬਾਅਦ ਵਿਚ ਮੈਨੂੰ ਸਾਡੀ ਗ਼ਲਤੀ ਦਾ ਅਹਿਸਾਸ ਹੋਇਆ। ਜੇ ਸਾਡੀ ਗੱਲ ਮੰਨ ਲਈ ਜਾਂਦੀ ਤਾਂ ਅੱਜ ਭਾਪਾ ਜੀ ਦੀ ਆਭਾ ਨੇ ਹੋਰ ਨਹੀਂ ਸੀ ਲਿਸ਼ਕਣਾ। ਧੀਰ ਦੇ ਵਾਰਿਸਾਂ ਨੇ ਧੀਰ ਦੇ ਅਸਲੀ ਵਾਰਿਸ ਨਹੀਂ ਸੀ ਸਾਬਿਤ ਹੋਣਾ।
' ' '
ਭਾਪਾ ਜੀ ਦੀ ਆਖ਼ਰੀ ਦਮ ਤੱਕ ਜਵਾਨ ਅਤੇ ਨਿਰੋਗ ਰਹਿਣ ਦੀ ਤੀਬਰ ਇੱਛਾ ਸੀ। ਘਟਨਾ ਕੋਈ ਵੀਹ ਪੱਚੀ ਸਾਲ ਪੁਰਾਣੀ ਹੈ। ਮੈਂ ਤੇ ਭਾਪਾ ਜੀ ਖਰੜ ਕਿਸੇ ਕੰਮ ਗਏ। ਮੁਹਾਲੀ ਆਉਣ ਲਈ ਬੱਸ ਵਿਚ ਬੈਠੇ ਸੀ। ਭਾਪਾ ਜੀ ਦੀ ਹਮਉਮਰ ਇਕ ਔਰਤ ਤਾਕੀ ਕੋਲ ਆ ਕੇ ਕਹਿ ਲੱਗੀ।
''ਬਾਬਾ ਯੋਹ ਬੱਸ ਕਿੱਥੇ ਜਾਹਾ?'' ਭਾਪਾ ਜੀ ਦੀ ਸ਼ਕਲ ਵੇਖਣ ਵਾਲੀ ਸੀ।
“ਪਤਾ ਨ੍ਹੀਂ ਗੁੱਡੀ ਕਿੱਥੇ ਜਾਹਾ।'' ਭਾਪਾ ਜੀ ਨੇ ਕਿਹਾ। ਉਸ ਦੇ ਜਾਣ ਤੋਂ ਬਾਅਦ ਕਹਿਣ ਲੱਗੇ।
“ਦੇਖ ਤਾਂ ਸ਼ਰਮ ਨ੍ਹੀਂ ਆਉਂਦੀ ਮੈਨੂੰ ਬਾਬਾ ਕਹਿੰਦੀ ਨੂੰ।''
“ਭਾਪਾ ਜੀ, ਹੁਣ ਤੁਸੀਂ ਬੁੜ੍ਹੇ ਹੋ ਗਏ,'' ਮੈਂ ਹੱਸਦੇ ਨੇ ਕਿਹਾ।
“ਚੁੱਪ ਕਰ ਓੁਏ, ਭਕਾਈ ਨਾ ਮਾਰ,'' ਇਹ ਕਹਿ ਕੇ ਭਾਪਾ ਜੀ ਦੂਰ ਖੜ੍ਹੀ ਉਸੇ ਔਰਤ ਨੂੰ ਘੂਰਨ ਲੱਗੇ।
' ' '
ਭਾਪਾ ਜੀ ਅਤੇ ਬੀਬੀ (ਤਾਈ) ਦੀ ਨੋਕ-ਝੋਕ ਬੜੀ ਆਨੰਦਮਈ ਅਤੇ ਦਿਲਚਸਪ ਹੁੰਦੀ ਸੀ। ਦੁਸਹਿਰੇ ਤੋਂ ਬਾਅਦ ਇਕ ਦਿਨ ਭਾਪਾ ਜੀ ਬੈਠੇ ਰਾਤ ਦੀ ਰੋਟੀ ਖਾ ਰਹੇ ਸਨ। ਮੈਂ ਵੀ ਕੁਦਰਤੀ ਚਲਾ ਗਿਆ।
“ਆ ਬਈ ਬੱਬੂ ਸਿੰਹਾਂ, ਆ ਗਿਆ!'' ਭਾਪਾ ਜੀ ਨੇ ਰੋਟੀ ਖਾਂਦਿਆਂ ਕਿਹਾ।
''ਹਾਂ ਜੀ, ਆ ਗਿਆ,'' ਮੈਂ ਬੈਠਦਿਆਂ ਕਿਹਾ।
“ਰੋਟੀ ਖਾ ਲੈ।''
“ਨਹੀਂ ਭਾਪਾ ਜੀ, ਰੋਟੀ ਨ੍ਹੀਂ ਖਾਣੀ।''
