ਵਿਰੋਧੀ ਧਿਰ ਲਈ ਨਵੇਂ ਸਿਰੇ ਤੋਂ ਨਵੇਂ ਪੱਖ ਸੋਚਣ ਦਾ ਵਕਤ ਸਿਰ ਚੁੱਕੀ ਖੜੋਤਾ ਜਾਪਦੈ - ਜਤਿੰਦਰ ਪਨੂੰ
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਇਸ ਵਾਰੀ ਇੱਕ ਸਵਾਲ ਬੜੀ ਸ਼ਿੱਦਤ ਨਾਲ ਉੱਭਰਿਆ ਸੀ ਕਿ ਜਦੋਂ ਪਤਾ ਸੀ ਕਿ ਵਿਰੋਧੀ ਧਿਰ ਕੋਲ ਹਾਕਮ ਗੱਠਜੋੜ ਦੇ ਮੁਕਾਬਲੇ ਮਸਾਂ ਅੱਧੀਆਂ ਵੋਟਾਂ ਹਨ ਤਾਂ ਚੋਣ ਕਰਾਉਣ ਦੀ ਲੋੜ ਕੀ ਸੀ? ਇਸ ਤੋਂ ਚੰਗਾ ਕੀ ਇਹ ਨਹੀਂ ਸੀ ਹੋਣਾ ਕਿ ਹਾਕਮ ਧਿਰ ਨੂੰ ਇਹ ਨਹੋਰਾ ਮਾਰ ਕੇ ਪਾਸੇ ਹੋ ਜਾਂਦੇ ਕਿ ਅਸੀਂ ਸਰਬ-ਸੰਮਤੀ ਦੀ ਇੱਛਾ ਰੱਖਦੇ ਸਾਂ, ਭਾਜਪਾ ਵਾਲਿਆਂ ਨੂੰ ਇਹ ਵੀ ਗੱਲ ਪਸੰਦ ਨਹੀਂ, ਇਸ ਲਈ ਅਸੀਂ ਇਸ ਚੋਣ ਦਾ ਬਾਈਕਾਟ ਕਰ ਰਹੇ ਹਾਂ? ਕਾਂਗਰਸ ਪਾਰਟੀ ਨਾਲ ਜੁੜੇ ਹੋਏ ਇਹ ਲੋਕ ਕਹਿੰਦੇ ਹਨ ਕਿ ਹਾਰ ਜਾਂ ਜਿੱਤ ਤੋਂ ਵੱਡਾ ਸਵਾਲ ਇੱਕ ਵਿਚਾਰਧਾਰਾ ਉੱਤੇ ਪਹਿਰਾ ਦੇਣ ਦਾ ਹੈ, ਜਿਸ ਦੇ ਲਈ ਇਸ ਚੋਣ ਵਿੱਚ ਕੁੱਦਣਾ ਜ਼ਰੂਰੀ ਸੀ। ਉਹ ਇਹ ਵੀ ਕਹਿੰਦੇ ਹਨ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਏਸੇ ਤਰ੍ਹਾਂ ਬਾਕੀ ਸਾਰੇ ਖਾਸ ਅਹੁਦੇ ਇੱਕ ਖਾਸ ਵਿਚਾਰਧਾਰਾ ਦੇ ਲੋਕਾਂ ਨਾਲ ਭਰੀ ਜਾਂਦੇ ਹਨ। ਸਥਿਤੀ ਦਾ ਵਰਨਣ ਉਹ ਠੀਕ ਕਰਦੇ ਹਨ, ਪਰ ਅਹੁਦੇ ਜਦੋਂ ਸੰਵਿਧਾਨ ਵਿੱਚ ਦਿੱਤੀ ਪ੍ਰਕਿਰਿਆ ਨਾਲ ਭਰ ਰਹੇ ਹੋਣ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਦੇਸ਼ ਦੇ ਲੋਕ ਜਿਨ੍ਹਾਂ ਲੀਡਰਾਂ ਦਾ ਕਿਹਾ ਮੰਨ ਰਹੇ ਹਨ, ਉਹ ਚੌਕੇ-ਛਿੱਕੇ ਮਾਰ ਰਹੇ ਹਨ। ਨਰਿੰਦਰ ਮੋਦੀ ਬਾਰੇ ਬਹੁਤ ਪ੍ਰਸਿੱਧ ਪੰਜਾਬੀ ਅਖਾਣ ਫਿੱਟ ਬੈਠਦਾ ਹੈ; 'ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ'। ਇਸ ਵੇਲੇ ਉਹ ਪਾਣੀ ਵੀ ਵੇਚਦਾ ਹੈ ਤਾਂ ਆਰਾਮ ਨਾਲ ਵਿਕਦਾ ਜਾ ਰਿਹਾ ਹੈ। ਜਦੋਂ ਤੱਕ ਨਰਿੰਦਰ ਮੋਦੀ ਦਾ ਇਹ ਦਬਦਬਾ ਕਾਇਮ ਹੈ, ਓਦੋਂ ਤੱਕ 'ਵਿਚਾਰਧਾਰਾ ਦੀ ਲੜਾਈ' ਲੜਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਕੋਲ ਆਪਣੇ ਘਰ ਬੈਠ ਕੇ ਇਹ ਸੋਚਣ ਦਾ ਮੌਕਾ ਹੈ ਕਿ ਅੱਜ ਵਾਲੇ ਹਾਲਾਤ ਪੈਦਾ ਕਿਸ ਨੇ ਕੀਤੇ ਹਨ?
ਅਜੇ ਤੱਕ ਵਿਰੋਧ ਦੀ ਮੁੱਖ ਧਿਰ ਮੰਨੀ ਜਾਂਦੀ ਕਾਂਗਰਸ ਉਹੋ ਪਾਰਟੀ ਹੈ, ਜਿਸ ਕੋਲ ਆਜ਼ਾਦੀ ਤੋਂ ਪਿੱਛੋਂ ਕਈ ਸਾਲਾਂ ਤੱਕ ਇਸ ਦੇਸ਼ ਵਿੱਚ ਏਨੀ ਤਾਕਤ ਸੀ, ਜਿਸ ਦੇ ਸਾਹਮਣੇ ਕੋਈ ਟਿਕਦਾ ਨਹੀਂ ਸੀ। ਉਸ ਦੇ ਆਗੂ ਵੀ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਲੀਡਰ ਹੋਇਆ ਕਰਦੇ ਸਨ। ਅੱਜ ਦੀ ਕਾਂਗਰਸ ਓਦੋਂ ਵਾਲੀ ਕਾਂਗਰਸ ਨਹੀਂ ਤੇ ਇਸ ਦੀ ਅਗਵਾਈ ਦੀ ਰਸਮ-ਪੂਰਤੀ ਕਰ ਰਹੀ ਸੋਨੀਆ ਗਾਂਧੀ ਵੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਛਾਵੇ ਵਿੱਚ ਕਿਸੇ ਨੁੱਕਰ-ਖੂੰਜੇ ਵਿਚ ਖੜੀ ਨਹੀਂ ਲੱਭ ਸਕਦੀ। ਨਹਿਰੂ ਇਸ ਪਾਰਟੀ ਦਾ ਆਗੂ ਨਹੀਂ, ਆਗੂਆਂ ਦਾ ਮੋਹਰੀ ਹੁੰਦਾ ਸੀ ਤੇ ਸੋਨੀਆ ਗਾਂਧੀ ਅੱਜ ਦੇ ਪਾਰਟੀ ਆਗੂਆਂ ਨੂੰ ਆਪਣੇ ਕੱਚ-ਘਰੜ ਜਵਾਕ ਦੇ ਪਿੱਛੇ ਘੁੰਮਦੇ ਛੋਟੀ ਉਮਰ ਦੇ ਜਵਾਕਾਂ ਦੀ 'ਰੇਲ ਗੱਡੀ ਆਈ' ਵਾਲੀ ਖੇਡ ਦੇ ਡੱਬੇ ਬਣੇ ਵੇਖਣਾ ਚਾਹੁੰਦੀ ਹੈ। ਅਮਰਿੰਦਰ ਸਿੰਘ ਵਰਗਾ ਉਮਰ ਦੇ ਤਜਰਬੇ ਤੇ ਪੰਜਾਬ ਵਰਗੇ ਪਰਪੱਕ ਰਾਜਸੀ ਮੈਦਾਨ ਦਾ ਖਿਡਾਰੀ ਵੀ ਆਪਣੀ ਸਰਕਾਰ ਵਿੱਚ ਚਾਰ ਵਜ਼ੀਰ ਹੋਰ ਮਿਲਾਉਣ ਦੀ ਪ੍ਰਵਾਨਗੀ ਲੈਣ ਲਈ ਜਦੋਂ ਦਿੱਲੀ ਵਿੱਚ 'ਰਾਹੁਲ ਜੀ' ਨੂੰ ਮਿਲਣ ਜਾਂਦਾ ਹੈ ਤਾਂ ਲੋਕ ਹੱਸ ਪੈਂਦੇ ਹਨ। ਸੋਨੀਆ ਗਾਂਧੀ ਦੇ ਘੇਰੇ-ਘੇਰੇ ਜੁੜੀ ਹੋਈ ਜੁੰਡੀ ਇਸ ਪਾਰਟੀ ਨੂੰ ਏਸੇ ਤਰ੍ਹਾਂ 'ਚਲਾਉਣਾ' ਚਾਹੁੰਦੀ ਹੈ।
