ਪ੍ਰਕਾਸ਼ ਪੁਰਬ ਸਮਾਗਮ ਅਤੇ ਗੁਰੂ ਨਾਨਕ ਵਿਚਾਰਧਾਰਾ - ਜਗਤਾਰ ਸਿੰਘ'
ਸਿੱਖ ਸਮਾਜ ਦੁਨੀਆਂ ਦੇ ਸਭ ਤੋਂ ਨਵੀਨ ਸਮਝੇ ਜਾਂਦੇ ਸਿੱਖ ਧਰਮ ਦੇ ਸਰਬ-ਵਿਸ਼ਵੀ ਅਤੇ ਮਾਨਵੀ ਸੰਕਲਪਾਂ ਤੋਂ ਦੂਰ ਹੋ ਰਿਹਾ ਹੈ। ਇਹ ਦੁਖਦਾਈ ਵਰਤਾਰਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਦੇ ਅਗਲੇ ਵਰ੍ਹੇ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਦੇ ਇਕ ਸਾਲ ਚੱਲਣ ਵਾਲੇ ਸਮਾਗਮ ਸ਼ੁਰੂ ਹੁੰਦਿਆਂ ਹੀ ਹੋਰ ਉਭਰਿਆ ਹੈ। ਇਸ ਦੇ ਨਾਲ ਹੀ ਧਰਮ ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਦੀ ਦੌੜ ਹੋਰ ਤੇਜ਼ ਹੋ ਗਈ ਹੈ ਜਿਸ ਨੇ ਪਹਿਲਾਂ ਹੀ ਸਿੱਖ ਸੰਸਥਾਵਾਂ ਦਾ ਬੇਹੱਦ ਨੁਕਸਾਨ ਕੀਤਾ ਹੈ। ਇਹ ਤੰਗ ਨਜ਼ਰੀਆ ਨਨਕਾਣਾ ਸਾਹਿਬ ਵਿਖੇ ਬਾਬੇ ਨਾਨਕ ਦੇ 349ਵੇਂ ਪ੍ਰਕਾਸ਼ ਪੁਰਬ ਮੌਕੇ ਵੇਖਣ ਨੂੰ ਮਿਲਿਆ। ਸਮਾਗਮ ਵਿਚ ਗੂਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਸਿੱਖ ਪੰਥ ਦੇ ਛੇਵੇਂ ਤਖਤ ਵਜੋਂ ਮਾਨਤਾ ਦੇਣ ਬਾਰੇ ਮਤਾ ਪਾਸ ਕਰ ਦਿੱਤਾ ਗਿਆ ਜਦੋਂ ਕਿ ਗੁਰੂ ਨਾਨਕ ਅਤੇ ਉਨ੍ਹਾਂ ਦੀ ਵਿਚਾਰਧਾਰਾ ਇਨ੍ਹਾਂ ਸੰਸਥਾਵਾਂ ਤੋਂ ਉਪਰ ਹੈ।
ਦਰਅਸਲ, ਇਹ ਚਾਲ ਭਾਰਤ ਤੋਂ ਬਾਹਰ ਮੁਤਵਾਜ਼ੀ ਧਾਰਮਿਕ-ਰਾਜਸੀ ਕੇਂਦਰ ਬਣਾਉਣ ਦੀ ਕੜੀ ਜਾਪਦੀ ਹੈ। ਅਜਿਹਾ ਮੁਤਵਾਜ਼ੀ ਕੇਂਦਰ ਬਣਾਉਣਾ ਕੋਈ ਮਾੜੀ ਗੱਲ ਨਹੀਂ ਪਰ ਇਹ ਕੇਂਦਰ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਸਹੀ ਅਰਥਾਂ ਵਿਚ ਪ੍ਰਚਾਰਨ ਲਈ ਬਣਨਾ ਚਾਹੀਦਾ ਹੈ, ਸੌੜੀ ਰਾਜਨੀਤੀ ਲਈ ਨਹੀਂ। ਇਕ ਗੱਲ ਸਪੱਸ਼ਟ ਹੈ ਕਿ ਤਖ਼ਤ ਗੁਰਦੁਆਰਾ ਨਹੀਂ ਹੈ। ਜੇ ਤਖ਼ਤ ਗੁਰਦੁਆਰਾ ਹੁੰਦਾ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇਕ ਹੋਰ ਗੁਰਦੁਆਰਾ ਬਣਾਉਣ ਦੀ ਲੋੜ ਨਹੀ ਸੀ। ਉਨ੍ਹਾਂ ਅਕਾਲ ਤਖ਼ਤ ਦੀ ਸਿਰਜਣਾ ਰਾਜਸੀ ਸੱਤਾ ਦੇ ਕੇਂਦਰ ਵਜੋਂ ਕੀਤੀ। ਅੱਜ ਦੇ ਹਾਲਾਤ ਦੇ ਪ੍ਰਸੰਗ ਵਿਚ ਅਕਾਲ ਤਖ਼ਤ ਸਿੱਖ ਵਿਚਾਰਧਾਰਾ ਦੀ ਆਜ਼ਾਦ ਤੇ ਖੁਦਮੁਖ਼ਤਾਰੀ ਦਾ ਪ੍ਰਤੀਕ ਹੈ ਜੋ ਭੂਗੋਲਿਕ ਸਰਹੱਦਾਂ ਤੋਂ ਉੱਪਰ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਤਖ਼ਤ ਤੋਂ ਅਹਿਮ ਫੈਸਲੇ ਕਰਦੇ ਸਨ। ਅਕਾਲ ਤਖਤ ਸਿਰਫ ਇੱਟਾਂ ਅਤੇ ਸੀਮਿੰਟ ਦਾ ਢਾਂਚਾ ਹੀ ਨਹੀਂ ਬਲਕਿ ਸੰਸਥਾ ਹੈ। ਇਹ ਸੰਸਥਾ ਸਮਾਂ ਪਾ ਕੇ ਸਿੱਖ ਧਾਰਮਿਕ-ਰਾਜਸੀ ਪਰੰਪਰਾ ਤੇ ਜਮੂਹਰੀ ਨੁਮਾਇੰਦਾ ਸੰਸਥਾ ਵਜੋਂ ਉਭਰਿਆ ਅਤੇ ਇਸ ਨੇ ਸਿੱਖ ਸਮਾਜ ਨੂੰ ਵੱਖਰੀ ਧਾਰਮਿਕ-ਰਾਜਸੀ ਤਾਕਤ ਵਜੋਂ ਉਭਾਰਨ ਵਿਚ ਅਹਿਮ ਰੋਲ ਅਦਾ ਕੀਤਾ।
ਇਹੀ ਕਾਰਨ ਹੈ ਕਿ ਤਖ਼ਤ ਸਾਹਿਬਾਨ ਉੱਤੇ ਸ਼ਸਤਰਾਂ ਨੂੰ ਸੁਭਾਇਮਾਨ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਸ਼ਸਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਪਿਛੋਕੜ ਵਿਚ ਰੱਖੇ ਜਾਂਦੇ ਹਨ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਇਹ ਪਰੰਪਰਾ ਨਹੀਂ ਨਿਭਾਈ ਜਾਂਦੀ, ਕਿਉਂਕਿ ਉਹ ਗੂਰੂ ਕੀ ਕਾਸ਼ੀ, ਭਾਵ ਵਿਦਿਅਕ ਕੇਂਦਰ ਵਜੋਂ ਕਾਇਮ ਕੀਤਾ ਗਿਆ ਸੀ। ਅਕਾਲ ਤਖਤ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਹਰ ਰੋਜ਼ ਸਾਰਾ ਦਿਨ ਪ੍ਰਕਾਸ਼ ਕਰਨਾ ਵੀ ਕੁੱਝ ਦਹਾਕੇ ਪਹਿਲਾਂ ਹੀ ਸ਼ੁਰੂ ਹੋਇਆ ਹੈ। ਪਹਿਲਾਂ ਅਕਾਲ ਤਖਤ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਵੇਰੇ ਸ਼ਾਮ ਦੇ ਦੀਵਾਨਾਂ ਵਿਚ ਹੀ ਕੀਤਾ ਜਾਂਦਾ ਸੀ। ਅਕਾਲ ਤਖਤ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਦਿਨ ਪ੍ਰਕਾਸ਼ ਕਰਨ ਦੀ ਰਵਾਇਤ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਕਾਰਜਕਾਲ ਦੌਰਾਨ ਕੀਤੀ। ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਕਾਲ ਤਖਤ ਦੀ ਉਪਰਲੀ ਮੰਜ਼ਿਲ ਉੱਤੇ ਵੀ ਕੀਤਾ ਜਾਂਦਾ ਹੈ। ਇਸ ਵਰਤਾਰੇ ਨੇ ਅਕਾਲ ਤਖਤ ਨੂੰ ਗੁਰਦੁਆਰੇ ਵਿਚ ਤਬਦੀਲ ਕਰ ਦਿੱਤਾ ਹੈ। ਇਹ ਵਰਤਾਰਾ ਅਕਾਲੀ ਆਗੂਆਂ ਨੂੰ ਸੂਤ ਬੈਠਦਾ ਹੈ ਜਿਨ੍ਹਾਂ ਉੱਤੇ ਇਹ ਦੋਸ਼ ਲੱਗਦਾ ਹੈ ਕਿ ਉਹ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਸਿੱਖ ਸੰਸਥਾਵਾਂ ਨੂੰ ਵਰਤ ਕੇ ਇਨ੍ਹਾਂ ਦੀ ਸ਼ਾਨ ਤੇ ਰੁਤਬੇ ਨੂੰ ਢਾਹ ਲਾ ਰਹੇ ਹਨ।
ਜਥੇਦਾਰ ਵੇਦਾਂਤੀ ਨੂੰ ਉਸ ਸਮੇਂ ਅਕਾਲ ਤਖਤ ਦਾ ਜਥੇਦਾਰ ਬਣਾਇਆ ਗਿਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਚਕਾਰ ਰਾਜਸੀ ਜੰਗ ਛਿੜੀ ਹੋਈ ਸੀ। ਇਸ ਜੰਗ ਵਿਚ ਸ੍ਰੀ ਬਾਦਲ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਏ। ਵਿਦਵਾਨਾਂ ਅਤੇ ਆਮ ਲੋਕਾਂ ਅਨੁਸਾਰ ਇਨ੍ਹਾਂ ਸੰਸਥਾਵਾਂ ਉੱਤੇ ਸ਼੍ਰੋਮਣੀ ਕਮੇਟੀ ਰਾਹੀਂ ਕੀਤੇ ਮੁਕੰਮਲ ਕੰਟਰੋਲ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਸਤੰਬਰ 2015 ਵਿਚ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੁੱਖ ਮੰਤਰੀ ਬਾਦਲ ਦੀ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ ਉੱਤੇ ਤਲਬ ਕਰਕੇ ਸੱਚਾ ਸੌਦਾ ਡੇਰੇ ਦੇ ਮੁਖੀ ਨੂੰ ਮੁਆਫ ਕਰਨ ਦੇ ਹੁਕਮ ਦਿੱਤੇ ਗਏ। ਇਹ ਉਹ ਘਟਨਾ ਸੀ ਜਿਸ ਕਾਰਨ ਬਾਦਲਾਂ ਨੂੰ ਹੁਣ ਤੱਕ ਸਿੱਖਾਂ ਦੇ ਜ਼ਬਰਦਸਤ ਰੋਹ ਤੇ ਰੋਸ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਇਹੀ ਘਟਨਾ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚੋਂ ਉਪਜੀ ਹੋਈ ਧਾਰਮਿਕ-ਰਾਜਸੀ ਉਥਲ-ਪੁਥਲ ਦੀ ਜੜ੍ਹ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੀ ਚੋਰੀ ਅਤੇ ਬਾਅਦ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਰਾਜ ਪ੍ਰਬੰਧ ਦੇ ਦਾਇਰੇ ਵਿਚ ਆਉਦੀਆਂ ਹਨ, ਇਸ ਸਬੰਧ ਵਿਚ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਅਕਾਲ ਤਖ਼ਤ ਅਤੇ ਬਾਕੀ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਤਲਬ ਕਰਨਾ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ।
ਹੁਣ ਨਨਕਾਣਾ ਸਾਹਿਬ ਵਿਚ ਉਸ ਇਤਿਹਾਸਕ ਸਥਾਨ ਨੂੰ ਛੇਵਾਂ ਤਖਤ ਬਣਾਉਣ ਲਈ ਪੇਸ਼ ਕੀਤਾ ਮਤਾ ਰਾਜਸੀ ਆਗੂਆਂ ਵਲੋਂ ਸਿੱਖ ਧਰਮ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦੇ ਵਰਤਾਰੇ ਦੀ ਅਗਲੀ ਕੜੀ ਹੀ ਹੈ। ਇਸੇ ਕਰਕੇ ਅਕਾਲ ਤਖ਼ਤ ਦੀ ਭੂਮਿਕਾ, ਕਾਰਜ ਖੇਤਰ, ਕਾਰਜ ਵਿਧੀ ਅਤੇ ਇਸ ਦੇ ਜਥੇਦਾਰ ਦੀ ਨਿਯੁਕਤੀ ਦੇ ਢੰਗ ਨੂੰ ਸਿੱਖ ਪੰਥ ਦੇ ਵਿਸ਼ਵ ਭਾਗੀਦਾਰ ਬਣਨ ਦੇ ਅਜੋਕੇ ਪ੍ਰਸੰਗ ਵਿਚ ਵਿਚਾਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ 22 ਫਰਵਰੀ 1999 ਨੂੰ ਪਾਸ ਮਤੇ ਵਿਚ ਕਿਹਾ ਗਿਆ ਸੀ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨਾਲ ਸਿੱਖ ਗੁਰਦੁਆਰਾ ਐਕਟ-1925 ਤਹਿਤ ਸ਼ੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਲਾ ਵਿਹਾਰ ਨਹੀਂ ਕਰਦਾ ਚਾਹੀਦਾ। ਗੁਰੁਦਆਰਾ ਸਾਹਿਬਾਨ ਦੇ ਗ੍ਰੰਥੀਆਂ ਦੇ ਤਖ਼ਤ ਸਾਹਿਬਾਨ ਦੇ ਜਥੇਦਾਰ ਨਿਯੁਕਤ ਕਰਨ ਦੀ ਰਵਾਇਤ ਸ਼ੁਰੂ ਹੋਣ ਨਾਲ ਵੀ ਇਨ੍ਹਾਂ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲੱਗੀ ਹੈ।