“ਰੋਟੀ ਲਿਅਵਾਂ ਹੋਰ?'' ਬੀਬੀ ਨੇ ਕਿਹਾ।
“ਪਹਿਲਾਂ ਇਹ ਤਾਂ ਮੁੱਕ ਲੈਣ ਦੇ।''
“ਚੱਲ ਚੰਗਾ,'' ਬੀਬੀ ਨੇ ਅਖ਼ਬਾਰ ਚੁੱਕ ਕੇ ਫਰੋਲਦੀ ਨੇ ਕਿਹਾ।
“ਦੀਵਾਲੀ ਕਦ ਦੀ ਐ?'' ਉਨ੍ਹਾਂ ਨੇ ਬੀਬੀ ਤੋਂ ਪੁੱਛਿਆ।
“ਛੇ, ਸੱਤ, ਅੱਠ, ਨੌਂ, ਦਸ ਤਾਰੀਖ ਦੀ ਐ ਮੇਰੇ ਖਿਆਲ 'ਚ,'' ਬੀਬੀ ਨੇ ਅਖ਼ਬਾਰ ਫਰੋਲਦਿਆਂ ਬੇਧਿਆਨੀ ਵਿਚ ਕਿਹਾ।
“ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ ਸਾਰਾ ਮਹੀਨਾ ਗਿਣਦੇ૴, ਤੇਰੇ ਜੰਮਣ ਬਿਨਾਂ ਕਿਆ ਥੁੜ੍ਹਿਆ ਤੀ।'' ਭਾਪਾ ਜੀ ਨੇ ਰੋਟੀ ਖਾਣੀ ਛੱਡਦਿਆਂ ਕਿਹਾ।
“ਤੇਰੇ ਨਾਲ ਤਾਂ ਗੱਲ ਕਰਨਾ ਵੀ ਬਾਬਾ ਚੁਰਾਸੀਆਂ ਦਾ ਘਾਟਾ ਐ।'' ਬੀਬੀ ਨੇ ਅਖ਼ਬਾਰ ਰੱਖ ਕੇ ਅੰਦਰ ਜਾਂਦਿਆਂ ਕਿਹਾ।
' ' '
ਬਲਵੰਤ ਗਾਰਗੀ ਨਾਲ ਭਾਪਾ ਜੀ ਦੀ ਮਿੱਤਰਤਾ ਜੱਗ ਜ਼ਾਹਿਰ ਸੀ। ਪਹਿਲੀ ਗੱਲ ਤਾਂ ਦੋਸਤ ਲੜਦੇ ਘੱਟ ਹੀ ਹਨ। ਜੇ ਲੜ ਪੈਣ ਤਾਂ ਲੜਦੇ ਵੀ ਸੌਂਕਣਾਂ ਵਾਗੂੰ ਹਨ। ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਬਲਵੰਤ ਗਾਰਗੀ ਕੁਝ ਸਮੇਂ ਲਈ ਚੰਡੀਗੜ੍ਹ ਰਹਿਣ ਆਏ। ਪੰਜਾਬੀ ਰੰਗਮੰਚ ਨਾਲ ਸਬੰਧਿਤ ਕਿਸੇ ਸੰਸਥਾ ਦਾ ਸਰਪ੍ਰਸਤ ਬਣਾਉਣ ਲਈ ਮੈਨੂੰ ਗਾਰਗੀ ਹੋਰਾਂ ਨੂੰ ਮਿਲਣ ਦੀ ਜ਼ਰੂਰਤ ਪੈ ਗਈ।
“ਭਾਪਾ ਜੀ, ਮੈਂ ਗਾਰਗੀ ਨੂੰ ਮਿਲਣ ਜਾਣੈ,'' ਮੈਂ ਕਮਰੇ ਵਿਚ ਵੜਦੇ ਸਾਰ ਕਿਹਾ।
“ਜਾਹ ਫੇਰ।'' ਉਨ੍ਹਾਂ ਬਿਨਾਂ ਮੇਰੇ ਵੱਲ ਵੇਖਿਆਂ, ਅਖ਼ਬਾਰ ਪੜ੍ਹਦਿਆਂ ਹੀ ਕਿਹਾ।
“ਤੁਹਾਡਾ ਨਾਂ ਲੈ ਕੇ ਮਿਲ ਲਵਾਂ? ਮੈਨੂੰ ਤਾਂ ਜਾਣਦੇ ਨਹੀਂ ਉਹ।''
“ਨਾ, ਨਾਓਂ ਨ੍ਹਂਂ ਲੈਣਾ, ਬਿਲਕੁਲ ਨ੍ਹੀਂ। ૴ ਚੰਡੀਗੜ੍ਹ ਬੈਠਾ ਹੋਵੇ, ਮਿਲਣ ਤਾਂ ਕੀ ਆਉਣੈ, ਫੋਨ ਵੀ ਨ੍ਹੀ,'' ਭਾਪਾ ਜੀ ਨੇ ਅਖ਼ਬਾਰ ਰੱਖ ਕੇ ਉਂਗਲੀ ਖੜ੍ਹੀ ਕਰਕੇ ਕਿਹਾ।
ਉਨ੍ਹਾਂ ਦਿਨਾਂ ਵਿਚ ਇਹ ਦੋਵੇਂ ਦੋਸਤ ਇਕ ਦੂਜੇ ਨਾਲ ਰੁੱਸੇ ਹੋਏ ਸਨ। ਮੈਂ ਬਲਵੰਤ ਗਾਰਗੀ ਦੇ ਘਰ ਗਿਆ। ਮੈਂ ਆਪਣੀ ਗੱਲ ਕਰਕੇ ਉਨ੍ਹਾਂ ਕੋਲੋਂ ਜਾਣ ਦੀ ਇਜਾਜ਼ਤ ਮੰਗੀ।
ਫਿਰ ਇਸ ਮਗਰੋਂ ਮੈਂ ਝਿਜਕਦਿਆਂ ਆਖ ਹੀ ਦਿੱਤਾ, ''ਗਾਰਗੀ ਸਾਹਿਬ, ਧੀਰ ਸਾਹਿਬ ਨੂੰ ਜਾਣਦੇ ਓ?''
“ਹਾਂ, ਜਾਣਦਾਂ, ਕੀ ਗੱਲ?''
“ਮੈਂ ਭਤੀਜਾ ਆਂ ਜੀ ਉਨ੍ਹਾਂ ਦਾ।''
“ਸਕਾ?''
“ਜੀ।''
“ਬੈਠ ਫੇਰ ਯਾਰ, ਫੇਰ ਤਾਂ ਤੂੰ ਮੇਰਾ ਵੀ ਭਤੀਜਾ ਹੋਇਆ। ਕੀ ਹਾਲ ਐ ਓਸ ਦਾ। ਉਹਨੂੰ ਪਤਾ ਨ੍ਹੀਂ ਗਾਰਗੀ ਚੰਡੀਗੜ੍ਹ ਐ! ਮਿਲਣ ਕਿਉਂ ਨ੍ਹੀਂ ਆਇਆ ਹੁਣ ਤੱਕ। ਉਹਨੂੰ ਕਹੀਂ ਮੈਨੂੰ ਫੋਨ ਕਰੇ।''
ਬਲਵੰਤ ਗਾਰਗੀ ਨੇ ਨੌਕਰ ਨੂੰ ਚਾਹ ਬਣਾਉਣ ਲਈ ਕਿਹਾ।
''ਹਾਂ ਬਈ, ਜਾ ਆਇਆ ਆਪਣੇ ਗਾਰਗੀ ਕੋਲ?''
''ਹਾਂ ਜੀ,'' ਮੈਂ ਡਰਦੇ ਡਰਦੇ ਕਿਹਾ।
“ਕੀ ਕਹਿੰਦਾ? ਨਾਓਂ ਲਿਆ ਮੇਰਾ ਕਿ ਨਹੀਂ?'' ਭਾਪਾ ਜੀ ਨੇ ਮੰਜੇ 'ਤੇ ਬੈਠਿਆਂ ਚਾਹ ਦੀ ਚੁਸਕੀ ਲੈਂਦੇ ਹੋਏ ਕਿਹਾ।
“ਕਹਿੰਦਾ ਧੀਰ ਨੂੰ ਪਤਾ ਨ੍ਹੀਂ ਗਾਰਗੀ ਚੰਡੀਗੜ੍ਹ ਰਹਿ ਰਿਹਾ ਐ। ਉਹਨੂੰ ਕਹੀਂ ਮੈਨੂੰ ਫੋਨ ਕਰੇ।'' ਮੈਂ ਡਰਦੇ ਨੇ ਇਕ ਸਤਰੀ ਜਵਾਬ ਦਿੱਤਾ।
“ਮੈਂ ਕਿਉ ਕਰਾਂ ਫੋਨ, ਉਹ ਨ੍ਹੀਂ ਕਰ ਸਕਦਾ? ਉਹ ਨਵਾਬ ਐ ਬਾਹਲਾ! ਅੱਛਾ ਇਉਂ ਦੱਸ ਤੇਰੇ ਕੋਲ ਹੈ ਗਾਰਗੀ ਦਾ ਫੋਨ?''