ਹਾਲਾਤ ਕਿਸ ਤਰ੍ਹਾਂ ਵਿਗੜੇ ਸਨ, ਇਸ ਦੀ ਕਹਾਣੀ ਬਹੁਤ ਲੰਮੀ ਹੈ। ਜਵਾਹਰ ਲਾਲ ਨਹਿਰੂ ਸਿਰਫ ਬ੍ਰਾਹਮਣ ਪਰਵਾਰ ਵਿੱਚ ਪੈਦਾ ਹੋਣ ਕਰ ਕੇ ਉਸ ਦੇ ਨਾਂਅ ਨਾਲ ਰਿਵਾਇਤ ਵਜੋਂ 'ਪੰਡਿਤ' ਲੱਗਦਾ ਸੀ, ਜੀਵਨ ਵਿੱਚ ਧਰਮ-ਕਰਮ ਅਤੇ ਜਾਤ-ਪਾਤ ਵਿੱਚ ਉਹ ਰਚਦਾ-ਮਿਚਦਾ ਨਹੀਂ ਸੀ। ਉਸ ਦੀ ਪੰਡਿਤਾਈ ਅਕਲ ਦੇ ਉਸ ਪੱਖ ਵਿਚੋਂ ਦਿੱਸ ਸਕਦੀ ਸੀ, ਜਿਹੜਾ ਉਸ ਦੀਆਂ ਲਿਖੀਆਂ ਉੱਚ ਪਾਏ ਵਾਲੀਆਂ ਕਿਤਾਬਾਂ ਵਿੱਚ ਲਿਖਿਆ ਹੈ। ਰਾਜਨੀਤਕ ਲੋੜਾਂ ਲਈ ਆਪ ਉਸ ਨੇ ਕਦੀ ਧਰਮ ਦੀ ਵਰਤੋਂ ਨਹੀਂ ਸੀ ਕੀਤੀ, ਸਗੋਂ ਪਹਿਲੀ ਚੋਣ ਵਿੱਚ ਜਦੋਂ ਹਿੰਦੂ ਮਹਾਂ ਸਭਾ ਵਾਲਿਆਂ ਦਾ ਖੜਾ ਕੀਤਾ ਗਿਆ ਸੰਤ ਉਸ ਦੇ ਸੈਕੂਲਰਿਜ਼ਮ ਨੂੰ ਢਾਹ ਲਾਉਣ ਲਈ ਮੈਦਾਨ ਵਿੱਚ ਸੀ, ਉਸ ਨੇ ਐਲਾਨ ਕਰ ਦਿੱਤਾ ਸੀ ਕਿ ਮੈਂ ਹਲਕੇ ਵਿੱਚ ਹੀ ਨਹੀਂ ਜਾਵਾਂਗਾ ਤੇ ਲੋਕਾਂ ਨੂੰ ਸਾਡੇ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨ ਦੇਵਾਂਗਾ। ਨਹਿਰੂ ਦੀ ਜਿੱਤ ਹੋਈ ਤੇ ਹਿੰਦੂ ਸੰਤ ਦੀ ਜਦੋਂ ਜ਼ਮਾਨਤ ਜ਼ਬਤ ਹੋ ਗਈ, ਉਸ ਨੇ ਨਹਿਰੂ ਨੂੰ ਟੈਲੀਗਰਾਮ ਭੇਜ ਕੇ ਕਿਹਾ ਸੀ ਕਿ 'ਤੁਹਾਡਾ ਸੈਕੂਲਰਿਜ਼ਮ ਜਿੱਤ ਗਿਆ, ਮੇਰੇ ਵੱਲੋਂ ਵਧਾਈ ਪ੍ਰਵਾਨ ਕਰੋ'। ਉਸੇ ਪਾਰਟੀ ਦੀ ਅਗਲੀ ਪੀੜ੍ਹੀ ਨੇ ਧਰਮ ਦੀ ਦੁਰਵਰਤੋਂ ਕਰਨ ਵਾਸਤੇ ਹਰ ਪਾਪੜ ਵੇਲਿਆ ਤੇ ਸਾਰੀ ਸਾਖ ਗੁਆ ਬੈਠੀ। ਸ਼ੰਕਰਾਚਾਰੀਆ ਦੇ ਇੱਕ ਗਰੁੱਪ ਨੂੰ ਨਾਲ ਗੰਢਣ ਤੋਂ ਲੈ ਕੇ ਹਰ ਚੋਣ ਵਿੱਚ ਪਾਸਾ ਬਦਲਣ ਵਾਲੇ ਜਾਮਾ ਮਸਜਿਦ ਦੇ ਇਮਾਮ ਬੁਖਾਰੀ ਤੱਕ ਕੋਲੋਂ ਵੋਟਾਂ ਲਈ ਅਪੀਲਾਂ ਕਰਵਾਉਂਦੀ ਰਹੀ ਕਾਂਗਰਸ ਅੱਜ ਕਿਸ 'ਵਿਚਾਰਧਾਰਾ' ਦੀ ਲੜਾਈ ਲੜ ਰਹੀ ਹੈ!
ਪੰਡਿਤ ਨਹਿਰੂ ਨੇ ਰਾਜਨੀਤੀ ਲਈ ਆਪ ਧਰਮ ਦੀ ਵਰਤੋਂ ਨਹੀਂ ਕੀਤੀ ਤਾਂ ਦੂਸਰਿਆਂ ਨੂੰ ਵੀ ਕਦੇ ਨਹੀਂ ਸੀ ਕਰਨ ਦੇਂਦਾ। ਉਹਦੇ ਹੁੰਦਿਆਂ ਕਦੇ ਪੰਜਾਬ ਦੇ ਸਿੱਖ ਮੁੱਦਿਆਂ ਨੂੰ ਵਰਤਣ ਲਈ 'ਦਿੱਲੀ' ਦੀ ਤਾਕਤ ਦੀ ਵਰਤੋਂ ਨਹੀਂ ਸੀ ਕਰਨ ਦਿੱਤੀ ਜਾਂਦੀ, ਪਰ ਉਸ ਦੀ ਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਇਸ ਤਰ੍ਹਾਂ ਕਰਨ ਦੀ ਉਹ ਪੂਰੀ ਖੁੱਲ੍ਹ ਦਿੱਤੀ, ਜਿਸ ਦਾ ਖਮਿਆਜ਼ਾ ਦੇਸ਼ ਨੂੰ ਭੁਗਤਣਾ ਪਿਆ, ਪੰਜਾਬ ਨੂੰ ਵੀ ਅਤੇ ਕਾਂਗਰਸ ਨੂੰ ਵੀ। ਗਿਆਨੀ ਜ਼ੈਲ ਸਿੰਘ ਖੁਦ ਏਡਾ 'ਠੋਸ' ਪੈਂਤੜੇ ਦਾ ਆਗੂ ਸੀ ਕਿ ਉਸ ਨੇ ਇਹ ਕਹਿਣ ਤੋਂ ਝਿਜਕ ਨਹੀਂ ਸੀ ਵਿਖਾਈ ਕਿ ਇੰਦਰਾ ਗਾਂਧੀ ਕਹੇਗੀ ਤਾਂ ਝਾੜੂ ਲਾਉਣ ਨੂੰ ਵੀ ਤਿਆਰ ਹਾਂ ਤੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤਾਂ ਸੰਵਿਧਾਨ ਦੀ ਕਿਤਾਬ ਨੁੱਕਰੇ ਸੁੱਟ ਕੇ ਇੰਦਰਾ ਗਾਂਧੀ ਦੇ ਪੁੱਤਰ ਨੂੰ ਪਾਰਟੀ ਆਗੂ ਚੁਣੇ ਜਾਣ ਤੋਂ ਬਿਨਾਂ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਇਨ੍ਹਾਂ ਹਾਲਾਤ ਵਿੱਚ ਪ੍ਰਧਾਨ ਮੰਤਰੀ ਬਣੇ ਇੰਦਰਾ ਗਾਂਧੀ ਦੇ ਪੁੱਤਰ ਤੇ ਸੋਨੀਆ ਗਾਂਧੀ ਦੇ ਮਰਹੂਮ ਪਤੀ ਨੇ ਪਾਰਲੀਮੈਂਟ ਚੋਣਾਂ ਵਿੱਚ ਇਹੋ ਜਿਹੇ ਪੋਸਟਰ ਛਾਪੇ ਸਨ, ਜਿਨ੍ਹਾਂ ਵਿੱਚ ਫਿਰਕੂ ਮੁੱਦੇ ਉਛਾਲ ਕੇ ਵੋਟਾਂ ਮੰਗੀਆਂ ਗਈਆਂ ਸਨ। 