ਵੱਖ ਵੱਖ ਧੜਿਆਂ ਵਲੋਂ ਸਿੱਖ ਸੰਸਥਾਵਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਮੰਚ ਵਲੋਂ ਵਰਤਣ ਦੇ ਵਰਤਾਰੇ ਨਾਲ ਜੁੜਿਆ ਇਕ ਹੋਰ ਪਹਿਲੂ ਵੀ ਹੈ। ਇਹ ਵਰਤੋਂ ਲੰਬੇ ਸਮੇਂ ਤੋਂ ਹੋ ਰਹੀ ਹੈ। ਸਿੱਖ ਹੋਰ ਭਾਈਚਾਰਿਆਂ ਵਾਂਗ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਦੀ ਗੱਲ ਕਿਉਂ ਨਹੀਂ ਕਰ ਸਕਦੇ? ਇਸ ਨੇ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਇਨ੍ਹਾਂ ਸੰਸਥਾਵਾਂ ਨਾਲੋਂ ਤੋੜ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਉਲੀਕੇ ਜਾ ਰਹੇ ਪ੍ਰੋਗਰਾਮਾਂ ਅਤੇ ਸਮਾਗਮਾਂ ਦਾ ਕੇਂਦਰੀ ਧੁਰਾ ਉਨ੍ਹਾਂ ਦੀ ਸਰਬ ਕਲਿਆਣਕਾਰੀ ਵਿਚਾਰਧਾਰਾ ਹੋਣੀ ਚਾਹੀਦੀ ਹੈ ਜਿਹੜੀ ਇਸ ਸਮੇਂ ਵੱਖ ਵੱਖ ਟਕਰਾਵਾਂ ਵਿਚ ਗ੍ਰਸੀ ਦੁਨੀਆ ਲਈ ਮੁਕਤੀ ਦਾ ਮਾਰਗ ਬਣ ਸਕਦੀ ਹੈ। ਇਹ ਵਿਚਾਰਧਾਰਾ ਸਰਬੱਤ ਦੇ ਭਲੇ ਅਤੇ ਪ੍ਰੇਮ ਦੀ ਮੁੱਦਈ ਹੈ ਜਿਸ ਵਿਚ ਜ਼ਾਤ, ਨਸਲ ਅਤੇ ਊਚ-ਨੀਚ ਤੇ ਬੰਧਨਾਂ ਲਈ ਕੋਈ ਥਾਂ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਆਦਰਸ਼ ਮਨੁੱਖ ਅਤੇ ਸਮਾਜ ਦੀ ਸਿਰਜਣਾ ਵਿਚ ਵਿਸ਼ਵਾਸ ਰੱਖਦੀ ਹੈ ਜਿਸ ਵਿਚ ਕਿਸੇ ਦੀ ਲੁੱਟ-ਖਸੁੱਟ ਦੀ ਕੋਈ ਥਾਂ ਨਾ ਹੋਵੇ। ਇਸ ਵਿਚਾਰਧਾਰਾ ਦਾ ਕੇਂਦਰੀ ਬਿੰਦੂ ਇਹ ਹੈ ਕਿ ਸਾਰੇ ਮਨੁੱਖ ਅਤੇ ਜੀਵ ਜੰਤੂ ਇਕ ਹੀ ਪਰਮਾਤਮਾ ਦੀ ਸੰਤਾਨ ਹਨ। ਇਹ ਵਿਸ਼ਵੀ ਭਾਈਚਾਰੇ ਵਾਲੀ ਪਹੁੰਚ ਹੈ। ਗੁਰੂ ਨਾਨਕ ਦੇਵ ਜੀ ਨੇ ਔਰਤ ਅਤੇ ਮਰਦ ਦੀ ਬਰਾਬਰੀ ਦਾ ਸੰਕਲਪ ਵੀ ਸਾਹਮਣੇ ਲਿਆਂਦਾ ਜਿਸ ਦੀ ਅਜੋਕੇ ਸਮੇਂ ਵਿਚ ਸਾਰੇ ਮੁਲਕ ਨੂੰ ਬਹੁਤ ਲੋੜ ਹੈ। ਉਨ੍ਹਾਂ ਜ਼ਾਤ-ਪਾਤ ਅਤੇ ਨਸਲ ਦੇ ਭੇਦਭਾਵ ਦੇ ਆਧਾਰ ਉਤੇ ਵਿਤਕਰੇ ਦਾ ਵਿਰੋਧ ਕੀਤਾ ਪਰ ਅਫਸੋਸ, ਸਿੱਖ ਸਮਾਜ ਅੱਜ ਇਨ੍ਹਾਂ ਹੀ ਕੁਰੀਤੀਆਂ ਵਿਚ ਫਸਿਆ ਪਿਆ ਹੈ। ਹੁਣ ਤਾਂ ਗੁਰਦੁਆਰੇ ਵੀ ਜ਼ਾਤਾਂ, ਗੋਤਾਂ ਅਤੇ ਇਲਾਕਿਆਂ ਦੇ ਨਾਂ ਉਸਾਰੇ ਜਾ ਰਹੇ ਹਨ। ਜੇ ਸਿੱਖ ਸੱਚਮੁੱਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾ ਕੰਮ ਜ਼ਾਤਾਂ, ਗੋਤਾਂ ਅਤੇ ਬੰਦਿਆਂ ਦੇ ਨਾਂ ਉੱਤੇ ਉਸਾਰੇ ਗੁਰਦੁਆਰਾ ਸਾਹਿਬਾਨ ਨੂੰ ਜਾਂ ਤਾਂ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦੇ ਨਾਂ ਬਦਲ ਦੇਣੇ ਚਾਹੀਦੇ ਹਨ। ਗੁਰੂ ਨਾਨਕ ਨੇ ਲੰਗਰ ਦੀ ਪਰੰਪਰਾ ਸਮਾਜ ਵਿਚ ਊਚ-ਨੀਚ ਦਾ ਭੇਦਭਾਵ ਖਤਮ ਕਰਨ ਲਈ ਕੀਤੀ ਸੀ।
ਕੀ ਸਿੱਖ ਸਮਾਜ ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਦੇ ਅਨੁਸਾਰ ਮਨਾ ਸਕੇਗਾ, ਜਾਂ ਇਹ ਸਮਾਗਮ ਵੀ ਰੀਤੀ ਰਿਵਾਜਾਂ ਵਿਚ ਉਲਝ ਕੇ ਰਹਿ ਜਾਵੇਗਾ? 'ਖਾਲਸਾ ਏਡ' ਵਰਗੀਆਂ ਸੰਸਥਾਵਾਂ ਨਾਲ ਜੁੜੇ ਵਿਅਕਤੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਅਮਲ ਵਿਚ ਲਿਆ ਕੇ ਸਿੱਖਾਂ ਦੀ ਪਛਾਣ ਅਤੇ ਹੋਂਦ ਦੁਨੀਆ ਭਰ ਵਿਚ ਕਾਇਮ ਕੀਤੀ ਹੈ। ਇਹ ਲੋਕ ਦੁਨੀਆ ਵਿਚ ਚੱਲ ਰਹੇ ਵੱਖ ਵੱਖ ਟਕਰਾਵਾਂ ਜਾਂ ਆਫਤਾਂ ਕਾਰਨ ਮੁਸੀਬਤਾਂ ਵਿਚ ਘਿਰੇ ਮਨੁੱਖਾਂ ਦੀ ਸਹਾਇਤਾ ਲਈ ਪਹੁੰਚਦੇ ਹਨ। ਸਿੱਖ ਗੁਰੂ ਸਾਹਿਬਾਨ ਵਿਚੋਂ ਇਕ ਨੇ ਸਿਰਫ ਇਕ ਤਖ਼ਤ ਦੀ ਸਥਾਪਨਾ ਕੀਤੀ ਸੀ ਜਿਸ ਦੀਆਂ ਜੜ੍ਹਾਂ ਗੁਰਬਾਣੀ ਵਿਚ ਹਨ। ਬਾਕੀ ਤਖ਼ਤ ਸਾਹਿਬਾਨ ਦੀ ਸਥਾਪਨਾ ਬਾਅਦ ਵਿਚ ਕੀਤੀ ਗਈ ਹੈ। ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਸਰਬ ਕਲਿਆਣਕਾਰੀ ਵਿਚਾਰਧਾਰਾ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਉਦਮ ਕਰਨ, ਹੋਛੀ ਸਿਆਸਤ ਨਾ ਕਰਨ। ਅਸਲ ਮੁੱਦਾ ਮਹਾਨ ਫਿਲਾਸਫਰ ਅਤੇ ਤਰਕਸ਼ੀਲ ਗੁਰੂ ਬਾਬੇ ਦੀਆਂ ਸਿੱਖਿਆਵਾਂ ਦਾ ਹੈ, ਉਸ ਦੇ ਜਨਮ ਸਥਾਨ ਨੂੰ 6ਵਾਂ ਤਖਤ ਬਣਾਉਣ ਦਾ ਨਹੀਂ।
'ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ : 97797-11201
02 Dec. 2018