ਮੈਂ ਫੋਨ ਮਿਲਾ ਕੇ ਭਾਪਾ ਜੀ ਨੂੰ ਰਿਸੀਵਰ ਫੜਾ ਦਿੱਤਾ।
“ਹੈਲੋ ਕੌਣ ਬੋਲਦੈ? ਗਾਰਗੀ ਬੋਲਦੈ? ਓਏ ਗਾਰਗੀਆ, ਤੈਨੂੰ ਸ਼ਰਮ ਤਾਂ ਨ੍ਹੀਂ ਆਉਂਦੀ! ਧੀਰ ਤੇ ਗਾਰਗੀ ਇਕੋ ਸ਼ਹਿਰ 'ਚ ਹੋਣ ਪਰ ਮਿਲਣ ਨਾ, ਊਂ ਗੱਲ ਤਾਂ ਤੇਰੀ ਵੀ ਠੀਕ ਐ। ਤੂੰ ਮੇਰੇ ਸ਼ਹਿਰ ਆਇਐਂ, ਮੈਨੂੰ ਕਰਨਾ ਚਾਹੀਦਾ ਸੀ ਫੋਨ। ਅੱਛਾ ਇਉਂ ਕਰ ਕੱਲ੍ਹ ਨੂੰ ਆ ਜਾ। ਸਾਗ ਤੇ ਮੱਕੀ ਦੀ ਰੋਟੀ ਖਾਵਾਂਗੇ, ਧੁੱਪੇ ਬਹਿ ਕੇ। ਨਾਲ ਪੀਵਾਂਗੇ ਲੱਸੀ। ਠੀਕ ਐ ਫੇਰ, ਕੱਲ੍ਹ ਨੂੰ ਮਿਲਦੇ ਆਂ।''
ਦੂਜੇ ਦਿਨ ਜਦ ਮੈਂ ਗਿਆ, ਦੋਵੇਂ ਦੋਸਤ ਬਾਹਰ ਵਿਹੜੇ 'ਚ ਬੈਠੇ ਸਾਗ ਮੱਕੀ ਦੀ ਰੋਟੀ ਖਾਂਦੇ ਹੋਏ ਉੱਚੀ ਉੱਚੀ ਠਹਾਕੇ ਮਾਰ ਰਹੇ ਸਨ। ਕੋਲ ਬੀਬੀ ਬੈਠੀ ਸੀ।
''ਗਾਰਗੀ, ਇਹ ਸੰਜੀਵਨ ਐ, ਭਤੀਜਾ ਐ ਮੇਰਾ। ਇਹ ਵੀ ਨਾਟਕ ਲਿਖਦੈ,'' ਭਾਪਾ ਜੀ ਨੇ ਮੇਰੀ ਵਾਕਫ਼ੀਅਤ ਕਰਵਾਉਂਦਿਆਂ ਕਿਹਾ।
''ਮੈਂ ਜਾਣਦਾਂ। ਇਹਦੇ ਕਰਕੇ ਈ ਮਿਲੇ ਆਂ ਆਪਾਂ,'' ਗਾਰਗੀ ਹੋਰਾਂ ਨੇ ਲੱਸੀ ਦਾ ਗਲਾਸ ਮੂੰਹ ਨੂੰ ਲਾਉਂਦਿਆਂ ਕਿਹਾ।
''ਹੁਣ ਜਦ ਕਿਤੇ ਇਹ ਲਿਖਣ ਦੀ ਲੋੜ ਪਵੇ, ਸਾਡੀ ਮੰਨ-ਮਨਾਈ ਕਿਵੇਂ ਹੋਈ ਤਾਂ ਆਪਣੇ ਭਤੀਜੇ ਦਾ ਜ਼ਿਕਰ ਕਰਨਾ ਨਾ ਭੁੱਲ ਜਿਓ ਕਿਤੇ।'' ਮੈਂ ਕਿਹਾ।
''ਹਾਂ, ਹਾਂ ਕਿਉਂ ਨ੍ਹੀ।'' ਭਾਪਾ ਜੀ ਅਤੇ ਗਾਰਗੀ ਹੋਰਾਂ ਨੇ ਠਹਾਕਾ ਲਗਾਉਂਦਿਆਂ ਕਿਹਾ। ਉਸ ਦਿਨ ਇਹ ਠਹਾਕੇ ਦੇਰ ਰਾਤ ਤੱਕ ਗੂੰਜਦੇ ਰਹੇ।
' ' '
ਇਕ ਦਿਨ ਭਾਪਾ ਜੀ ਕੋਲ ਘਰੇ ਦਿੱਲੀ ਤੋਂ ਉਨਾਂ ਦੇ ਅਜ਼ੀਜ਼ ਮਿੱਤਰ ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ ਅਤੇ ਕੁਝ ਹੋਰ ਸਾਹਿਤਕ ਮਿੱਤਰ ਆਏ ਹੋਏ ਸਨ। ਅਜਿਹੇ ਮੌਕੇ ਭਾਪਾ ਜੀ ਅਕਸਰ ਮੈਨੂੰ ਵੀ ਬੁਲਾ ਲੈਂਦੇ। ਸਾਹਿਤਕ, ਸਮਾਜਿਕ, ਸਭਿਆਚਰਕ, ਧਾਰਮਿਕ ਅਤੇ ਰਾਜਨੀਤਿਕ ਵਿਚਾਰ ਚਰਚਾ ਦਾ ਦੌਰ ਚੱਲ ਰਿਹਾ ਸੀ।
ਮੋਹਨ ਭੰਡਾਰੀ ਕਹਿਣ ਲੱਗੇ, ''ਹੈਂ ਧੀਰ ਸਾਹਿਬ, ਹੁਣ ਗੁਰਦੁਆਰਿਆਂ 'ਚ ਉਹ ਗੱਲ ਨ੍ਹੀਂ ਰਹੀ।''
''ਕਿਉਂ ਕੀ ਹੋ ਗਿਆ?'' ਭਾਪਾ ਜੀ ਨੇ ਕਿਹਾ।
''ਛੋਟੇ ਹੁੰਦੇ ਅਸੀ ਪਿੰਡ ਗੁਰਦੁਆਰੇ ਜਾਣਾ। ਜਦ ਭਾਈ ਜੀ ਨੇ ਪ੍ਰਸ਼ਾਦ ਦੇਣਾ ਬੁੱਕ ਭਰ ਜਾਣੀ ਜੀ। ਹੁਣ ਊਂ ਈ ਭੋਰਾ ਜਿਹਾ ਦੇ ਦਿੰਦੇ ਨੇ ਕੜਾਹ।'' ਉਨ੍ਹਾਂ ਕਿਹਾ।
ਭਾਪਾ ਜੀ ਨੇ ਕਿਹਾ, ''ਕੜਾਹ ਅੱਜ ਵੀ ਓਨਾ ਈ ਦਿੰਦੈ ਗੁਰਦੁਆਰੇ ਆਲਾ ਭਾਈ ਜਿੰਨਾ ਪਹਿਲਾਂ ਦਿੰਦਾ ਤੀ। ਭੰਡਾਰੀ ਬੀਰ, ਪਹਿਲਾਂ ਤੂੰ ਤੀ ਜੁਆਕ, ਤੇਰੀ ਬੁੱਕ ਹੁੰਦੀ ਤੀ ਛੋਟੀ, ਭਰ ਜਾਂਦੀ ਤੀ ਪ੍ਰਸ਼ਾਦ ਨਾਲ। ਹੁਣ ਤੇਰੀ ਬੁੱਕ ਬੜੀ ਹੋ ਗਈ ਭਾਈ ਭੰਡਾਰੀ।'' ਕਾਫ਼ੀ ਦੇਰ ਇਸ ਮੁੱਦੇ 'ਤੇ ਠਹਾਕਿਆਂ ਅਤੇ ਚਟਕਾਰਿਆਂ ਨਾਲ ਚਰਚਾ ਹੁੰਦੀ ਰਹੀ।
' ' '
ਭਾਪਾ ਜੀ ਨੂੰ ਪੀ.ਜੀ.ਆਈ. ਦਾਖਲ ਕਰਵਾਉਣ ਲਈ ਨਵਰੀਤ ਫਾਈਲ ਬਣਵਾਉਣ ਲਈ ਲਾਈਨ ਵਿਚ ਖੜ੍ਹਾ ਸੀ। ਭਾਪਾ ਜੀ ਸਟਰੈਚਰ 'ਤੇ ਪਏ ਸਨ। ਮੈਂ ਕੋਲ ਖੜ੍ਹਾ ਸੀ।
''ਭਾਪਾ ਜੀ, ਕੀ ਹਾਲ ਐ?'' ਮੈਂ ਕਿਹਾ।