'ਵਿਚਾਰਧਾਰਾ' ਦੇ ਜਿਹੜੇ ਰਾਹ ਉੱਤੇ ਭਾਰਤ ਨੂੰ ਰਾਜੀਵ ਤੇ ਇੰਦਰਾ ਗਾਂਧੀ ਪਾ ਗਏ ਸਨ, ਹੁਣ ਉਹੀ ਅੱਗੇ ਵਧ ਰਹੀ ਹੈ। ਕੁਝ ਹੋਰ ਮਿਸਾਲਾਂ ਚਾਹੀਦੀਆਂ ਹੋਣ ਤਾਂ ਬਾਬਰੀ ਮਸਜਿਦ ਦਾ ਉਨਤਾਲੀ ਸਾਲਾਂ ਤੋਂ ਬੰਦ ਤਾਲਾ ਰਾਜੀਵ ਗਾਂਧੀ ਵੱਲੋਂ ਖੋਲ੍ਹਣ ਦਾ ਚੇਤਾ ਕੀਤਾ ਜਾ ਸਕਦਾ ਹੈ ਤੇ ਨਾਲ ਇਹ ਵੀ ਕਿ ਲੀਡਰਾਂ ਦੀ ਜਿਸ ਜੁੰਡੀ ਪਿੱਛੇ ਲੱਗ ਕੇ ਇਹੋ ਜਿਹੇ ਪੈਂਤੜੇ ਰਾਜੀਵ ਗਾਂਧੀ ਨੇ ਵਰਤੇ ਸਨ, ਸਮਾਂ ਪਾ ਕੇ ਉਹ ਸਾਰੇ ਜਣੇ ਉਸ ਪਾਰਟੀ ਵਿੱਚੋਂ ਨਿਕਲ ਗਏ ਸਨ। ਜਿਹੜੇ ਬਾਕੀ ਰਹਿ ਗਏ ਹਨ, ਇਨ੍ਹਾਂ ਵਿੱਚੋਂ ਕਿੰਨਿਆਂ ਦੀ ਤਾਰ ਇਸ ਵਕਤ ਵੀ ਦੂਸਰੇ ਪਾਸੇ ਜੁੜੀ ਹੈ, ਪਤਾ ਨਹੀਂ।
ਆਪਣੀ ਅਸਲੀ ਵਿਚਾਰਧਾਰਾ ਵਾਲੇ ਸੈਕੂਲਰਿਜ਼ਮ ਨੂੰ ਛੱਡ ਦਿੱਤਾ ਤਾਂ ਕਾਂਗਰਸ ਪਾਰਟੀ ਈਮਾਨ ਦੇ ਪੱਲੇ ਨੂੰ ਹੀ ਦਾਗੀ ਹੋਣ ਤੋਂ ਬਚਾ ਲੈਂਦੀ। ਉਹ ਇਹ ਵੀ ਨਾ ਕਰ ਸਕੀ। ਭ੍ਰਿਸ਼ਟਾਚਾਰ ਤਾਂ ਆਜ਼ਾਦੀ ਮਿਲਦੇ ਸਾਰ ਪਹਿਲੇ ਪੰਜ ਸਾਲਾਂ ਅੰਦਰ ਹੀ ਸਿਰ ਚੁੱਕ ਖੜੋਤਾ ਸੀ, ਪਰ ਇਸ ਦੀ ਜਿਹੜੀ ਸੜ੍ਹਿਆਂਦ ਸੋਨੀਆ ਗਾਂਧੀ ਦੇ ਪਤੀ ਅਤੇ ਫਿਰ ਖੁਦ ਸੋਨੀਆ ਗਾਂਧੀ ਦੇ 'ਰਿਮੋਟ ਰਾਜ' ਦੌਰਾਨ ਦੇਸ਼ ਦੇ ਲੋਕਾਂ ਨੇ ਹੰਢਾਈ, ਉਸ ਦੀ ਤੁਲਨਾ ਕਰਨ ਲਈ ਲੋਕਾਂ ਨੂੰ ਦੁਨੀਆ ਦੇ 'ਮੋਸਟ ਕੁਰੱਪਟ' ਗਿਣੇ ਜਾਂਦੇ ਦੇਸ਼ਾਂ ਵਾਲੀ ਸੂਚੀ ਫੋਲਣੀ ਪਵੇਗੀ। ਇਹ ਸਭ ਕੁਝ ਉਸ ਸੋਨੀਆ ਗਾਂਧੀ ਦੀ ਕਮਾਂਡ ਹੇਠ ਹੋਇਆ, ਜਿਹੜੀ ਇੱਕ ਵੇਲੇ ਤਿਆਗ ਦੀ ਮੂਰਤੀ ਗਿਣੀ ਜਾਂਦੀ ਸੀ। ਵਾਜਪਾਈ ਰਾਜ ਮਗਰੋਂ ਜਦੋਂ ਵਿਰੋਧ ਦੀਆਂ ਸਾਰੀਆਂ ਧਿਰਾਂ ਨੇ ਸੋਨੀਆ ਗਾਂਧੀ ਨੂੰ ਆਗੂ ਚੁਣਿਆ ਸੀ ਤਾਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਜਦੋਂ ਤੱਕ ਦੇਸ਼ ਵਿੱਚ ਸੋਨੀਆ ਗਾਂਧੀ ਦਾ ਰਾਜ ਰਹੇਗਾ, ਮੈਂ ਚਿੱਟੇ ਕੱਪੜੇ ਪਾਵਾਂਗੀ, ਫਰਸ਼ ਉੱਤੇ ਸੌਵਾਂਗੀ ਅਤੇ ਸਿਰਫ ਭੁੱਜੇ ਛੋਲੇ ਖਾ ਕੇ ਗੁਜ਼ਾਰਾ ਕਰਾਂਗੀ। ਉਮਾ ਭਾਰਤੀ ਕਹਿੰਦੀ ਸੀ ਕਿ ਸਿਰ ਮੁੰਨਾ ਕੇ ਪਰਬਤਾਂ ਉੱਤੇ ਤਪ ਕਰਨ ਚਲੀ ਜਾਵਾਂਗੀ। ਉਸ ਤੋਂ ਅਗਲੇ ਦਿਨ ਜਦੋਂ ਸੋਨੀਆ ਗਾਂਧੀ ਨੇ ਕਹਿ ਦਿੱਤਾ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ, ਕਾਰਨ ਭਾਵੇਂ ਕੋਈ ਵੀ ਹੋਵੇ, ਦੇਸ਼ ਵਿਚ ਇਹ ਗੱਲਾਂ ਹੁੰਦੀਆਂ ਸਨ ਕਿ ਸੋਨੀਆ ਗਾਂਧੀ ਨੇ ਸੁਸ਼ਮਾ ਤੇ ਉਮਾ ਦੋਵਾਂ ਨੂੰ ਦੱਸ ਦਿੱਤਾ ਹੈ ਕਿ ਤਿਆਗੀ ਵੀ ਬਣਨਾ ਹੋਵੇ ਤਾਂ ਚਿੱਟੇ ਕੱਪੜੇ ਪਾਉਣ ਤੇ ਸਿਰ ਮੁੰਨਾਉਣ ਦੀ ਲੋੜ ਨਹੀਂ, ਇਸ ਤਰ੍ਹਾਂ ਵੀ ਬਣ ਜਾਈਦਾ ਹੈ।