''ਠੀਕ ਐ, ਬਸ ਭੁੱਖ ਨ੍ਹੀਂ ਲੱਗਦੀ। ਕੰਬਲ ਦੇ ''ਦਾਲੇ, ਠੰਢ ਲੱਗਦੀ ਐ,'' ਉਨ੍ਹਾਂ ਨੇ ਕਿਹਾ।
''ਭਾਪਾ ਜੀ, ਖ਼ਬਰ ਦੇ 'ਤੀ ਸਾਰੇ ਅਖ਼ਬਾਰਾਂ ਨੂੰ,'' ਮੈਂ ਕਿਹਾ।
''ਚਲੋ ਠੀਕ ਐ, ਜਿਵੇਂ ਤੇਰੀ ਮਰਜ਼ੀ,'' ਉਨ੍ਹਾਂ ਨੇ ਕਿਹਾ।
''ਭਾਪਾ ਜੀ, ਸਰਕਾਰੀ ਤੌਰ 'ਤੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰਾਂ? ਕਰਾਂ ਕਿਸੇ ਨਾਲ ਗੱਲ?'' ਮੈਂ ਫੇਰ ਕਿਹਾ।
''ਕੀ ਲੋੜ ਐ ਕਿਸੇ ਸਰਕਾਰ ਸਰਕੂਰ ਦੇ ਇਲਾਜ ਦੀ। ਆਪਾਂ ਸਾਰੀ ਉਮਰ ਨੀਂ ਪਰਵਾਹ ਕੀਤੀ ਕਿਸੇ ਸਰਕਾਰ ਦੀ, ਹੁਣ ਕੀ ਲੋੜ ਐ,'' ਭਾਪਾ ਜੀ ਨੇ ਪੂਰੇ ਜਲਾਲ ਵਿਚ ਉਂਗਲੀ ਖੜ੍ਹੀ ਕਰ ਕੇ ਕਿਹਾ।
' ' '
ਪੀ.ਜੀ.ਆਈ. ਵੱਲੋਂ ਭਾਪਾ ਜੀ ਦਾ ਸਰੀਰ ਪ੍ਰਾਪਤ ਕਰਨ ਮਗਰੋਂ ਤੋਹਫ਼ੇ ਵਜੋਂ ਦਿੱਤੇ ਬੂਟੇ ਨੂੰ ਉਨ੍ਹਾਂ ਦੀ ਤੀਜੀ, ਚੌਥੀ ਪੀੜ੍ਹੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਲਾਉਣ ਮੌਕੇ ਮੇਰੇ ਮਨ ਵਿਚ ਖ਼ਿਆਲ ਆ ਰਿਹਾ ਸੀ ਕਿ ਲੋਕ ਆਪਣੀਆਂ ਦੋ-ਦੋ ਤਿੰਨ-ਤਿੰਨ ਪੁਸ਼ਤਾਂ ਲਈ ਧਨ ਦੌਲਤ, ਜ਼ਮੀਨ ਜਾਇਦਾਦ ਛੱਡ ਕੇ ਜਾਂਦੇ ਹਨ, ਪਰ ਸੰਤੋਖ ਸਿੰਘ ਧੀਰ ਆਪਣੇ ਪਿੱਛੇ ਏਨਾ ਨਾਮਣਾ, ਸ਼ੋਹਰਤ ਅਤੇ ਜਸ ਖੱਟ ਕੇ ਛੱਡ ਗਿਆ। ਆਉਣ ਵਾਲੀਆਂ ਸੱਤ ਪੁਸ਼ਤਾਂ ਬਿਨਾਂ ਕੋਈ ਤਰੱਦਦ ਕੀਤੇ ਇਸ ਦਾ ਨਿੱਘ ਮਾਣ ਸਕਦੀਆਂ ਹਨ। ਬਸ਼ਰਤੇ ਕੋਈ ਬਦਨਾਮੀ ਨਾ ਖੱਟਣ।

ਸੰਪਰਕ : 94174-60656
02 Dec. 2018