ਤਿਆਗ ਦੀ ਉਸ ਦਿਨ ਵਾਲੀ ਉਹ ਮੂਰਤੀ ਬਾਅਦ ਵਿੱਚ ਉਸ ਸਰਕਾਰ ਦੀ ਅਗਵਾਈ ਕਰਦੀ ਰਹੀ, ਜਿਹੜੀ ਇਸ ਦੇਸ਼ ਦੀ ਸਭ ਤੋਂ ਭ੍ਰਿਸ਼ਟ ਟੀਮ ਵਜੋਂ ਜਾਣੀ ਜਾਂਦੀ ਸੀ। ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਖੁਦ ਕੋਈ ਬੁਰਾ ਕੰਮ ਨਹੀਂ ਕੀਤਾ, ਅਸੀਂ ਬਹਿਸ ਵਿੱਚ ਪੈਣੋਂ ਬਚਣ ਲਈ ਇਹ ਮੰਨ ਲੈਂਦੇ ਹਾਂ, ਪਰ ਭ੍ਰਿਸ਼ਟਾਚਾਰ ਦੇ ਅੱਗੇ ਕਦੀ ਅੜਿੱਕਾ ਵੀ ਬਣਨ ਦੀ ਲੋੜ ਨਹੀਂ ਸਮਝੀ। ਸਾਰੀ ਉਮਰ ਦੀ ਬਣੀ ਭੱਲ ਗਵਾ ਬੈਠਾ। ਉਸ ਦਾ ਸਿਰਫ ਏਨਾ ਕੰਮ ਸੀ ਕਿ ਜਿੱਥੇ ਵੀ ਬੋਲਣਾ ਹੈ, ਸੋਨੀਆ ਗਾਂਧੀ ਨੂੰ ਪਹਿਲਾਂ ਮੌਕਾ ਦੇਵੇ ਤੇ ਰਾਹੁਲ ਗਾਂਧੀ ਦਾ ਨਾਂਅ ਆਪਣੇ ਭਾਸ਼ਣ ਵਿੱਚ ਇੱਕ-ਅੱਧੀ ਵਾਰ ਜ਼ਰੂਰ ਬੋਲ ਛੱਡਿਆ ਕਰੇ। ਦਿੱਲੀ ਦੇ ਇੱਕ ਸਟੇਡੀਅਮ ਵਿੱਚ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਦੇ ਸਾਹਮਣੇ ਜਦੋਂ ਇਹ ਕਹਿ ਦਿੱਤਾ ਕਿ 'ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਮੈਂ ਅੱਜ ਸ਼ਾਮ ਨੂੰ ਸੰਭਾਲ ਸਕਦਾ ਹਾਂ', ਤਾਂ ਇਸ ਦਾ ਅਰਥ ਸਭ ਨੂੰ ਸਮਝ ਆ ਗਿਆ ਸੀ ਕਿ ਮਨਮੋਹਨ ਸਿੰਘ ਤਾ ਕੁਰਸੀ ਨਿੱਘੀ ਰੱਖਣ ਨੂੰ ਬਿਠਾਇਆ ਹੈ, ਜਦੋਂ ਮਨ ਬਣ ਗਿਆ, ਉਠਾ ਦਿਆਂਗੇ। ਸਤਿਕਾਰ ਤੋਂ ਸੱਖਣੀ ਇਹ ਕੁਰਸੀ ਛੱਡਣ ਦੀ ਹਿੰਮਤ ਮਨਮੋਹਨ ਸਿੰਘ ਨਹੀਂ ਸੀ ਕਰ ਸਕਿਆ ਤੇ ਵੋਟਾਂ ਪਾ ਕੇ ਲੋਕਾਂ ਵੱਲੋਂ ਉਠਾ ਦਿੱਤੇ ਜਾਣ ਤੱਕ ਬੈਠਾ ਰਿਹਾ ਸੀ।
ਇੱਕ ਨਹੀਂ, ਇਸ ਤਰ੍ਹਾਂ ਦੀਆਂ ਭੁੱਲਾਂ ਦੀ ਇੱਕ ਲੰਮੀ ਲੜੀ ਹੈ, ਜਿਸ ਨੇ ਦੇਸ਼ ਨੂੰ ਏਥੋਂ ਤੱਕ ਲਿਆਂਦਾ ਹੈ। ਹੁਣ ਕਾਂਗਰਸ ਉਸ 'ਵਿਚਾਰਧਾਰਾ' ਦੀ ਲੜਾਈ ਲੜਨ ਦਾ ਦਾਅਵਾ ਕਰਦੀ ਹੈ, ਜਿਸ ਦੀਆਂ ਜੜ੍ਹਾਂ ਖੁਦ ਟੁੱਕੀਆਂ ਸੀ, ਪਰ ਗਲਤੀਆਂ ਦਾ ਅਹਿਸਾਸ ਕਦੇ ਨਹੀਂ ਕੀਤਾ ਗਿਆ। ਬਹੁਤ ਪਾਣੀ ਪੁਲਾਂ ਹੇਠੋਂ ਲੰਘ ਚੁੱਕਾ ਹੈ। ਹੁਣ ਮੋੜਾ ਪਾਉਣਾ ਹੈ ਤਾਂ ਰਾਸ਼ਟਰਪਤੀ ਚੋਣ ਵਰਗੇ ਰਾਜਸੀ ਡਰਾਮੇ ਕਰਨ ਨਾਲ ਨਹੀਂ ਪੈ ਜਾਣਾ। ਜਵਾਹਰ ਲਾਲ ਨਹਿਰੂ ਵਾਂਗ ਆਗੂ ਦੀ ਬਜਾਏ 'ਆਗੂਆਂ ਵਿੱਚੋਂ ਇੱਕ' ਹੋਣ ਵਾਲੀ ਉਹ ਸੋਚ ਮੰਨਣੀ ਪਵੇਗੀ, ਜਿਸ ਬਾਰੇ ਸੋਨੀਆ ਗਾਂਧੀ ਤੇ ਉਸ ਦਾ ਪੁੱਤਰ ਅਜੇ ਮਾਨਸਿਕ ਪੱਖੋਂ ਤਿਆਰ ਨਹੀਂ। ਜਵਾਹਰ ਲਾਲ ਨਹਿਰੂ ਭਾਵੇਂ 'ਪੰਡਿਤ' ਸੀ, ਉਹ ਫਿਲਾਸਫੀ ਦਾ ਪੰਡਿਤ ਕਿਹਾ ਜਾਂਦਾ ਸੀ, ਅੱਕੀਂ-ਪਲਾਹੀਂ ਮੱਥੇ ਟੇਕਣ ਅਤੇ ਗੁੱਗਾ ਪੂਜਦੇ ਫਿਰਨ ਵਾਲੇ ਲੋਕਾਂ ਵਿੱਚ ਕਦੇ ਨਹੀਂ ਸੀ ਗਿਣਿਆ ਗਿਆ। ਵਿਰੋਧੀ ਧਿਰ ਦੀ ਅਜੋਕੀ ਮੋਹਰੀ ਧਿਰ ਕਾਂਗਰਸ ਪਾਰਟੀ ਉਸ ਰਾਹ ਮੁੜਨ ਜੋਗੀ ਰਹੀ ਹੀ ਨਹੀਂ।
ਹੁਣ ਤਾਂ ਬਾਕੀ ਵਿਰੋਧੀ ਪਾਰਟੀਆਂ ਲਈ ਇਹ ਸੋਚਣ ਦਾ ਵਕਤ ਹੈ ਕਿ ਸਿਆਸੀ ਸਮਾਧਾਂ ਪੂਜਣ ਵਰਗੀ ਖੇਡ ਜਾਰੀ ਰੱਖਣੀ ਹੈ ਜਾਂ ਮਿਲਦੀ ਸੋਚ ਵਾਲਿਆਂ ਦਾ ਨਵਾਂ ਪਿੰਡ ਬੰਨ੍ਹਣ ਦਾ ਯਤਨ ਕਰਨਾ ਹੈ। ਹਰ ਮਾਮਲੇ ਵਿੱਚ 'ਰਾਹੁਲ ਜੀ' ਤੋਂ ਪੁੱਛਣ ਦੀ ਮੁਹਾਰਨੀ ਦੌਰਾਨ ਵਿਚਾਰਧਾਰਾ ਦੀ ਲੜਾਈ ਲੜਨ ਦਾ ਡਰਾਮਾ ਜਿੰਨਾ ਮਰਜ਼ੀ ਹੁੰਦਾ ਰਹੇ, ਅਮਲ ਵਿੱਚ ਏਦਾਂ ਦੀ ਲੜਾਈ ਨਾ ਲੜੀ ਜਾ ਸਕਦੀ ਹੈ ਤੇ ਨਾ ਕਦੇ ਲੜੀ ਜਾ ਸਕਣੀ ਹੈ।
23 July 2017